ਮਹਾਭਾਰਤ ਦੇ ਯੁੱਧ ਦੌਰਾਨ ਭੀਮ ਨੇ ਆਪਣੀਆਂ ਪ੍ਰਤਿਗਿਆਵਾਂ ਨੂੰ ਪੂਰਾ ਕਰਦੇ ਹੋਏ ਧ੍ਰਿਤਰਾਸ਼ਟਰ ਦੇ ਪੁੱਤਰਾਂ ਦਾ ਸੰਹਾਰ ਕੀਤਾ ਸੀ। ਭੀਮ ਨੇ ਹੀ ਗਦਾ ਯੁੱਧ 'ਚ ਦੁਰਯੋਧਨ ਦਾ ਪੱਟ ਤੋੜਿਆ ਸੀ ਤੇ ਦੁਸ਼ਾਸਨ ਦੀ ਛਾਤੀ ਦਾ ਲਹੂ ਪੀ ਕੇ ਉਸਦਾ ਵਧ ਕੀਤਾ ਸੀ। ਆਪਣੇ ਪਿਆਰੇ ਤੇ ਜੇਠੇ ਪੁੱਤਰਾਂ ਦੀ ਅਜਿਹੀ ਦਰਦਨਾਕ ਮੌਤ ਨੇ ਧ੍ਰਿਤਰਾਸ਼ਟਰ ਦੇ ਅੰਦਰ ਬਦਲੇ ਦੀ ਅੱਗ ਨੂੰ ਭੜਕਾ ਦਿੱਤਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਅਸੀਂ ਤੁਹਾਨੂੰ ਅੱਜ ਮਹਾਭਾਰਤ ਯੁੱਧ ਦੀ ਸਮਾਪਤੀ ਤੋਂ ਬਾਅਦ ਦੀ ਕਥਾ ਸੁਣਾਉਣ ਜਾ ਰਹੇ ਹਾਂ। ਅਧਰਮ 'ਤੇ ਧਰਮ ਦੀ ਜਿੱਤ ਤੋਂ ਬਾਅਦ ਪਾਂਡਵ ਆਪਣੀ ਜਿੱਤ ਦੀਆਂ ਰਸਮਾਂ ਪੂਰੀਆਂ ਕਰ ਰਹੇ ਸਨ। ਇਸ ਜਿੱਤ ਤੋਂ ਬਾਅਦ ਧ੍ਰਿਤਰਾਸ਼ਟਰ ਨੇ ਇਕ ਸਾਜ਼ਿਸ਼ ਰਚੀ, ਜਿਸ ਨੇ ਸ਼ਕਤੀਸ਼ਾਲੀ ਯੋਧਿਆਂ 'ਚੋਂ ਇਕ ਮਹਾਬਲੀ ਭੀਮ ਦੀ ਜਾਨ ਸੰਕਟ ਵਿਚ ਪਾ ਦਿੱਤੀ ਸੀ। ਆਓ ਜਾਣਦੇ ਹਾਂ ਆਪਣੇ 100 ਪੁੱਤਰਾਂ, ਖਾਸ ਕਰਕੇ ਦੁਰਯੋਧਨ ਤੇ ਦੁਸ਼ਾਸਨ ਦੀ ਮੌਤ ਦੇ ਬਦਲੇ 'ਚ ਅੰਨ੍ਹੇ ਹੋ ਚੁੱਕੇ ਧ੍ਰਿਤਰਾਸ਼ਟਰ ਦੇ ਬਦਲੇ ਦੀ ਕਹਾਣੀ।
ਮਹਾਭਾਰਤ ਦੇ ਯੁੱਧ ਦੌਰਾਨ ਭੀਮ ਨੇ ਆਪਣੀਆਂ ਪ੍ਰਤਿਗਿਆਵਾਂ ਨੂੰ ਪੂਰਾ ਕਰਦੇ ਹੋਏ ਧ੍ਰਿਤਰਾਸ਼ਟਰ ਦੇ ਪੁੱਤਰਾਂ ਦਾ ਸੰਹਾਰ ਕੀਤਾ ਸੀ। ਭੀਮ ਨੇ ਹੀ ਗਦਾ ਯੁੱਧ 'ਚ ਦੁਰਯੋਧਨ ਦਾ ਪੱਟ ਤੋੜਿਆ ਸੀ ਤੇ ਦੁਸ਼ਾਸਨ ਦੀ ਛਾਤੀ ਦਾ ਲਹੂ ਪੀ ਕੇ ਉਸਦਾ ਵਧ ਕੀਤਾ ਸੀ। ਆਪਣੇ ਪਿਆਰੇ ਤੇ ਜੇਠੇ ਪੁੱਤਰਾਂ ਦੀ ਅਜਿਹੀ ਦਰਦਨਾਕ ਮੌਤ ਨੇ ਧ੍ਰਿਤਰਾਸ਼ਟਰ ਦੇ ਅੰਦਰ ਬਦਲੇ ਦੀ ਅੱਗ ਨੂੰ ਭੜਕਾ ਦਿੱਤਾ ਸੀ।
