ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ’ਚ ਦਿਲਚਸਪੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਸਿਫ਼ਾਰਸ਼ ’ਤੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪਦਮਸ਼੍ਰੀ ਤੇ ਪਦਮ ਭੂਸ਼ਣ ਐਵਾਰਡ ਹਾਸਿਲ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ 25 ਅਪ੍ਰੈਲ, 2016 ’ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਰਾਜ ਸਭਾ ’ਚ ਨਾਮਜ਼ਦ ਕੀਤਾ ਗਿਆ।

ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ’ਚ ਦਿਲਚਸਪੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਸਿਫ਼ਾਰਸ਼ ’ਤੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪਦਮਸ਼੍ਰੀ ਤੇ ਪਦਮ ਭੂਸ਼ਣ ਐਵਾਰਡ ਹਾਸਿਲ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ 25 ਅਪ੍ਰੈਲ, 2016 ’ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਰਾਜ ਸਭਾ ’ਚ ਨਾਮਜ਼ਦ ਕੀਤਾ ਗਿਆ। ਕ੍ਰਿਕਟਰ ਗੌਤਮ ਗੰਭੀਰ ਦਿੱਲੀ ਤੋਂ ਬੀਜੇਪੀ ਵੱਲੋਂ ਤੇ ਹਰਫ਼ਨਮੌਲਾ ਕ੍ਰਿਕਟਰ ਯੂਸਫ਼ ਪਠਾਨ ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਸਰ ਦੀ ਟਿਕਟ ’ਤੇ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ’ਚ ਸਫ਼ਲ ਹੋਏ। ਇਨ੍ਹਾਂ ਦੋਵਾਂ ਤੋਂ ਪਹਿਲਾਂ ਮਰਹੂਮ ਕ੍ਰਿਕਟਰ ਕੀਰਤੀ ਆਜ਼ਾਦ ਵੀ ਦਰਭੰਗਾ (ਬਿਹਾਰ) ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।
ਸਟਾਰ ਡਰੈਗ ਫਲਿੱਕਰ ਰਿਹਾ ਸੰਦੀਪ ਸਿੰਘ
ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿਹੋਵਾ ਹਲਕੇ ਤੋਂ ਜਿੱਤ ਦਰਜ ਕਰ ਕੇ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾਈ ਹੈ। ਕਾਬਿਲੇਗੌਰ ਹੈ ਕਿ ਸੰਦੀਪ ਸਿੰਘ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ ਚੋਣ ਜਿੱਤਣ ਵਾਲੇ ਇੱਕੋ ਇਕ ਸਿੱਖ ਚਿਹਰਾ ਹਨ। ਖ਼ਾਸ ਗੱਲ ਇਹ ਰਹੀ ਕਿ ਸੰਦੀਪ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਮੰਤਰਾਲੇ ਦੀ ਗੋਪਨੀਅਤਾ ਬਣਾਈ ਰੱਖਣ ਲਈ ਸਹੁੰ ਪੰਜਾਬੀ ਭਾਸ਼ਾ ’ਚ ਚੁੱਕੀ ਸੀ। ਵਿਸ਼ਵ ਹਾਕੀ ਦੇ ਗਲਿਆਰਿਆਂ ’ਚ ਸੰਦੀਪ ਸਿੰਘ ਨੇ ਚੰਗਾ ਨਾਮਣਾ ਖੱਟਿਆ ਹੈ।
