ਰੱਬ ਸਾਥੋਂ ਕੀ ਚਾਹੁੰਦਾ ਹੈ?
ਜਦ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਕਿਸੇ ਹਾਦਸੇ ਦਾ ਸਾਹਮਣਾ ਕਰਦੇ ਹਾਂ ਤਦ ਸਾਨੂੰ ਪ੍ਰਭੂ ਨੂੰ ਮਦਦ ਲਈ ਪੁਕਾਰਨਾ ਪੈਂਦਾ ਹੈ। ਜਦ ਆਰਥਿਕ ਤੰਗੀ ਜਾਂ ਨੌਕਰੀ ਛੁੱਟ ਜਾਵੇ, ਉਦੋਂ ਅਸੀਂ ਰੱਬ ਅੱਗੇ ਅਰਜ਼ੋਈਆਂ ਦੀ ਝੜੀ ਲਗਾ ਦਿੰਦੇ ਹਾਂ।
Publish Date: Sat, 20 Dec 2025 11:14 PM (IST)
Updated Date: Sun, 21 Dec 2025 07:46 AM (IST)
ਅਸੀਂ ਲੋਕ ਜੀਵਨ ਵਿਚ ਪਰਮਾਤਮਾ ਬਾਰੇ ਸਿਰਫ਼ ਉਦੋਂ ਹੀ ਸੋਚਦੇ ਹਾਂ ਜਦ ਅਸੀਂ ਉਸ ਤੋਂ ਕੁਝ ਚਾਹੁੰਦੇ ਹਾਂ। ਜਦ ਤੱਕ ਅਸੀਂ ਮੁਸ਼ਕਲ ਵਿਚ ਨਾ ਹੋਈਏ ਉਦੋਂ ਤੱਕ ਅਸੀਂ ਪ੍ਰਭੂ ਨੂੰ ਯਾਦ ਨਹੀਂ ਕਰਦੇ। ਜਦ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਕਿਸੇ ਹਾਦਸੇ ਦਾ ਸਾਹਮਣਾ ਕਰਦੇ ਹਾਂ ਤਦ ਸਾਨੂੰ ਪ੍ਰਭੂ ਨੂੰ ਮਦਦ ਲਈ ਪੁਕਾਰਨਾ ਪੈਂਦਾ ਹੈ। ਜਦ ਆਰਥਿਕ ਤੰਗੀ ਜਾਂ ਨੌਕਰੀ ਛੁੱਟ ਜਾਵੇ, ਉਦੋਂ ਅਸੀਂ ਰੱਬ ਅੱਗੇ ਅਰਜ਼ੋਈਆਂ ਦੀ ਝੜੀ ਲਗਾ ਦਿੰਦੇ ਹਾਂ। ਜ਼ਿਆਦਾਤਰ ਇਸ ਤਰ੍ਹਾਂ ਦੇ ਹਾਲਾਤ ਵਿਚ ਹੀ ਅਸੀਂ ਪ੍ਰਭੂ ਨੂੰ ਯਾਦ ਕਰਦੇ ਹਾਂ। ਪ੍ਰਾਰਥਨਾ ਕਰਦੇ ਸਮੇਂ ਅਸੀਂ ਪ੍ਰਭੂ ਨਾਲ ਸੌਦੇਬਾਜ਼ੀ ਵੀ ਕਰਦੇ ਹਾਂ। ਅਸੀਂ ਕਹਿੰਦੇ ਹਾਂ, ‘‘ਹੇ ਪ੍ਰਭੂ! ਜੇ ਤੁਸੀਂ ਮੇਰੀਆਂ ਅਰਜ਼ੋਈਆਂ ਨੂੰ ਪੂਰੀਆਂ ਕਰੋਗੇ ਤਾਂ ਮੈਂ ਤੁਹਾਡੇ ਲਈ ਇਹ ਕਰਾਂਗਾ, ਉਹ ਕਰਾਂਗਾ।’’ ਜਾਂ ‘‘ਜੇ ਤੁਸੀਂ ਮੈਨੂੰ ਉਹ ਦੇ ਦਿਉ ਜੋ ਮੈਂ ਚਾਹੁੰਦਾ ਹਾਂ ਤਾਂ ਮੈਂ ਤੁਹਾਡੇ ਲਈ ਅਜਿਹਾ ਕਰਾਂਗਾ।’’ ਕੀ ਪਰਮਾਤਮਾ ਨੂੰ ਅਸਲ ਵਿਚ ਸਾਡੇ ਕੋਲੋਂ ਕੁਝ ਚਾਹੀਦਾ ਹੈ। ਪ੍ਰਭੂ ਤੋਂ ਆਪਣੀਆਂ ਪ੍ਰਾਰਥਨਾਵਾਂ ਨੂੰ ਪੂਰਾ ਕਰਵਾਉਣ ਲਈ ਅਸੀਂ ਉਸ ਨਾਲ ਸੌਦੇਬਾਜ਼ੀ ਨਾ ਕਰੀਏ ਕਿਉਂਕਿ ਉਹ ਸਾਡੇ ਕੋਲੋਂ ਇਸ ਭੌਤਿਕ ਸੰਸਾਰ ਦਾ ਕੁਝ ਵੀ ਨਹੀਂ ਚਾਹੁੰਦਾ। ਪ੍ਰਭੂ ਸਾਥੋਂ ਸਿਰਫ਼ ਪਿਆਰ ਚਾਹੁੰਦਾ ਹੈ।
ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ, ਸਾਡੇ ਅੰਦਰ ਉਸ ਨੂੰ ਜਾਣਨ ਅਤੇ ਪਾਉਣ ਦੀ ਤੜਫ ਅਤੇ ਕਸ਼ਿਸ਼ ਉਤਪੰਨ ਹੋਵੇ। ਇਸੇ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ‘ਪਰਮਾਤਮਾ ਨੂੰ ਹਾਸਲ ਕਰਨ ਪ੍ਰਤੀ ਸੱਚੀ ਲਗਨ ਅਤੇ ਤੜਫ ਜਾਗਰਿਤ ਕਰਨੀ ਹੈ।’’ ਜੇ ਅਸੀਂ ਇਸ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਲਈਏ ਤਾਂ ਅਸੀਂ ਪ੍ਰਭੂ ਦੀ ਖ਼ੁਸ਼ੀ ਨੂੰ ਗ੍ਰਹਿਣ ਕਰ ਸਕਾਂਗੇ। ਪ੍ਰਭੂ ਨੂੰ ਪ੍ਰਸੰਨ ਕਰਨ ਦਾ ਇਹੀ ਸਭ ਤੋਂ ਉੱਤਮ ਤਰੀਕਾ ਹੈ। ਰੱਬ ਸਾਡੇ ਮਾਪੇ, ਸਾਡਾ ਹਕੀਕੀ ਪ੍ਰੀਤਮ ਅਤੇ ਸੱਚਾ ਮਿੱਤਰ ਹੈ। ਮਾਪਿਆਂ, ਪ੍ਰੀਤਮ ਅਤੇ ਮਿੱਤਰ ਪ੍ਰਤੀ ਸਾਡੇ ਪ੍ਰੇਮ ਦਾ ਇਜ਼ਹਾਰ ਕਿਸੇ ਭੌਤਿਕ ਉਪਹਾਰ ਦਾ ਮੁਥਾਜ ਨਹੀਂ ਹੁੰਦਾ। ਉਹ ਸਿਰਫ਼ ਸਾਡਾ ਸੱਚਾ ਪ੍ਰੇਮ ਹੀ ਪਾ ਕੇ ਖ਼ੁਸ਼ ਹੋ ਜਾਂਦਾ ਹੈ। ਪ੍ਰੇਮ ਹੀ ਕੇਵਲ ਅਜਿਹੀ ਇਕਮਾਤਰ ਭਾਸ਼ਾ ਹੈ ਜੋ ਸਾਡੇ ਦਿਲ ਤੋਂ ਦੂਜੇ ਦੇ ਦਿਲਾਂ ਤੱਕ ਬਹੁਤ ਜਲਦੀ ਪਹੁੰਚਦੀ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਸਾਡੇ ਕੋਲੋਂ ਸਾਡੇ ਪ੍ਰੇਮ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਅਸੀਂ ਕਿਸ ਤਰ੍ਹਾਂ ਪ੍ਰਭੂ ਕੋਲ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ? ਧਿਆਨ-ਅਭਿਆਸ ਸਾਡੀ ਆਤਮਾ ਨੂੰ ਰੱਬ ਨਾਲ ਫਿਰ ਤੋਂ ਜੋੜਨ ਵਿਚ ਮਦਦ ਕਰਦਾ ਹੈ।