ਯੁੱਧ ਖ਼ਤਮ ਹੋਣ ਤੋਂ ਬਾਅਦ ਜਦੋਂ ਮਹਾਰਾਜ ਯੁਧਿਸ਼ਠਰ ਸਮੇਤ ਸਾਰੇ ਪਾਂਡਵ ਧ੍ਰਿਤਰਾਸ਼ਟਰ ਤੇ ਮਾਤਾ ਗੰਧਾਰੀ ਤੋਂ ਆਸ਼ੀਰਵਾਦ ਲੈਣ ਉਨ੍ਹਾਂ ਦੇ ਕਮਰੇ 'ਚ ਪਹੁੰਚੇ ਤਾਂ ਧ੍ਰਿਤਰਾਸ਼ਟਰ ਨੇ ਡੂੰਘੀ ਸਾਜ਼ਿਸ਼ ਰਚੀ। ਉਨ੍ਹਾਂ ਆਪਣੇ ਮਨ ਦੇ ਕਪਟ ਨੂੰ ਲੁਕਾ ਕੇ ਅਜਿਹਾ ਨਾਟਕ ਕੀਤਾ ਜਿਵੇਂ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਹੱਤਿਆ ਲਈ ਪਾਂਡਵਾਂ ਨੂੰ ਮਾਫ਼ ਕਰ ਦਿੱਤਾ ਹੋਵੇ। ਉਨ੍ਹਾਂ ਨੇ ਬੜੇ ਪਿਆਰ ਨਾਲ ਇਕ-ਇਕ ਕਰ ਕੇ ਪਾਂਡਵਾਂ ਨੂੰ ਗਲੇ ਲਗਾਉਣਾ ਸ਼ੁਰੂ ਕੀਤਾ।
ਜਦੋਂ ਭੀਮ ਦੀ ਵਾਰੀ ਆਈ ਤਾਂ ਧ੍ਰਿਤਰਾਸ਼ਟਰ ਦੇ ਹਾਵ-ਭਾਵ ਬਦਲ ਗਏ। ਪਰ ਉੱਥੇ ਮੌਜੂਦ ਭਗਵਾਨ ਸ਼੍ਰੀ ਕ੍ਰਿਸ਼ਨ ਧ੍ਰਿਤਰਾਸ਼ਟਰ ਦੇ ਮਨ ਵਿਚ ਚੱਲ ਰਹੇ ਕਪਟ ਨੂੰ ਪਹਿਲਾਂ ਹੀ ਸਮਝ ਚੁੱਕੇ ਸਨ। ਉਹ ਜਾਣਦੇ ਸਨ ਕਿ ਧ੍ਰਿਤਰਾਸ਼ਟਰ ਦੇ ਸਰੀਰ 'ਚ ਦਸ ਹਜ਼ਾਰ ਹਾਥੀਆਂ ਦਾ ਬਲ ਹੈ। ਜਿਵੇਂ ਹੀ ਧ੍ਰਿਤਰਾਸ਼ਟਰ ਨੇ ਭੀਮ ਨੂੰ ਗਲੇ ਲਗਾਉਣ ਲਈ ਆਪਣੇ ਹੱਥ ਅੱਗੇ ਵਧਾਏ, ਸ਼੍ਰੀ ਕ੍ਰਿਸ਼ਨ ਨੇ ਭੀਮ ਨੂੰ ਪਿੱਛੇ ਖਿੱਚ ਲਿਆ ਤੇ ਉਨ੍ਹਾਂ ਦੀ ਜਗ੍ਹਾ ਪਹਿਲਾਂ ਤੋਂ ਤਿਆਰ ਰੱਖੀ ਹੋਈ ਲੋਹੇ ਦੀ ਬਣੀ ਭੀਮ ਦੀ ਮੂਰਤੀ ਨੂੰ ਧ੍ਰਿਤਰਾਸ਼ਟਰ ਦੇ ਸਾਹਮਣੇ ਅੱਗੇ ਕਰ ਦਿੱਤਾ।
