ਲਿਓਨਲ ਮੈਸੀ ਦੇ ਇਵੈਂਟ 'ਚ CM ਫੜਨਵੀਸ, ਅਜੇ ਦੇਵਗਨ ਤੇ ਟਾਈਗਰ ਸ਼ਰਾਫ ਨੂੰ ਦੇਖ ਕੇ ਭੜਕੇ ਫੈਨਜ਼... ਹੂਟਿੰਗ ਦੀ ਵੀਡੀਓ ਵਾਇਰਲ
ਮੈਸੀ ਇਵੈਂਟ ਤੋਂ ਜਲਦੀ ਵੀ ਨਿਕਲ ਗਏ ਅਤੇ ਰਿਪੋਰਟ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਤੋਂ ਜਲਦੀ ਜਾਣ ਕਾਰਨ ਪ੍ਰਸ਼ੰਸਕ ਨਾਰਾਜ਼ ਸਨ ਅਤੇ ਠੀਕ ਢੰਗ ਨਾਲ ਉਨ੍ਹਾਂ ਨੂੰ ਨਾ ਦੇਖ ਸਕਣ ਕਾਰਨ ਜ਼ਬਰਦਸਤ ਹੰਗਾਮਾ ਹੋਇਆ।
Publish Date: Mon, 15 Dec 2025 12:58 PM (IST)
Updated Date: Mon, 15 Dec 2025 01:13 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਭਾਰਤ ਦੌਰੇ 'ਤੇ ਹਨ, ਜਿੱਥੇ ਸ਼ਨੀਵਾਰ ਯਾਨੀ 13 ਦਸੰਬਰ ਨੂੰ ਉਨ੍ਹਾਂ ਦੇ ਇਵੈਂਟ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਪਰ ਸਾਲਟ ਲੇਕ ਸਟੇਡੀਅਮ ਵਿੱਚ ਮੈਸੀ ਦੇ ਪ੍ਰੋਗਰਾਮ ਦੌਰਾਨ ਜੋ ਨਜ਼ਾਰਾ ਦੇਖਣ ਨੂੰ ਮਿਲਿਆ, ਉਹ ਬੇਹੱਦ ਨਿਰਾਸ਼ਾਜਨਕ ਰਿਹਾ।
ਮੈਸੀ ਇਵੈਂਟ ਤੋਂ ਜਲਦੀ ਵੀ ਨਿਕਲ ਗਏ ਅਤੇ ਰਿਪੋਰਟ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਤੋਂ ਜਲਦੀ ਜਾਣ ਕਾਰਨ ਪ੍ਰਸ਼ੰਸਕ ਨਾਰਾਜ਼ ਸਨ ਅਤੇ ਠੀਕ ਢੰਗ ਨਾਲ ਉਨ੍ਹਾਂ ਨੂੰ ਨਾ ਦੇਖ ਸਕਣ ਕਾਰਨ ਜ਼ਬਰਦਸਤ ਹੰਗਾਮਾ ਹੋਇਆ। ਗੁੱਸੇ ਵਿੱਚ ਆਏ ਦਰਸ਼ਕਾਂ ਨੇ ਸਟੇਡੀਅਮ ਵਿੱਚ ਬੋਤਲਾਂ ਅਤੇ ਕੁਰਸੀਆਂ ਤੱਕ ਸੁੱਟੀਆਂ। ਇਸ ਮਾਮਲੇ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਨਾਰਾਜ਼ ਹੋਈ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਹਾਲਾਂਕਿ ਹੈਦਰਾਬਾਦ ਵਿੱਚ ਮੈਸੀ ਦਾ ਇਵੈਂਟ ਚੰਗਾ ਰਿਹਾ।
ਇਸ ਤੋਂ ਬਾਅਦ ਭਾਰਤ ਦੌਰੇ ਦੇ ਦੂਜੇ ਦਿਨ ਯਾਨੀ 15 ਦਸੰਬਰ 2025 ਨੂੰ ਮੈੈਸੀ ਮੁੰਬਈ ਪਹੁੰਚੇ, ਜਿੱਥੇ ਵਾਨਖੇੜੇ ਸਟੇਡੀਅਮ ਵਿੱਚ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਪਰ ਇਸ ਪ੍ਰੋਗਰਾਮ ਵਿੱਚ ਇੱਕ ਅਜੀਬ ਘਟਨਾ ਹੋਈ, ਜਿਸ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਲਿਓਨਲ ਮੈਸੀ ਦੇ ਇਵੈਂਟ ਦੌਰਾਨ ਮੁੰਬਈ 'ਚ ਪ੍ਰਸ਼ੰਸਕ ਭੜਕੇ
