ਸਥਾਨਕ ਅਤੇ ਲੋਕ ਕਥਾਵਾਂ ਅਨੁਸਾਰ, 15ਵੀਂ ਸਦੀ 'ਚ ਬੂਟਾ ਮਲਿਕ ਨਾਮ ਦੇ ਇਕ ਚਰਵਾਹੇ ਨੇ ਇਸ ਗੁਫ਼ਾ ਦੀ ਖੋਜ ਕੀਤੀ ਸੀ। ਇਕ ਦਿਨ ਬੂਟਾ ਮਲਿਕ ਨੂੰ ਇਕ ਸੰਤ ਮਿਲੇ, ਜਿਨ੍ਹਾਂ ਨੇ ਉਸ ਨੂੰ ਕੋਲੇ ਨਾਲ ਭਰਿਆ ਇਕ ਥੈਲਾ ਫੜਾ ਦਿੱਤਾ। ਘਰ ਪਹੁੰਚ ਕੇ ਜਦੋਂ ਚਰਵਾਹੇ ਨੇ ਥੈਲਾ ਖੋਲ੍ਹ ਕੇ ਦੇਖਿਆ ਤਾਂ ਕੋਲਾ ਸੋਨੇ ਦੇ ਸਿੱਕਿਆਂ ਵਿੱਚ ਬਦਲ ਚੁੱਕਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਮੰਨਿਆ ਜਾਂਦਾ ਹੈ ਕਿ ਅਮਰਨਾਥ ਦੀ ਕਠਿਨ ਚੜ੍ਹਾਈ ਤੋਂ ਬਾਅਦ ਬਾਬਾ ਅਮਰੇਸ਼ਵਰ (ਬਰਫ਼ਾਨੀ) ਦੇ ਸਿਰਫ਼ ਦਰਸ਼ਨਾਂ ਨਾਲ ਹੀ ਬੇਅੰਤ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਰਹੱਸਮਈ ਗੁਫ਼ਾ ਦੀ ਖੋਜ ਕਿਵੇਂ ਹੋਈ ਤੇ ਸਭ ਤੋਂ ਪਹਿਲਾਂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਦਾ ਸੁਭਾਗ ਕਿਸ ਨੂੰ ਮਿਲਿਆ ਸੀ? ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਪੌਰਾਣਿਕ ਕਥਾਵਾਂ।
'ਬ੍ਰਿੰਗੇਸ਼ ਸੰਹਿਤਾ' ਅਤੇ 'ਨੀਲਮਤ ਪੁਰਾਣ' ਵਰਗੇ ਗ੍ਰੰਥਾਂ 'ਚ ਇਹ ਵਰਣਨ ਮਿਲਦਾ ਹੈ ਕਿ ਅਮਰਨਾਥ ਦੇ ਦਰਸ਼ਨ ਕਰਨ ਵਾਲੇ ਵਿਅਕਤੀ ਨੂੰ ਕਾਸ਼ੀ ਨਾਲੋਂ 10 ਗੁਣਾ, ਪ੍ਰਯਾਗ ਨਾਲੋਂ 100 ਗੁਣਾ ਤੇ ਨੈਮਿਸ਼ਾਰਣਯ ਨਾਲੋਂ 1000 ਗੁਣਾ ਵੱਧ ਪੁੰਨ ਮਿਲਦਾ ਹੈ। ਮਾਨਤਾ ਹੈ ਕਿ ਜੋ ਵੀ ਭਗਤ ਸੱਚੀ ਸ਼ਰਧਾ ਨਾਲ ਅਮਰੇਸ਼ਵਰ ਸ਼ਿਵਲਿੰਗ ਦੇ ਦਰਸ਼ਨ ਕਰਦਾ ਹੈ, ਉਸ ਲਈ ਸਿੱਧੇ ਮੋਕਸ਼ (ਮੁਕਤੀ) ਦੇ ਦੁਆਰ ਖੁੱਲ੍ਹ ਜਾਂਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਉਹੀ ਪਵਿੱਤਰ ਗੁਫ਼ਾ ਹੈ, ਜਿੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ 'ਅਮਰ ਕਥਾ' ਯਾਨੀ ਸ੍ਰਿਸ਼ਟੀ ਅਤੇ ਅਮਰਤਾ ਦੇ ਰਹੱਸ ਦੀ ਕਥਾ ਸੁਣਾਈ ਸੀ।