ਨਵੀਂ ਦਿੱਲੀ ’ਚ ਖੇਡੇ ਗਏ ਲੰਡਨ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ’ਚ 16 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਦੀ ਕੁਰਸੀ ਸਾਂਭਣ ਵਾਲੇ ਡਿਫੈਂਡਰ ਸੰਦੀਪ ਸਿੰਘ ਨੂੰ ਲੰਡਨ-2012 ਓਲੰਪਿਕ ਹਾਕੀ ਅਤੇ ਵਿਸ਼ਵ ਹਾਕੀ ਕੱਪ ਨਵੀਂ ਦਿੱਲੀ-2010 ਖੇਡਣ ਦਾ ਹੱਕ ਹਾਸਿਲ ਹੋਇਆ। 2014 ’ਚ ਯੂਕੇ ਦੇ ਹਾਵੈਂਟ ਹਾਕੀ ਕਲੱਬ ਵੱਲੋਂ ਇੰਗਲਿਸ਼ ਲੀਗ ਖੇਡਣ ਵਾਲੇ ਸਟਾਰ ਡਰੈਗ ਫਲਿੱਕਰ ਸੰਦੀਪ ਸਿੰਘ ਨੂੰ ਘਰੇਲੂ ਇੰਡੀਅਨ ਹਾਕੀ ਲੀਗ ਦੇ ਵੱਖ-ਵੱਖ ਐਡੀਸ਼ਨਾਂ ’ਚ ਮੁੰਬਈ ਮੈਜੀਸ਼ੀਅਨਜ਼, ਪੰਜਾਬ ਵਾਰੀਅਰਜ਼ ਅਤੇ ਰਾਂਚੀ ਰੋਅਜ਼ ਦੀ ਹਾਕੀ ਟੀਮਾਂ ਨਾਲ ਮੈਦਾਨ ’ਚ ਨਿੱਤਰਨ ਦਾ ਰੁਤਬਾ ਹਾਸਿਲ ਹੋਇਆ। ਪੈਨਲਟੀ ਕਾਰਨਰ ਲਾਉਣ ਸਮੇਂ 145 ਕਿਲੋਮੀਟਰ ਦੀ ਰਫ਼ਤਾਰ ਨਾਲ ਬਾਲ ਨੂੰ ਡਰੈਗ ਕਰਨ ਵਾਲੇ ਓਲੰਪੀਅਨ ਸੰਦੀਪ ਸਿੰਘ ਦਾ ਜਨਮ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ’ਚ 27 ਫਰਵਰੀ, 1986 ਨੂੰ ਦਲਜੀਤ ਕੌਰ ਦੀ ਕੁੱਖੋਂ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸ਼ਿਵਾਲਿਕ ਸਕੂਲ ਮੁਹਾਲੀ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਸੰਦੀਪ ਸਿੰਘ ਦੇ ਖੇਡ ਕਰੀਅਰ ’ਤੇ ਫਿਲਮ ‘ਸੂਰਮਾ’ ਬਣਾਈ ਗਈ, ਜਿਸ ’ਚ ਦਲਜੀਤ ਸਿੰਘ ਦੁਸਾਂਝ ਨੇ ਸੰਦੀਪ ਸਿੰਘ ਦਾ ਰੋਲ ਨਿਭਾਇਆ। ਇਸ ਫਿਲਮ ’ਚ ਦੂਜੇ ਪ੍ਰਸਿੱਧ ਸਟਾਰ ਕਲਾਕਾਰ ਤਾਪਸੀ ਪੰਨੂ ਤੇ ਅੰਗਦ ਸਿੰਘ ਬੇਦੀ ਹਨ। ਸਾਲ 2012 ’ਚ ਅਰਜੁਨਾ ਐਵਾਰਡ ਹਾਸਿਲ ਸੰਦੀਪ ਸਿੰਘ ਨੇ 2012 ’ਚ ਸੀਨੀਅਰ ਕੌਮੀ ਟੀਮ ’ਚ ਕਰੀਅਰ ਦਾ ਆਗ਼ਾਜ਼ ਕੀਤਾ। 2012 ’ਚ ਹਾਕੀ ਕਿੱਲੀ ’ਤੇ ਟੰਗਣ ਵਾਲੇ ਹਾਕੀ ਓਲੰਪੀਅਨ ਸੰਦੀਪ ਸਿੰਘ ਦਾ ਵੱਡੇ ਭਰਾ ਬਿਕਰਮਜੀਤ ਸਿੰਘ ਨੂੰ ਵੀ ਕੌਮਾਂਤਰੀ ਹਾਕੀ ਖੇਡਣ ਦਾ ਮਾਣ ਹਾਸਿਲ ਹੈ। ਹਰਿਆਣਾ ਪੁਲਿਸ ’ਚ ਡੀਐੱਸਪੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਹਰਿਆਣਾ ਸਰਕਾਰ ’ਚ ਯੂਥ ਅਫੇਅਰ ਐਂਡ ਸਪੋਰਟਸ ਵਿਭਾਗ ’ਚ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।
