ਹੋ ਚੀ ਮਿਨ੍ਹ ਸਿਟੀ (ਵਿਆਤਨਾਮ) (ਏਜੰਸੀ) : ਭਾਰਤ ਦੇ ਸਿਰਿਲ ਵਰਮਾ ਨੇ ਵੀਰਵਾਰ ਨੂੰ ਇੱਥੇ ਤਿੰਨ ਗੇਮਾਂ ਤਕ ਚੱਲੇ ਪੁਰਸ਼ ਸਿੰਗਲਜ਼ ਦੇ ਚੁਣੌਤੀਪੂਰਨ ਮੁਕਾਬਲੇ ਵਿਚ ਮਲੇਸ਼ੀਆ ਦੇ ਅੱਵਲ ਦਰਜਾ ਪ੍ਰਾਪਤ ਡੇਰੇਨ ਲਿਓ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਵਿਆਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਰੈਂਕਿੰਗ ਵਿਚ 97ਵੇਂ ਸਥਾਨ 'ਤੇ ਕਾਬਜ਼ ਸਿਰਿਲ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਿਓ ਨੂੰ 52 ਮਿੰਟ ਤਕ ਚੱਲੇ ਦੂਜੇ ਦੌਰ ਦੇ ਮੈਚ ਵਿਚ 17-21, 21-19, 21-12 ਨਾਲ ਮਾਤ ਦਿੱਤੀ। ਹੁਣ ਸਿਰਿਲ ਦਾ ਸਾਹਮਣਾ ਚੀਨੀ ਕੁਆਲੀਫਾਇਰ ਲੇਈ ਲਾਨ ਜਿ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਵਿਚ ਇਕ ਹੋਰ ਭਾਰਤੀ ਨੇ ਥਾਂ ਪੱਕੀ ਕੀਤੀ। ਦੂਜਾ ਦਰਜਾ ਪ੍ਰਾਪਤ ਸੌਰਭ ਵਰਮਾ ਨੇ ਜਾਪਾਨ ਦੇ ਕੋਡਾਈ ਨਾਰੋਕਾ ਨੂੰ 54 ਮਿੰਟ ਤਕ ਚੱਲੇ ਬੇਹੱਦ ਕੜੇ ਮੁਕਾਬਲੇ ਵਿਚ 22-20, 22-20 ਨਾਲ ਮਾਤ ਦਿੱਤੀ। ਤੀਜਾ ਦਰਜਾ ਪ੍ਰਾਪਤ ਸ਼ੁਭੰਕਰ ਡੇ ਦਾ ਸਫ਼ਰ ਮਲੇਸ਼ੀਆ ਦੇ ਗ਼ੈਰ ਦਰਜਾ ਪ੍ਰਾਪਤ ਜਿਆ ਵੇਈ ਜਾਨ ਨਾਲ ਸਿੱਧੀ ਗੇਮ ਵਿਚ 11-21, 17-21 ਨਾਲ ਹਾਰ ਕੇ ਖ਼ਤਮ ਹੋ ਗਿਆ। ਅਰੁਣ ਜਾਰਜ ਅਤੇ ਸੰਯਮ ਸ਼ੁਕਲਾ ਦੇ ਚੀਨੀ ਤਾਇਪੇ ਦੀ ਪਹਿਲਾਂ ਦਰਜਾ ਪ੍ਰਾਪਤ ਜੋੜੀ ਨਾਲ ਹਾਰਨ ਤੋਂ ਬਾਅਦ ਪੁਰਸ਼ ਡਬਲਜ਼ ਮੁਕਾਬਲੇ ਵਿਚ ਭਾਰਤੀ ਮੁਹਿੰਮ ਖ਼ਤਮ ਹੋ ਗਈ। ਉਨ੍ਹਾਂ ਨੇ ਲੁ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਜੋੜੀ ਨਾਲ 13-21, 11-21 ਤੋਂ ਹਾਰ ਮਿਲੀ।

Posted By: Jaskamal