ਭਾਰਤੀ ਪੁਰਸ਼ ਹਾਕੀ ਟੀਮ ਦੇ ਤਜ਼ਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਸਮੇਤ ਤਿੰਨ ਖਿਡਾਰੀਆਂ ਨੂੰ ਪ੍ਰੋ ਲੀਗ ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਕਰਨ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ। ਸਮਾਚਾਰ ਏਜੰਸੀ ਪੀਟੀਆਈ (PTI) ਨੇ ਆਪਣੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ, ਇਹ ਕਦਮ ਪਿਛਲੇ ਸਾਲ ਦਸੰਬਰ ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ 'ਅਨੁਸ਼ਾਸਨੀ' ਕਾਰਨਾਂ ਕਰਕੇ ਚੁੱਕਿਆ ਗਿਆ ਸੀ। ਇਸ ਮਾਮਲੇ 'ਤੇ ਹੁਣ ਮਨਪ੍ਰੀਤ ਨੇ ਆਪਣੀ ਸਫਾਈ ਪੇਸ਼ ਕੀਤੀ ਹੈ।

ਮਨਪ੍ਰੀਤ ਨੇ ਦਿੱਤੀ ਸਫਾਈ
ਮਨਪ੍ਰੀਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨੇ ਖੁਦ ਆਰਾਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ 'ਐਕਸ' (X) 'ਤੇ ਲਿਖਿਆ, "ਪੈਰਿਸ ਓਲੰਪਿਕ-2024 ਤੋਂ ਬਾਅਦ ਮੈਂ ਲਗਾਤਾਰ ਹਾਕੀ ਖੇਡ ਰਿਹਾ ਹਾਂ। ਏਸ਼ੀਆ, ਯੂਰਪ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿੱਚ ਲਗਾਤਾਰ ਟੂਰਨਾਮੈਂਟ ਖੇਡ ਰਿਹਾ ਹਾਂ। ਪਿਛਲੇ ਸਾਲ ਮੇਰੀ ਪਤਨੀ ਲਿਲੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇੱਕ ਤੋਂ ਬਾਅਦ ਇੱਕ ਕੈਂਪ ਅਤੇ ਟੂਰਨਾਮੈਂਟ ਹੋਣ ਕਾਰਨ ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਦਾ।"
ਉਨ੍ਹਾਂ ਨੇ ਅੱਗੇ ਲਿਖਿਆ, "ਸ਼ਾਨਦਾਰ HIA (ਹਾਕੀ ਇੰਡੀਆ ਲੀਗ) ਤੋਂ ਬਾਅਦ, ਜਿੱਥੇ ਮੇਰੀ ਟੀਮ 'ਰਾਂਚੀ ਰੌਇਲਜ਼' ਨੇ ਫਾਈਨਲ ਖੇਡਿਆ ਸੀ, ਕੋਚ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰੇ ਆਰਾਮ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ। ਇਹ ਛੋਟਾ ਜਿਹਾ ਬ੍ਰੇਕ ਮੈਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਦੇਵੇਗਾ। ਨਾਲ ਹੀ, ਇਸ ਨਾਲ ਮੈਨੂੰ ਮਾਨਸਿਕ ਤੌਰ 'ਤੇ ਰੀਚਾਰਜ ਹੋਣ ਅਤੇ ਟੀਮ ਵਿੱਚ ਮਜ਼ਬੂਤ ਵਾਪਸੀ ਕਰਨ ਵਿੱਚ ਮਦਦ ਮਿਲੇਗੀ।"
ਮਨਪ੍ਰੀਤ ਨੇ ਹਾਕੀ ਇੰਡੀਆ ਦਾ ਧੰਨਵਾਦ ਕਰਦਿਆਂ ਲਿਖਿਆ, "ਮੈਂ ਹਾਕੀ ਇੰਡੀਆ ਅਤੇ ਕੋਚ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਛੋਟਾ ਬ੍ਰੇਕ ਲੈਣ ਦੀ ਮਨਜ਼ੂਰੀ ਦਿੱਤੀ। ਮੈਂ ਭਾਰਤੀ ਟੀਮ ਨੂੰ ਪ੍ਰੋ ਲੀਗ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।"
ਕੀ ਹੈ ਅਸਲ ਮਾਮਲਾ?