ਹਾਕੀ ਓਲੰਪੀਅਨ ਪਰਗਟ ਸਿੰਘ
ਤਿੰਨ ਵਾਰ ਓਲੰਪਿਕ ਹਾਕੀ ’ਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਰਗਟ ਸਿੰਘ ਵੱਲੋਂ ਖੇਡੀ ਗਈ ਸ਼ਾਨਦਾਰ ਖੇਡ ਪਾਰੀ ਦਾ ਮੁੱਲ ਪਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਰਕਾਰ ’ਚ ਜਲੰਧਰ ਕੈਂਟ ਤੋਂ ਦੂਜੀ ਵਾਰ ਵਿਧਾਇਕ ਬਣੇ ਸਾਬਕਾ ਹਾਕੀ ਓਲੰਪੀਅਨ ਪਰਗਟ ਸਿੰਘ ਨੂੰ ਖੇਡ ਮੰਤਰੀ ਨਾਮਜ਼ਦ ਕੀਤਾ ਗਿਆ। ਪ੍ਰਸਿੱਧ ਫੁਲ ਬੈਕ ਖਿਡਾਰੀ ਪਰਗਟ ਸਿੰਘ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਡਾਇਰੈਕਟਰ ਸਪੋਰਟਸ ਪੰਜਾਬ ਲਗਾਇਆ ਗਿਆ ਸੀ। ਖੇਡ ਵਿਭਾਗ ’ਚ ਡਾਇਰੈਕਟਰ ਤੋਂ ਪਹਿਲਾਂ ਪਰਗਟ ਸਿੰਘ ਪੰਜਾਬ ਪੁਲਿਸ ’ਚ ਐੱਸਪੀ ਦੇ ਅਹੁਦੇ ’ਤੇ ਬਿਰਾਜਮਾਨ ਸਨ। ਜਥੇਦਾਰ ਤੋਤਾ ਸਿੰਘ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਸਦਕਾ ਪਰਗਟ ਸਿੰਘ ਨੂੰ 2012 ’ਚ ਅਕਾਲੀ ਦਲ ਵੱਲੋਂ ਜਲੰਧਰ ਕੈਂਟ ਤੋਂ ਐੱਮਐੱਲਏ ਦੀ ਚੋਣ ਲੜਾਈ ਗਈ। ਅਕਾਲੀ ਦਲ ਦੀ ਟਿਕਟ ’ਤੇ ਪਰਗਟ ਸਿੰਘ ਸ਼ਾਨਦਾਰ ਜਿੱਤ ਦਰਜ ਕਰ ਕੇ ਪਹਿਲੀ ਵਾਰ ਵਿਧਾਇਕ ਬਣੇ।
ਅਕਾਲੀ ਦਲ ਨੂੰ ਅਲਵਿਦਾ ਆਖਣ ਤੋਂ ਬਾਅਦ ਪਰਗਟ ਸਿੰਘ ਨੇ ਇਸੇ ਹਲਕੇ ਤੋਂ ਦੋ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਦੂਜੀ ਵਾਰ ਵਿਧਾਇਕ ਬਣੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਚ ਮੰਤਰੀ ਬਣਨ ’ਚ ਸਫਲ ਹੋਏ। ਪਰਗਟ ਸਿੰਘ ਦਾ ਜਨਮ ਵਿਸ਼ਵ ਹਾਕੀ ਦੀ ਜ਼ਰਖ਼ੇਜ਼ ਭੂਮੀ ਮੰਨੇ ਜਾਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ। ਪਰਗਟ ਸਿੰਘ ਦੀ ਹਾਕੀ ਦਾ ਖੇਡ ਚਿੱਠਾ ਬਹੁਤ ਲੰਮੇਰਾ ਹੈ। ਉਹ 1988 ’ਚ ਸਿਓਲ (ਦੱਖਣੀ ਕੋਰੀਆ), 1992 ਬਾਰਸੀਲੋਨਾ (ਸਪੇਨ) ਅਤੇ 1996 