ਡਾ. ਜੱਗੀ ਦੀ ਜ਼ਿੰਦਗੀ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਵਿੱਦਿਅਕ ਜਗਤ ਨਾਲ ਸਾਂਝ ਪਾਉਣ ਅਤੇ ਗਿਆਨ ਦੇ ਸਮੁੰਦਰਾਂ ’ਚ ਤਾਰੀਆਂ ਲਾਉਣ ਲਈ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਕਈ ਉੱਚੀਆਂ-ਨੀਵੀਆਂ ਘਾਟੀਆਂ ਸਰ ਕਰਨੀਆਂ ਪਈਆਂ। ਜਦੋਂ 1947 ’ਚ ਦੇਸ਼ ਦਾ ਬਟਵਾਰਾ ਹੋਇਆ, ਉਸ ਸਮੇਂ ਵੀ ਉਨ੍ਹਾਂ ਨੂੰ ਕਈ ਦੁਸ਼ਵਾਰੀਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਨੈਨੀਤਾਲ ਦੀ ਖ਼ੂਬਸੂਰਤੀ ਨੂੰ ਵੇਖ ਕੇ ਮੰਤਰ ਮੁਗਧ ਹੋਏ ਅਸੀਂ ਸਵੇਰੇ-ਸਵੇਰੇ ਹੀ ਇਸ ਵਿਚਕਾਰ ਸਥਿਤ ਮਿਰਗਣੀ ਦੀ ਅੱਖ ਵਰਗੀ ਝੀਲ ਦੇ ਨਾਲ-ਨਾਲ ਜਾਂਦੀ ਸੜਕ ’ਤੇ ਕਈ ਚੱਕਰ ਲਾ ਚੁੱਕੇ ਸੀ। ਇਹ ਉਹੀ ਸੜਕ ਸੀ, ਜਿਸ ’ਤੇ ਅੰਗਰੇਜ਼ਾਂ ਨੇ ਆਜ਼ਾਦੀ ਤੋਂ ਪਹਿਲਾਂ ਭਾਰਤੀਆਂ ਦੇ ਤੁਰਨ-ਫਿਰਨ ’ਤੇ ਰੋਕ ਲਾਈ ਹੋਈ ਸੀ। ਝੀਲ ਨਾਲ ਲੱਗਦੀ ਪਹਾੜੀ ’ਤੇ ਬਣੇ ਹਾਲ ਵਿਚ ਪੰਜਾਬ ਤੇ ਉੱਤਰਾਖੰਡ ਦੇ ਵਿਦਵਾਨਾਂ ਨੇ ਭਾਰਤੀ ਦਰਸ਼ਨ ਦੇ ਕਈ ਅਹਿਮ ਪਹਿਲੂਆਂ ਬਾਰੇ ਬੋਲਣਾ ਤੇ ਚਰਚਾ ਕਰਨੀ ਸੀ। ਪੰਜਾਬ ਤੋਂ ਵਿਦਵਾਨਾਂ ਦੀ ਟੀਮ ਨੂੰ ਭਾਸ਼ਾ ਵਿਭਾਗ ਪਟਿਆਲਾ ਦੇ ਅਧਿਕਾਰੀ ਲੈ ਕੇ ਆਏ ਸੀ। ਨਾਸ਼ਤਾ ਕਰਨ ਤੋਂ ਬਾਅਦ ਅਸੀਂ ਵੀ ਉਸ ਹਾਲ ਵਿਚ ਸਜ ਗਏ। ਸਮੇਂ ਅਨੁਸਾਰ ਉੱਥੇ ਵਿਦਵਾਨ ਸੱਜਣ ਵੀ ਪੁੱਜਣੇ ਸ਼ੁਰੂ ਹੋ ਗਏ ਸੀ। ਰਸਮੀ ਸ਼ੁਰੂਆਤ ਮਗਰੋਂ ਸਟੇਜ ਤੋਂ
ਡਾ. ਰਤਨ ਸਿੰਘ ਜੱਗੀ ਦੇ ਨਾਂ ਦਾ ਐਲਾਨ ਹੋਇਆ। ਬੜੇ ਸਾਦੇ ਢੰਗ ਨਾਲ ਬੰਨ੍ਹੀ ਹਲਕੀ ਦਾਖ਼ੀ ਪੱਗ ਵਾਲੇ ਥੋੜ੍ਹੇ ਜਿਹੇ ਸਾਂਵਲੇ ਰੰਗ ਦੇ ਇਕ ਸੱਜਣ ਸਟੇਜ ’ਤੇ ਆਏ। ਉਨ੍ਹਾਂ ਬੋਲਣਾ ਸ਼ੁਰੂ ਕੀਤਾ ਤੇ ਹਾਲ ਵਿਚ ਚੁੱਪ ਛਾਉਣੀ ਸ਼ੁਰੂ ਹੋ ਗਈ। ਭਾਰਤੀ ਦਰਸ਼ਨ ਤੇ ਸਿੱਖ ਫਲਸਫੇ ਬਾਰੇ ਉਨ੍ਹਾਂ ਅੰਦਰੋਂ ਵਿਚਾਰਾਂ ਦੀ ਧਾਰਾ ਉੱਤਰਾਖੰਡ ਦੇ ਖ਼ੂਬਸੂਰਤ ਝਰਨਿਆਂ ਵਾਂਗ ਵਹਿ ਰਹੀ ਸੀ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਸੁਣਿਆ ਸੀ। ਉਨ੍ਹਾਂ ਦੇ ਗਿਆਨ ਦੀ ਸੀਮਾ ਸਦੀਆਂ ਤੋਂ ਆਰ-ਪਾਰ ਸੀ। ਉਹ ਵੇਦਾਂ ਬਾਰੇ ਬੋਲੇ। ਗੁਰਬਾਣੀ ਬਾਰੇ ਬੋਲੇ। ਸ੍ਰੀ