ਦਰਅਸਲ, ਲਿਓਨਲ ਮੈਸੀ (Lionel Messi) ਦੇ ਇਵੈਂਟ ਦੇ ਦੂਜੇ ਦਿਨ ਵਾਨਖੇੜੇ ਸਟੇਡੀਅਮ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅਤੇ ਅਜੇ ਦੇਵਗਨ ਅਤੇ ਸੀ.ਐੱਮ. ਦੇਵੇਂਦਰ ਫੜਨਵੀਸ ਨੂੰ ਸਟੇਜ 'ਤੇ ਬੁਲਾਇਆ ਗਿਆ ਪਰ ਇਸ ਦੌਰਾਨ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇਹ ਰਿਹਾ ਕਿ ਇਹ ਇਵੈਂਟ ਮੈਸੀ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਗਿਆ ਸੀ ਪਰ ਮਹਾਰਾਸ਼ਟਰ ਦੇ ਸੀ.ਐੱਮ. ਦੇਵੇਂਦਰ ਫੜਨਵੀਸ ਨੇ ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਸਨਮਾਨਿਤ ਕੀਤਾ, ਜਿਸ ਨਾਲ ਪ੍ਰਸ਼ੰਸਕ ਭੜਕ ਗਏ।
ਦੱਸ ਦੇਈਏ ਕਿ ਟਾਈਗਰ ਸ਼ਰਾਫ ਨੂੰ 'ਯੁਵਾ ਆਈਕਨ' ਦੱਸਿਆ ਗਿਆ ਅਤੇ ਅਜੇ ਦੇਵਗਨ ਨੂੰ ਉਨ੍ਹਾਂ ਦੀ ਫਿਲਮ 'ਮੈਦਾਨ' ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਬਾਵਜੂਦ ਭੀੜ ਨੇ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ। ਦੋਵੇਂ ਅਦਾਕਾਰ ਸ਼ਾਂਤ ਰਹੇ ਅਤੇ ਮੈਸੀ ਵੀ ਨੇੜੇ ਖੜ੍ਹੇ ਸਨ।
ਲਿਓਨਲ ਮੈਸੀ ਦੇ ਇਵੈਂਟ ਦੌਰਾਨ ਦੋਵੇਂ ਅਦਾਕਾਰ ਮੈਦਾਨ ਵਿੱਚ ਆਏ ਤਾਂ ਕੁਝ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਜ਼ੋਰਦਾਰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਮਹਾਰਾਸ਼ਟਰ ਦੇ ਸੀ.ਐੱਮ. ਦੇਵੇਂਦਰ ਫੜਨਵੀਸ ਦੇ ਭਾਸ਼ਣ ਦੌਰਾਨ ਵੀ ਕੁਝ ਹਿੱਸਿਆਂ ਵਿੱਚ ਉਨ੍ਹਾਂ ਨੂੰ ਹੂਟ ਕੀਤਾ ਗਿਆ ਪਰ ਇੱਕ ਦੂਜੀ ਵੀਡੀਓ ਵਿੱਚ ਦੇਖਿਆ ਗਿਆ ਕਿ ਸੀ.ਐੱਮ. ਨੇ 'ਗਣਪਤੀ ਬੱਪਾ' ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਦਰਸ਼ਕਾਂ ਨੇ 'ਮੋਰਿਆ' ਦੇ ਨਾਅਰੇ ਲਗਾਏ, ਜਿਸ ਨਾਲ ਹੂਟਿੰਗ ਦੀ ਆਵਾਜ਼ ਦਬ ਗਈ ਅਤੇ ਇੱਕ ਦਿਲਚਸਪ ਮਾਹੌਲ ਬਣ ਗਿਆ।
ਕਰੀਨਾ ਕਪੂਰ ਤੇ ਸਚਿਨ ਤੇਂਦੁਲਕਰ ਦੀ ਮੁਲਾਕਾਤ
ਕਰੀਨਾ ਕਪੂਰ ਆਪਣੇ ਬੇਟਿਆਂ ਨਾਲ ਆਈ ਅਤੇ ਮੈਸੀ ਨਾਲ ਫੋਟੋ ਖਿੱਚਵਾਈ। ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਈ ਜਦੋਂ ਮੈਸੀ ਨੇ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ। ਤੇਂਦੁਲਕਰ ਨੇ ਮੈਸੀ ਨੂੰ ਟੀਮ ਇੰਡੀਆ ਦੀ ਜਰਸੀ ਦਿੱਤੀ ਅਤੇ ਮੈਸੀ ਨੇ ਬਦਲੇ ਵਿੱਚ ਉਨ੍ਹਾਂ ਨੂੰ ਫੁੱਟਬਾਲ ਤੋਹਫ਼ੇ ਵਿੱਚ ਦਿੱਤਾ।