ਸਾਰਾਗੜ੍ਹੀ ਦੀ ਲੜਾਈ ਪੰਜਾਬ ਦੇ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ। ਇਹ ਲੜਾਈ ਸੰਸਾਰ ਦੀਆਂ ਸਭ ਤੋਂ ਮਹਾਨ ਲੜਾਈਆਂ ਵਿਚ ਆਉਂਦੀ ਹੈ। ਇਨ੍ਹਾਂ ਸੂਰਮਿਆਂ ਨੇ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਆਪਣੇ ਤੋਂ ਕਈ ਗੁਣਾਂ ਵੱਧ ਗਿਣਤੀ ਵਾਲੇ ਅਤੇ ਸਾਧਨ ਸੰਪਨ ਦੁਸ਼ਮਣ ਦਾ ਦਿ੍ਰੜਤਾ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਯਕੀਨਨ ਮੌਤ ਨੂੰ ਸਾਹਮਣੇ ਵੇਖਦੇ ਹੋਏ ਵੀ ਮੈਦਾਨ ਨਾ ਛੱਡਿਆ।

ਸਾਰਾਗੜ੍ਹੀ ਦੀ ਲੜਾਈ ਪੰਜਾਬ ਦੇ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ। ਇਹ ਲੜਾਈ ਸੰਸਾਰ ਦੀਆਂ ਸਭ ਤੋਂ ਮਹਾਨ ਲੜਾਈਆਂ ਵਿਚ ਆਉਂਦੀ ਹੈ। ਇਨ੍ਹਾਂ ਸੂਰਮਿਆਂ ਨੇ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਆਪਣੇ ਤੋਂ ਕਈ ਗੁਣਾਂ ਵੱਧ ਗਿਣਤੀ ਵਾਲੇ ਅਤੇ ਸਾਧਨ ਸੰਪਨ ਦੁਸ਼ਮਣ ਦਾ ਦਿ੍ਰੜਤਾ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਯਕੀਨਨ ਮੌਤ ਨੂੰ ਸਾਹਮਣੇ ਵੇਖਦੇ ਹੋਏ ਵੀ ਮੈਦਾਨ ਨਾ ਛੱਡਿਆ।
ਸਿੱਖ ਕੌਮ ਦੁਨੀਆ ਦੀਆਂ ਬਹਾਦਰ ਕੌਮਾਂ ਵਿੱਚੋਂ ਪਹਿਲੇ ਨੰਬਰ ’ਤੇ ਹੈ। ਸਾਰਾਗੜ੍ਹੀ ਦੀ ਜੰਗ ਬਹਾਦਰੀ ਦੀ ਇਕ ਐਸੀ ਮਿਸਾਲ ਪੇਸ਼ ਕਰਦੀ ਹੈ ਜੋ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਇਹ ਗੱਲ 12 ਸਤੰਬਰ 1897 ਦੀ ਹੈ। ਇਹ 21 ਸਿੱਖ ਫ਼ੌਜੀ ਬਿ੍ਰਟਿਸ਼ ਭਾਰਤੀ ਫ਼ੌਜ ਦੇ 36 ਸਿੱਖ ਰੈਜੀਮੈਂਟ ਦੇ ਜਵਾਨ ਸਨ। ਹੁਣ ਇਸ ਰੈਜੀਮੈਂਟ ਨੂੰ 4 ਸਿੱਖ ਰੈਜੀਮੈਂਟ ਵੀ ਕਿਹਾ ਜਾਂਦਾ ਹੈ। ਸਾਰਾਗੜ੍ਹੀ ਦਾ ਸਥਾਨ ਕੋਹਾਟ ਜਿਲ੍ਹੇ ਵਿਚ ਇਕ ਸਰਹੱਦੀ ਪਿੰਡ ਹੈ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਮੀਲ ’ਤੇ ਹੈ। ਲਾਕਹਾਰਟ ਤੇ ਗੁਲਸਤਾਨ ਕਿਲੇ੍ਹ ਦੀ ਦੂਰੀ ਛੇ ਕਿਲੋਮੀਟਰ ਹੈ। ਇਹ ਦੋ ਕਿਲੇ੍ਹ ਹਨ, ਇਨ੍ਹਾਂ ਦੋਵਾਂ ਕਿਲ੍ਹਿਆਂ ਵਿਚ ਨੀਵੇਂ ਥਾਂ ਸਾਰਾਗੜ੍ਹੀ ਦਾ ਸਥਾਨ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਸ਼ੀਸ਼ੇ ਰਾਹੀਂ ਸਿਗਨਲ ਦੇਣ ਲਈ ਸਾਰਾਗੜ੍ਹੀ ਦੀ ਚੌਂਕੀ ਬੜੀ ਅਹਿਮ ਸੀ।
