ਵਾਤਾਵਰਨ ਮੂਰਤੀ ਹਨ ਭਗਵਾਨ ਸ਼ਿਵ, ਇਹ ਸਾਰੀ ਸ੍ਰਿਸ਼ਟੀ ਭਗਵਾਨ ਵਿਸ਼ਵਨਾਥ ਦੀ ਰਚਨਾ ਹੈ। ਜਲ, ਅਗਨੀ, ਧਰਤੀ, ਹਵਾ, ਆਕਾਸ਼, ਚੰਦ੍ਰਮਾ, ਸੂਰਜ ਅਤੇ ਯਜਮਾਨ/ਆਤਮਾ, ਇਸ ਤਰ੍ਹਾਂ ਅੱਠ ਪ੍ਰਤੱਖ ਰੂਪਾਂ ਵਿਚ ਭਗਵਾਨ ਸ਼ਿਵ ਸਾਰਿਆਂ ਨੂੰ ਦਿਖਾਈ ਦਿੰਦੇ ਹਨ। ਭਾਰਤੀ ਨਜ਼ਰੀਏ ਤੋਂ ਵਿਸ਼ਵ ਮੂਰਤੀ ਸਮੁੱਚਾ ਜੀਵ-ਜਗਤ ਤੇ ਇਸਦਾ ਪੋਸ਼ਣ ਕਰਨ ਵਾਲੇ ਕੁਦਰਤੀ ਤੱਤ ਸ਼ਿਵ ਦਾ ਪ੍ਰਤੱਖ ਸਰੀਰ ਹੈ।
ਵਾਤਾਵਰਨ ਮੂਰਤੀ ਹਨ ਭਗਵਾਨ ਸ਼ਿਵ, ਇਹ ਸਾਰੀ ਸ੍ਰਿਸ਼ਟੀ ਭਗਵਾਨ ਵਿਸ਼ਵਨਾਥ ਦੀ ਰਚਨਾ ਹੈ। ਜਲ, ਅਗਨੀ, ਧਰਤੀ, ਹਵਾ, ਆਕਾਸ਼, ਚੰਦ੍ਰਮਾ, ਸੂਰਜ ਅਤੇ ਯਜਮਾਨ/ਆਤਮਾ, ਇਸ ਤਰ੍ਹਾਂ ਅੱਠ ਪ੍ਰਤੱਖ ਰੂਪਾਂ ਵਿਚ ਭਗਵਾਨ ਸ਼ਿਵ ਸਾਰਿਆਂ ਨੂੰ ਦਿਖਾਈ ਦਿੰਦੇ ਹਨ। ਭਾਰਤੀ ਨਜ਼ਰੀਏ ਤੋਂ ਵਿਸ਼ਵ ਮੂਰਤੀ ਸਮੁੱਚਾ ਜੀਵ-ਜਗਤ ਤੇ ਇਸਦਾ ਪੋਸ਼ਣ ਕਰਨ ਵਾਲੇ ਕੁਦਰਤੀ ਤੱਤ ਸ਼ਿਵ ਦਾ ਪ੍ਰਤੱਖ ਸਰੀਰ ਹੈ। ਇਸ ਤਰ੍ਹਾਂ ਸ਼ਿਵ ਸਮੁੱਚੇ ਜੜ-ਚੇਤਨ ਪ੍ਰਾਣੀਆਂ ਦੇ ਪਿਤਾ ਹਨ। ਜਿਸ ਤਰ੍ਹਾਂ ਆਪਣੀ ਸੰਤਾਨ ਦਾ ਭਲਾ ਕਰਨ ਵਾਲੇ ਉੱਪਰ ਪਿਤਾ ਪ੍ਰਸੰਨ ਹੁੰਦੇ ਹਨ ਉਸੇ ਤਰ੍ਹਾਂ ਹੀ ਵਾਤਾਵਰਨ ਦੇ ਉਕਤ ਘਟਕਾਂ ਨੂੰ ਨੁਕਸਾਨ ਤੋਂ ਬਚਾਉਣ, ਪ੍ਰਦੂਸ਼ਣ ਮੁਕਤ ਕਰਨ ਵਾਲੇ ਅਤੇ ਪੋਸ਼ਣ ਦੇਣ ਵਾਲਿਆਂ ਉਪਰ ਭਗਵਾਨ ਸ਼ੰਕਰ ਵੀ ਪ੍ਰਸੰਨ ਹੁੰਦੇ ਹਨ। ਜੇਕਰ ਕੋਈ ਇਨ੍ਹਾਂ ਅੱਠ ਪ੍ਰਤਿਮਾਵਾਂ ਵਿਚ ਕਿਸੇ ਇਕ ਦਾ ਵੀ ਨੁਕਸਾਨ ਕਰਦਾ ਹੈ ਤਾਂ ਉਹ ਅਸਲ ਵਿਚ ਭਗਵਾਨ ਸ਼ੰਕਰ ਜੀ ਦਾ ਹੀ ਨਿਰਾਦਰ ਹੀ ਕਰ ਰਿਹਾ ਹੈ।