ਗੁਰੂ ਗ੍ਰੰਥ ਸਾਹਿਬ ਬਾਰੇ ਬੋਲੇ, ਦਸਮ ਗ੍ਰੰਥ ਬਾਰੇ ਬੋਲੇ, ਗੁਰੂ ਨਾਨਕ ਸਾਹਿਬ ਬਾਰੇ ਬੋਲੇ। ਜੋ ਗਿਆਨ ਉਨ੍ਹਾਂ ਸਰੋਤਿਆਂ ਨਾਲ ਸਾਂਝਾ ਕੀਤਾ, ਉਸਦਾ ਪੱਧਰ ਬਹੁਤ ਉੱਚਾ ਸੀ। ਬੋਲਦੇ ਸਮੇਂ ਉਨ੍ਹਾਂ ਬਹੁਤ ਸਾਰੇ ਵੇਦਾਂ ਤੇ ਗੁਰਬਾਣੀ ਦੇ ਸ਼ਲੋਕ ਉਚਾਰੇ ਤੇ ਹਵਾਲੇ ਦਿੱਤੇ। ਸਿੱਖ ਫਲਸਫੇ ’ਤੇ ਇੰਨੀ ਡੂੰਘੀ ਪਕੜ ਤੇ ਫਲਸਫੇ ਸਬੰਧੀ ਸਪੱਸ਼ਟਤਾ ਵਾਲਾ ਵਿਦਵਾਨ ਮੈਂ ਪਹਿਲੀ ਵਾਰ ਸੁਣਿਆ ਸੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਸੁਣਨ ਦਾ ਮੌਕਾ ਮਿਲਿਆ ਕਿਉਂਕਿ ਲੰਬਾ ਸਮਾਂ ਉਨ੍ਹਾਂ ਦੀ ਕਰਮਭੂਮੀ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮੈਂ ਅਕਸਰ ਜਾਂਦਾ ਰਹਿੰਦਾ ਸੀ।
ਇਕ ਸਾਲ ਪਹਿਲਾਂ ਜਹਾਨ ਤੋਂ ਹੋਏ ਰੁਖ਼ਸਤ
ਇਕ ਸਾਲ ਪਹਿਲਾਂ 22 ਮਈ, 2025 ਨੂੰ ਉਹ 98 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਪਰ ਜੋ ਕੁਝ ਸਿੱਖੀ ਤੇ ਇਸ ਦੀ ਵਿਲੱਖਣਤਾ, ਅਧਿਆਤਮਕਤਾ, ਦਰਸ਼ਨ ਅਤੇ ਧਰਮ ਦੇ ਅੰਤਰਮੁਖੀ ਰਹੱਸਾਂ ਬਾਰੇ ਉਹ ਕਿਤਾਬਾਂ ਦੀ ਸ਼ਕਲ ਵਿਚ ਲਿਖ ਗਏ, ਉਸਦਾ ਜ਼ਿਕਰ ਸਦੀਆਂ ਤੱਕ ਹੁੰਦਾ ਰਹੇਗਾ। ਜੱਗੀ ਸਾਹਿਬ ਦੀ ਸਿੱਖ ਜਗਤ ਨੂੰ ਗਿਆਨ ਦੇ ਰੂਪ ਵਿਚ ਦੇਣ ਬਾਰੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਹ ਇਕ ਜਾਮੇ ’ਚ ਏਨਾ ਕੰਮ ਕਿਵੇਂ ਕਰ ਗਏ? ਉਨ੍ਹਾਂ ਦੀਆਂ ਕਿਤਾਬਾਂ ਦੀ ਸੂਚੀ ਹੀ ਇੰਨੀ ਲੰਬੀ ਹੈ ਕਿ ਇਸ ਸਬੰਧੀ ਲਿਖਣ ਲਈ ਹੀ ਕਈ ਕਾਲਮ ਜਗ੍ਹਾ ਦੀ ਜ਼ਰੂਰਤ ਹੈ। ਉਨ੍ਹਾਂ ਬਾਰੇ ਹੋਰ ਜਾਨਣ ਤੇ ਸਮਝਣ ਬਾਰੇ ਜਦੋਂ ਮੈਂ ਉਨ੍ਹਾਂ ਦੇ ਬੇਟੇ ਸਾਬਕਾ ਆਈਏਐੱਸ ਅਫ਼ਸਰ ਮਾਲਵਿੰਦਰ ਸਿੰਘ ਜੱਗੀ ਨਾਲ ਸੰਪਰਕ ਕੀਤਾ ਤਾਂ ਮੈਂ ਇਸ ਨਤੀਜੇ ’ਤੇ ਪੁੱਜਾ ਕਿ ਅਸਲ ’ਚ ਜੱਗੀ ਸਾਹਿਬ ਸਾਧੂ ਲੋਕ ਸਨ ਅਤੇ ਪੜ੍ਹਣਾ-ਲਿਖਣਾ ਉਨ੍ਹਾਂ ਦੀ ਸਾਧਨਾ ਸੀ, ਭਗਤੀ ਸੀ ਤੇ ਇੱਕੋ-ਇਕ ਅਕੀਦਾ। ਇਹੀ ਵਜ੍ਹਾ ਹੈ ਕਿ ਉਨ੍ਹਾਂ ਸਿੱਖ ਜਗਤ ਦੀ ਝੋਲੀ ਗਿਆਨ ਨਾਲ ਭਰ ਦਿੱਤੀ। ਕਈ-ਕਈ ਪੀੜ੍ਹੀਆਂ ਇਸ ਗਿਆਨ ਦਾ ਭਰਪੂਰ ਲਾਹਾ ਲੈਂਦੀਆਂ ਰਹਿਣਗੀਆਂ।