ਐਟਲਾਂਟਾ ਓਲੰਪਿਕ ਖੇਡਿਆ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਉਸ ਨੇ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਪਰਗਟ ਵਿਸ਼ਵ ਦਾ ਪਹਿਲਾ ਹਾਕੀ ਓਲੰਪੀਅਨ ਹੈ, ਜਿਸ ਨੇ ਦੋ ਵਾਰ ਓਲੰਪਿਕ ਹਾਕੀ ’ਚ ਟੀਮ ਦੀ ਕਪਤਾਨੀ ਸੰਭਾਲ ਕੇ ਹਾਕੀ ’ਚ ਨਵਾਂ ਮੀਲ ਪੱਥਰ ਗੱਡਿਆ। ਓਲੰਪਿਕ ਹਾਕੀ ’ਚ ਦੋ ਵਾਰ ਕਪਤਾਨੀ ਦਾ ਰਿਕਾਰਡ ਬਣਾਉਣ ਵਾਲੇ ਪਰਗਟ ਸਿੰਘ ਨੇ ਹਿੰਦ ਦੀ ਹਾਕੀ ਟੀਮ ਦੀ 168 ਕੌਮਾਂਤਰੀ ਹਾਕੀ ਮੈਚਾਂ ’ਚ ਕਪਤਾਨੀ ਕਰਨ ਦੇ ਇਤਿਹਾਸ ਦਾ ਨਵਾਂ ਹਾਕੀ ਅਧਿਆਏ ਵੀ ਆਪਣੇ ਨਾਂ ਨਾਲ ਜੋੜਿਆ ਹੋਇਆ ਹੈ।
ਪਾਕਿ ਹਾਕੀ ਖਿਡਾਰੀ ਅਖ਼ਤਰ ਰਸੂਲ
ਮੈਦਾਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਪਾਕਿਸਤਾਨੀ ਹਾਕੀ ਓਲੰਪੀਅਨ ਅਖ਼ਤਰ ਰਸੂਲ ਨੇ 1985 ’ਚ ਰਾਜਨੀਤਿਕ ਪਾਰੀ ਖੇਡਣ ਦਾ ਫ਼ੈਸਲਾ ਕੀਤਾ। ਸਾਲ 1986 ’ਚ ਅਖ਼ਤਰ ਰਸੂਲ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਐੱਮਪੀਏ (ਮੈਂਬਰ ਆਫ ਪ੍ਰੋਵੀਨਸ਼ੀਅਲ ਅਸੈਂਬਲੀ) ਦੀ ਚੋਣ ਜਿੱਤੀ। 1988 ’ਚ ਅਖ਼ਤਰ ਰਸੂਲ ਨੂੰ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਨਾਮਜ਼ਦ ਕੀਤਾ ਗਿਆ। ਤਿੰਨ ਹਾਕੀ ਚੈਂਪੀਅਨਜ਼ ਟਰਾਫੀਆਂ ’ਚ ਪਾਕਿ ਹਾਕੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਅਖ਼ਤਰ ਰਸੂਲ ਨੂੰ 1990 ’ਚ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਤੋਂ ਬਾਅਦ ਖੇਡ ਮੰਤਰੀ ਬਣਾਇਆ ਗਿਆ।
1993 ’ਚ ਅਖ਼ਤਰ ਰਸੂਲ ਨੇ ਦੂਜੀ ਵਾਰ ਐੱਮਐੱਲਏ ਦੀ ਸੀਟ ਭਾਰੀ ਵੋਟਾਂ ਦੇ ਫ਼ਰਕ ਨਾਲ ਜਿੱਤਣ ’ਚ ਸਫਲਤਾ ਹਾਸਿਲ ਕੀਤੀ। 1981 ਤੋਂ 1982 ਤਕ ਲਗਾਤਾਰ ਦੋ ਸਾਲ ਪਾਕਿ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਅਖ਼ਤਰ ਰਸੂਲ ਨੇ 1986 ਤੋਂ ਬਾਅਦ ਦੂਜੀ ਵਾਰ ਐੱਮਪੀਏ ਦੀ ਸੀਟ ਜਿੱਤ ਕੇ ਮੁਸਲਿਮ ਲੀਗ ਦੀ ਝੋਲੀ ਪਾਈ। ਹਾਕੀ ਓਲੰਪੀਅਨ ਅਤੇ ਪ੍ਰਸਿੱਧ ਸਾਇੰਟਿਸਟ ਚੌਧਰੀ ਗ਼ੁਲਾਮ ਰਸੂਲ ਦਾ ਪੁੱਤਰ ਅਖ਼ਤਰ ਰਸੂਲ ਦੁਨੀਆ ਦਾ ਪਲੇਠਾ ਹਾਕੀ ਖਿਡਾਰੀ ਹੈ, ਜਿਸ ਨੇ ਕਰੀਅਰ ’ਚ ਪੰਜ ਆਲਮੀ ਹਾਕੀ ਕੱਪ ਖੇਡਣ ਸਦਕਾ ਚਾਰ ਵਰਲਡ ਹਾਕੀ ਕੱਪ ਮੁਕਾਬਲਿਆਂ ਬਾਰਸੀਲੋਨਾ-1971, ਬਿਊਨਸ ਏਰੀਅਸ-1978 ਅਤੇ ਮੁੰਬਈ-1982 ’ਚ ਗੋਲਡ ਮੈਡਲ ਅਤੇ ਕੁਆਲਾਲੰਪੁਰ 1975 ’ਚ ਸਿਲਵਰ ਮੈਡਲ ਜਿੱਤਣ ਵਾਲੀ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਅਖ਼ਤਰ ਰਸੂਲ ਕੁੱਲ ਜਗਤ ਦਾ ਨਿਵੇਕਲਾ ਖਿਡਾਰੀ ਹੈ, ਜਿਸ ਨੂੰ ਸੰਸਾਰ-ਵਿਆਪੀ ਹਾਕੀ ਦੇ ਖੇਡੇ ਹਰ ਵੱਡੇ ਮੁਕਾਬਲਿਆਂ ਓਲੰਪਿਕ ਹਾਕੀ, ਵਿਸ਼ਵ ਹਾਕੀ ਕੱਪ ਅਤੇ ਏਸ਼ੀਅਨ ਖੇਡਾਂ ’ਚ ਤਗ਼ਮਾ ਜਿੱਤਣ ਦਾ ਹੱਕ ਹਾਸਿਲ ਹੋਇਆ। ਕੌਮਾਂਤਰੀ ਹਾਕੀ ’ਚ ਆਪਣੀ ਸਟਿੱਕ ’ਚੋਂ 22 ਗੋਲ ਕੱਢਣ ਵਾਲੇ ਅਖ਼ਤਰ ਰਸੂਲ ਨੇ ਜਿੱਥੇ ਮਿਓਨਿਖ-1972 ਓਲੰਪਿਕ ’ਚ ਚਾਂਦੀ ਅਤੇ ਮਾਂਟੀਰੀਅਲ-1976 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਹਾਸਿਲ ਕੀਤਾ, ਉਥੇ ਤਹਿਰਾਨ 1974 ਤੇ ਬੈਂਕਾਕ-1978 ਦੀਆਂ ਏਸ਼ੀਅਨ ਖੇਡਾਂ ’ਚ ਕ੍ਰਮਵਾਰ ਦੋਵੇਂ ਵਾਰ ਸੋਨੇ ਦੇ ਤਗਮੇ ਹਾਸਿਲ ਕਰਨ ਵਾਲੀ ਪਾਕਿ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ।
ਮਹਿਲਾ ਅਥਲੀਟ ਜਿਓਤਿਰਮਈ ਸਿਕਦਾਰ
ਬੈਂਕਾਕ-1998 ’ਚ ਖੇਡੀਆਂ ਗਈਆਂ 13ਵੀਆਂ ਏਸ਼ੀਅਨ ਗੇਮਜ਼ ’ਚ 800 ਤੇ 1500 ਮੀਟਰ ਰੇਸਾਂ ’ਚ ਦੋ ਗੋਲਡ ਮੈਡਲ ਆਪਣੇ ਗਲੇ ਦਾ ਸ਼ਿੰਗਾਰ ਬਣਾਉਣ ਵਾਲੀ ਇੰਡੀਅਨ ਮਹਿਲਾ ਅਥਲੀਟ ਜਿਓਤਿਰਮਈ ਸਿਕਦਾਰ ਨੂੰ ਬੰਗਾਲ ਤੋਂ ਕਮਿਊਨਿਸਟ ਪਾਰਟੀ ਦੀ ਟਿਕਟ ’ਤੇ 13ਵੀਂ ਲੋਕ ਸਭਾ ’ਚ ਕਰੀਸ਼ਨਗਰ ਸੀਟ ਤੋਂ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਿਲ ਹੋਇਆ ਪਰ ਸਾਲ 1998 ’ਚ ਸਿਕਦਾਰ ਇਸੇ ਸੀਟ ਤੋਂ ਤ੍ਰਿਮੂਲ ਕਾਂਗਰਸ ਦੇ ਉਮੀਦਵਾਰ ਤੋਂ ਚੋਣ ਹਾਰ ਗਈ। ਇਸ ਹਾਰ ਤੋਂ ਬਾਅਦ ਸਿਕਦਾਰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਈ।
ਹੁਣ ਉਹ ਬੰਗਾਲ ਵਿਚ ਬੀਜੇਪੀ ਨੂੰ ਸਪੋਰਟ ਕਰ ਰਹੀ ਹੈ। ਫਰਵਰੀ 1994 ਵਿਚ ਪੰਜਾਬੀ ਅਥਲੀਟ ਅਵਤਾਰ ਸਿੰਘ ਨਾਲ ਲਾਵਾਂ ਲੈਣ ਵਾਲੀ ਸਿਕਦਾਰ ਨੂੰ ਸਰਕਾਰ ਵੱਲੋਂ 1995 ’ਚ ‘ਅਰਜੁਨਾ ਐਵਾਰਡ’ ਤੇ 2003 ’ਚ ‘ਪਦਮਸ਼੍ਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਅਥਲੀਟ ਜੋੜੇ ਜਿਓਤਿਰਮਈ ਸਿਕਦਾਰ ਤੇ ਅਵਤਾਰ ਸਿੰਘ ਦੇ ਇਕਲੌਤੇ ਪੁੱਤਰ ਦਾ ਨਾਂ ਅਵਰਾਜਿਓਤੀ ਸਿੰਘ ਹੈ।
ਕਰਨਲ (ਰਿਟਾ.) ਓਲੰਪੀਅਨ ਸ਼ੂਟਰ ਰਾਜਵਰਧਨ ਸਿੰਘ ਰਾਠੌੜ
ਭਾਰਤੀ ਆਰਮੀ ’ਚੋਂ ਕਰਨਲ ਦੇ ਰੈਂਕ ਤੋਂ ਰਿਟਾਇਰ ਹੋਏ ਓਲੰਪੀਅਨ ਸ਼ੂਟਰ ਰਾਜਵਰਧਨ ਸਿੰਘ ਰਾਠੌੜ ਨੂੰ ਜੈਪੂਰ ਰੂਰਲ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਨਰੇਂਦਰ ਮੋਦੀ ਦੀ ਕੇਂਦਰ ਸਰਕਾਰ ’ਚ 2014 ਵਿਚ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਬਣਾਇਆ ਗਿਆ। 2017 ’ਚ ਮੰਤਰਾਲਾ ਬਦਲ ਕੇ ਰਾਜਵਰਧਨ ਸਿੰਘ ਨੂੰ ਪੂਰਨ ਰੂਪ ’ਚ ਮਨਿਸਟਰ ਆਫ ਯੂਥ ਅਫੇਅਰ ਐਂਡ ਸਪੋਰਟਸ ਮਹਿਕਮਾ ਦੇ ਦਿੱਤਾ ਗਿਆ।
ਭਾਰਤੀ ਜਨਤਾ ਪਾਰਟੀ ਸਰਕਾਰ ਦੀ ਦੂਜੀ ਮਿਆਦ ’ਚ ਰਾਜਵਰਧਨ ਰਾਠੌੜ ਕਾਂਗਰਸ ਪਾਰਟੀ ਦੀ ਓਲੰਪੀਅਨ ਥਰੋਅਰ ਕ੍ਰਿਸ਼ਨਾ ਪੂਨੀਆ ਨੂੰ ਹਰਾ ਕੇ ਜੈਪੁਰ ਰੂਰਲ ਤੋਂ ਮੁੜ ਮੈਂਬਰ ਪਾਰਲੀਮੈਂਟ ਬਣੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਨਹੀਂ ਕੀਤਾ ਗਿਆ।
ਡਿਸਕਸ ਥ੍ਰੋਅਰ ਸ਼ਿਨਾ ਪੂਨੀਆ
ਬੀਜਿੰਗ-2008 ਤੇ ਲੰਡਨ-2012 ਓਲੰਪਿਕ ਖੇਡਾਂ ’ਚ ਇੰਡੀਆ ਦੀ ਨੁਮਾਇੰਦਗੀ ਕਰਨ ਵਾਲੀ ਡਿਸਕਸ ਥ੍ਰੋਅਰ ਸ਼ਿਨਾ ਪੂਨੀਆ ਦੇਸ਼ ਦੀ ਪਹਿਲੀ ਥ੍ਰੋਅਰ ਹੈ, ਜਿਸ ਨੂੰ ਲੰਡਨ ਓਲੰਪਿਕ ਦੇ ਫਾਈਨਲ ’ਚ ਡਿਸਕਸ ਸੁੱਟਣ ਦਾ ਹੱਕ ਹਾਸਿਲ ਹੋਇਆ। ਨਵੀਂ ਦਿੱਲੀ-2010 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਡਿਸਕਸ ਸੁੱਟਣ ’ਚ ਸੋਨ ਤਗਮਾ ਜਿੱਤਣ ਵਾਲੀ ਮਹਿਲਾ ਥ੍ਰੋਅਰ ਸ਼ਿਨਾ ਪੂਨੀਆ ਵੱਲੋਂ ਏਸ਼ੀਅਨ ਗੇਮਜ਼ ਦੋਹਾ-2006 ਤੇ ਗੁਆਂਗਜ਼ੂ-2010 ’ਚ ਤਾਂਬੇ ਦੇ ਤਗ਼ਮੇ ਜਿੱਤਣ ਦਾ ਕ੍ਰਿਸ਼ਮਾ ਕੀਤਾ ਗਿਆ। 2013 ’ਚ ਰਾਜਸਥਾਨ ਦੀ ਸਾਦਲਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵੱਜੋਂ ਚੋਣ ਹਾਰਨ ਵਾਲੀ ਓਲੰਪੀਅਨ ਮਹਿਲਾ ਥ੍ਰੋਅਰ ਿਸ਼ਨਾ ਪੂਨੀਆ ਨੂੰ ਪੰਜ ਸਾਲ ਬਾਅਦ ਇਸੇ ਸੀਟ ’ਤੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਨਸੀਬ ਹੋਇਆ। 2022 ’ਚ ਰਾਜਸਥਾਨ ਸਟੇਟ ਸਪੋਰਟਸ ਕੌਂਸਲ ਦੀ ਪ੍ਰੈਜ਼ੀਡੈਂਟ ਬਣਨ ਵਾਲੀ ਸ਼ਿਨਾ ਪੂਨੀਆ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਓਲੰਪੀਅਨ ਸ਼ੂਟਰ ਰਾਜਵਰਧਨ ਰਾਠੌੜ ਦਾ ਮੁਕਾਬਲਾ ਕਰਨ ਲਈ ਮੈਦਾਨ ’ਚ ਉਤਾਰਿਆ ਗਿਆ ਪਰ ਉਹ ਚੋਣ ਹਾਰ ਗਈ। ਓਲੰਪੀਅਨ ਸ਼ਿਨਾ ਪੂਨੀਆ ਦਾ ਮੁੱਖ ਟ੍ਰੇਨਰ ਉਸ ਦਾ ਪਤੀ ਵਰਿੰਦਰ ਸਿੰਘ ਪੂਨੀਆ ਵੀ ਹੈਮਰ ਥ੍ਰੋਅਰ ’ਚ ਏਸ਼ੀਅਨ ਗੋਲਡ ਮੈਡਲਿਸਟ ਹੈ।
ਹਾਕੀ ਓਲੰਪੀਅਨ ਅਸਲਮ ਸ਼ੇਰ ਖ਼ਾਨ
ਮੈਦਾਨ ’ਚ ਫੁਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਓਲੰਪੀਅਨ ਅਸਲਮ ਸ਼ੇਰ ਖ਼ਾਨ ਦੇਸ਼ ਦਾ ਪਹਿਲਾ ਹਾਕੀ
ਖਿਡਾਰੀ ਹੈ, ਜਿਸ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ’ਚ ਕੈਬਨਿਟ ਮੰਤਰੀ ਬਣਾਇਆ ਗਿਆ। ਅਸਲਮ ਸ਼ੇਰ ਨੇ ਮੱਧ ਪ੍ਰਦੇਸ਼ ਰਾਜ ਤੋਂ ਪੰਜ ਵਾਰ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਹਾਸਿਲ ਕਰ ਕੇ ਪਾਰਲੀਮੈਂਟ ਦੀ ਚੋਣ ਲੜੀ। 8ਵੀਂ ਲੋਕ ਸਭਾ ’ਚ ਅਸਲਮ ਸ਼ੇਰ ਖ਼ਾਨ ਪਹਿਲੀ ਵਾਰ ਬੈਤੂਲ ਪਾਰਲੀਮੈਂਟ ਹਲਕੇ ਤੋਂ ਸੰਸਦ ਮੈਂਬਰ ਬਣਨ ’ਚ ਸਫਲ ਹੋਏ। ਇਸੇ ਹਲਕੇ ਤੋਂ 9ਵੀਂ ਲੋਕ ਸਭਾ ਦੀ ਚੋਣ ਹਾਰਨ ਵਾਲੇ ਅਸਲਮ ਖ਼ਾਨ ਨੂੰ 10ਵੀਂ ਲੋਕ ਸਭਾ ਚੋਣਾਂ ’ਚ ਇਸੇ ਹਲਕੇ ਤੋਂ ਦੂਜੀ ਵਾਰ ਸਫਲਤਾ ਹਾਸਿਲ ਹੋਈ। ਬੈਤੂਲ ਪਾਰਲੀਮਾਨੀ ਹਲਕੇ ਤੋਂ ਦੂਜੀ ਵਾਰ ਚੋਣ ਜਿੱਤਣ ਸਦਕਾ ਉਸ ਨੂੰ 1991 ਵਿਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਅਸਲਮ ਸ਼ੇਰ ਭੂਪਾਲ ਅਤੇ ਸਾਗਰ ਤੋਂ 2004 ਅਤੇ 2009 ’ਚ ਲਗਾਤਾਰ ਦੋ ਵਾਰ ਪਾਰਲੀਮੈਂਟ ਦੀ ਚੋਣ ’ਚ ਸਫਲਤਾ ਹਾਸਿਲ ਨਾ ਕਰ ਸਕੇ। ਹਾਕੀ ਓਲੰਪੀਅਨ ਅਸਲਮ ਸ਼ੇਰ ਖ਼ਾਨ ਦਾ ਜਨਮ 15 ਜੁਲਾਈ, 1958 ਵਿਚ ਭੂਪਾਲ ’ਚ ਬਰਲਿਨ-1936 ਓਲੰਪਿਕ ਹਾਕੀ ਵਿਚ ਸੋਨ ਤਗ਼ਮਾ ਜੇਤੂ ਹਾਕੀ ਓਲੰਪੀਅਨ ਅਹਿਮਦ ਸ਼ੇਰ ਖਾਨ ਦੇ ਗ੍ਰਹਿ ਵਿਖੇ ਹੋਇਆ। ਕੌਮਾਂਤਰੀ ਹਾਕੀ ’ਚ ਅਸਲਮ ਸ਼ੇਰ ਨੂੰ ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮਾਂਟੀਰੀਅਲ-1976 ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਿਲ ਹੋਇਆ।
