ਫੁੱਟਬਾਲ ਇਤਿਹਾਸ ਦੇ ਮਹਾਨਾਇਕ
ਫੁੱਟਬਾਲ ਦੀ ਦੁਨੀਆ ’ਚ ਪੇਲੇ ਦੀ ਆਮਦ ਨੇ ਇਸ ਖੇਡ ਨੂੰ ਨਵਾਂ ਰੂਪ ਦਿੱਤਾ। ਇਸ ਲਾਜਵਾਬ ਪ੍ਰਤਿਭਾ ਦੀ ਦਸਤਕ ਨਾਲ ਬ੍ਰਾਜ਼ੀਲ ਦੀ ਟੀਮ ਉੱਭਰ ਕੇ ਸਾਹਮਣੇ ਆਈ। 1958 ’ਚ ਜਦੋਂ ਪਹਿਲੀ ਵਾਰ ਬ੍ਰਾਜ਼ੀਲ ਚੈਂਪੀਅਨ ਬਣਿਆ ਤਾਂ ਪੇਲੇ ਦੇ ਨਾਂ ਨਾਲ ਵੱਡੀਆਂ ਸੁਰਖ਼ੀਆਂ ਜੁੜੀਆਂ। ਸੈਮੀਫਾਈਨਲ ’ਚ ਉਸ ਨੇ ਹੈਟਰਿਕ ਅਤੇ ਫਾਈਨਲ ’ਚ ਦੋ ਗੋਲ ਦਾਗੇ।
Publish Date: Fri, 23 Apr 2021 10:02 AM (IST)
Updated Date: Fri, 23 Apr 2021 10:05 AM (IST)
ਦੁਨੀਆ ’ਚ ਫੁੱਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਇਸ ਖੇਡ ਨੂੰ ਇਸ ਮੁਕਾਮ ਤਕ ਪਹੁੰਚਾਉਣ ਲਈ ਪੁਰਾਣੇ ਦਿੱਗਜ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ। ਜ਼ਿਕਰ ਛੇੜਦੇ ਹਾਂ ਅਜਿਹੇ ਹੀ ਕੁਝ ਖਿਡਾਰੀਆਂ ਦਾ ਜੋ ਅੱਜ ਵੀ ਫੁੱਟਬਾਲ ਦੇ ਮਹਾਨਾਇਕ ਵਜੋਂ ਜਾਣੇ ਜਾਂਦੇ ਹਨ।
‘ਹੈਂਡ ਆਫ ਗੌਡ’ ਡਿਏਗੋ ਮਾਰਾਡੋਨਾ
ਦੁਨੀਆ ’ਚ ਫੁੱਟਬਾਲ ਦੀ ਜਦੋਂ ਵੀ ਗਾਥਾ ਤੁਰੇਗੀ ਤਾਂ ਡਿਏਗੋ ਮਾਰਾਡੋਨਾ ਦਾ ਨਾਂ ਜ਼ੁਬਾਨ ’ਤੇ ਆਉਣਾ ਸੁਭਾਵਿਕ ਹੈ। ਉਸ ਨੂੰ ‘ਹੈਂਡ ਆਫ ਗੌਡ’ ਦੇ ਰੂਪ ’ਚ ਹਮੇਸ਼ਾ ਯਾਦ ਕੀਤਾ ਜਾਵੇਗਾ। ਆਪਣੇ 21 ਸਾਲ ਅਤੇ 680 ਮੈਚਾਂ ਦੇ ਲੰਬੇ ਕਰੀਅਰ ’ਚ ਉੁਸ ਨੇ 354 ਗੋਲ ਕੀਤੇ। ਚਾਰ ਵਿਸ਼ਵ ਕੱਪ ਟੂਰਨਾਮੈਂਟ ਦਾ ਹਿੱਸਾ ਰਹੇ ਮਾਰਾਡੋਨਾ ਨੇ ਫੁੱਟਬਾਲ ਦੇ ਇਸ ਮਹਾਕੁੰਭ ’ਚ 8 ਗੋਲ ਕੀਤੇ। 1986 ’ਚ ਉਸ ਨੇ ਇੰਗਲੈਂਡ ਖ਼ਿਲਾਫ਼ ਦੋ ਗੋਲ ਕੀਤੇ, ਜਿਸ ’ਚ ਟੀਮ 2-1 ਨਾਲ ਜਿੱਤੀ ਸੀ। ਇਸੇ ਮੈਚ ’ਚ ਅਰਜਨਟੀਨਾ ਦੇ ਇਸ ਖਿਡਾਰੀ ਨੇ ਪਹਿਲਾ ਗੋਲ ਕਰਦਿਆਂ ਹੱਥ ਦਾ ਇਸਤੇਮਾਲ ਕੀਤਾ ਸੀ, ਜੋ ਰੈਫਰੀ ਨੂੰ ਨਜ਼ਰ ਨਹੀਂ ਆਇਆ। ਇਹੀ ਘਟਨਾ ਫੁੱਟਬਾਲ ਇਤਿਹਾਸ ’ਚ ‘ਹੈਂਡ ਆਫ ਗੌਡ’ ਬਣ ਕੇ ਦਰਜ ਹੋ ਗਈ। ਪੰਜ ਖਿਡਾਰੀਆਂ ਨੂੰ ਚਕਮਾ ਦੇ ਕੇ 60 ਮੀਟਰ ਦੇ ਫ਼ਾਸਲੇ ਤੋਂ ਆਪਣੇ ਦਮ ’ਤੇ ਮਾਰਾਡੋਨਾ ਨੇ ਦੂਜਾ ਗੋਲ ਕੀਤਾ, ਜਿਸ ਨੂੰ ‘ਗੋਲ ਆਫ ਦਾ ਸੈਂਚਰੀ’ ਕਿਹਾ ਗਿਆ। ਅਰਜਨਟੀਨਾ 1986 ਅਤੇ 1978 ’ਚ ਵਿਸ਼ਵ ਚੈਂਪੀਅਨ ਬਣਿਆ ਸੀ। ਅਰਜਨਟੀਨੀ ਫੁੱਟਬਾਲ ਦਾ ਸੁਰਖ਼ ਸਿਤਾਰਾ ਮਹਾਨ ਫੁੱਟਬਾਲਰ ਮਾਰਾਡੋਨਾ ਹੁਣ ਇਸ ਦੁਨੀਆ ’ਚ ਨਹੀਂ ਰਿਹਾ। ਪਿਛਲੇ ਸਾਲ 25 ਨਵੰਬਰ ਨੂੰ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਉਸ ਦਾ ਦੇਹਾਂਤ ਹੋ ਗਿਆ।
ਫੁੱਟਬਾਲ ਦਾ ਬਲੈਕ ਪੈਂਥਰ
ਫੁੱਟਬਾਲ ਇਤਿਹਾਸ ’ਚ ਪੁਰਤਗਾਲ ਦੇ ਦਿੱਗਜ ਫੁੱਟਬਾਲਰ ਬਲੈਕ ਪੈਂਥਰ ਦੇ ਨਾਂ ਨਾਲ ਮਸ਼ਹੂਰ 1966 ਵਿਸ਼ਵ ਕੱਪ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਯੂਸੇਵੀਓ ਮੋਜ਼ਾਬਿਕ ਨੂੰ ਕਦੇ ਨਹੀਂ ਭੁੱਲ ਸਕਦੇ। ਇਸ ਖਿਡਾਰੀ ਨੇ ਆਪਣੇ ਦਮ ’ਤੇ ਪੁਰਤਗਾਲ ਨੂੰ ਸੈਮੀਫਾਈਨਲ ਤਕ ਪਹੁੰਚਾਇਆ। ਉੱਤਰੀ ਕੋਰੀਆ ਖ਼ਿਲਾਫ਼ ਕੁਆਰਟਰ ਫਾਈਨਲ ’ਚ ਜਦੋਂ ਪੁਰਤਗਾਲ ਤਿੰਨ ਗੋਲਾਂ ਨਾਲ ਪੱਛੜ ਰਿਹਾ ਸੀ ਤਾਂ ਆਖ਼ਰੀ 30 ਮਿੰਟਾਂ ’ਚ ਪੁਰਤਗਾਲ ਨੇ 4 ਗੋਲ ਕਰ ਕੇ ਮੈਚ ’ਚ ਵਾਪਸੀ ਕੀਤੀ। ਯੂਸੇਵੀਓ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਵੱਧ ਗੋਲ ਕੀਤੇ। ਗ਼ਰੀਬ ਪਰਿਵਾਰ ’ਚ ਜਨਮ ਲੈਣ ਵਾਲੇ ਪ੍ਰਤਿਭਾ ਦੇ ਧਨੀ ਇਸ ਖਿਡਾਰੀ ਨੂੰ 1965 ’ਚ ਸਾਲ ਦਾ ਸਰਵੋਤਮ ਯੂਰਪੀ ਫੁੱਟਬਾਲਰ ਚੁਣਿਆ ਗਿਆ। ਉਸ ਦੇ ਕਰੀਅਰ ਦੌਰਾਨ ਬੇਨਫਿਕਾ ਕਲੱਬ ਨੇ 1962 ’ਚ ਯੂਰਪੀਅਨ ਕੱਪ ਜਿੱਤਿਆ। ਉਸ ਨੇ ਕੁੱਲ 745 ਪੇਸ਼ੇਵਰ ਮੈਚ ਖੇਡੇ ਅਤੇ 733 ਗੋਲ ਕੀਤੇ। ਉਸ ਨੂੰ ਪਿਛਲੀ ਸਦੀ ਦੇ 10 ਮਹਾਨ ਫੁੱਟਬਾਲਰਾਂ ’ਚ ਸ਼ਾਮਲ ਕੀਤਾ ਗਿਆ। 5 ਜਨਵਰੀ 2014 ਨੂੰ ਉਸ ਦਾ ਦੇਹਾਂਤ ਹੋ ਗਿਆ।
ਇਤਾਲਵੀ ਫੁੱਟਬਾਲ ਦਾ ਸਿਤਾਰਾ ਰੂਸੀ
ਵਿਸ਼ਵ ਫੁੱਟਬਾਲ ਇਤਿਹਾਸ ’ਚ ਇਤਾਲਵੀ ਪੇਸ਼ੇਵਰ ਫੁੱਟਬਾਲਰ ਪਾਉਲੋ ਰੂਸੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ਵ ਕੱਪ ’ਚ ਕਈ ਗੋਲ ਸਕੋਰਰ ਹੋਏ ਹਨ ਪਰ ਉਨ੍ਹਾਂ ’ਚ ਪਾਉਲੋ ਰੂਸੀ ਇਕ ਅਜਿਹਾ ਖਿਡਾਰੀ ਹੈ, ਜਿਸ ਨੇ ਆਪਣੇ ਪ੍ਰਦਰਸ਼ਨ ਦੇ ਦਮ ’ਤੇ ਵਿਸ਼ਵ ਕੱਪ ਨਾਲ ਕਈ ਯਾਦਗਾਰ ਪਲ ਜੋੜੇ। 1982 ’ਚ ਸਪੇਨ ’ਚ ਹੋਏ ਵਿਸ਼ਵ ਕੱਪ ’ਚ ਬੇਹੱਦ ਯਾਦਗਾਰੀ ਪਲ ਉਦੋਂ ਆਇਆ ਜਦੋਂ ਰੂਸੀ ਬੈਟਿੰਗ ਸਕੈਡਲ ਤੋਂ ਉੱਭਰ ਕੇ ਇਟਾਲੀਅਨ ਫੁੱਟਬਾਲ ਦੇ ਸਭ ਤੋਂ ਵੱਡੇ ਹੀਰੋ ਬਣੇ। ਉਸ ਨੇ 1982 ਫੀਫਾ ਵਿਸ਼ਵ ਕੱਪ ’ਚ ਇਟਲੀ ਦੀ ਅਗਵਾਈ ਕੀਤੀ, ਜਿਸ ਵਿਚ 6 ਗੋਲ ਦਾਗ ਕੇ ਉਸ ਨੇ ਗੋਲਡਨ ਬੂਟ ਤੇ ਗੋਲਡਨ ਬਾਲ ਖਿਤਾਬ ਜਿੱਤੇ। ਪੇਲੇ ਨੇ ਰੂਸੀ ਨੂੰ 2004 ’ਚ ਫੀਫਾ ਦੀ 100ਵੀਂ ਵਰ੍ਹੇਗੰਢ ਮੌਕੇ 125 ਮਹਾਨ ਫੁੱਟਬਾਲਰਾਂ ’ਚ ਸ਼ੁਮਾਰ ਕੀਤਾ। ਉਸ ਨੇ ਆਪਣੇ ਕਰੀਅਰ ’ਚ 251 ਮੈਚ ਖੇਡੇ ਤੇ 103 ਗੋਲ ਕੀਤੇ।
ਕਾਲੇ ਹੀਰੇ ਵਜੋਂ ਮਸ਼ਹੂਰ ਪੇਲੇ
ਫੁੱਟਬਾਲ ਦੀ ਦੁਨੀਆ ’ਚ ਪੇਲੇ ਦੀ ਆਮਦ ਨੇ ਇਸ ਖੇਡ ਨੂੰ ਨਵਾਂ ਰੂਪ ਦਿੱਤਾ। ਇਸ ਲਾਜਵਾਬ ਪ੍ਰਤਿਭਾ ਦੀ ਦਸਤਕ ਨਾਲ ਬ੍ਰਾਜ਼ੀਲ ਦੀ ਟੀਮ ਉੱਭਰ ਕੇ ਸਾਹਮਣੇ ਆਈ। 1958 ’ਚ ਜਦੋਂ ਪਹਿਲੀ ਵਾਰ ਬ੍ਰਾਜ਼ੀਲ ਚੈਂਪੀਅਨ ਬਣਿਆ ਤਾਂ ਪੇਲੇ ਦੇ ਨਾਂ ਨਾਲ ਵੱਡੀਆਂ ਸੁਰਖ਼ੀਆਂ ਜੁੜੀਆਂ। ਸੈਮੀਫਾਈਨਲ ’ਚ ਉਸ ਨੇ ਹੈਟਰਿਕ ਅਤੇ ਫਾਈਨਲ ’ਚ ਦੋ ਗੋਲ ਦਾਗੇ। ਜ਼ਖ਼ਮੀ ਹੋਣ ਕਰਕੇ ਉਹ 1962 ਦਾ ਵਿਸ਼ਵ ਕੱਪ ਨਾ ਖੇਡ ਸਕਿਆ। 1966 ’ਚ ਵਿਰੋਧੀ ਟੀਮਾਂ ਦੇ ਜ਼ਬਰਦਸਤ ਹਮਲਿਆਂ ਕਾਰਨ ਫਿਰ ਜ਼ਖ਼ਮੀ ਹੋ ਗਿਆ। 1970 ’ਚ ਬ੍ਰਾਜ਼ੀਲ ਫਿਰ ਚੈਂਪੀਅਨ ਬਣਿਆ। 1969 ’ਚ ਪਹਿਲੇ ਦਰਜੇ ਦੇ 909 ਮੈਚ ਖੇਡਦਿਆਂ ਪੇਲੇ ਨੇ ਆਪਣੇ ਕਰੀਅਰ ਦਾ 1000ਵਾਂ ਗੋਲ ਕੀਤਾ। ਕਾਲੇ ਹੀਰੇ (ਮੋਤੀ) ਦੇ ਨਾਂ ਨਾਲ ਮਸ਼ਹੂਰ ਇਸ ਫੁੱਟਬਾਲਰ ਦੀ ਅਗਵਾਈ ’ਚ ਬ੍ਰਾਜ਼ੀਲ ਨੇ ਫੁੱਟਬਾਲ ’ਚ ਅਹਿਮ ਪ੍ਰਾਪਤੀਆਂ ਕੀਤੀਆਂ। ਉਸ ਨੇ ਆਪਣੇ ਕਰੀਅਰ ’ਚ 1363 ਮੈਚ ਖੇਡੇ ਤੇ 1281 ਗੋਲ ਕੀਤੇ।
- ਸੀਤਲ ਸਿੰਘ ਪਲਾਹੀ