ਆਖਿਰ ਕਿਉਂ ਭਗਵਾਨ ਸ਼ਿਵ ਅਸੁਰਾਂ ਨੂੰ ਦਿੰਦੇ ਸਨ ਮਨਚਾਹਿਆ ਵਰਦਾਨ ? ਜਾਣੋ ਕੀ ਹੈ ਇਸ ਦੇ ਪਿੱਛੇ ਦਾ ਪੌਰਾਣਿਕ ਰਹੱਸ
ਪੌਰਾਣਿਕ ਮਾਨਤਾਵਾਂ ਅਨੁਸਾਰ, ਦੇਵ ਤੇ ਅਸੁਰ ਇੱਕੋ ਪਿਤਾ ਰਿਸ਼ੀ ਕਸ਼ਯਪ ਤੋਂ ਪੈਦਾ ਹੋਏ ਹਨ। ਆਦਿਤਿਆ (ਸੁਰ) ਅਦਿਤੀ ਦੇ ਪੁੱਤਰ ਹਨ ਤੇ ਦੈਂਤ (ਅਸੁਰ) ਦਿਤੀ ਦੇ ਪੁੱਤਰ ਹਨ। ਅਸੁਰ ਇਕ ਗੁਣ ਹੈ, ਇਕ ਅਜਿਹਾ ਵਿਵਹਾਰ ਜੋ ਰਾਜਸਿਕ ਤੇ ਤਾਮਸਿਕ ਗੁਣਾਂ ਨਾਲ ਭਰਿਆ ਹੋਇਆ ਹੈ। ਅਸੁਰ 'ਚ ਸਤਵ ਗੁਣ ਦੀ ਭਾਵਨਾ ਨਹੀਂ, ਜਦੋਂਕਿ ਸੁਰ ਸਤਵ ਗੁਣਾਂ ਨਾਲ ਭਰੇ ਹੋਏ ਹਨ।
Publish Date: Sat, 30 May 2026 01:53 PM (IST)
Updated Date: Sat, 30 May 2026 04:53 PM (IST)

ਧਰਮ ਡੈਸਕ, ਨਵੀਂ ਦਿੱਲੀ : ਜਦੋਂ ਕਦੇ ਵੀ ਅਸੀਂ ਅਸੁਰਾਂ ਬਾਰੇ ਦੇਖਿਆ, ਪੜ੍ਹਿਆ ਜਾਂ ਸੁਣਿਆ ਤਾਂ ਅਕਸਰ ਇੱਕੋ ਸਵਾਲ ਦਿਮਾਗ 'ਚ ਆਉਂਦਾ ਹੈ ਕਿ ਭਗਵਾਨ ਸ਼ਿਵ, ਬ੍ਰਹਮਾ ਤੇ ਵਿਸ਼ਨੂੰ ਵਰਗੇ ਦੇਵਤੇ ਅਸੁਰਾਂ ਨੂੰ ਮਨਚਾਹੇ ਵਰਦਾਨ ਕਿਉਂ ਦਿੰਦੇ ਹਨ ਤੇ ਫਿਰ ਉਨ੍ਹਾਂ ਦੇ ਅੱਤਿਆਚਾਰਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ। ਇਸ ਗੱਲ ਨੂੰ ਸਪੱਸ਼ਟ ਕਰਨ ਲਈ ਸਾਨੂੰ ਪਹਿਲਾਂ ਦੋ ਜਾਤੀਆਂ ਸੁਰ (ਜਿਨ੍ਹਾਂ ਨੂੰ ਦੇਵਤੇ ਵੀ ਆਖਿਆ ਜਾਂਦਾ ਹੈ) ਤੇ ਅਸੁਰ (ਦੈਂਤ) ਦੀ ਵਿਚਾਰਧਾਰਾ ਤੇ ਉਨ੍ਹਾਂ ਵਿਚਕਾਰਲੇ ਅੰਤਰ ਨੂੰ ਸਮਝਣ ਦੀ ਲੋੜ ਹੈ।
ਸੁਰ ਤੇ ਅਸੁਰ ਦੋਵਾਂ ਦਾ ਅੰਤਰ ਸਮਝੋ
ਪੌਰਾਣਿਕ ਮਾਨਤਾਵਾਂ ਅਨੁਸਾਰ, ਦੇਵ ਤੇ ਅਸੁਰ ਇੱਕੋ ਪਿਤਾ ਰਿਸ਼ੀ ਕਸ਼ਯਪ ਤੋਂ ਪੈਦਾ ਹੋਏ ਹਨ। ਆਦਿਤਿਆ (ਸੁਰ) ਅਦਿਤੀ ਦੇ ਪੁੱਤਰ ਹਨ ਤੇ ਦੈਂਤ (ਅਸੁਰ) ਦਿਤੀ ਦੇ ਪੁੱਤਰ ਹਨ। ਅਸੁਰ ਇਕ ਗੁਣ ਹੈ, ਇਕ ਅਜਿਹਾ ਵਿਵਹਾਰ ਜੋ ਰਾਜਸਿਕ ਤੇ ਤਾਮਸਿਕ ਗੁਣਾਂ ਨਾਲ ਭਰਿਆ ਹੋਇਆ ਹੈ। ਅਸੁਰ 'ਚ ਸਤਵ ਗੁਣ ਦੀ ਭਾਵਨਾ ਨਹੀਂ, ਜਦੋਂਕਿ ਸੁਰ ਸਤਵ ਗੁਣਾਂ ਨਾਲ ਭਰੇ ਹੋਏ ਹਨ।