ਦਿਲਚਸਪ ਹੈ ਜ਼ਿੰਦਗੀ ਦੀ ਕਹਾਣੀ
ਡਾ. ਜੱਗੀ ਦੀ ਜ਼ਿੰਦਗੀ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਵਿੱਦਿਅਕ ਜਗਤ ਨਾਲ ਸਾਂਝ ਪਾਉਣ ਅਤੇ ਗਿਆਨ ਦੇ ਸਮੁੰਦਰਾਂ ’ਚ ਤਾਰੀਆਂ ਲਾਉਣ ਲਈ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਕਈ ਉੱਚੀਆਂ-ਨੀਵੀਆਂ ਘਾਟੀਆਂ ਸਰ ਕਰਨੀਆਂ ਪਈਆਂ। ਜਦੋਂ 1947 ’ਚ ਦੇਸ਼ ਦਾ ਬਟਵਾਰਾ ਹੋਇਆ, ਉਸ ਸਮੇਂ ਵੀ ਉਨ੍ਹਾਂ ਨੂੰ ਕਈ ਦੁਸ਼ਵਾਰੀਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਜਨਮ ਪਿੰਡੀਘੇਬ ਪਿੰਡ ’ਚ 19 ਜੁਲਾਈ, 1927 ਨੂੰ ਹੋਇਆ। ਹੁਣ ਇਹ ਪਿੰਡ ਪਾਕਿਸਤਾਨ ਦੇ ਕੈਂਬਲਪੁਰ ਜ਼ਿਲ੍ਹੇ ਵਿਚ ਹੈ ਅਤੇ ਪਹਿਲਾਂ ਇਹ ਅਟਕ ਜ਼ਿਲ੍ਹੇ ਵਿਚ ਸੀ। ਬਹੁਤ ਹੀ ਉਪਜਾਊ ਇਲਾਕਾ ਸੀ। ਇੱਥੇ ਹੀ ਉਹ ਵੱਡੇ ਹੋਏ ਅਤੇ 1943 ’ਚ ਦਸਵੀਂ ਪਾਸ ਕੀਤੀ। ਪਰਿਵਾਰ ਦਾ ਨਿਰਮਲੇ ਸੰਤਾ ਕੋਲ ਡੇਰਾ ਸੰਤਪੁਰਾ ’ਚ ਆਉਣ-ਜਾਣ ਸੀ। ਡੇਰੇ ਦੇ ਸੰਤ ਸੁੱਚਾ ਸਿੰਘ ਨੇ ਇਨ੍ਹਾਂ ਦਾ ਨਾਮ ਰਤਨ ਸਿੰਘ ਗੁਰਬਾਣੀ ’ਚੋਂ ਲਏ ਵਾਕ ਦੇ ਪਹਿਲੇ ‘ਰ’ ਅੱਖ਼ਰ ਦੇ ਆਧਾਰ ’ਤੇ ਰੱਖਿਆ। ਡੇਰੇ ਦੇ ਪ੍ਰਭਾਵ ਥੱਲੇ ਹੀ ਉਨ੍ਹਾਂ ਦਾ ਵੱਡਾ ਭਰਾ ਸਿੱਖ ਸੱਜ ਗਿਆ ਸੀ ਅਤੇ ਉਸਦਾ ਨਾਂ ਨਿਰੰਜਨ ਸਿੰਘ ਸੀ। ਪਰਿਵਾਰ ਵਿੱਚੋ ਸਿੱਖੀ ਸਰੂਪ ਧਾਰਨ ਕਰਨ ਵਾਲੇ ਡਾ. ਜੱਗੀ ਦੂਜੇ ਵਿਆਕਤੀ ਸਨ। ਅੱਠਵੀਂ ਪਾਸ ਕਰਨ ਪਿੱਛੋਂ ਉਨ੍ਹਾਂ ਦੀ ਨਾਨੀ ਨੇ ਇਨ੍ਹਾਂ ਨੂੰ ਅੱਗੇ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਪਰ ਉਹ ਅੱਗੇ ਪੜ੍ਹਣਾ ਚਾਹੁੰਦੇ ਸੀ, ਇਸ ਲਈ ਨਾਨੀ ਨੂੰ ਮਨਾਉਣ ਲਈ ਆਪਣੇ ਜੀਜੇ ਨਾਨਕ ਸਿੰਘ ਥਾਪਰ ਦੀ ਮਦਦ ਲਈ। ਦਸਵੀਂ ਮਗਰੋਂ ਪੜ੍ਹਾਈ ’ਤੇ ਇਕ ਵਾਰ ਮੁੜ ਬ੍ਰੇਕ ਲੱਗ ਗਈ ਪਰ ਅੱਗੇ ਪੜ੍ਹਣ ਦਾ ਚਾਅ ਨਹੀਂ ਮਰਿਆ। ਕਬੱਡੀ ਤੇ ਗੁੱਲੀਡੰਡਾ ਖੇਡਣਾ ਉਨ੍ਹਾਂ ਦਾ ਸ਼ੌਕ ਸੀ। ਵੱਡੀ ਉਮਰੇ ਸਵੇਰੇ ਲੰਬੀ ਸੈਰ ਕਰਨਾ ਉਨ੍ਹਾਂ ਦੀ ਆਦਤ ਬਣ ਗਈ। ਉਮਰ ਦੇ ਆਖ਼ਰੀ ਸਾਲ ਤੱਕ ਉਨ੍ਹਾਂ ਸੈਰ ਨਹੀਂ ਛੱਡੀ। ਸਕੂਲੀ ਪੜ੍ਹਾਈ ਸਮੇਂ ਉਹ ਸ਼ਰਾਰਤੀ ਵਿਦਿਆਰਥੀਆਂ ’ਚ ਗਿਣੇ ਜਾਂਦੇ ਸੀ।
ਫ਼ੌਜ ਤੇ ਪੁਲਿਸ ’ਚ ਵੀ ਕੀਤੀ ਨੌਕਰੀ
ਦੇਸ਼ ਦੀ ਵੰਡ ਵੇਲੇ 8 ਅਗਸਤ, 1947 ਨੂੰ ਪਰਿਵਾਰ ਨੇ ਰਾਵਲਪਿੰਡੀ ਤੋਂ ਅੰਮ੍ਰਿਤਸਰ ਵਾਲੇ ਪਾਸੇ ਚਾਲੇ ਪਾ ਦਿੱਤੇ। ਪਿੰਡ ਤੋਂ ਰਾਵਲਪਿੰਡੀ ਜਾਂਦੇ ਸਮੇਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ। ਕਤਲੋਗਾਰਤ ਦੇਖੀ। ਰਾਵਲਪਿੰਡੀ ਤੋਂ ਨੱਕੋ-ਨੱਕ ਭਰੀ ਰੇਲਗੱਡੀ ਵਿਚ ਕਿਸੇ ਤਰ੍ਹਾਂ ਚੜ੍ਹ ਕੇ ਅੰਮ੍ਰਿਤਸਰ ਪੁੱਜੇ ਤਾਂ ਸਾਹ ’ਚ ਸਾਹ ਆਇਆ। ਉੱਥੋਂ ਬਠਿੰਡਾ ਪਹੁੰਚੇ ਤੇ ਫਿਰ ਤਪਾ ਮੰਡੀ। ਤਪਾ ਕੁਝ ਸਮਾਂ ਰਹੇ ਅਤੇ ਫਿਰ ਨਰਾਇਣਗੜ੍ਹ (ਹੁਣ ਹਰਿਆਣਾ) ਦੇ ਨੇੜੇ ਪਿੰਡ ਲੋਟੋ ਵਿਚ ਜ਼ਮੀਨ ਅਲਾਟ ਹੋ ਗਈ ਤੇ ਪਰਿਵਾਰ ਇੱਥੇ ਆ ਗਿਆ। ਥੋੜ੍ਹਾ ਸਮਾਂ ਵਾਹੀ ਵੀ ਕੀਤੀ। ਗੰਨੇ ਵੀ ਘੜੇ ਤੇ ਗੁੜ ਵੀ ਬਣਾਇਆ। ਖੇਤੀ ਨਾਲ ਜੁੜਿਆ ਹਰ ਕੰਮ ਕੀਤਾ। ਨਾਲ ਦੀ ਨਾਲ ਨੌਕਰੀ ਦੀ ਤਲਾਸ਼ ਸ਼ੁਰੂ ਕਰ ਦਿਤੀ। ਇਸ ਕਾਰਨ ਲੁਧਿਆਣੇ ਆ ਕੇ ਟਾਈਪ ਸਿੱਖਣੀ ਸ਼ੁਰੂ ਕਰ ਦਿੱਤੀ। ਜਨਵਰੀ, 1949 ’ਚ ਪਤਾ ਲੱਗਿਆ ਕਿ ਚੌਥੀ ਇਨਫੈਂਟਰੀ ਡਿਵੀਜ਼ਨ ਨੂੰ ਟਾਈਪਿਸਟ ਦੀ ਲੋੜ ਹੈ। ਟੈਸਟ ਦਿੱਤਾ ਤੇ ਨੌਕਰੀ ਮਿਲ ਗਈ। ਅੰਬਾਲਾ ਸ਼ਹਿਰ ਤੋਂ ਦਫ਼ਤਰ ਨੇੜੇ ਸੀ। ਹਰ ਰੋਜ਼ ਤੁਰ ਕੇ ਦਫ਼ਤਰ ਪਹੁੰਚਣਾ। ਰੋਟੀ ਨਾਲ ਲੈ ਜਾਣੀ। ਸ਼ੁਰੂ ਵਿਚ ਤਨਖ਼ਾਹ 97 ਰੁਪਏ ਸੀ। ਅਗਲੇ ਸਾਲ ਵੱਧ ਕੇ 107 ਰੁਪਏ ਹੋ ਗਈ। ਲਗਪਗ ਪੌਣੇ ਦੋ ਸਾਲ ਫ਼ੌਜ ’ਚ ਨੌਕਰੀ ਕੀਤੀ। ਫਿਰ ਦਿੱਲੀ ਪੁਲਿਸ ’ਚ ਨੌਕਰੀ ਮਿਲ ਗਈ। ਇੱਥੇ ਤਨਖ਼ਾਹ 135 ਰੁਪਏ ਸੀ। ਮਾਰਚ 1958 ਤੱਕ ਪੁਲਿਸ ਦੇ ਸੀਆਈਡੀ ਵਿਭਾਗ ’ਚ ਰਹੇ।