ਭਗਵਾਨ ਸ਼ੰਕਰ ਦਾ ਭੌਤਿਕ ਰੂਪ ਵੀ ਪੂਰੀ ਤਰ੍ਹਾਂ ਵਾਤਾਵਰਨ ਦਾ ਹੀ ਰੂਪ ਹੈ। ਮਹਾਰਾਜਾ ਦਲੀਪ ਦੇ ਪੁੱਤਰ ਭਗੀਰਥ ਨੇ ਘੋਰ ਤਪ ਕੀਤਾ ਜਿਸ ਨਾਲ ਮਾਂ ਗੰਗਾ ਪ੍ਰਸੰਨ ਹੋਈ, ਪਰੰਤੂ ਗੰਗਾ ਨੇ ਖ਼ਦਸ਼ਾ ਜਤਾਇਆ ਕਿ ਉਸ ਦੇ ਪ੍ਰਚੰਡ ਵੇਗ ਨੂੰ ਧਰਤੀ ਕਿਸ ਤਰ੍ਹਾਂ ਸਹਿਣ ਕਰੇਗੀ। ਫੇਰ ਮਹਾਰਾਜਾ ਭਗੀਰਥ ਤਪ ਰਾਹੀਂ ਸ਼ਿਵ ਭੋਲੇ ਨਾਥ ਨੂੰ ਪ੍ਰਸੰਨ ਕੀਤਾ। ਭੋਲੇ ਨਾਥ ਨੇ ਆਪਣੀਆਂ ਜਟਾਵਾਂ ਵਿਚ ਗੰਗਾ ਨੂੰ ਸਥਾਨ ਦਿੱਤਾ। ਰੁੱਖ ਦੀਆਂ ਜੜ੍ਹਾਂ ਜਟਾਵਾਂ ਦਾ ਹੀ ਕੰਮ ਕਰਦੀਆਂ ਹਨ। ਇਹ ਬਰਸਾਤ ਦੇ ਤੇਜ਼ ਵਹਾਅ ਨੂੰ ਆਪਣੇ ਅੰਦਰ ਸੰਜੋਅ ਕੇ ਮਿੱਟੀ ਦਾ ਕਟਾਅ ਤੇ ਬਹਾਅ ਰੋਕਦੀਆਂ ਹਨ। ਸ਼ਿਵ ਦੇ ਗਲੇ ਦਾ ਗਹਿਣਾ ਸੱਪ ਹੈ, ਜੋ ਫ਼ਸਲਾਂ ਦੇ ਦੁਸ਼ਮਣ ਚੂਹਿਆਂ ਆਦਿ ਨੂੰ ਖਾ ਕੇ ਕੀਟ ਨਿਯੰਤ੍ਰਣ ਦਾ ਕੰਮ ਕਰਦੇ ਹਨ। ਇਹ ਭੋਜਨ ਚੱਕਰ ਦੇ ਵੱਖ-ਵੱਖ ਅੰਗ ਹਨ। ਸਮੁੰਦਰ ਮੰਥਨ ਵਿਚੋਂ ਨਿਕਲੇ ਵਿਨਾਸ਼ਕਾਰੀ ਜ਼ਹਿਰ ਨੂੰ ਭਗਵਾਨ ਸ਼ੰਕਰ ਨੇ ਪੀ ਲਿਆ ਅਤੇ ਇਸ ਜ਼ਹਿਰ ਦੇ ਪ੍ਰਭਾਵ ਨਾਲ ਉਨ੍ਹਾਂ ਦਾ ਗਲਾ ਨੀਲਾ ਹੋ ਗਿਆ ਅਤੇ ਉਹ ਨੀਲ ਕੰਠ ਕਹਿਲਾਏ। ਨੀਲ ਕੰਠ ਭਗਵਾਨ ਦਾ ਇਹ ਕੰਮ ਧਰਤੀ ਉੱਪਰ ਰੁੱਖ ਹੀ ਕਰਦੇ ਹਨ। ਰੁੱਖ ਕਾਰਬਨ-ਡਾਈਆਕਸਾਈਡ ਜਿਹੀਆਂ ਜ਼ਹਿਰੀਲੀ ਗੈਸਾਂ ਨੂੰ ਸੋਖ ਕੇ ਉਸ ਦੇ ਬਦਲੇ ਸਾਨੂੰ ਆਕਸੀਜਨ ਦਿੰਦੇ ਹਨ। ਧਰਤੀ ਉੱਪਰ ਰੁੱਖ ਪ੍ਰਤੱਖ ਮਹਾਦੇਵ ਹਨ। ਉਨ੍ਹਾਂ ਦੀ ਸਵਾਰੀ ਨੰਦੀ ਨਾਂ ਦਾ ਬੈਲ ਹੈ। ਗਊ ਵੰਸ਼ ਸਾਰੇ ਜੀਵ-ਜੰਤੁਆਂ ਦੀ ਪਾਲਣਾ ਕਰਦਾ ਹੈ। ਉਸਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਈਏ ਤਾਂ ਸਦਾ ਸੁੱਖੀ ਰਹਾਂਗੇ। ਬਿੱਲ ਜਾਂ ਬੇਲ ਦੇ ਰੁੱਖ ਵਿਚ ਵਾਤਾਵਰਨ ’ਚ ਫੈਲੀਆਂ ਸਾਰੀਆਂ ਅਸ਼ੁੱਧੀਆਂ ਨੂੰ ਸੋਖਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਮਹਾਦੇਵ ਦੀ ਪੂਜਾ ਨਾਲ ਬੇਲ ਪੱਤਰ ਨੂੰ ਜੋੜਿਆ ਗਿਆ ਹੈ ਤਾਂ ਜੋ ਇਸ ਦੀ ਰੱਖਿਆ ਨੂੰ ਹੱਲਾਸ਼ੇਰੀ ਮਿਲੇ। ਭਗਵਾਨ ਸ਼ਿਵ ਜੀ ਦਾ ਨਿਵਾਸ ਅਸਥਾਨ ਹਿਮਾਲਿਆ ਪਰਬਤ ਉੱਤੇ ਹੋਣਾ ਇਹ ਦੱਸਦਾ ਹੈ ਕਿ ਮਨੁੱਖਤਾ ਦੇ ਕਲਿਆਣ ਲਈ ਜ਼ਮੀਨ, ਜੰਗਲ, ਜੀਵ-ਜੰਤੂ, ਜਲ, ਸਰੋਵਰਾਂ, ਪਹਾੜਾਂ, ਗਲੇਸ਼ੀਅਰਾਂ ਆਦਿ ਦੀ ਸੁਰੱਖਿਆ ਜ਼ਰੂਰੀ ਹੈ। ਕੁਦਰਤੀ ਮਾਹੌਲ ਵਿਚ ਸ਼ਿਵ ਜੀ ਤੇ ਪਾਰਵਤੀ ਜੀ ਦਾ ਨਿਵਾਸ ਅਸਥਾਨ ਉਨ੍ਹਾਂ ਦੇ ਕੁਦਰਤ ਪ੍ਰਤੀ ਪ੍ਰੇਮ ਦਾ ਪ੍ਰਗਟਾਵਾ ਹੈ। ਪਹਾੜਾਂ ਦਾ ਖਿਸਕਣਾ, ਬੱਦਲਾਂ ਦਾ ਫਟਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਦਾ ਜਲ ਪੱਧਰ ਵਧਣਾ, ਮੌਸਮ ਚੱਕਰ ਵਿਚ ਬਦਲਾਅ ਆਦਿ ਮਨੁੱਖ ਨੂੰ ਜਗਾਉਣ ਲਈ ਸ਼ਿਵ ਦੁਆਰਾ ਦਿੱਤੇ ਜਾਣ ਵਾਲੇ ਵਾਤਾਵਰਨ ਅਸੰਤੁਲਨ ਦੇ ਸੰਕੇਤ ਹਨ। ਗੁੱਸੇ ਵਿਚ ਆ ਕੇ ਸ਼ਿਵ ਜੀ ਰਾਹੀਂ ਤਾਂਡਵ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਜਾਤੀ ਨੂੰ ਵਿਨਾਸ਼ ਤੋਂ ਬਚਾਉਣ ਲਈ ਵਾਤਾਵਰਨ ਦੀ ਸੁਰੱਖਿਆ ਜ਼ਰੂਰੀ ਹੈ।
