FIFA U-17 World Cup : ਪੁਰਤਗਾਲ ਬਣਿਆ ਫੀਫਾ ਅੰਡਰ-17 ਵਿਸ਼ਵ ਚੈਂਪੀਅਨ, ਫਾਈਨਲ ’ਚ ਆਸਟ੍ਰੀਆ ਨੂੰ 1-0 ਨਾਲ ਹਰਾਇਆ
ਇਸ ਤੋਂ ਪਹਿਲਾਂ, ਇਟਲੀ ਨੇ ਤੀਜੇ ਸਥਾਨ ਦੇ ਮੁਕਾਬਲੇ ’ਚ ਬ੍ਰਾਜ਼ੀਲ ਨੂੰ ਸ਼ੂਟਆਉਟ ’ਚ 4-2 ਨਾਲ ਹਰਾਇਆ, ਜਿਸ ਨਾਲ ਯੂਰਪੀ ਟੀਮਾਂ ਨੇ ਸਿਖਰ ਦੇ ਤਿੰਨ ਸਥਾਨਾਂ ’ਤੇ ਆਪਣਾ ਦਬਦਬਾ ਬਣਾਇਆ। ਮੁਕਾਬਲਾ ਬਰਾਬਰੀ ’ਤੇ ਖਤਮ ਹੋਣ ਤੋਂ ਬਾਅਦ ਗੋਲਕੀਪਰ ਐਲੇਸੈਂਡ੍ਰੋ ਲੋਂਗੋਨੀ ਨੇ ਦੋ ਪੈਨਲਟੀ ਬਚਾ ਕੇ ਇਟਲੀ ਦੀ ਜਿੱਤ ਨੂੰ ਯਕੀਨੀ ਬਣਾਇਆ। ਫੀਫਾ ਅੰਡਰ-17 ਵਿਸ਼ਵ ਕੱਪ ਦਾ ਇਹ 20ਵਾਂ ਐਡੀਸ਼ਨ ਸੀ।
Publish Date: Fri, 28 Nov 2025 09:18 PM (IST)
Updated Date: Fri, 28 Nov 2025 09:19 PM (IST)
ਦੋਹਾ (ਏਪੀ) : ਪੁਰਤਗਾਲ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਫਾਈਨਲ ’ਚ ਆਸਟ੍ਰੀਆ ਨੂੰ 1-0 ਨਾਲ ਹਰਾਉਂਦਿਆਂ ਆਪਣਾ ਪਹਿਲਾ ਵਿਸ਼ਵ ਪੱਧਰ ਦਾ ਖ਼ਿਤਾਬ ਜਿੱਤ ਲਿਆ। ਬੇਨਫਿਕਾ ਦੇ ਫਾਰਵਰਡ ਅਨੀਸਿਓ ਕੈਬ੍ਰਾਲ ਨੇ ਵੀਰਵਾਰ ਨੂੰ ਖੇਡੇ ਗਏ ਖ਼ਿਤਾਬੀ ਮੁਕਾਬਲੇ ਦੇ 32ਵੇਂ ਮਿੰਟ ’ਚ ਮੈਚ ਦਾ ਇਕੱਲਾ ਗੋਲ ਕੀਤਾ।
ਇਸ ਤੋਂ ਪਹਿਲਾਂ, ਇਟਲੀ ਨੇ ਤੀਜੇ ਸਥਾਨ ਦੇ ਮੁਕਾਬਲੇ ’ਚ ਬ੍ਰਾਜ਼ੀਲ ਨੂੰ ਸ਼ੂਟਆਉਟ ’ਚ 4-2 ਨਾਲ ਹਰਾਇਆ, ਜਿਸ ਨਾਲ ਯੂਰਪੀ ਟੀਮਾਂ ਨੇ ਸਿਖਰ ਦੇ ਤਿੰਨ ਸਥਾਨਾਂ ’ਤੇ ਆਪਣਾ ਦਬਦਬਾ ਬਣਾਇਆ। ਮੁਕਾਬਲਾ ਬਰਾਬਰੀ ’ਤੇ ਖਤਮ ਹੋਣ ਤੋਂ ਬਾਅਦ ਗੋਲਕੀਪਰ ਐਲੇਸੈਂਡ੍ਰੋ ਲੋਂਗੋਨੀ ਨੇ ਦੋ ਪੈਨਲਟੀ ਬਚਾ ਕੇ ਇਟਲੀ ਦੀ ਜਿੱਤ ਨੂੰ ਯਕੀਨੀ ਬਣਾਇਆ। ਫੀਫਾ ਅੰਡਰ-17 ਵਿਸ਼ਵ ਕੱਪ ਦਾ ਇਹ 20ਵਾਂ ਐਡੀਸ਼ਨ ਸੀ। ਫੀਫਾ ਹੁਣ ਇਸ ਟੂਰਨਾਮੈਂਟ ਨੂੰ ਹਰ ਦੋ ਸਾਲਾਂ ਦੀ ਬਜਾਏ ਸਾਲਾਨਾ ਕਰਦਾ ਹੈ।
ਮੈਲੇਨ ਦੇ ਦਮ ’ਤੇ ਐਸਟਨ ਵਿਲਾ ਨੇ ਯੰਗ ਬਾਇਜ਼ ਨੂੰ ਹਰਾਇਆ
ਲੰਡਨ (ਏਪੀ): ਯੂਰੋਪਾ ਲੀਗ ’ਚ ਵੀਰਵਾਰ ਨੂੰ ਡੋਨਿਯਲ ਮੈਲੇਨ ਦੇ ਦੋ ਗੋਲਾਂ ਦੀ ਬਦੌਲਤ ਐਸਟਨ ਵਿਲਾ ਨੇ ਯੰਗ ਬਾਇਜ਼ ਨੂੰ 2-1 ਨਾਲ ਹਰਾਇਆ। ਮੈਚ ’ਚ ਮੈਲੇਨ ’ਤੇ ਦਰਸ਼ਕਾਂ ਵੱਲੋਂ ਕੋਈ ਵਸਤੂ ਸੁੱਟੀਆਂ ਗਈ, ਜੋ ਉਸ ਦੇ ਸਿਰ ’ਤੇ ਲੱਗੀ ਤੇ ਉਹ ਜ਼ਖ਼ਮੀ ਹੋ ਗਏ। ਦਰਸ਼ਕਾਂ ਦੇ ਹੰਗਾਮੇ ਕਾਰਨ ਮੈਚ ਕੁਝ ਸਮੇਂ ਲਈ ਰੋਕਣਾ ਪਿਆ। 27ਵੇਂ ਮਿੰਟ ਵਿਚ ਮੈਲੇਨ ਦੇ ਗੋਲ ਕਰਨ ਦੇ ਬਾਅਦ ਇਹ ਘਟਨਾ ਵਾਪਰੀ। 42ਵੇਂ ਮਿੰਟ ’ਚ ਡੱਚ ਫਾਰਵਰਡ ਮੈਲੇਨ ਦੇ ਦੂਜੇ ਗੋਲ ਦੇ ਬਾਅਦ ਯੰਗ ਬਾਇਜ਼ ਦੇ ਫੈਂਸਾਂ ਨੇ ਵਿਲਾ ਦੇ ਖਿਡਾਰੀਆਂ ’ਤੇ ਫਿਰ ਤੋਂ ਚੀਜ਼ਾਂ ਸੁੱਟੀਆਂ।
ਹੋਰ ਮੁਕਾਬਲਿਆਂ ’ਚ, ਰੋਮਾ ਨੇ ਦੋ ਘਰੇਲੂ ਹਾਰਾਂ ਦੇ ਬਾਅਦ ਵਾਪਸੀ ਕੀਤੀ ਤੇ ਨੀਲ ਐਲ ਐਨਾਉਈ ਤੇ ਸਬਸਟੀਟਿਊਟ ਸਟੀਫਨ ਐਲ ਸ਼ਾਰਾਵੀ ਦੇ ਗੋਲਾਂ ਦੀ ਮਦਦ ਨਾਲ ਮਿਡਟਜ਼ਿਲੈਂਡ ’ਤੇ 2-1 ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ, ਲਿਲੇ ਨੇ ਡਾਇਨਾਮੋ ਜਾਗਰੇਬ ਨੂੰ 4-0 ਨਾਲ ਹਰਾਇਆ, ਜਦ ਕਿ 10 ਖਿਡਾਰੀਆਂ ਵਾਲੇ ਫੇਨਰਬਾਚੇ ਨੂੰ ਫੇਰੇਨਕਵਾਰੋਸ ਨੇ 1-1 ਨਾਲ ਬਰਾਬਰ ਰੱਖਿਆ। ਲਿਓਨ ਨੇ ਮੈਕਾਬੀ ਤੇਲ ਅਵੀਵ ਨੂੰ 6-0 ਨਾਲ ਹਰਾਉਂਦਿਆਂ ਤੇਲ ਅਵੀਵ ਦੇ ਸਾਰੇ ਮੁਕਾਬਲਿਆਂ ’ਚ ਲਗਾਤਾਰ ਪੰਜ ਮੈਚ ਜਿੱਤਣ ਦੇ ਸਿਲਸਿਲੇ ਨੂੰ ਖਤਮ ਕੀਤਾ।