ਘਰ ਵਿੱਚ ਮੰਦਰ ਲਈ ਈਸ਼ਾਨ ਕੋਣ ਯਾਨੀ ਉੱਤਰ-ਪੂਰਬ ਦਿਸ਼ਾ ਨੂੰ ਸਭ ਤੋਂ ਸ਼ੁਭ ਮੰਨਿਆ ਗਿਆ ਹੈ। ਇਸ ਦਿਸ਼ਾ ਨੂੰ ਦੇਵਤਿਆਂ ਦਾ ਸਥਾਨ ਕਿਹਾ ਜਾਂਦਾ ਹੈ। ਜੇਕਰ ਇਸ ਦਿਸ਼ਾ 'ਚ ਜਗ੍ਹਾ ਨਾ ਹੋਵੇ ਤਾਂ ਤੁਸੀਂ ਪੂਰਬ ਜਾਂ ਉੱਤਰ ਦਿਸ਼ਾ ਵਿਚ ਵੀ ਮੰਦਰ ਸਥਾਪਿਤ ਕਰ ਸਕਦੇ ਹੋ। ਧਿਆਨ ਰਹੇ ਕਿ ਪੂਜਾ ਕਰਦੇ ਸਮੇਂ ਤੁਹਾਡਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਦਿਸ਼ਾ ਗਿਆਨ ਅਤੇ ਅਧਿਆਤਮਿਕ ਉੱਨਤੀ ਦਾ ਪ੍ਰਤੀਕ ਹੈ।

ਧਰਮ ਡੈਸਕ, ਨਵੀਂ ਦਿੱਲੀ: ਵਾਸਤੂ ਸ਼ਾਸਤਰ 'ਚ ਘਰ ਦਾ ਮੰਦਰ ਸਭ ਤੋਂ ਵੱਧ ਊਰਜਾਵਾਨ ਸਥਾਨ ਮੰਨਿਆ ਜਾਂਦਾ ਹੈ। ਇਹ ਉਹ ਜਗ੍ਹਾ ਹੈ, ਜਿੱਥੋਂ ਪੂਰੇ ਘਰ ਵਿਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਹਾਲਾਂਕਿ, ਕਈ ਵਾਰ ਅਸੀਂ ਅਣਜਾਣੇ 'ਚ ਮੰਦਰ ਨੂੰ ਗਲਤ ਦਿਸ਼ਾ 'ਚ ਰੱਖ ਦਿੰਦੇ ਹਾਂ ਜਾਂ ਪੂਜਾ ਨਾਲ ਜੁੜੇ ਕੁਝ ਨਿਯਮਾਂ ਦੀ ਅਣਦੇਖੀ ਕਰ ਦਿੰਦੇ ਹਾਂ।
ਵਾਸਤੂ ਅਨੁਸਾਰ, ਮੰਦਰ ਦਾ ਗਲਤ ਸਥਾਨ ਘਰ ਦੀ ਸੁੱਖ-ਸ਼ਾਂਤੀ 'ਚ ਰੁਕਾਵਟ ਖੜ੍ਹੀ ਕਰ ਸਕਦਾ ਹੈ ਅਤੇ ਆਰਥਿਕ ਤੰਗੀ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਮੰਦਰ ਨਾਲ ਜੁੜੀਆਂ ਉਨ੍ਹਾਂ ਵੱਡੀਆਂ ਗਲਤੀਆਂ ਬਾਰੇ, ਜਿਨ੍ਹਾਂ ਤੋਂ ਹਰ ਹਾਲ ਵਿੱਚ ਬਚਣਾ ਚਾਹੀਦਾ ਹੈ।
ਪੌੜੀਆਂ ਦੇ ਹੇਠਾਂ ਜਾਂ ਪਖਾਨੇ ਕੋਲ ਮੰਦਰ: ਅਕਸਰ ਜਗ੍ਹਾ ਦੀ ਘਾਟ ਕਾਰਨ ਲੋਕ ਪੌੜੀਆਂ ਦੇ ਹੇਠਾਂ ਛੋਟਾ ਜਿਹਾ ਮੰਦਰ ਬਣਾ ਲੈਂਦੇ ਹਨ। ਵਾਸਤੂ ਅਨੁਸਾਰ ਇਹ ਬਹੁਤ ਵੱਡਾ ਦੋਸ਼ ਹੈ। ਪੌੜੀਆਂ ਦੇ ਹੇਠਾਂ ਮੰਦਰ ਹੋਣ ਨਾਲ ਘਰ ਦੇ ਮੈਂਬਰਾਂ 'ਤੇ ਕਰਜ਼ਾ ਵਧਦਾ ਹੈ। ਇਸੇ ਤਰ੍ਹਾਂ, ਪਖਾਨੇ ਦੇ ਉੱਪਰ, ਹੇਠਾਂ ਜਾਂ ਉਸਦੇ ਠੀਕ ਸਾਹਮਣੇ ਮੰਦਰ ਕਦੇ ਨਹੀਂ ਹੋਣਾ ਚਾਹੀਦਾ।