ਫ਼ਰਾਂਸ ’ਚ ਮੰਤਰੀ ਬਣੀ ਓਲੰਪੀਅਨ ਲੌਰਾ ਫੈਸਲ
17 ਮਈ, 2017 ’ਚ ਫ਼ਰਾਂਸ ਦੇ ਤਤਕਾਲੀ ਪ੍ਰਧਾਨ ਮੰਤਰੀ ਐਡੌਰਡ ਫਿਲਪੀ ਨੇ ਆਪਣੇ ਮੰਤਰੀ ਮੰਡਲ ’ਚ ਪੰਜ ਓਲੰਪਿਕ ਟੂਰਨਾਮੈਂਟ ਖੇਡ ਚੁੱਕੀ ਮਹਿਲਾ ਖਿਡਾਰਨ ਲੌਰਾ ਫੈਸਲ ਕੋਲੋਵਿਕ ਨੂੰ ਖੇਡ ਮੰਤਰੀ ਬਣਾਇਆ ਹੈ। ਫ਼ਰਾਂਸ ’ਚ ਪਹਿਲੀ ਵਾਰ ਨਵੇਂ ਬਣੇ ਪ੍ਰਧਾਨ ਮੰਤਰੀ ਫਿਲਪੀ ਦੀ ਇਹ ਦੂਰਅੰਦੇਸ਼ੀ ਸੋਚ ਹੀ ਸੀ ਕਿ ਉਨ੍ਹਾਂ ਦੇਸ਼ ’ਚ ਖੇਡਾਂ ਨੂੰ ਨਵਾਂ ਰੂਪ ਦੇਣ ਲਈ ਕਿਸੇ ਸਾਬਕਾ ਓਲੰਪੀਅਨ ਅਥਲੀਟ ਨੂੰ ਸਪੋਰਟਸ ਮਨਿਸਟਰੀ ਦਾ ਆਜ਼ਾਦਾਨਾ ਚਾਰਜ ਸੌਂਪਿਆ ਸੀ ਪਰ ਕੁਝ ਨਿੱਜੀ ਕਾਰਨਾਂ ਕਰਕੇ ਲੌਰਾ ਫੈਸਲ ਨੇ 9 ਸਤੰਬਰ, 2018 ’ਚ ਮੰਤਰੀ ਦਾ ਅਹੁਦਾ ਤਿਆਗ ਦਿੱਤਾ।
ਰਿਪਬਲਿਕ ਪਾਰਟੀ ਦੀ ਸਰਕਾਰ ’ਚ ਖੇਡ ਮੰਤਰੀ ਬਣੀ ਸੰਸਦ ਮੈਂਬਰ ਲੌਰਾ ਫੈਸਲ ਦੇਸ਼ ’ਚ ਪੁਰਸ਼ ਤੇ ਮਹਿਲਾ ਦੋਹਾਂ ਵਰਗਾਂ ’ਚ ਪਲੇਠੀ ਖਿਡਾਰਨ ਹੈ, ਜਿਸ ਨੂੰ ਪੰਜ ਓਲੰਪਿਕ ਮੁਕਾਬਲਿਆਂ ਐਟਲਾਂਟਾ-1996, ਸਿਡਨੀ-2000, ਏਥਨਜ਼-2004, ਬੀਜਿੰਗ-2008 ਅਤੇ ਲੰਡਨ-2012 ’ਚ ਫਰਾਂਸ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਿਲ ਹੋਇਆ। 45 ਬਸੰਤਾਂ ਹੰਢਾਅ ਚੁੱਕੀ ਲੌਰਾ ਫ਼ਰਾਂਸ ਦੀ ਪਹਿਲੀ ਮਹਿਲਾ ਫੈਨਸਿੰਗ ਅਥਲੀਟ ਹੈ, ਜਿਸ ਨੂੰ ਪੰਜ ਓਲੰਪਿਕ ਟੂਰਨਾਮੈਂਟਾਂ ’ਚ ਦੋ ਗੋਲਡ, ਇਕ ਸਿਲਵਰ ਅਤੇ ਦੋ ਤਾਂਬੇ ਦੇ ਤਗ਼ਮੇ ਜਿੱਤਣ ਦਾ ਮਾਣ ਹਾਸਿਲ ਹੋਇਆ। ਲੌਰਾ ਫੈਸਲ ਨੂੰ 1995 ਤੋਂ 2008 ਤਕ 9 ਵਾਰ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਖੇਡਣ ਸਦਕਾ 6 ਗੋਲਡ, 3 ਸਿਲਵਰ ਅਤੇ 4 ਤਾਂਬੇ ਦਾ ਤਗ਼ਮੇ ਜਿੱਤਣ ਦਾ ਮਾਣ ਹਾਸਿਲ ਹੋਇਆ। ਚਾਰ ਯੂਰਪੀਅਨ ਫੈਨਸਿੰਗ ਚੈਂਪੀਅਨਸ਼ਿਪ ਟੂਰਨਾਮੈਂਟਾਂ ’ਚ ਇਕ ਗੋਲਡ ਅਤੇ ਪੰਜ ਤਾਂਬੇ ਦੇ ਤਗ਼ਮੇ ਜਿੱਤਣ ਵਾਲੀ ਫੈਸਲ ਨੇ ਫੈਨਸਿੰਗ ਦੇ ਸੱਤ ਵਰਲਡ ਕੱਪ ਮੁਕਾਬਲਿਆਂ ’ਚ 3 ਗੋਲਡ, 2 ਚਾਂਦੀ ਅਤੇ 2 ਤਾਂਬੇ ਦੇ ਤਗ਼ਮੇ ਆਪਣੀ ਝੋਲੀ ਪਾਏ ਹਨ।
• ਸੁਖਵਿੰਦਰਜੀਤ ਸਿੰਘ ਮਨੌਲੀ