ਭਾਰਤੀ ਟੀਮ ਨੇ ਦੱਖਣੀ ਅਫਰੀਕਾ ਵਿੱਚ 7 ਤੋਂ 10 ਦਸੰਬਰ 2025 ਦਰਮਿਆਨ ਦੋ ਟੈਸਟ ਅਤੇ ਇੱਕ ਪ੍ਰਦਰਸ਼ਨੀ ਮੈਚ ਖੇਡਿਆ ਸੀ। ਉਸ ਦੌਰੇ ਦੌਰਾਨ ਅਨੁਸ਼ਾਸਨਹੀਣਤਾ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ, ਜਦੋਂ ਇੱਕ ਖਿਡਾਰੀ ਟੀਮ ਦੀ ਮੀਟਿੰਗ ਵਿੱਚੋਂ ਗਾਇਬ ਹੋ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਸਨੂੰ ਮਨਪ੍ਰੀਤ, ਦਿਲਪ੍ਰੀਤ ਅਤੇ ਪਾਠਕ ਨੇ ਕਥਿਤ ਤੌਰ 'ਤੇ ਪ੍ਰਤਿਬੰਧਿਤ ਪਦਾਰਥ (Nanned substance) ਵਾਲੀ ਚਿਊਇੰਗਮ ਖੁਆਈ ਸੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਸੀ।
ਪੀਟੀਆਈ (PTI) ਨੂੰ ਇੱਕ ਸੂਤਰ ਨੇ ਦੱਸਿਆ ਕਿ ਖਿਡਾਰੀਆਂ ਨੇ ਸਾਥੀ ਖਿਡਾਰੀ ਨੂੰ ਇਹ ਚੀਜ਼ ਖੁਆਉਣ ਲਈ ਮੁਆਫੀ ਵੀ ਮੰਗੀ, ਪਰ ਟੀਮ ਮੀਟਿੰਗ ਵਿੱਚ ਉਨ੍ਹਾਂ ਨੂੰ ਆਗਾਮੀ ਕੈਂਪ ਤੋਂ ਬਾਹਰ ਰੱਖਣ ਦਾ ਫੈਸਲਾ ਸੁਣਾ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਚ ਕ੍ਰੇਗ ਫੁਲਟਨ ਨੇ ਇਸ ਘਟਨਾ ਦੀ ਕੋਈ ਲਿਖਤੀ ਰਿਪੋਰਟ ਹਾਕੀ ਇੰਡੀਆ ਨੂੰ ਨਹੀਂ ਦਿੱਤੀ ਸੀ।
ਪ੍ਰੋ ਲੀਗ ਦੇ ਆਗਾਮੀ ਸੀਜ਼ਨ ਲਈ ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਮੁੱਖ ਕੋਚ ਕ੍ਰੇਗ ਫੁਲਟਨ ਨੇ ਮਨਪ੍ਰੀਤ ਨੂੰ ਬਾਹਰ ਕੀਤੇ ਜਾਣ ਦਾ ਵਿਰੋਧ ਕੀਤਾ ਅਤੇ ਅਸਤੀਫੇ ਦੀ ਧਮਕੀ ਦਿੱਤੀ, ਪਰ ਹਾਕੀ ਇੰਡੀਆ ਵੱਲੋਂ ਮਨਾਉਣ ਤੋਂ ਬਾਅਦ ਉਹ ਆਪਣੇ ਅਹੁਦੇ 'ਤੇ ਬਣੇ ਰਹਿਣ ਲਈ ਸਹਿਮਤ ਹੋ ਗਏ।