HongKong Open : ਪਿਛਲੇ ਮਹੀਨੇ ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਸਿੰਧੂ ਨੂੰ ਹਾਂਗਕਾਂਗ ਓਪਨ ਦੇ ਆਖਰੀ 32 ਦੇ ਮੁਕਾਬਲੇ 'ਚ ਡੈਨਿਸ਼ ਸ਼ਟਲਰ ਦੇ ਹੱਥੋਂ 21-15, 16-21, 19-21 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
HongKong Open : ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੀ ਦੋ ਵਾਰੀ ਦੀ ਓਲੰਪਿਕ ਮੈਡਲਿਸਟ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਬੁੱਧਵਾਰ ਨੂੰ ਹਾਂਗਕਾਂਗ ਓਪਨ ਤੋਂ ਬਾਹਰ ਹੋਣਾ ਪਿਆ। ਸਿੰਧੂ ਨੂੰ ਡੈਨਮਾਰਕ ਦੀ ਗੈਰ -ਰੈਂਕਿੰਗ ਲਾਈਨ ਕ੍ਰਿਸਟੋਫਰਸਨ ਨੇ ਤਿੰਨ ਗੇਮਾਂ 'ਚ ਹਰਾਇਆ। ਪਿਛਲੇ ਮਹੀਨੇ ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਸਿੰਧੂ ਨੂੰ ਹਾਂਗਕਾਂਗ ਓਪਨ ਦੇ ਆਖਰੀ 32 ਦੇ ਮੁਕਾਬਲੇ 'ਚ ਡੈਨਿਸ਼ ਸ਼ਟਲਰ ਦੇ ਹੱਥੋਂ 21-15, 16-21, 19-21 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
25 ਸਾਲ ਦੀ ਕ੍ਰਿਸਟੋਫਰਸਨ ਖ਼ਿਲਾਫ਼ ਛੇ ਮੁਕਾਬਲਿਆਂ 'ਚ ਸਿੰਧੂ ਦੀ ਇਹ ਪਹਿਲੀ ਹਾਰ ਸੀ। ਉਹ ਇਕ ਘੰਟੇ ਤੋਂ ਘੱਟ ਸਮੇਂ 'ਚ ਮੁਕਾਬਲਾ ਗਵਾ ਬੈਠੀ। ਸਿੰਧੂ ਇਸ ਸਾਲ ਸਵਿਸ ਤੇ ਜਾਪਾਨ ਓਪਨ ਤੋਂ ਜਲਦੀ ਬਾਹਰ ਹੋ ਗਈ। ਉਨ੍ਹਾਂ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ, ਪਰ ਉਹ ਹਾਂਗਕਾਂਗ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀ।
ਪੀਵੀ ਸਿੰਧੂ ਨੇ ਪਹਿਲੀ ਗੇਮ 'ਚ 3-1 ਦੀ ਸ਼ੁਰੂਆਤੀ ਬੜ੍ਹਤ ਬਣਾਈ, ਪਰ ਡੈਨਿਸ਼ ਸ਼ਟਲਰ ਨੇ ਸ਼ਾਨਦਾਰ ਵਾਪਸੀ ਕਰ ਕੇ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। ਫਿਰ ਸਿੰਧੂ ਨੇ ਇਕ ਅੰਕ ਦੀ ਆਪਣੀ ਅਗਵਾਈ ਨੂੰ ਕਾਇਮ ਰੱਖਦੇ ਹੋਏ ਸਕੋਰ 14-13 ਕਰ ਦਿੱਤਾ। ਇੱਥੇ ਭਾਰਤੀ ਸ਼ਟਲਰ ਨੇ ਆਪਣੀ ਖੇਡ ਨੂੰ ਹੋਰ ਨਿਖਾਰਿਆ ਤੇ ਪਹਿਲਾ ਗੇਮ ਛੇ ਅੰਕ ਦੇ ਅੰਤਰ ਨਾਲ ਜਿੱਤ ਲਿਆ।
ਪੀਵੀ ਸਿੰਧੂ ਨੇ ਦੂਜੀ ਗੇਮ 'ਚ ਵੀ 13-12 ਦੀ ਅਗਵਾਈ ਬਣਾਈ ਹੋਈ ਸੀ ਤੇ ਲੱਗ ਰਿਹਾ ਸੀ ਕਿ ਉਹ ਲਗਾਤਾਰ ਛੇਵੀਂ ਵਾਰ ਡੈਨਿਸ਼ ਖਿਡਾਰਨ ਨੂੰ ਹਰਾਉਣ 'ਚ ਸਫਲ ਹੋ ਜਾਵੇਗੀ ਪਰ ਭਾਰਤੀ ਸ਼ਟਲਰ ਨੂੰ ਆਪਣੀਆਂ ਗਲਤੀਆਂ ਭਾਰੀ ਪੈ ਗਈਆਂ। ਸਿੰਧੂ ਨੇ ਲਗਾਤਾਰ ਪੰਜ ਅੰਕ ਗਵਾ ਦਿੱਤੇ ਤੇ ਦੂਜੀ ਗੇਮ ਪੰਜ ਅੰਕ ਦੇ ਅੰਤਰ ਨਾਲ ਗਵਾ ਦਿੱਤੀ।
ਦੋਹਾਂ ਖਿਡਾਰੀਆਂ ਦੇ ਵਿਚਕਾਰ ਫੈਸਲਾ ਕਰਨ ਵਾਲੀ ਗੇਮ ਕੜੀ ਟੱਕਰ ਵਾਲੀ ਰਹੀ। ਦੋਵੇਂ ਖਿਡਾਰਨਾਂ 19-19 ਦੇ ਸਕੋਰ 'ਤੇ ਬਰਾਬਰ ਸਨ। ਤਦ ਕ੍ਰਿਸਟੋਫਰਸਨ ਨੇ ਲਗਾਤਾਰ ਦੋ ਅੰਕ ਹਾਸਲ ਕਰ ਕੇ ਸਿੰਧੂ ਦੇ ਅਭਿਆਨ ਨੂੰ ਖਤਮ ਕਰ ਦਿੱਤਾ।