ਸੁੱਖ ਅਤੇ ਦੁੱਖ, ਦੋਵਾਂ ਵਿਚ ਹੀ ਇਹ ਪੰਕਤੀ ਕਾਰਗਰ ਸਿੱਧ ਹੁੰਦੀ ਹੈ। ਸੁੱਖ ਵਿਚ ਇਹ ਸੁਖੀ ਮਨੁੱਖ ਦੀ ਮੌਜੂਦਾ ਹਾਲਤ ਕਾਰਨ ਉਸ ’ਤੇ ਹੰਕਾਰ ਨੂੰ ਭਾਰੂ ਹੋਣ ਤੋਂ ਬਚਾਉਂਦੀ ਹੈ ਅਤੇ ਦੁੱਖ ਵਿਚ ਦੁਖੀ ਮਨੁੱਖ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਪ੍ਰਤੀ ਆਸ਼ਾਵਾਦੀ ਬਣਾਈ ਰੱਖਦੀ ਹੈ।
‘ਇਹ ਵਕਤ ਵੀ ਗੁਜ਼ਰ ਜਾਵੇਗਾ’ ਜਿਸ ਕਿਸੇ ਨੇ ਇਹ ਕਹਾਵਤ ਬਣਾਈ ਹੈ, ਉਸ ਨੇ ਇਕਦਮ ਸਹੀ ਕੀਤਾ ਹੈ। ਸੁੱਖ ਅਤੇ ਦੁੱਖ, ਦੋਵਾਂ ਵਿਚ ਹੀ ਇਹ ਪੰਕਤੀ ਕਾਰਗਰ ਸਿੱਧ ਹੁੰਦੀ ਹੈ। ਸੁੱਖ ਵਿਚ ਇਹ ਸੁਖੀ ਮਨੁੱਖ ਦੀ ਮੌਜੂਦਾ ਹਾਲਤ ਕਾਰਨ ਉਸ ’ਤੇ ਹੰਕਾਰ ਨੂੰ ਭਾਰੂ ਹੋਣ ਤੋਂ ਬਚਾਉਂਦੀ ਹੈ ਅਤੇ ਦੁੱਖ ਵਿਚ ਦੁਖੀ ਮਨੁੱਖ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਪ੍ਰਤੀ ਆਸ਼ਾਵਾਦੀ ਬਣਾਈ ਰੱਖਦੀ ਹੈ। ਮਨੁੱਖ ਦੀ ਬਿਰਤੀ ਵੀ ਅਜੀਬੋ-ਗਰੀਬ ਹੈ। ਸੁੱਖ ਦੇ ਦਿਨਾਂ ਵਿਚ ਉਹ ਆਪਣਿਆਂ ਨੂੰ ਭੁੱਲ ਜਾਂਦਾ ਹੈ ਅਤੇ ਦੁੱਖ ਦੇ ਦਿਨਾਂ ਵਿਚ ਉਸ ਦੇ ਆਪਣੇ ਉਸ ਨੂੰ ਭੁੱਲ ਜਾਂਦੇ ਹਨ। ਜਦ ਸੁੱਖ ਸਾਥ ਹੁੰਦਾ ਹੈ ਤਾਂ ਇਨਸਾਨ ਆਪਣੇ ਵਿਚ ਹੀ ਮਗਨ ਰਹਿ ਕੇ ਖ਼ੁਦ ਨੂੰ ਸੀਮਤ ਕਰ ਲੈਂਦਾ ਹੈ। ਇਸ ਦੇ ਉਲਟ, ਦੁੱਖ ਦੇ ਸਮੇਂ ਉਸ ਦੀ ਮਦਦ ਕਰਨ ਵਾਲੇ ਸੀਮਤ ਹੋ ਜਾਂਦੇ ਹਨ। ਦੱਖ ਤੋਂ ਸੁੱਖ ਅਤੇ ਸੁੱਖ ਤੋਂ ਦੁੱਖ ਦੀ ਇਹ ਯਾਤਰਾ ਤਾਉਮਰ ਜਾਰੀ ਰਹਿੰਦੀ ਹੈ। ਅਕਸਰ ਮਨਭਾਉਂਦੇ ਟੀਚੇ ਦੀ ਪ੍ਰਾਪਤੀ ਨਾ ਹੋਣ ’ਤੇ ਖ਼ੁਦ ਦੀ ਸੰਤੁਸ਼ਟੀ ਲਈ ਕਿਹਾ ਜਾਂਦਾ ਹੈ ਕਿ ‘ਸਮੇਂ ਨੇ ਸਾਥ ਨਹੀ ਦਿੱਤਾ’ ਅਰਥਾਤ ਹਾਲੇ ਹਾਲਾਤ ਉਲਟ ਹਨ। ਆਪਣੀ ਸੰਤੁਸ਼ਟੀ ਲਈ ਕਹੀ ਜਾਣ ਵਾਲੀ ਇਹ ਗੱਲ ਮਨੁੱਖ ਨੂੰ ਆਸ਼ਾਵਾਦੀ ਬਣਾਈ ਰੱਖਦੀ ਹੈ ਅਤੇ ਉਹ ਵਕਤ ਬਦਲਣ ਦੀ ਉਮੀਦ ਨਾਲ ਆਪਣੀ ਮਿਹਨਤ ਪ੍ਰਤੀ ਲਗਨਸ਼ੀਲ ਬਣਿਆ ਰਹਿੰਦਾ ਹੈ। ਜੀਵਨ ਵਿਚ ਮਿਹਨਤ ਦੇ ਨਾਲ-ਨਾਲ ਕਿਸਮਤ ਵੀ ਆਪਣੀ ਭੂਮਿਕਾ ਨਿਭਾਉਂਦੀ ਹੈ। ਬੇਸ਼ੱਕ ਮਿਹਨਤ ਕਿਸੇ ਕੰਮ ਦੀ ਸਫਲਤਾ ਦਾ ਪਹਿਲਾ ਤੱਤ ਹੈ ਪਰ ਕਿਸਮਤ ਦਾ ਸਾਥ ਵੀ ਓਨਾ ਹੀ ਜ਼ਰੂਰੀ ਹੈ। ਆਮ ਤੌਰ ’ਤੇ ਅਸੀ ਜਿੱਤ ਪ੍ਰਾਪਤ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੰਦੇ ਹਾਂ ਪਰ ਬੇਹੱਦ ਮਿਹਨਤ ਨਾਲੋਂ ਕਿਸਮਤ ਬਲਵਾਨ ਸਿੱਧ ਹੁੰਦੀ ਹੈ। ਚੰਗੇ ਸਮੇਂ ਦੇ ਨਾਲ-ਨਾਲ ਚੰਗੀ ਕਿਸਮਤ ਦੀ ਲੋੜ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਨੀਅਤੀ ਇਸ ਨੂੰ ਹੀ ਕਹਿੰਦੇ ਹਨ। ‘ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਕਿਸੇ ਨੂੰ ਨਹੀ ਮਿਲਦਾ’ ਇਸ ਕਹਾਵਤ ਵਿਚ ਵੀ ਇਹੋ ਭਾਵ ਹੈ। ਸਮਾਂ ਚੰਗਾ ਹੋਵੇ ਤਾਂ ਮਨੁੱਖ ਨੂੰ ਆਪਣੀ ਕਿਸਮਤ ’ਤੇ ਗਰੂਰ ਨਹੀ ਕਰਨਾ ਚਾਹੀਦਾ ਅਤੇ ਸਮਾਂ ਬੁਰਾ ਹੋਵੇ ਤਾਂ ਮਿਹਨਤ ਦੇ ਬਲਬੂਤੇ ਕਿਸਮਤ ਦੇ ਸਹਾਰੇ ਆਪਣੇ ਹਾਲਾਤ ਬਦਲਣ ਵਿਚ ਕੋਈ ਕਸਰ ਬਾਕੀ ਨਹੀ ਛੱਡਣੀ ਚਾਹੀਦੀ। ਕਿਸੇ ਰਾਤ ਵਿਚ ਉਹ ਹੌਸਲਾ ਨਹੀ ਕਿ ਉਹ ਪਹੁ-ਫੁਟਾਲੇ ਨੂੰ ਰੋਕ ਸਕੇ। ਵਕਤ ਵਿਚ ਇੰਨੀ ਤਾਕਤ ਅਤੇ ਕਿਸਮਤ ਵਿਚ ਇੰਨਾ ਜ਼ੋਰ ਹੈ ਕਿ ਉਹ ਕਿਸੇ ਦੀ ਵੀ ਕਾਇਆ ਪਲਟ ਸਕਦੇ ਹਨ ਜਿਸ ਨੂੰ ਅਸੀ ਚਮਤਕਾਰ ਮੰਨਣ ਲੱਗਦੇ ਹਾਂ।
-ਸੌਰਭ ਜੈਨ।