ਆਰਹਸ (ਪੀਟੀਆਈ) : ਪਹਿਲਾਂ ਹੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕੀ ਭਾਰਤੀ ਮਰਦ ਬੈਡਮਿੰਟਨ ਟੀਮ ਵੀਰਵਾਰ ਨੂੰ ਇੱਥੇ ਥਾਮਸ ਕੱਪ ਦੇ ਆਖ਼ਰੀ ਗਰੁੱਪ ਮੈਚ ਵਿਚ ਮਜ਼ਬੂਤ ਚੀਨ ਹੱਥੋਂ 1-4 ਨਾਲ ਹਾਰ ਗਈ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਹੀ ਇੱਕੋ-ਇਕ ਜਿੱਤ ਦਰਜ ਕਰ ਸਕੀ ਜਿਨ੍ਹਾਂ ਨੇ 41 ਮਿੰਟ ਤਕ ਚੱਲੇ ਮੁਕਾਬਲੇ ਵਿਚ ਹੀ ਜਿ ਟਿੰਗ ਤੇ ਜੋਊ ਹਾਓ ਡੋਂਗ ਨੂੰ 21-14, 21-14 ਨਾਲ ਹਰਾਇਆ। ਇਸ ਡਬਲਜ਼ ਮੈਚ ਤੋਂ ਪਹਿਲਾਂ ਭਾਰਤ ਲਈ ਦਿਨ ਦੀ ਸ਼ੁਰੂਆਤ ਕਿਦਾਂਬੀ ਸ਼੍ਰੀਕਾਂਤ ਨੇ ਕੀਤੀ ਜਿਨ੍ਹਾਂ ਨੂੰ ਸ਼ੀ ਯੂ ਕੀ ਹੱਥੋਂ 36 ਮਿੰਟ ਵਿਚ 12-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਮੀਰ ਵਰਮਾ ਨੇ ਤੀਜੇ ਮੈਚ ਵਿਚ ਲੂ ਗੁਆਂਗ ਜੂ ਖ਼ਿਲਾਫ਼ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅੰਤ ਵਿਚ ਇਕ ਘੰਟੇ 23 ਮਿੰਟ ਤਕ ਚੱਲੇ ਸਿੰਗਲਜ਼ ਮੈਚ ਵਿਚ 21-14, 9-21, 22-24 ਨਾਲ ਹਾਰ ਗਏ ਜਿਸ ਨਾਲ ਭਾਰਤ ਪੱਛੜ ਗਿਆ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦੀ ਡਬਲਜ਼ ਜੋੜੀ ਵੀ ਲਿਊ ਚੇਂਗ ਤੇ ਵਾਂਗ ਯੀ ਲਿਊ ਖ਼ਿਲਾਫ਼ 52 ਮਿੰਟ ਤਕ ਚੁਣੌਤੀ ਪੇਸ਼ ਕਰਨ ਤੋਂ ਬਾਅਦ 24-26, 19-21 ਨਾਲ ਹਾਰ ਗਈ। ਅੰਤ ਵਿਚ ਕਿਰਨ ਜਾਰਜ ਨੂੰ ਲੀ ਸ਼ੀ ਫੇਂਗ ਹੱਥੋਂ 43 ਮਿੰਟ ਤਕ ਚੱਲੇ ਸਿੰਗਲਜ਼ ਮੈਚ ਵਿਚ 15-21, 17-21 ਨਾਲ ਹਾਰ ਸਹਿਣੀ ਪਈ। ਗਰੁੱਪ ਮੈਚ ਵਿਚ ਇਹ ਭਾਰਤ ਦੀ ਪਹਿਲੀ ਹਾਰ ਸੀ। ਭਾਰਤੀ ਮਰਦ ਟੀਮ ਨੇ ਨੀਦਰਲੈਂਡ ਤੇ ਤਾਹਿਤੀ 'ਤੇ 5-0 ਨਾਲ ਜਿੱਤ ਦਰਜ ਕਰ ਕੇ 2010 ਤੋਂ ਬਾਅਦ ਪਹਿਲੀ ਵਾਰ ਥਾਮਸ ਕੱਪ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਮਹਿਲਾ ਟੀਮ ਉਬੇਰ ਕੱਪ ਦੇ ਕੁਆਰਟਰ ਫਾਈਨਲ ਮੈਚ ਵਿਚ ਜਾਪਾਨ ਨਾਲ ਭਿੜੇਗੀ।

Posted By: Jatinder Singh