ਥਿੰਣਨ ਨੂੰ ਪੂਜਾ ਦੇ ਤੌਰ-ਤਰੀਕਿਆਂ ਦਾ ਕੋਈ ਗਿਆਨ ਨਹੀਂ ਸੀ ਪਰ ਉਨ੍ਹਾਂ ਦੇ ਮਨ ਵਿਚ ਭਗਵਾਨ ਸ਼ਿਵ ਲਈ ਅਥਾਹ ਪਿਆਰ ਤੇ ਭਗਤੀ ਸੀ। ਇਹੀ ਕਾਰਨ ਹੈ ਕਿ ਕੰਨੱਪਾ ਦੀ ਪੂਜਾ ਪੱਧਤੀ ਰਵਾਇਤੀ ਸ਼ਾਸਤਰਾਂ ਦੇ ਉਲਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮਹਾਦੇਵ ਦਾ ਅਸ਼ੀਰਵਾਦ ਪ੍ਰਾਪਤ ਹੋਇਆ। ਆਓ ਪੜ੍ਹਦੇ ਹਾਂ ਇਸ ਅਦਭੁਤ ਕਥਾ ਬਾਰੇ।

ਧਰਮ ਡੈਸਕ, ਨਵੀਂ ਦਿੱਲੀ: ਕੰਨੱਪਾ ਨਯਨਾਰ ਦੱਖਣੀ ਭਾਰਤ ਦੇ 63 ਨਯਨਾਰ ਸੰਤਾਂ 'ਚੋਂ ਇਕ ਸਨ, ਜਿਨ੍ਹਾਂ ਦਾ ਜਨਮ ਇਕ ਸ਼ਿਕਾਰੀ ਭਾਈਚਾਰੇ 'ਚ ਹੋਇਆ ਸੀ। ਇਨ੍ਹਾਂ ਨੂੰ ਕੰਨੱਪਾ ਨਯਨਾਰ ਜਾਂ ਥਿੰਣਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਥਿੰਣਨ ਨੂੰ ਪੂਜਾ ਦੇ ਤੌਰ-ਤਰੀਕਿਆਂ ਦਾ ਕੋਈ ਗਿਆਨ ਨਹੀਂ ਸੀ ਪਰ ਉਨ੍ਹਾਂ ਦੇ ਮਨ ਵਿਚ ਭਗਵਾਨ ਸ਼ਿਵ ਲਈ ਅਥਾਹ ਪਿਆਰ ਤੇ ਭਗਤੀ ਸੀ। ਇਹੀ ਕਾਰਨ ਹੈ ਕਿ ਕੰਨੱਪਾ ਦੀ ਪੂਜਾ ਪੱਧਤੀ ਰਵਾਇਤੀ ਸ਼ਾਸਤਰਾਂ ਦੇ ਉਲਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮਹਾਦੇਵ ਦਾ ਅਸ਼ੀਰਵਾਦ ਪ੍ਰਾਪਤ ਹੋਇਆ। ਆਓ ਪੜ੍ਹਦੇ ਹਾਂ ਇਸ ਅਦਭੁਤ ਕਥਾ ਬਾਰੇ।
ਸ਼੍ਰੀਕਾਲਹਸਤੀ ਮੰਦਰ ਨਾਲ ਜੁੜੀ ਕਥਾ ਅਨੁਸਾਰ, ਇਕ ਵਾਰ ਕੰਨੱਪਾ ਨੂੰ ਜੰਗਲ 'ਚ ਘੁੰਮਦੇ-ਘੁੰਮਦੇ ਇਕ ਬਹੁਤ ਹੀ ਪ੍ਰਾਚੀਨ ਮੰਦਰ ਦਿਖਿਆ, ਜਿਸ ਵਿਚ ਇਕ ਦਿੱਬ ਸ਼ਿਵਲਿੰਗ ਸਥਾਪਿਤ ਸੀ। ਉਨ੍ਹਾਂ ਨੇ ਉਸ ਸ਼ਿਵਲਿੰਗ ਨੂੰ ਹੀ ਆਪਣੇ ਈਸ਼ਟ ਵਜੋਂ ਸਵੀਕਾਰ ਕਰ ਲਿਆ। ਕੰਨੱਪਾ ਸ਼ਿਵਲਿੰਗ ਨੂੰ ਉਹੀ ਭੇਟ ਕਰਦੇ ਸਨ, ਜੋ ਉਨ੍ਹਾਂ ਕੋਲ ਸਭ ਤੋਂ ਵਧੀਆ ਹੁੰਦਾ ਸੀ, ਚਾਹੇ ਉਹ ਸ਼ਿਕਾਰ ਕੀਤਾ ਹੋਇਆ ਤਾਜ਼ਾ ਮਾਸ (ਸੂਰ ਦਾ ਮਾਸ) ਹੀ ਕਿਉਂ ਨਾ ਹੋਵੇ।
ਜਲ ਚੜ੍ਹਾਉਣ ਲਈ ਉਹ ਨਦੀ ਤੋਂ ਮੂੰਹ 'ਚ ਭਰ ਕੇ ਲਿਆਉਂਦੇ ਸਨ ਤੇ ਕੁੱਲਾ ਕਰ ਕੇ ਮੂੰਹ ਨਾਲ ਹੀ ਮਹਾਦੇਵ ਦਾ ਅਭਿਸ਼ੇਕ ਕਰ ਦਿੰਦੇ ਸਨ। ਜਦੋਂ ਉਨ੍ਹਾਂ ਦੇਖਿਆ ਕਿ ਸ਼ਿਵਲਿੰਗ 'ਤੇ ਕੁਝ ਸੁੱਕੇ ਪੱਤੇ ਟੁੱਟ ਕੇ ਡਿੱਗ ਗਏ ਹਨ ਤਾਂ ਉਨ੍ਹਾਂ ਨੇ ਆਪਣੇ ਪੈਰ ਨਾਲ ਸ਼ਿਵਲਿੰਗ ਤੋਂ ਪੱਤੇ ਹਟਾ ਦਿੱਤੇ।