ਸੌਖੇ ਸ਼ਬਦਾਂ 'ਚ ਆਖੀਏ ਤਾਂ ਅਸੁਰ ਸੱਤਾ ਦੇ ਲਾਲਚੀ ਤੇ ਭੁੱਖੇ ਸਨ ਜੋ ਬ੍ਰਹਿਮੰਡ ਉੱਤੇ ਰਾਜ ਕਰਨ ਲਈ ਸ੍ਰੇਸ਼ਠਤਾ ਹਾਸਲ ਕਰਨ ਦੇ ਮਕਸਦ ਨਾਲ ਸੁਰਾਂ ਨਾਲ ਸੰਘਰਸ਼ ਵਿਚ ਸਨ। ਸੁਰ ਜਿਨ੍ਹਾਂ ਨੂੰ ਦੇਵ ਵੀ ਕਹਿੰਦੇ ਹਨ, ਜਿਨ੍ਹਾਂ ਨੇ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਗ੍ਰਹਿਣ ਕੀਤਾ ਸੀ। ਵੈਦਿਕ ਜੋਤਿਸ਼ ਅਨੁਸਾਰ ਨਵਗ੍ਰਹਿਆਂ 'ਚ ਸ਼ਾਮਲ ਰਾਹੂ ਤੇ ਕੇਤੂ ਨੂੰ ਛੱਡ ਕੇ ਕਿਸੇ ਵੀ ਅਸੁਰ ਨੇ ਅੰਮ੍ਰਿਤ ਨਹੀਂ ਪੀਤਾ ਸੀ।
ਤ੍ਰਿਮੂਰਤੀ 'ਚ ਭਗਵਾਨ ਸ਼ਿਵ ਨੇ ਅਸੁਰਾਂ ਨੂੰ ਜ਼ਿਆਦਾ ਵਰਦਾਨ ਕਿਉਂ ਦਿੱਤੇ?
ਅਨੇਕਾਂ ਅਸੁਰਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਹਿਸਾਬ ਨਾਲ ਭਗਵਾਨ ਸ਼ਿਵ ਤੇ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਹੋਏ। ਉਨ੍ਹਾਂ ਘੋਰ ਤਪੱਸਿਆ ਕੀਤੀ ਤੇ ਉਸ ਦਾ ਫਲ ਹਰ ਜਾਤੀ ਦੇ ਵਿਅਕਤੀ ਨੂੰ ਮਿਲਦਾ ਹੈ। ਹੁਣ ਉਸ ਵਰਦਾਨ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਹ ਵੀ ਵਿਅਕਤੀ ਦੇ ਚਰਿੱਤਰ 'ਤੇ ਨਿਰਭਰ ਕਰਦਾ ਹੈ। ਕਰਮ ਕਿਸੇ ਜੀਵ ਦੇ ਜਨਮ ਜਾਂ ਜੀਵਨ ਦੇ ਸਰੂਪ 'ਚ ਫਰਕ ਨਹੀਂ ਕਰਦਾ। ਇਹ ਸਿਰਫ਼ ਉਹੀ ਦਿੰਦਾ ਹੈ ਜੋ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ। ਜੋ ਕੁਝ ਵੀ ਤੁਹਾਨੂੰ ਪ੍ਰਾਪਤ ਹੈ, ਤੁਸੀਂ ਉਸ ਦਾ ਕੀ ਕਰਦੇ ਹੋ, ਇਹ ਤੁਹਾਡੀ ਸ਼ਖਸੀਅਤ ਨੂੰ ਨਿਰਧਾਰਤ ਕਰਨ ਦਾ ਕੰਮ ਕਰਦਾ ਹੈ।