ਇਸ ਦੌਰਾਨ ਰਿਸ਼ਤੇ ਵੀ ਆਉਂਦੇ ਰਹੇ। ਇਕ ਥਾਂ ਇਸ ਕਰ ਕੇ ਗੱਲ ਨਾ ਬਣੀ ਕੇ ਕੁੜੀ ਜ਼ਿਆਦਾ ਪੜ੍ਹੀ ਲਿਖੀ ਸੀ, ਉਸ ਨੇ ਐੱਫਏ ਕੀਤੀ ਸੀ। ਜੱਗੀ ਸਾਹਿਬ ਨੂੰ ਨਾਮੋਸ਼ੀ ਹੋਈ ਤੇ ਖੁੰਦਕ ਵੀ ਆਈ।
ਉਨ੍ਹਾਂ ਮੁੜ ਪੜ੍ਹਾਈ ਸ਼ੁਰੂ ਕਰ ਦਿਤੀ। ਬੀਏ ‘ਵਾਇਆ ਬਠਿੰਡਾ’ ਦੋ ਸਾਲਾਂ ਵਿਚ ਕਰ ਲਈ। ਲਾਅ ਕਰਨ ਦਾ ਵਿਚਾਰ ਸੀ ਪਰ ਦਾਖ਼ਲੇ ਲਈ ਪੈਸਿਆਂ ਨਹੀਂ ਸਨ। ਫਿਰ ਐੱਮਏ ਪੰਜਾਬੀ ਤੇ ਹਿੰਦੀ ਕਰ ਲਈ। ਹਿੰਦੂ ਕਾਲਜ ਸੋਨੀਪਤ ’ਚ ਹਿੰਦੀ ਤੇ ਪੰਜਾਬੀ ਪੜ੍ਹਾਉਣ ਲਈ ਲੈਕਚਰਾਰ ਦੀ ਨੌਕਰੀ ਮਿਲ ਗਈ। ਪਿੱਛੋਂ ਜਾ ਕੇ ਪੀਪੀਐੱਸਸੀ ਨੇ ਲੈਕਚਰਾਰਾਂ ਦੀਆਂ ਪੋਸਟਾਂ ਕੱਢੀਆਂ ਤੇ ਸਰਕਾਰੀ ਲੈਕਚਰਾਰ ਵਜੋਂ ਚੋਣ ਹੋ ਗਈ ਅਤੇ 17 ਮਾਰਚ, 1958 ਨੂੰ ਸਰਕਾਰੀ ਕਾਲਜ ਹਿਸਾਰ ਵਿਖੇ ਲੈਕਚਰਾਰ ਲੱਗ ਗਏ। 1956 ਵਿਚ ਬੀਏ (ਫਾਰਸੀ) ਵੀ ਕਰ ਲਈ।
ਭਾਰਤੀ ਸੰਸਕ੍ਰਿਤੀ ਦਾ ਗੌਰਵ ਗ੍ਰੰਥ
ਗੁਰੂ ਗ੍ਰੰਥ ਵਿਸ਼ਵ ਕੋਸ਼ ਦੇ ਪਹਿਲੇ ਭਾਗ ਦੀ ਭੂਮਿਕਾ ਵਿਚ ਡਾ. ਜੱਗੀ ਲਿਖਦੇ ਹਨ ‘ਗੁਰੂ ਗ੍ਰੰਥ ਭਾਰਤੀ ਸੰਸਕ੍ਰਿਤੀ ਦਾ ਗੌਰਵ ਗ੍ਰੰਥ ਹੈ। ਇਹ ਇਕ ਸਰਬ-ਸਾਂਝਾ ਗ੍ਰੰਥ ਹੈ। ਇਸ ’ਚ ਕਿਸੇ ਇਕ ਹੀ ਫਿਰਕੇ, ਧਰਮ, ਸੰਸਥਾ ਜਾਂ ਸਾਧਨਾਂ ਸਬੰਧੀ ਸ਼ੁੱਭ ਬਚਨ ਦਰਜ ਨਹੀਂ ਹੋਏ ਸਗੋਂ ਮਨੁੱਖਤਾ ਦੇ ਕਲਿਆਣ ਲਈ ਹਰ ਉਸ ਸਾਧਕ ਦੀ ਬਾਣੀ ਨੂੰ ਬਿਨਾਂ ਮਜ਼ਬੋਂਮਿਲਤ, ਫਿਰਕੂ ਵਿੱਥ-ਵਿਤਕਰੇ ਦੇ ਸਥਾਨ ਦਿੱਤਾ ਗਿਆ ਹੈ।’ ਇਸ ਵਿਸ਼ਵ ਕੋਸ਼ ਬਾਰੇ ਉਹ ਅੱਗੇ ਲਿਖਦੇ ਹਨ ‘ਗੁਰੂ ਗ੍ਰੰਥ ਸਾਹਿਬ ਸਬੰਧੀ ਪੈਦਾ ਹੋਣ ਵਾਲੀ ਹਰ ਪੁੱਛ ਦਾ ਸੰਖੇਪ ਪਰ ਅਧਿਕ੍ਰਿਤ ਉੱਤਰ ਦੇਣ ਲਈ ਸਹੀ ਅਰਥਾਂ ਵਿਚ ਅਜੇ ਤਕ ਕੋਈ ਵਿਸ਼ਵਕੋਸ਼ ਹੋਂਦ ਵਿਚ ਨਹੀਂ ਆਇਆ। ਇਸ ਘਾਟ ਨੂੰ ਪੂਰਾ ਕਰਨ ਲਈ ਹੀ ਇਹ ਯੋਜਨਾ ਸਿਰੇ ਚੜ੍ਹਾਈ ਗਈ ਹੈ।’ ਇਸ ਵਿਸ਼ਵਕੋਸ਼ ਵਿਚ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਰਾਗ-ਰਾਗਨੀਆਂ, ਉਨ੍ਹਾਂ ’ਚ ਸੰਕਲਿਤ ਬਾਣੀਆਂ, ਬਾਣੀਆਂ ਦਾ ਬਿਓਰਾ, ਬਾਣੀਕਾਰ, ਬੀੜਾਂ, ਪੋਥੀਆਂ, ਸੰਪਾਦਨ ਦਾ ਇਤਿਹਾਸ ਤੇ ਵਿਧੀ, ਕਾਵਿ-ਰੂਪ, ਛੰਦ-ਰੂਪ, ਅਭਿਵਿਅਕਤੀ-ਸਾਧਨ, ਕਾਵਿ ਜੁਗਤਾਂ, ਪਰਿਭਾਸ਼ਕ ਸ਼ਬਦਾਵਲੀ, ਅਨੁਸ਼ਠਾਨ, ਧਾਰਮਿਕ ਰੀਤਾਂ, ਉਪਾਸਨਾ ਵਿਧੀਆਂ, ਲੋਕ ਪਰੰਪਰਾਵਾਂ, ਹਰ ਪ੍ਰਕਾਰ ਦੇ ਹਵਾਲੇ ਤੇ ਸੰਦਰਭ, ਵਿਚਾਰਧਾਰੀ ਸੰਕਲਪ ਤੇ ਸੰਬੋਧ, ਭਗਤੀ ਅੰਦੋਲਨ, ਧਾਰਮਿਕ ਮਾਨਤਾਵਾਂ ਤੇ ਪਰੰਪਰਾਵਾਂ, ਧਾਰਮਿਕ ਸ਼ਖ਼ਸੀਅਤਾਂ, ਯੁੱਗ-ਚਿਤਰਣ, ਗੁਰੂ-ਪਰੰਪਰਾ, ਗੁਰੂ-ਸ਼ਬਦ, ਪਾਠ-ਵਿਧੀ, ਟੀਕੇ ਤੇ ਬੁਨਿਆਦੀ ਸਰੋਤ ਸਮੱਗਰੀ ਆਦਿ।
140 ਦੇ ਕਰੀਬ ਪੁਸਤਕਾਂ ਦੇ ਲੇਖਕ
ਉਨ੍ਹਾਂ ਨੇ 140 ਦੇ ਕਰੀਬ ਪੁਸਤਕਾਂ ਲਿਖੀਆਂ। ਇਨ੍ਹਾਂ ’ਚ 60 ਪੁਸਤਕਾਂ ਪੰਜਾਬੀ ਵਿਚ ਹਨ। ਦਸ ਵਿਸ਼ਵਕੋਸ਼ ਤੇ 27 ਟੀਕੇ ਅਤੇ ਵਿਆਖਿਆਵਾਂ ਹਨ। ਸੱਤ ਕਿਤਾਬਾਂ ਅਨੁਵਾਦ ਕੀਤੀਆਂ ਹਨ ਅਤੇ ਇੰਨੀਆਂ ਹੀ ਹਿੰਦੀ ਵਿਚ ਲਿਖੀਆਂ ਹਨ। ਤਿੰਨ ਪੁਸਤਕਾਂ ਅੰਗਰੇਜ਼ੀ ਵਿਚ ਹਨ। ਅਨੇਕ ਖੋਜ ਪੱਤਰ ਵੀ ਲਿਖੇ ਹਨ, ਰੇਡੀਓ ਵਾਰਤਾਵਾਂ ਦਿੱਤੀਆਂ। ਉਨ੍ਹਾਂ ਦੀਆਂ ਪ੍ਰਮੁੱਖ ਕਿਤਾਬਾਂ ਵਿੱਚੋਂ ‘ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ’, ‘ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿਚ ਸੁਤੰਰਤਾ ਦੀ ਭਾਵਨਾ’, ‘ਗੁਰੂ ਨਾਨਕ ਬਾਣੀ’, ‘ਗੁਰੂ ਨਾਨਕ ਵਿਚਾਰਧਾਰਾ’, ‘ਗੁਰਬਾਣੀ ਦੇ ਟੀਕੇ’, ‘ਭਾਈ ਗੁਰਦਾਸ : ਜੀਵਨੀ ਤੇ ਰਚਨਾ’, ‘ਬਾਣੀ ਸ਼ੇਖ਼ ਫਰੀਦ’, ‘ਪੁਰਤਾਨ ਜਨਮ ਸਾਖੀ ਦਾ ਵਿਸ਼ਲੇਸ਼ਣਾਤਮਕ ਅਧਿਐਨ’, ‘ਆਸਾ ਦੀ ਵਾਰ ਦਾ ਟੀਕਾ’, ਦਸਮ ਗ੍ਰੰਥ ਪਰਿਚੈ’, ‘ਸ੍ਰੀ ਗੁਰੂ ਗ੍ਰੰਥ ਸਾਹਿਬ : ਸਾਧਨਾ ਦਾ ਸਰੂਪ’, ‘ਚੰਡੀ ਦੀ ਵਾਰ : ਸਾਹਿਤਕ ਅਧਿਐਨ’, ‘ਭਾਈ ਵੀਰ ਸਿੰਘ ਸਾਹਿਤ ਕੋਸ਼’, ‘ਗੁਰੂ ਗ੍ਰੰਥ ਵਿਸ਼ਵਕੋਸ਼’, ‘ਪੰਜਾਬੀ ਸੂਫ਼ੀ ਕਾਵਿ ਕੋਸ਼’, ‘ਟੀਕਾ ਤੁਲਸੀ ਰਾਮਾਇਣ’ ਆਦਿ ਸ਼ਾਮਿਲ ਹਨ।
ਸੇਵਾਵਾਂ ਦੀਆਂ ਨਿਸ਼ਾਨੀਆਂ ਮਾਨਵ ਜਾਤੀ ਦੀ ਵਿਰਾਸਤ