ਇਕ ਵਾਰ ਭਗਵਾਨ ਸ਼ਿਵ ਨੇ ਕੰਨੱਪਾ ਦੀ ਭਗਤੀ ਦੀ ਪ੍ਰੀਖਿਆ ਲੈਣੀ ਚਾਹੀ। ਕੰਨੱਪਾ ਨੇ ਦੇਖਿਆ ਕਿ ਸ਼ਿਵਲਿੰਗ ਦੀ ਇਕ ਅੱਖ 'ਚੋਂ ਖ਼ੂਨ ਵਹਿ ਰਿਹਾ ਹੈ, ਤਦ ਉਨ੍ਹਾਂ ਬਿਨਾਂ ਕਿਸੇ ਝਿਜਕ ਦੇ ਤੀਰ ਨਾਲ ਆਪਣੀ ਇਕ ਅੱਖ ਕੱਢੀ ਅਤੇ ਸ਼ਿਵਲਿੰਗ 'ਤੇ ਲਗਾ ਦਿੱਤੀ। ਇਸ ਨਾਲ ਇਕ ਅੱਖ ਦਾ ਖੂਨ ਰੁਕ ਗਿਆ। ਪਰ ਦੂਜੀ ਅੱਖ 'ਚੋਂ ਖੂਨ ਵਹਿਣ ਲੱਗਾ ਤਾਂ ਉਨ੍ਹਾਂ ਆਪਣੀ ਦੂਜੀ ਅੱਖ ਵੀ ਕੱਢਣ ਦਾ ਫੈਸਲਾ ਕੀਤਾ।
ਪਰ ਫਿਰ ਉਨ੍ਹਾਂ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਜੇਕਰ ਉਹ ਆਪਣੀ ਦੂਜੀ ਅੱਖ ਵੀ ਕੱਢ ਦੇਣਗੇ ਤਾਂ ਸਹੀ ਜਗ੍ਹਾ 'ਤੇ ਨੇਤਰ ਕਿਵੇਂ ਲਗਾ ਸਕਣਗੇ। ਇਹ ਸੋਚ ਕੇ ਉਨ੍ਹਾਂ ਆਪਣੇ ਪੈਰ ਦਾ ਅੰਗੂਠਾ ਸ਼ਿਵਲਿੰਗ ਦੇ ਦੂਜੇ ਨੇਤਰ 'ਤੇ ਰੱਖਿਆ, ਤਾਂ ਜੋ ਸ਼ਿਵਲਿੰਗ ਦੀ ਸਹੀ ਜਗ੍ਹਾ 'ਤੇ ਅੱਖ ਲਗਾ ਸਕਣ। ਫਿਰ ਜਿਵੇਂ ਹੀ ਉਨ੍ਹਾਂ ਨੇ ਆਪਣੇ ਬਾਣ ਨਾਲ ਆਪਣੀ ਅੱਖ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮਹਾਦੇਵ ਖੁਦ ਪ੍ਰਗਟ ਹੋ ਗਏ ਅਤੇ ਕੰਨੱਪਾ ਦਾ ਹੱਥ ਫੜ ਲਿਆ। ਮਹਾਦੇਵ ਨੇ ਉਨ੍ਹਾਂ ਦੀਆਂ ਦੋਵੇਂ ਅੱਖਾਂ ਠੀਕ ਕਰ ਦਿੱਤੀਆਂ।
ਕੰਨੱਪਾ 'ਚ 'ਕੰਨ' ਦਾ ਅਰਥ ਹੈ ਅੱਖ ਤੇ 'ਅੱਪਾ' ਦਾ ਅਰਥ ਹੈ ਪਿਤਾ ਜਾਂ ਦਾਤਾ। ਮੌਜੂਦਾ ਸਮੇਂ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਕਾਲਹਸਤੀ ਨਾਮਕ ਸਥਾਨ 'ਤੇ ਮਹਾਦੇਵ ਦਾ ਮੰਦਰ ਸਥਾਪਿਤ ਹੈ, ਜਿਸ ਬਾਰੇ ਇਹ ਮਾਨਤਾ ਹੈ ਕਿ ਇਹ ਉਹੀ ਸਥਾਨ ਹੈ, ਜਿੱਥੇ ਭਗਤਰਾਜ ਕੰਨੱਪਾ ਨੇ ਸ਼ਿਵਲਿੰਗ 'ਤੇ ਆਪਣੀਆਂ ਅੱਖਾਂ ਅਰਪਿਤ ਕੀਤੀਆਂ ਸਨ। ਇਸ ਮੰਦਰ ਨੂੰ ਸ਼੍ਰੀਕਾਲਹਸਤੀ ਮਹਾਦੇਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।