ਬਾਬਾ ਬਰਫ਼ਾਨੀ ਦੇ ਦਰਸ਼ਨਾਂ ਨੂੰ ਲੈ ਕੇ ਦੋ ਪ੍ਰਮੁੱਖ ਮਾਨਤਾਵਾਂ ਮਿਲਦੀਆਂ ਹਨ ਜੋ ਇਸ ਪ੍ਰਕਾਰ ਹਨ: ਪੁਰਾਣਾਂ 'ਚ ਵਰਣਿਤ ਕਥਾ ਅਨੁਸਾਰ ਕਸ਼ਮੀਰ ਦੀ ਘਾਟੀ ਪਾਣੀ 'ਚ ਡੁੱਬੀ ਹੋਈ ਸੀ, ਜੋ ਇਕ ਵਿਸ਼ਾਲ ਝੀਲ ਸੀ। ਰਿਸ਼ੀ ਕਸ਼ਯਪ ਨੇ ਕਈ ਨਦੀਆਂ ਤੇ ਛੋਟੀਆਂ ਧਾਰਾਵਾਂ ਰਾਹੀਂ ਪਾਣੀ ਨੂੰ ਬਾਹਰ ਕੱਢ ਦਿੱਤਾ। ਉਨ੍ਹਾਂ ਦਿਨਾਂ 'ਚ, ਰਿਸ਼ੀ ਭ੍ਰਿਗੂ ਹਿਮਾਲਿਆ ਦੀ ਯਾਤਰਾ 'ਤੇ ਉਸ ਰਸਤੇ ਤੋਂ ਲੰਘ ਰਹੇ ਸਨ, ਤਦ ਉਨ੍ਹਾਂ ਨੂੰ ਇਹ ਪਵਿੱਤਰ ਗੁਫ਼ਾ ਮਿਲੀ। ਇਸ ਲਈ ਰਿਸ਼ੀ ਭ੍ਰਿਗੂ ਨੂੰ ਅਮਰੇਸ਼ਵਰ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਲਾ ਪਹਿਲਾ ਵਿਅਕਤੀ ਮੰਨਿਆ ਜਾਂਦਾ ਹੈ।
ਸਥਾਨਕ ਅਤੇ ਲੋਕ ਕਥਾਵਾਂ ਅਨੁਸਾਰ, 15ਵੀਂ ਸਦੀ 'ਚ ਬੂਟਾ ਮਲਿਕ ਨਾਮ ਦੇ ਇਕ ਚਰਵਾਹੇ ਨੇ ਇਸ ਗੁਫ਼ਾ ਦੀ ਖੋਜ ਕੀਤੀ ਸੀ। ਇਕ ਦਿਨ ਬੂਟਾ ਮਲਿਕ ਨੂੰ ਇਕ ਸੰਤ ਮਿਲੇ, ਜਿਨ੍ਹਾਂ ਨੇ ਉਸ ਨੂੰ ਕੋਲੇ ਨਾਲ ਭਰਿਆ ਇਕ ਥੈਲਾ ਫੜਾ ਦਿੱਤਾ। ਘਰ ਪਹੁੰਚ ਕੇ ਜਦੋਂ ਚਰਵਾਹੇ ਨੇ ਥੈਲਾ ਖੋਲ੍ਹ ਕੇ ਦੇਖਿਆ ਤਾਂ ਕੋਲਾ ਸੋਨੇ ਦੇ ਸਿੱਕਿਆਂ ਵਿੱਚ ਬਦਲ ਚੁੱਕਾ ਸੀ।
ਉਹ ਹੈਰਾਨ ਹੋ ਕੇ ਸੰਤ ਦਾ ਧੰਨਵਾਦ ਕਰਨ ਲਈ ਵਾਪਸ ਉਸੇ ਸਥਾਨ 'ਤੇ ਗਿਆ, ਪਰ ਸੰਤ ਉੱਥੇ ਨਹੀਂ ਸਨ। ਤਦ ਚਰਵਾਹੇ ਨੂੰ ਅਮਰਨਾਥ ਦੀ ਗੁਫ਼ਾ ਅਤੇ ਉਸ ਵਿੱਚ ਬਿਰਾਜਮਾਨ ਬਰਫ਼ ਦਾ ਚਮਕਦਾ ਹੋਇਆ ਸ਼ਿਵਲਿੰਗ ਮਿਲਿਆ। ਜਦੋਂ ਲੋਕਾਂ ਨੇ ਇਸ ਲਿੰਗਮ ਬਾਰੇ ਸੁਣਿਆ, ਤਾਂ ਇਹ ਤੀਰਥ ਯਾਤਰਾ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ।
ਅਮਰਨਾਥ ਯਾਤਰਾ ਸਿਰਫ਼ ਮਾਨਤਾਵਾਂ ਤਕ ਸੀਮਤ ਨਹੀਂ ਹੈ, ਸਗੋਂ ਇਸ ਦੇ ਇਤਿਹਾਸਕ ਪ੍ਰਮਾਣ ਵੀ ਮੌਜੂਦ ਹਨ। ਕਲਹਣ ਵੱਲੋਂ ਰਚਿਤ ਪ੍ਰਸਿੱਧ ਪੁਸਤਕ 'ਰਾਜਤਰੰਗਿਣੀ' 'ਚ ਅਮਰੇਸ਼ਵਰ ਸ਼ਿਵਲਿੰਗ ਦਾ ਜ਼ਿਕਰ ਮਿਲਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਰਾਣੀ ਸੂਰਿਆਮਤੀ ਨੇ 11ਵੀਂ ਸਦੀ ਵਿੱਚ ਇੱਥੇ ਤ੍ਰਿਸ਼ੂਲ ਭੇਟ ਕੀਤਾ ਸੀ।
Source - ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