ਭਗਵਾਨ ਸ਼ਬਦ ਪੰਜ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ। ਹਰ ਇਕ ਅੱਖਰ ਵਾਤਾਵਰਨ ਦੇ ਇਕ-ਇਕ ਤੱਤ ਦੀ ਨੁਮਾਇੰਦਗੀ ਕਰਦਾ ਹੈ। ਜਿਸ ਤਰ੍ਹਾਂ ਭੂਮੀ ਤੋਂ ‘ਭ’, ਗਗਨ ਤੋਂ ‘ਗ’, ਵਾਯੂ ਤੋਂ ‘ਵ’, ਅਗਨੀ ਤੋਂ ‘ਅ’ ਅਤੇ ਨੀਰ ਤੋਂ ‘ਨ’ ਸ਼ਬਦ ਲਿਆ ਗਿਆ ਹੈ। ਅਰਥਾਤ ਇਨ੍ਹਾਂ ਦੀ ਪੂਜਾ ਦਾ ਅਰਥ ਉਕਤ ਪੰਜੇ ਤੱਤਾਂ ਦੀ ਸੁਰੱਖਿਆ ਕਰਨਾ ਹੀ ਹੈ। ਇਨ੍ਹਾਂ ਪੰਜਾਂ ਤੱਤਾਂ ਨੂੰ ਬਚਾਉਣਾ ਤੇ ਪਾਲਣ-ਪੋਸ਼ਣ ਕਰਨਾ ਭਗਵਾਨ ਦੀ ਸੱਚੀ ਪੂਜਾ ਹੈ। ਉਸ ਦੀ ਸੱਚੀ ਭਗਤੀ ਹੈ। ਖੁੱਲ੍ਹੇ ਵਿਚ ਸੁੱਟਿਆ ਪਲਾਸਟਿਕ ਬਰਸਾਤ ਦੇ ਪਾਣੀ ਨਾਲ ਵਹਿ ਕੇ ਨਦੀਆਂ ਤੇ ਝੀਲਾਂ ਵਿਚ ਚਲਿਆ ਜਾਂਦਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਹੈ। ਪਲਾਸਟਿਕ ਦਾ ਕਚਰਾ ਸੀਵਰੇਜ ਦੀ ਨਿਕਾਸੀ ਵਿਚ ਰੁਕਾਵਟ ਬਣਦਾ ਹੈ। ਧਰਤੀ ਉੱਤੇ ਫੈਲੇ ਮਾਈਕ੍ਰੋ ਪਲਾਸਟਿਕ ਬਰਸਾਤ ਦੇ ਪਾਣੀ ਦੇ ਰਿਸਾਵ ਵਿਚ ਰੁਕਾਵਟ ਬਣਦੇ ਹਨ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਘੱਟ ਰਿਹਾ ਹੈ। ਖੇਤਾਂ ਵਿਚ ਪਲਾਸਟਿਕ ਦਾ ਕਚਰਾ ਵਧਣ ਨਾਲ ਮਿੱਟੀ ਦੀ ਉਪਜਾਉ ਸ਼ਕਤੀ ਘੱਟ ਹੋ ਜਾਂਦੀ ਹੈ। ਅਕਸਰ ਕਚਰੇ ਨੂੰ ਸਾੜ ਦਿੱਤਾ ਜਾਂਦਾ ਹੈ ਜਿਸ ਨਾਲ ਹਵਾ ਵਿਚ ਜ਼ਹਿਰੀਲੇ ਪਦਾਰਥ ਘੁੱਲ ਜਾਂਦੇ ਹਨ। ਹਰ ਸਾਲ ਲੱਖਾਂ ਲੋਕ ਹਵਾ ਦੀ ਖ਼ਰਾਬ ਗੁਣਵੱਤਾ ਨਾਲ ਆਪਣੀਆਂ ਜਾਨਾਂ ਗਵਾਉਂਦੇ ਹਨ। ਅਜਿਹੇ ਵਿਚ ਸ਼ਿਵ ਜੀ ਦੇ ਉਕਤ ਸੰਦੇਸ਼ ਦਾ ਮਹੱਤਤਾ ਹੋਰ ਵੱਧ ਜਾਂਦੀ ਹੈ। ਦੁਨੀਆ ਵਿਚ 90 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ ਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ। ਹਜ਼ਾਰਾਂ ਮੱਛਲੀਆਂ, ਕਛੁਏ, ਗਊਆਂ, ਪੰਛੀ ਪਲਾਸਟਿਕ ਨੂੰ ਭੋਜਨ ਸਮਝ ਕੇ ਨਿਗਲ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ । ਪ੍ਰਯਾਗਰਾਜ ਮਹਾਂਕੁੰਭ ਨੂੰ ਹਰਾ,ਪਵਿੱਤਰ ਤੇ ਸਵੱਛ ਕੁੰਭ ਬਣਾਉਣ ਲਈ ‘ਇਕ ਥੈਲਾ ਇਕ ਥਾਲੀ’ ਮੁਹਿੰਮ ਵਾਤਾਵਰਨ ਗਤੀਵਿਧੀ ਵਜੋਂ ਚਲਾਇਆ ਗਿਆ। ਪੂਰੇ ਦੇਸ਼ ਵਿਚ ਲੋਕਾਂ ਤੋਂ ਕੱਪੜੇ ਦੇ ਥੈਲੇ ਅਤੇ ਥਾਲੀਆਂ ਇਕੱਠੀਆਂ ਕਰ ਕੇ ਪ੍ਰਯਾਗਰਾਜ ਮਹਾਂਕੁੰਭ ਭੇਜੀਆਂ ਤਾਂ ਜੋ ਪਲਾਸਟਿਕ ਦਾ ਕਚਰਾ ਘਟਾਇਆ ਜਾ ਸਕੇ। ਪ੍ਰਯਾਗਰਾਜ ਮਹਾਂਕੁੰਭ ਦੇ ਭੰਡਾਰਿਆਂ ਵਿਚ 10.25 ਸਟੀਲ ਦੀਆਂ ਥਾਲੀਆਂ, 13 ਲੱਖ ਕੱਪੜੇ ਦੇ ਥੈਲੇ ਤੇ 2.5 ਲੱਖ ਸਟੀਲ ਦੇ ਗਿਲਾਸ ਮੁਫ਼ਤ ਵੰਡੇ ਗਏ। ਇਸ ਨਾਲ ਵਾਤਾਵਰਨ ਦੀ ਸਵੱਛਤਾ ਦਾ ਸੁਨੇਹਾ ਘਰ-ਘਰ ਪਹੁੰਚਿਆ। ਦੇਸ਼ ਪੱਧਰੀ ਅਭਿਆਨ ਵਿਚ ਲੱਖਾਂ ਪਰਿਵਾਰਾਂ ਦੇ ਸਹਿਯੋਗ ਨਾਲ ਹਰਿਤ ਕੁੰਭ ਅਭਿਆਨ ਸਫਲ ਹੋਇਆ। ਸਵੱਛ ਅਤੇ ਸਿਹਤਮੰਦ ਵਾਤਾਵਰਨ ਲਈ ਸਥਾਨਕ ਪਤਵੰਤੇ ਲੋਕਾਂ ਤੇ ਸੰਤ ਸਮਾਜ ਦੇ ਮਾਰਗ ਦਰਸ਼ਨ ’ਚ ਵੱਖ-ਵੱਖ ਸਮਾਜਿਕ, ਸਵੈ-ਸੇਵੀ, ਧਾਰਮਿਕ ਸੰਗਠਨਾਂ ਨਾਲ ਸੰਪਰਕ ਕਰ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਮਹਾਂਸ਼ਿਵਰਾਤਰੀ ਮਹਾਂਉਤਸਵ ’ਤੇ ਲੱਗਣ ਵਾਲੇ ਲੰਗਰਾਂ ਦੌਰਾਨ ਸਟੀਲ ਦੇ ਬਰਤਨਾਂ ਦੀ ਵਰਤੋਂ ਹਰ ਹੀਲੇ ਜ਼ਰੂਰ ਕੀਤੀ ਜਾਵੇ।
ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਵੱਡੀ ਗਿਣਤੀ ’ਚ ਸੰਗਤ ਮੰਦਰਾਂ ਵਿਚ ਜਾ ਕੇ ਭਗਵਾਨ ਸ਼ਿਵ ਜੀ ਅੱਗੇ ਨਤਮਸਤਕ ਹੁੰਦੀ ਹੈ। ਭਗਵਾਨ ਸ਼ਿਵ ਜੀ ਦੀਆਂ ਖ਼ੁਸ਼ੀਆਂ ਲੈਣ ਤੇ ਉਨ੍ਹਾਂ ਦੀ ਕਿਰਪਾ ਹਾਸਿਲ ਕਰਨ ਲਈ ਉਨ੍ਹਾਂ ਦੇ ਇਸ ਸੰਸਾਰ ਨੂੰ ਸਵੱਛ ਅਤੇ ਵਾਤਾਵਰਨ-ਪੱਖੀ ਰੱਖਣ ਲਈ ਸਾਰੀ ਮਾਨਵਤਾ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਸੋ ਧਰਤੀ ਨੂੰ ਸਵਰਗ ਬਣਾਉਣ ਲਈ ਪ੍ਰਭੂ ਦੀ ਅਾਰਾਧਨਾ ਕਰਨ ਦੀ ਲੋੜ ਹੈ। ਮਹਾਂਸ਼ਿਵਰਾਤਰੀ ਦੇ ਇਸ ਪਵਿੱਤਰ ਮੌਕੇ ’ਤੇ ਸਾਨੂੰ ਸਭ ਨੂੰ ਭਗਵਾਨ ਸ਼ਿਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ।
ਸਿੱਖਿਆਵਾਂ ’ਤੇ ਅਮਲ ਦੀ ਲੋੜ
ਭਗਵਾਨ ਸ਼ਿਵ ਜੀ ਨੇ ਇਸ ਸੰਸਾਰ ਨੂੰ ਸਚਾਈ ਅਤੇ ਮਨੁੱਖਤਾ ਦੀ ਭਲਾਈ ਦਾ ਜਿਹੜਾ ਮਾਰਗ ਦਰਸਾਇਆ, ਉਸ ’ਤੇ ਚੱਲਣ ਦੀ ਬੇਹੱਦ ਲੋੜ ਹੈ। ਜਿਵੇਂ ਲੇਖ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੰਸਾਰ ਵਿਚ ਵਾਤਾਵਰਨ ਸੰਤੁਲਨ ਕਾਇਮ ਰੱਖਣ ਦਾ ਸੁਨੇਹਾ ਉਸ ਸਮੇਂ ਦਿੱਤਾ ਸੀ। ਇਸ ਸਿੱਖਿਆ ’ਤੇ ਪਹਿਰਾ ਦੇਣਾ , ਸ਼ਿਵ ਭਗਤੀ ਤੇ ਉਨ੍ਹਾਂ ਦੀ ਸਿੱਿਖਆ ’ਤੇ ਅਮਲ ਕਰਨਾ ਹੀ ਸੱਚ ਦਾ ਮਾਰਗ ਹੈ ।
• ਪ੍ਰਵੀਨ ਕੁਮਾਰ