ਸੈਮੀਫਾਈਨਲ ’ਚ ਪੁੱਜੀ ਸਾਤਵਿਕ-ਚਿਰਾਗ ਦੀ ਜੋੜੀ, ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਜੋੜੀ ਨੂੰ 43 ਮਿੰਟਾਂ ’ਚ ਹਰਾਇਆ
ਸਾਤਵਿਕ ਤੇ ਚਿਰਾਗ ਦੀ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਨੇ 43 ਮਿੰਟਾਂ ’ਚ 21-12, 21-19 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਐਂਟਰੀ ਕੀਤੀ। ਸਾਤਵਿਕ ਤੇ ਚਿਰਾਗ ਨੇ 2022 ’ਚ ਇਸ ਟੂਰਨਾਮੈਂਟ ’ਚ ਬਰਾਊਂਜ਼ ਮੈਡਲ ਜਿੱਤਿਆ ਸੀ ਤੇ ਇਸ ਤਰ੍ਹਾਂ ਉਨ੍ਹਾਂ ਦਾ ਵਿਸ਼ਵ ਚੈਂਪੀਅਨਸ਼ਿਪ ’ਚ ਇਹ ਦੂਜਾ ਮੈਡਲ ਹੋਵੇਗਾ।
Publish Date: Sun, 31 Aug 2025 10:37 AM (IST)
Updated Date: Sun, 31 Aug 2025 10:41 AM (IST)
ਪੈਰਿਸ (ਪੀਟੀਆਈ) : ਸਾਤਵਿਕਸਾਈਰਾਜ ਰੰਕੇਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਮਰਦ ਡਬਲਜ਼ ਦੇ ਕੁਆਰਟਰ ਫਾਈਨਲ ’ਚ ਮਲੇਸ਼ੀਆ ਦੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਆਰੋਨ ਚੀਆ ਤੇ ਸੋਹ ਵੂਈ ਯਿਕ ਨੂੰ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤ ਲਈ ਮੈਡਲ ਪੱਕਾ ਕੀਤਾ। ਭਾਰਤੀ ਜੋੜੀ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਮਲੇਸ਼ੀਆ ਦੀ ਇਸ ਜੋੜੀ ਤੋਂ ਹਾਰ ਗਈ ਸੀ ਪਰ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮੈਚ ’ਚ ਉਹ ਇਸਦਾ ਬਦਲਾ ਲੈਣ ’ਚ ਸਫਲ ਰਹੀ। ਸਾਤਵਿਕ ਤੇ ਚਿਰਾਗ ਦੀ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਨੇ 43 ਮਿੰਟਾਂ ’ਚ 21-12, 21-19 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਐਂਟਰੀ ਕੀਤੀ। ਸਾਤਵਿਕ ਤੇ ਚਿਰਾਗ ਨੇ 2022 ’ਚ ਇਸ ਟੂਰਨਾਮੈਂਟ ’ਚ ਬਰਾਊਂਜ਼ ਮੈਡਲ ਜਿੱਤਿਆ ਸੀ ਤੇ ਇਸ ਤਰ੍ਹਾਂ ਉਨ੍ਹਾਂ ਦਾ ਵਿਸ਼ਵ ਚੈਂਪੀਅਨਸ਼ਿਪ ’ਚ ਇਹ ਦੂਜਾ ਮੈਡਲ ਹੋਵੇਗਾ। ਇਸ ਨਾਲ 2011 ’ਚ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੇ ਬਰਾਊਂਜ਼ ਮੈਡਲ ਜਿੱਤਣ ਤੋਂ ਬਾਅਦ ਤੋਂ ਭਾਰਤ ਦਾ ਹਰੇਕ ਵਿਸ਼ਵ ਚੈਂਪੀਅਨਸ਼ਿਪ ’ਚ ਮੈਡਲ ਜਿੱਤਣਾ ਵੀ ਯਕੀਨੀ ਹੋ ਗਿਆ।
ਏਸ਼ਿਆਈ ਖੇਡਾਂ ਦੇ ਚੈਂਪੀਅਨ ਦਾ ਅਗਲਾ ਮੁਕਾਬਲਾ ਚੀਨ ਦੀ 11ਵਾਂ ਰੈਂਕ ਹਾਸਲ ਜੋੜੀ ਚੇਨ ਬੋ ਯਾਂਗ ਤੇ ਲਿਯੂ ਯੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੀਵੀ ਸਿੰਧੂ ਦੇ ਕੁਆਰਟਰ ਫਾਈਨਲ ’ਚ ਬਾਹਰ ਹੋਣ ਨਾਲ ਭਾਰਤ ਮਹਿਲਾ ਸਿੰਗਲਜ਼ ’ਚ ਮੈਡਲ ਤੋਂ ਵਾਂਝਾ ਰਹਿ ਗਿਆ ਸੀ। ਜਦੋਂ ਸਾਤਵਿਕ ਤੇ ਚਿਰਾਗ ਕੋਰਟ ’ਤੇ ਉਤਰੇ ਤਾਂ ਉਨ੍ਹਾਂ ’ਤੇ ਉਮੀਦਾਂ ਦਾ ਬੋਝ ਸਾਫ ਦਿਖਾਈ ਦੇ ਰਿਹਾ ਸੀ। ਚਿਯਾ ਤੇ ਸੋਹ ਨੇ ਪਿਛਲੇ ਸਾਲ ਪੈਰਿਸ ’ਚ ਸਾਤਵਿਕ ਤੇ ਚਿਰਾਗ ਦੇ ਓਲੰਪਿਕ ਮੈਡਲ ਜਿੱਤਣ ਦੇ ਸੁਪਨੇ ਨੂੰ ਤੋੜਨ ਤੋਂ ਬਾਅਦ ਇਸ ਸਾਲ ਸਿੰਗਾਪੁਰ ਤੇ ਚੀਨ ’ਚ ਵੀ ਭਾਰਤੀ ਜੋੜੀ ਨੂੰ ਹਰਾਇਆ ਸੀ। ਹਾਲਾਂਕਿ ਭਾਰਤੀ ਖਿਡਾਰੀ ਇਸਦਾ ਬਦਲਾ ਪੂਰਾ ਕਰਨ ’ਚ ਸਫਲ ਰਹੇ।