ਬੈੱਡਰੂਮ 'ਚ ਮੰਦਰ ਰੱਖਣਾ: ਪਤੀ-ਪਤਨੀ ਦੇ ਬੈੱਡਰੂਮ 'ਚ ਮੰਦਰ ਹੋਣਾ ਵਾਸਤੂ ਦੋਸ਼ ਮੰਨਿਆ ਜਾਂਦਾ ਹੈ। ਇਸ ਨਾਲ ਵਿਆਹੁਤਾ ਜੀਵਨ 'ਚ ਤਣਾਅ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਮਜਬੂਰੀ ਵਿਚ ਮੰਦਰ ਬੈੱਡਰੂਮ 'ਚ ਰੱਖਣਾ ਪਵੇ ਤਾਂ ਰਾਤ ਨੂੰ ਉਸ ਉੱਤੇ ਪਰਦਾ ਜ਼ਰੂਰ ਪਾਓ।
ਖੰਡਿਤ ਤੇ ਵੱਡੀਆਂ ਮੂਰਤੀਆਂ: ਘਰ ਦੇ ਮੰਦਰ ਵਿੱਚ ਕਦੇ ਵੀ ਖੰਡਿਤ ਮੂਰਤੀ ਜਾਂ ਫਟੀ ਹੋਈ ਤਸਵੀਰ ਨਹੀਂ ਰੱਖਣੀ ਚਾਹੀਦੀ। ਨਾਲ ਹੀ, ਘਰ ਵਿਚ ਅੰਗੂਠੇ ਤੋਂ ਵੱਡੇ ਆਕਾਰ ਦਾ ਸ਼ਿਵਲਿੰਗ ਜਾਂ ਬਹੁਤ ਵਿਸ਼ਾਲ ਮੂਰਤੀਆਂ ਰੱਖਣ ਤੋਂ ਬਚਣਾ ਚਾਹੀਦਾ ਹੈ।
ਪੂਰਵਜਾਂ ਦੀਆਂ ਤਸਵੀਰਾਂ: ਕਈ ਲੋਕ ਆਪਣੇ ਪਿੱਤਰਾਂ ਜਾਂ ਪੂਰਵਜਾਂ ਦੀਆਂ ਤਸਵੀਰਾਂ ਮੰਦਰ ਵਿਚ ਹੀ ਰੱਖ ਦਿੰਦੇ ਹਨ। ਵਾਸਤੂ ਅਨੁਸਾਰ, ਦੇਵੀ-ਦੇਵਤਿਆਂ ਤੇ ਪਿੱਤਰਾਂ ਦਾ ਸਥਾਨ ਵੱਖਰਾ ਹੋਣਾ ਚਾਹੀਦਾ ਹੈ। ਮੰਦਰ 'ਚ ਪੂਰਵਜਾਂ ਦੀ ਤਸਵੀਰ ਰੱਖਣ ਨਾਲ ਘਰ ਵਿੱਚ ਕਲੇਸ਼ ਵਧ ਸਕਦਾ ਹੈ।
ਰਸੋਈ ਘਰ 'ਚ ਮੰਦਰ: ਭਾਵੇਂ ਕਈ ਘਰਾਂ ਵਿਚ ਰਸੋਈ 'ਚ ਮੰਦਰ ਹੁੰਦਾ ਹੈ, ਪਰ ਇਸਨੂੰ ਵਾਸਤੂ 'ਚ ਦਰਮਿਆਨਾ ਮੰਨਿਆ ਗਿਆ ਹੈ। ਸਿੰਕ ਦੇ ਕੋਲ ਜਾਂ ਚੁੱਲ੍ਹੇ ਦੇ ਠੀਕ ਉੱਪਰ ਮੰਦਰ ਹੋਣ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਘਰ ਵਿੱਚ ਮੰਦਰ ਲਈ ਈਸ਼ਾਨ ਕੋਣ ਯਾਨੀ ਉੱਤਰ-ਪੂਰਬ ਦਿਸ਼ਾ ਨੂੰ ਸਭ ਤੋਂ ਸ਼ੁਭ ਮੰਨਿਆ ਗਿਆ ਹੈ। ਇਸ ਦਿਸ਼ਾ ਨੂੰ ਦੇਵਤਿਆਂ ਦਾ ਸਥਾਨ ਕਿਹਾ ਜਾਂਦਾ ਹੈ। ਜੇਕਰ ਇਸ ਦਿਸ਼ਾ 'ਚ ਜਗ੍ਹਾ ਨਾ ਹੋਵੇ ਤਾਂ ਤੁਸੀਂ ਪੂਰਬ ਜਾਂ ਉੱਤਰ ਦਿਸ਼ਾ ਵਿਚ ਵੀ ਮੰਦਰ ਸਥਾਪਿਤ ਕਰ ਸਕਦੇ ਹੋ। ਧਿਆਨ ਰਹੇ ਕਿ ਪੂਜਾ ਕਰਦੇ ਸਮੇਂ ਤੁਹਾਡਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਦਿਸ਼ਾ ਗਿਆਨ ਅਤੇ ਅਧਿਆਤਮਿਕ ਉੱਨਤੀ ਦਾ ਪ੍ਰਤੀਕ ਹੈ।