ਤ੍ਰਿਮੂਰਤੀ 'ਚ ਸਭ ਤੋਂ ਆਸਾਨੀ ਨਾਲ ਪ੍ਰਸੰਨ ਹੋ ਜਾਣ ਵਾਲੇ ਦੇਵਤਾ ਭਗਵਾਨ ਸ਼ਿਵ ਹਨ। ਬ੍ਰਹਮਾ ਤੇ ਵਿਸ਼ਨੂੰ ਦੇ ਉਲਟ, ਭਗਵਾਨ ਸ਼ਿਵ ਆਪਣੇ ਭਗਤਾਂ 'ਚ ਚੰਗੇ ਜਾਂ ਮਾੜੇ ਹੋਣ ਦਾ ਕੋਈ ਭੇਦਭਾਵ ਨਹੀਂ ਕਰਦੇ ਹਨ।
ਭਾਵ ਦੇਖਦੇ ਹਨ ਭਗਵਾਨ ਸ਼ਿਵ
ਜੇਕਰ ਕੋਈ ਅਸੁਰ ਆਪਣੀ ਤਪੱਸਿਆ ਨਾਲ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਦਾ ਹੈ ਤਾਂ ਉਹ ਉਸ ਨੂੰ ਅਨੇਕਾਂ ਵਰਦਾਨ ਪ੍ਰਦਾਨ ਕਰਦੇ ਹਨ। ਭਗਵਾਨ ਸ਼ਿਵ ਨੂੰ ਨਿਸ਼ਕਲੰਕ ਦੇਵਤਾ ਵੀ ਕਹਿੰਦੇ ਹਨ, ਕਿਉਂਕਿ ਉਹ ਭਵਿੱਖ ਦੇ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਹੀ ਆਪਣਾ ਸਭ ਕੁਝ ਦੇ ਦਿੰਦੇ ਹਨ। ਪਰ ਭਗਵਾਨ ਸ਼ਿਵ ਦੇ ਵਰਦਾਨ ਨੂੰ ਇੰਨਾ ਸੌਖਾ ਨਹੀਂ ਸਮਝਣਾ ਚਾਹੀਦਾ।
ਉਨ੍ਹਾਂ ਦਾ ਰੌਦਰ ਤੇ ਵਿਨਾਸ਼ਕਾਰੀ ਰੂਪ ਵੀ ਹੈ, ਕਿਉਂਕਿ ਉਹ ਮੁੱਖ ਤੌਰ 'ਤੇ ਸੰਹਾਰਕ ਦੇਵਤਾ ਹਨ। ਜੇਕਰ ਬੁਰਾਈ ਅੱਛਾਈ 'ਤੇ ਹਾਵੀ ਹੋ ਜਾਂਦੀ ਹੈ ਤਾਂ ਭਗਵਾਨ ਸ਼ਿਵ ਜਾਂ ਵਿਸ਼ਨੂੰ ਬੁਰਾਈ ਦਾ ਨਾਸ ਕਰਨ ਲਈ ਅਵਤਾਰ ਵੀ ਲੈਂਦੇ ਹਨ। ਵੱਖ-ਵੱਖ ਪੁਰਾਣਾਂ 'ਚ ਸ਼ਿਵ, ਵਿਸ਼ਨੂੰ ਤੇ ਬ੍ਰਹਮਾ ਵਰਗੇ ਦੇਵਤੇ ਆਪਣੇ ਭਗਤਾਂ ਨੂੰ ਵਰਦਾਨ ਇਸ ਲਈ ਪ੍ਰਦਾਨ ਕਰਦੇ ਹਨ, ਤਾਂ ਜੋ ਉਹ ਉਨ੍ਹਾਂ ਦੀ ਤਪੱਸਿਆ ਦੀ ਸ਼ਲਾਘਾ ਕਰ ਸਕਣ।
ਕੁੱਲ ਮਿਲਾ ਕੇ ਸ੍ਰਿਸ਼ਟੀ ਦੇ ਰਚੇਤਾ ਭਗਵਾਨ ਬ੍ਰਹਮਾ ਨੇ ਅਸੁਰਾਂ ਨੂੰ ਵਰਦਾਨ ਦੇ ਕੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਨ੍ਹਾਂ ਦੇ ਅੰਤ ਦੀ ਸ਼ੁਰੂਆਤ ਹੋਈ। ਸੰਹਾਰਕ ਸ਼ਿਵ ਨੇ ਅਸੁਰਾਂ ਨੂੰ ਵਰਦਾਨ ਦੇ ਕੇ ਅਧਰਮ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।