ਧ੍ਰਿਤਰਾਸ਼ਟਰ ਨੂੰ ਲੱਗਿਆ ਕਿ ਉਨ੍ਹਾਂ ਦੇ ਸਾਹਮਣੇ ਅਸਲੀ ਭੀਮ ਖੜ੍ਹੇ ਹਨ। ਜਿਵੇਂ ਹੀ ਉਨ੍ਹਾਂ ਮੂਰਤੀ ਨੂੰ ਗਲੇ ਲਗਾਇਆ, ਉਵੇਂ ਹੀ ਉਨ੍ਹਾਂ ਦੇ ਅੰਦਰ ਛੁਪਿਆ ਸਾਲਾਂਬੱਧੀ ਗੁੱਸਾ ਤੇ ਬਦਲਾ ਉਨ੍ਹਾਂ ਦੀਆਂ ਬਾਹਾਂ 'ਚ ਉਤਰ ਆਇਆ। ਧ੍ਰਿਤਰਾਸ਼ਟਰ ਨੇ ਭੀਮ ਸਮਝ ਕੇ ਉਸ ਲੋਹੇ ਦੀ ਠੋਸ ਮੂਰਤੀ ਨੂੰ ਆਪਣੇ ਦੋਵਾਂ ਹੱਥਾਂ ਨਾਲ ਇੰਨੀ ਸ਼ਕਤੀ ਨਾਲ ਦਬਾਇਆ ਕਿ ਉਹ ਵਜਰ ਵਰਗੀ ਮਜ਼ਬੂਤ ਮੂਰਤੀ ਵੀ ਟੁੱਟ ਗਈ। ਲੋਹੇ ਦੀ ਮੂਰਤੀ ਨੂੰ ਨਸ਼ਟ ਕਰਨ ਤੋਂ ਬਾਅਦ ਧ੍ਰਿਤਰਾਸ਼ਟਰ ਨੂੰ ਲੱਗਿਆ ਕਿ ਉਨ੍ਹਾਂ ਨੇ ਭੀਮ ਦੀ ਜਾਨ ਲੈ ਲਈ ਹੈ।
ਜਿਵੇਂ ਹੀ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਇਆ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਆਪਣੇ ਹੀ ਭਰਾ ਦੇ ਬੇਕਸੂਰ ਪੁੱਤਰ ਦੀ ਹੱਤਿਆ ਕਰ ਦਿੱਤੀ ਹੈ। ਧ੍ਰਿਤਰਾਸ਼ਟਰ ਦੇ ਪਛਤਾਵੇ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਕਿ ਮਹਾਰਾਜ, ਭੀਮ ਜਿਊਂਦੇ ਹਨ। ਤੁਸੀਂ ਜਿਸ ਨੂੰ ਨਸ਼ਟ ਕੀਤਾ ਹੈ, ਉਹ ਭੀਮ ਨਹੀਂ ਬਲਕਿ ਉਨ੍ਹਾਂ ਦੇ ਆਕਾਰ ਦੀ ਇਕ ਲੋਹੇ ਦੀ ਮੂਰਤੀ ਸੀ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਅਸਲੀ ਭੀਮ ਨੂੰ ਧ੍ਰਿਤਰਾਸ਼ਟਰ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਬਾਅਦ ਸ਼ਾਂਤ ਹੋ ਚੁੱਕੇ ਧ੍ਰਿਤਰਾਸ਼ਟਰ ਨੇ ਭੀਮ ਨੂੰ ਗਲੇ ਨਾਲ ਲਗਾਇਆ ਤੇ ਆਸ਼ੀਰਵਾਦ ਦਿੱਤਾ।