ਮਹਾਨ ਕੋਸ਼ ਦੇ ਪੰਨਾ ਨੰ. 186 ਤੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ, ਕੋਹਾਟ ਜ਼ਿਲ੍ਹੇ ਵਿਚ ਇਕ ਸਰਹੱਦੀ ਪਿੰਡ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਕੁ ਮੀਲ ਪਰੇ ਹੈ ਅਤੇ ਭਾਰਤ ਸਰਕਾਰ ਦੀ ਇਕ ਛੋਟੀ ਗੜ੍ਹੀ ਹੈ, ਇਸ ਥਾਂ ਜੰਗ ਤੀਰਾ ਵਿਚ 12 ਸਤੰਬਰ 1897 ਨੂੰ ਪਲਟਨ 36 ਸਿੱਖ ਦੇ 21 ਸਿੰਘ ਹਜ਼ਾਰਾਂ ਅਫਰੀਦੀਆਂ ਤੋਂ ਘਿਰ ਕੇ ਵੀ ਕਾਇਰ ਨਹੀ ਹੋਏ, ਸਗੋਂ ਉਨ੍ਹਾਂ ਵੀਰਤਾ ਦਿਖਾਈ, ਜੋ ਅੰਮਿ੍ਰਤਧਾਰੀ ਸਿੰਘ ਸਦਾ ਵਿਖਾਉਂਦੇ ਰਹੇ ਹਨ। ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰ ਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ, ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਜ਼ਿਲ੍ਹਾ ਲਾਕਹਾਰਟ, ਅੰਮਿ੍ਰਤਸਰ ਅਤੇ ਫਿਰੋਜ਼ਪੁਰ ਵਿਚ ਸਰਕਾਰ ਵੱਲੋਂ ਕੀਰਤੀ ਮੰਦਿਰ ਬਣਾਏ ਗਏ ਹਨ।
ਪੰਜਾਬੀ ਵਿਸ਼ਵਕੋਸ਼ ਦੀ ਲਿਖਤ ਅਨੁਸਾਰ- ‘ਸਾਰਾਗੜ੍ਹੀ ਉੱਤਰ-ਪੱਛਮੀ ਸਰਹੱਦ ਸੂਬੇ ਦੇ ਕੋਹਾਟ ਜ਼ਿਲ੍ਹੇ ਦਾ ਇਕ ਇਤਿਹਾਸਕ ਪਿੰਡ ਹੈ, ਜੋ ਸਮਾਨਾ ਰੇਂਜ ਦੀ ਚੋਟੀ ’ਤੇ 33.55 ਉੱਤਰੀ ਵਿਥਕਾਰ ਅਤੇ 70.45 ਲੰਬਕਾਰ ’ਤੇ ਸਥਿੱਤ ਹੈ। ਇਸ ਇਲਾਕੇ ਨੂੰ ਵਜ਼ੀਰਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇੱਥੇ ਵਜ਼ੀਰ ਕਬੀਲੇ ਦੇ ਲੋਕ ਵਧੇਰੇ ਵੱਸਦੇ ਹਨ। ਇਸ ਥਾਂ ’ਤੇ ਇਕ ਗੜ੍ਹੀ ਬਣੀ ਹੋਈ ਹੈ ਜੋ ਭਾਰਤੀ ਫ਼ੌਜ ਦੇ ਬੇਮਿਸਾਲ ਜੋਸ਼, ਹਂੌਸਲਾ ਤੇ ਕੁਰਬਾਨੀ ਦਾ ਚਾਨਣ ਮੁਨਾਰਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਹੌਲੀ-ਹੌਲੀ ਭਾਰਤ ’ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਇਹ ਸਾਰਾ ਇਲਾਕਾ ਵੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ੳੱੁਧਰ ਤੁਰਕੀ ਦਾ ਸੁਲਤਾਨ ਤੇ ਅਫਗਾਨਿਸਤਾਨ ਦਾ ਬਾਦਸ਼ਾਹ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਬਹੁਤ ਨਰਾਜ਼ ਸਨ, ਇਸ ਲਈ ਪਠਾਣ ਅੰਗਰੇਜ਼ਾਂ ਦੇ ਬਰਖ਼ਿਲਾਫ਼ ਹੋ ਗਏ ਤੇ ਬਦਲਾ ਲੈਣਾ ਚਾਹੁੰਦੇ ਸਨ। ਪਠਾਣਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਕਰਨੋਂ ਨਾਂਹ ਕਰ ਦਿੱਤੀ ਤੇ ਮੌਕਾ ਮਿਲਦੇ ਹੀ ਅੰਗਰੇਜ਼ਾਂ ’ਤੇ ਹਮਲਾ ਕਰ ਦਿੰਦੇ ਸਨ। ਸਮਾਨਾ ਚੋਟੀ ਤੇ ਪਰਚਿਨਾਰ ਦੀ ਚੋਟੀ ’ਤੇ ਅੰਗਰੇਜ਼ਾਂ ਨੇ ਕਬਜ਼ਾ ਜਮ੍ਹਾਂ ਲਿਆ ਸੀ ਤੇ ਇਹ ਦੋਵੇਂ ਚੋਟੀਆਂ ਉੱਚੀਆਂ ਥਾਵਾਂ ’ਤੇ ਸਨ। ਸਾਰਾਗੜ੍ਹੀ ਦੀ ਚੌਂਕੀ ਨੀਵਂੇ ਥਾਂ ’ਤੇ ਸੀ। 27 ਅਗਸਤ 1897 ਦੇ ਵਿਚ 10,000 ਪਠਾਣਾਂ ਨੇ ਸਮਾਣਾ ਪੋਸਟ ਤੇ ਪਰਚਿਨਾਰ ’ਤੇ 4-5 ਵਾਰ ਹਮਲਾ ਕੀਤਾ, ਪਰ ਸਾਰਾਗੜ੍ਹੀ ਚੌਕੀ ਵਿਚ ਤਾਇਨਾਤ 21 ਸਿੱਖ ਸੈਨਿਕਾਂ ਦੀ ਬਦੌਲਤ ਇਹ ਹਮਲਾ ਹਰ ਵਾਰ ਅਸਫਲ ਰਹਿ ਜਾਂਦਾ ਤੇ ਪਠਾਣਾਂ ਨੂੰ ਮੂੰਹ ਦੀ ਖਾਣੀ ਪੈਂਦੀ।
ਆਖ਼ਰਕਾਰ ਪਠਾਣਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਪਹਿਲਾਂ ਇਸ ਸਾਰਾਗੜ੍ਹੀ ਵਾਲੀ ਜਗ੍ਹਾ ’ਤੇ ਹਮਲਾ ਕਰਕੇ ਰਸਤਾ ਸਾਫ਼ ਕੀਤਾ ਜਾਵੇ। ਪਠਾਣ ਜਾਣਦੇ ਸਨ ਕਿ ਇਕ ਤਾਂ ਇੱਥੇ ਨਫਰੀ ਘੱਟ ਹੈ, ਕੇਵਲ 21 ਫ਼ੌਜੀ ਹੀ ਹਨ। ਇਸ ਲਈ 10,000 ਪਠਾਣਾਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ ਵਾਲੀ ਚੌਕੀ ਨੂੰ ਚਾਰ-ਚੁਫੇਰੇ ਤੋਂ ਘੇਰਾ ਪਾ ਲਿਆ ਤੇ ਬੜਾ ਜ਼ਬਰਦਸਤ ਹਮਲਾ ਕੀਤਾ। ਅੰਦਰੋਂ 21 ਸਿੱਖ ਫ਼ੌਜੀ ਜੈਕਾਰੇ ਛੱਡ ਕੇ ਦੁਸ਼ਮਣ ਪਠਾਣਾਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ। ਕੋਈ 6 ਘੰਟੇ ਲਗਾਤਾਰ ਲੜਾਈ ਚੱਲਦੀ ਰਹੀ। ਇਨ੍ਹਾਂ ਛੇ ਘੰਟਿਆਂ ਵਿਚ 21 ਸਿੱਖ ਫ਼ੌਜੀਆਂ ਨੇ ਕੋਈ ਛੇ ਸੌ ਦੇ ਕਰੀਬ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ ਤੇ ਕਈ ਸੈਂਕੜੇ ਜ਼ਖ਼ਮੀ ਕਰ ਦਿੱਤੇ, ਕਿਉਂਕਿ ਸਿੱਖ ਕਿਲੇ੍ਹ ਦੀ ਚਾਰਦੀਵਾਰੀ ਦੇ ਅੰਦਰ ਸਨ ਤੇ ਪਠਾਣ ਬਾਹਰ ਮੈਦਾਨ ਵਿਚ ਨੀਵੇਂ ਥਾਂ ’ਤੇ ਸਨ। ਕਿਲ੍ਹੇ ਅੰਦਰ 12 ਸਿੱਖ ਸੈਨਿਕ ਵੀ ਸ਼ਹੀਦ ਹੋ ਗਏ। ਅੰਤ ਪਠਾਣਾਂ ਨੇ ਇਕ ਤਰਕੀਬ ਸੋਚੀ ਤੇ ਕਿਲੇ੍ਹ ਦੀ ਕੰਧ ਨਾਲ ਘਾਹ-ਫੂਸ, ਲੱਕੜਾਂ ਤੇ ਪੱਤੇ ਇਕੱਠੇ ਪਏ ਦੇਖ ਕੇ ਇਸ ਨੂੰ ਅੱਗ ਲਗਾ ਦਿੱਤੀ।
ਇਸ ਨਾਲ ਬਹੁਤ ਜ਼ਿਆਦਾ ਧੂੰਆਂ ਪੈਦਾ ਹੋ ਗਿਆ ਤੇ ਕਿਲ੍ਹੇ ਦੇ ਅੰਦਰ ਜਾਣ ਲੱਗਾ। ਕਿਲ੍ਹੇ ਅੰਦਰ ਬਚੇ ਸੈਨਿਕਾਂ ਨੂੰ ਬਾਹਰ ਕੁੱਝ ਦਿਖਾਈ ਵੀ ਨਹੀਂ ਸੀ ਦੇ ਰਿਹਾ। ਇਸੇ ਮੌਕੇ ਦਾ ਫ਼ਾਇਦਾ ਉਠਾ ਕੇ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਪਹੁੰਚ ਗਏ ਤੇ ਖਸਤਾ ਹੋ ਚੁੱਕੇ ਕਿਲੇ੍ਹ ਦੀਆਂ ਕੰਧਾਂ ਵਿਚ ਪਾੜ੍ਹ ਪਾ ਲਿਆ ਤੇ ਕਿਲ੍ਹੇ ਅੰਦਰ ਦਾਖ਼ਲ ਹੋ ਗਏ। ਅੰਦਰ ਬਚੇ ਹੋਏ ਸਿੱਖਾਂ ਕੋਲੋਂ ਅਸਲਾ ਬਾਰੂਦ ਵੀ ਖ਼ਤਮ ਹੋ ਚੁੱਕਾ ਸੀ। ਤਲਵਾਰਾਂ, ਰਾਈਫਲਾਂ ਨਾਲ ਹੱਥੋ-ਹੱਥੀ ਦੀ ਲੜਾਈ ਵਿਚ ਵੀ ਇਨ੍ਹਾਂ ਸਿੱਖ ਸੈਨਿਕਾਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਅਨੇਕਾਂ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ।
ਅੰਤ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਬਾਕੀ ਸਿੱਖ ਸੈਨਿਕ ਵੀ ਸ਼ਹੀਦੀਆਂ ਪਾ ਗਏ। ਕਿਲੇ੍ਹ ’ਤੇ ਭਾਵੇਂ ਪਠਾਣਾਂ ਦਾ ਕਬਜ਼ਾ ਹੋ ਗਿਆ ਸੀ, ਪਰ ਇਹ ਕਬਜ਼ਾ ਦੋ ਦਿਨ ਹੀ ਰਹਿ ਸਕਿਆ। ਬਿ੍ਰਟਿਸ਼ ਫ਼ੌਜ ਨੇ ਹਮਲਾ ਕਰ ਕੇ ਦੋ ਦਿਨ ਬਾਦ ਇਹ ਕਿਲ੍ਹੇ ’ਤੇ ਫਿਰ ਕਬਜ਼ਾ ਕਰ ਲਿਆ ਸੀ। ਜਦ ਇਸ ਲੜਾਈ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਇੰਗਲੈਂਡ ਦੀ ਪਾਰਲੀਮੈਂਟ ਵੱਲੋਂ ਸਭਾ ਵਿਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸਾਰਾਗੜ੍ਹੀ ਦੇ ਇਨ੍ਹਾਂ ਸਿੱਖ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਾਰਾਗੜ੍ਹੀ ਦੀ ਇਹ ਇਤਿਹਾਸਕ ਜੰਗ ਦਾ ਇਤਿਹਾਸ ਫਰਾਂਸ, ਇੰਗਲੈਂਡ, ਜਪਾਨ ਤੇ ਭਾਰਤ ਵਰਗੇ ਦੇਸ਼ਾਂ ਦੇ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਇਨ੍ਹਾਂ ਸੂਰਬੀਰਾਂ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਇੰਗਲੈਂਡ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ 10 ਐਮ’ ਜੋ ਕਿ ‘ਪਰਮਵੀਰ ਚੱਕਰ’ ਦੇ ਬਰਾਬਰ ਹੈ, ਨਾਲ ਸਨਮਾਨਿਤ ਕੀਤਾ, 500 ਰੁ: ਨਕਦ ਤੇ 2-2 ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਤੇ ਨਾਲ ਹੀ ਇਨ੍ਹਾਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜਿੱਥੇ ਲੜਾਈ ਹੋਈ ਸੀ, ਉੱਥੇ ਸਾਰਾਗੜ੍ਹੀ ਵਜ਼ੀਰਸਤਾਨ (ਪਾਕਿਸਤਾਨ), ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ (ਦਰਬਾਰ ਸਾਹਿਬ ਦੇ ਨਜ਼ਦੀਕ), ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿਖੇ ਇਨ੍ਹਾਂ ਸ਼ਹੀਦਾ ਦੀ ਯਾਦ ਵਿਚ ਗੁਰਦੁਆਰੇ ਬਣਵਾਏ। ਸਾਰਾਗੜ੍ਹੀ ਵਿਖੇ ਸ਼ਹੀਦ ਹੋਣ ਵਾਲੇ 21 ਸਿੱਖ ਜਿਨ੍ਹਾਂ ਦੇ ਨਾਂ ਸਨ ਹਵਲਦਾਰ ਈਸ਼ਰ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਉੱਤਮ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਭਗਵਾਨ ਸਿੰਘ, ਸਾਹਿਬ ਸਿੰਘ, ਦਯਾ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਸਿਪਾਹੀ ਨੰਦ ਸਿੰਘ, ਨਾਇਕ ਲਾਲ ਸਿੰਘ, ਹੀਰਾ ਸਿੰਘ, ਬੂਟਾ ਸਿੰਘ, ਨਰਾਇਣ ਸਿੰਘ, ਰਾਮ ਸਿੰਘ ਜੀਵਨ ਸਿੰਘ, ਰਾਮ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ ਤੇ ਸੁੰਦਰ ਸਿੰਘ ਆਦਿ ਸਨ। ਇਨ੍ਹਾਂ 21 ਸਿੱਖ ਫ਼ੌਜੀਆਂ ਨੇ ਆਪਣੀ ਅਣਖ ਤੇ ਆਪਣੀ ਕੌਮ ਦੀ ਬਹਾਦਰੀ ਦਾ ਲੋਹਾ ਮੰਨਵਾਇਆ। ਸਿੱਖ ਕੌਮ ਨੂੰ ਐਸੇ ਮਹਾਨ ਯੋਧਿਆ ਤੇ ਹਮੇਸ਼ਾ ਮਾਣ ਰਹੇਗਾ।
- ਧਰਮਿੰਦਰ ਸਿੰਘ ਚੱਬਾ