ਉਨ੍ਹਾਂ ਨੂੰ ਜਦੋਂ ਭਾਰਤ ਸਰਕਾਰ ਵੱਲੋਂ 2023 ਵਿਚ ਪਦਮਸ਼੍ਰੀ ਨਾਲ ਸਨਮਾਨਿਆ ਗਿਆ ਤਾਂ ਉਸ ਸਮੇਂ ਜੋ ਪ੍ਰਸਤਾਵਨਾ ਪੜ੍ਹੀ ਗਈ, ਉਸ ਵਿਚ ਕਿਹਾ ਗਿਆ ਕਿ ‘ਡਾ. ਜੱਗੀ ਪੰਜਾਬੀ ਸਾਹਿਤ ਵਿਚ ਬਹੁਪੱਖੀ ਪ੍ਰਤਿਭਾ ਵਾਲੇ ਲੇਖਕ ਹਨ ਅਤੇ ਵਿਸ਼ਵਕੋਸ਼ੀ ਕਾਰਜਾਂ ਦੇ ਮਾਹਰ ਹਨ। ਉਨ੍ਹਾਂ ਨੇ ਪਹਿਲਾ ਸਾਹਿਤ ਕੋਸ਼ 1989 ’ਚ ਤਿਆਰ ਕੀਤਾ। ਉਹ ਗੁਰੂ ਗ੍ਰੰਥ ਵਿਸ਼ਵ ਕੋਸ਼ ਦੇ ਵੀ ਰਚੇਤਾ ਹਨ। ਉਹ ਭਾਰਤੀ ਸਾਹਿਤ, ਸਿੱਖ ਧਰਮ ਸ਼ਾਸ਼ਤਰ ਅਤੇ ਤੁਲਨਾਤਮਕ ਧਾਰਮਿਕ ਅਧਿਐਨ ਦੇ ਖੇਤਰ ’ਚ ਬੇਮਿਸਾਲ ਸ਼ਖ਼ਸ਼ੀਅਤ ਹਨ। ਇਕ ਪ੍ਰਸਿੱਧ ਵਿਦਵਾਨ, ਸਾਹਿਤਕਾਰ, ਅਧਿਆਪਕ ਅਤੇ ਕਈ ਪੀੜ੍ਹੀਆਂ ਲਈ ਮਾਰਗਦਰਸ਼ਕ ਦੇ ਸਰੋਤ ਸਤਿਕਾਰਯੋਗ ਡਾ. ਰਤਨ ਸਿੰਘ ਜੱਗੀ ਸਾਡੇ ਲਈ ਸਥਾਈ ਵਿਰਾਸਤ ਵਜੋਂ ਵਿਦਵਤਾ, ਨਿਮਰਤਾ ਅਤੇ ਗਿਆਨ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦਾ ਜੀਵਨ ਵਿਅਕਤੀਗਤ ਮੁਲਾਂ ਦੁਆਰਾ ਨਿਰਦੇਸ਼ਿਤ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀਆਂ ਨਿਸ਼ਾਨੀਆਂ ਸਮੁੱਚੀ ਮਾਨਵ ਜਾਤੀ ਦੀ ਵਿਰਾਸਤ ਦਾ ਹਮੇਸ਼ਾ ਅਹਿਮ ਹਿੱਸਾ ਰਹਿਣਗੀਆਂ।’ ਅਸਲ ਵਿਚ ਉਨ੍ਹਾਂ ਦੇ ਸਨਮਾਨਾਂ ਦੀ ਲਿਸਟ ਲੰਬੀ ਹੈ। ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡੀ.ਲਿਟ ਦੀ ਡਿਗਰੀ ਨਾਲ ਨਿਵਾਜਿਆ। ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਰਤਨ ਨਾਲ ਸਨਮਾਨਤ ਕੀਤਾ। ਹਿੰਦੀ ਸੰਸਥਾਨ ਲਖਨਊ ਨੇ ਸਨਮਾਨਿਤ ਕੀਤਾ। ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਭਾਈ ਮੋਹਨ ਸਿੰਘ ਵੈਦ ਸਾਹਿਤ ਕੇਂਦਰ ਨੇ ਦਿੱਤਾ। ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਦੀਆਂ 8 ਕਿਤਾਬਾਂ ਨੂੰ ਪ੍ਰਥਮ ਪੁਰਸਕਾਰ ਤੇ ਭਾਸ਼ਾ ਵਿਭਾਗ ਹਰਿਆਣਾ ਨੇ ਇਕ ਪੁਸਤਕ ਨੂੰ ਪ੍ਰਥਮ ਪੁਰਸਕਾਰ ਦਿੱਤਾ। ਚੀਫ ਖ਼ਾਲਸਾ ਦੀਵਾਨ ਅੰਮ੍ਰਿਤਸਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਨਾਮਧਾਰੀ ਦਰਬਾਰ ਨੇ ਵੀ ਉਨ੍ਹਾਂ ਦਾ ਸਨਮਾਨ ਕੀਤਾ।
ਛੇ ਭਾਸ਼ਾਵਾਂ ਦੇ ਸਨ ਗਿਆਤਾ
ਪੰਜਾਬੀ, ਹਿੰਦੀ, ਉਰਦੂ, ਫਾਰਸੀ, ਸੰਸਕ੍ਰਿਤ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਗਿਆਤਾ ਜੱਗੀ ਸਾਹਿਬ ਨੇ ਜਿੰਨੀ ਵੀ ਰਚਨਾ ਕੀਤੀ ਹੈ, ਉਸ ਵਿੱਚੋ ਇਹ ਨਿਖੇੜਾ ਕਰਨਾ ਕਿ ਕਿਹੜੀ ਸਭ ਤੋਂ ਉੱਤਮ ਹੈ, ਇਹ ਅਸੰਭਵ ਹੈ। ਉਨ੍ਹਾਂ ਦਾ ਸਾਰਾ ਕੰਮ ਬੇਮਿਸਾਲ ਹੈ ਅਤੇ ਵਿਦਵਤਾ ਦੀ ਕਸਵੱਟੀ ’ਤੇ ਖ਼ਰਾ ਉਤਰਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਆਜੀਵਨ ਫੈਲੋ (ਉਮਰ ਭਰ ਲਈ) ਰਹੇ। ਇਸ ਯੂਨੀਵਰਸਿਟੀ ’ਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਰਹੇ। ਦਸ ਸਾਲ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ’ਚ ਖੋਜ ਪੱਤਰਿਕਾ ਦਾ ਸੰਪਾਦਨ ਕੀਤਾ ਅਤੇ ਹੋਰ ਪੱਤਰਿਕਾਵਾਂ ਦੇ ਸੰਪਾਦਕੀ ਬੋਰਡ ’ਤੇ ਰਹੇ। ਉਨ੍ਹਾਂ ਦੀ ਵਿਸ਼ੇਸ਼ਗਤਾ ਵਿਚ ਪੰਜਾਬੀ ਤੇ ਹਿੰਦੀ ਦਾ ਮੱਧਕਾਲੀਨ ਸਾਹਿਤ ਤੇ ਭਗਤੀ ਅੰਦੋਲਨ ਸਬੰਧੀ ਸਾਹਿਤ, ਸਿੱਖ ਧਰਮ ਗ੍ਰੰਥ ਅਤੇ ਭਾਰਤੀ ਕਾਵਿ ਸ਼ਾਸ਼ਤਰ ਸ਼ਾਮਲ ਸੀ।
ਪੀਐੱਚਡੀ ਕਰਨ ਦੀ ਪੈਦਾ ਹੋਈ ਚਾਹਤ
ਕਾਲਜ ਦੀ ਕਨਵੋਕੇਸ਼ਨ ਤੇ ਪੀਐੱਚਡੀ ਦੀ ਡਿਗਰੀ ਵਾਲਿਆਂ ਦੇ ਵੱਖਰੀ ਕਿਸਮ ਦਾ ਗਾਊਨ ਪਾਇਆ ਵੇਖ ਕੇ ਮਨ ਵਿਚ ਪੀਐੱਚਡੀ ਕਰਨ ਦੀ ਚਾਹਤ ਪੈਦਾ ਹੋ ਗਈ। ਟੌਪਿਕ ਚੁਣਨੇ ਸ਼ੁਰੂ ਕਰ ਦਿੱਤੇ। ਨਾਟਕਾਂ ਦੇ ਜਨਮ ਤੇ ਵਿਕਾਸ ਵਿਸ਼ੇ ’ਤੇ ਪੀਐੱਚਡੀ ਕਰਨ ਲਈ ਟੌਪਿਕ ਚੁਣਿਆ ਅਤੇ ਭਾਈ ਜੋਧ ਸਿੰਘ ਨੇ ਹਾਮੀ ਭਰ ਦਿੱਤੀ। ਦਿੱਲੀ ਡਾ. ਹਰਿਭਜਨ ਸਿੰਘ ਕੋਲ ਚਲੇ ਗਏ, ਉਨ੍ਹਾਂ ਨੇ ਸਾਰੇ ਟੌਪਿਕਾਂ ਦੇ ਲਿਸਟ ਦੇਖੀ ਅਤੇ ਉਸ ’ਚ ਦਸਮ ਗ੍ਰੰਥ ਵਾਲਾ ਟੌਪਿਕ ਵੀ ਸੀ। ਉਨ੍ਹਾਂ ਨੇ ਇਹ ਟੌਪਿਕ ਰੱਖਣ ਦੀ ਸਲਾਹ ਦਿਤੀ ਪਰ ਜਿਸ ਕੋਲੋਂ ਪੀਐੱਚਡੀ ਕਰਨੀ ਸੀ, ਉਹ ਥੋੜ੍ਹਾ ਸਨਕੀ ਵਿਦਵਾਨ ਸੀ। ਇਸ ਕਰ ਕੇ ਹਰਿਭਜਨ ਸਿੰਘ ਨੇ ਸਲਾਹ ਦਿੱਤੀ ਕਿ ਉਸ ਨੇ ਤੇਰੀ ਪੀਐੱਚਡੀ ਪੂਰੀ ਨਹੀਂ ਹੋਣ ਦੇਣੀ, ਤੂੰ ਹਿੰਦੀ ਦੀ ਐੱਮਏ ਕੀਤੀ ਹੋਈ ਅਤੇ ਇਸੇ ਵਿਸ਼ੇ ’ਤੇ ਹੀ ਹਿੰਦੀ ਵਿਚ ਪੀਐੱਚਡੀ ਕਰ ਲੈ। ਇਹ ਗੱਲ ਸਿਰੇ ਚੜ੍ਹ ਗਈ। •
• ਸਰਬਜੀਤ ਧਾਲੀਵਾਲ