ਸਾਕਾ ਸਰਹਿੰਦ (Saka Sarhind) ਇਕ ਅਜਿਹਾ ਅਦੁੱਤੀ ਵਰਤਾਰਾ ਹੋ ਨਿੱਬੜਿਆ ਹੈ ਜਿਸਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। 7 ਤੇ 9 ਸਾਲ ਦੇ ਬੱਚਿਆਂ ਨੇ ਸਮੇਂ ਦੀ ਵੱਡੀ ਸਲਤਨਤ ਦੀ ਅਧੀਨਗੀ ਕਬੂਲਣ ਦੀ ਥਾਂ ਸ਼ਹਾਦਤ ਦਾ ਰਾਹ ਚੁਣਿਆ। ਤਸੀਹੇ ਝੱਲਦਿਆਂ ਉਨ੍ਹਾਂ ਆਪਣੇ ਅਕੀਦੇ ਤੇ ਆਜ਼ਾਦ ਹਸਤੀ ’ਤੇ ਕਾਇਮ ਰਹਿੰਦਿਆਂ ਸ਼ਹਾਦਤਾਂ ਪਾਈਆਂ।
ਸਾਕਾ ਸਰਹਿੰਦ (Saka Sarhind) ਇਕ ਅਜਿਹਾ ਅਦੁੱਤੀ ਵਰਤਾਰਾ ਹੋ ਨਿੱਬੜਿਆ ਹੈ ਜਿਸਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। 7 ਤੇ 9 ਸਾਲ ਦੇ ਬੱਚਿਆਂ ਨੇ ਸਮੇਂ ਦੀ ਵੱਡੀ ਸਲਤਨਤ ਦੀ ਅਧੀਨਗੀ ਕਬੂਲਣ ਦੀ ਥਾਂ ਸ਼ਹਾਦਤ ਦਾ ਰਾਹ ਚੁਣਿਆ। ਤਸੀਹੇ ਝੱਲਦਿਆਂ ਉਨ੍ਹਾਂ ਆਪਣੇ ਅਕੀਦੇ ਤੇ ਆਜ਼ਾਦ ਹਸਤੀ ’ਤੇ ਕਾਇਮ ਰਹਿੰਦਿਆਂ ਸ਼ਹਾਦਤਾਂ ਪਾਈਆਂ। ਉਹ ਬਾਅਦ ਵਿੱਚ ਚੱਲਦੇ ਰਹੇ ਸਿੱਖਾਂ ਦੇ ਸੰਘਰਸ਼ਾਂ ਲਈ ਵੀ ਪ੍ਰੇਰਨਾ ਸ੍ਰੋਤ ਬਣਦੀਆਂ ਰਹੀਆਂ। ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀਆਂ ਇਹ ਸ਼ਹਾਦਤਾਂ ਦੀਆਂ ਮਿਸਾਲਾਂ ਦੇ ਕੇ ਅੱਜ ਵੀ ਮਾਪੇ ਆਪਣੇ ਬੱਚਿਆਂ ਨੂੰ ਸਿਦਕ ਵਿਚ ਪੱਕੇ ਰਹਿਣ ਲਈ ਪ੍ਰੇਰਦੇ ਹਨ।
ਸਿਦਕ ਨਾ ਡੁਲਾ ਸਕਿਆ ਠੰਢਾ ਬੁਰਜ
ਸਾਕਾ ਸਰਹਿੰਦ ਦੇ ਇਤਿਹਾਸ ਮੁਤਾਬਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ (Baba Jorawar Singh) ਤੇ ਸਾਹਿਬਜ਼ਾਦਾ ਫ਼ਤਹਿ ਸਿੰਘ (Baba Dateh Singh)ਤੇ ਮਾਤਾ ਗੁਜਰੀ ਜੀ (Mata Gujri ji)ਨੂੰ ਜਦੋਂ ਗੰਗੂ ਗ੍ਰਿਫ਼ਤਾਰ ਕਰਵਾ ਦਿੰਦਾ ਹੈ ਤਾਂ ਉਨ੍ਹਾਂ ਨੂੰ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਦੇ ਹਵਾਲੇ ਕੀਤਾ ਜਾਂਦਾ ਹੈ। ਵਜ਼ੀਰ ਖ਼ਾਨ ਨੇ ਗਰਮੀਆਂ ਦੇ ਮੌਸਮ ਵਿੱਚ ਆਰਾਮ ਕਰਨ ਲਈ ਹੰਸਲਾ ਨਦੀ ਦੇ ਕਿਨਾਰੇ ’ਤੇ 140 ਫ਼ੁੱਟ ਉੱਚਾ ਬੁਰਜ ਬਣਾਇਆ ਹੁੰਦਾ ਹੈ। ਨਦੀ ਦੇ ਪਾਣੀ ਨਾਲ ਖਹਿ ਕੇ ਆਉਂਦੀ ਹਵਾ ਇਸ ਬੁਰਜ ਨੂੰ ਠੰਢਾ ਰੱਖਦੀ ਸੀ ਜਿਸ ਕਾਰਨ ਇਸ ਦਾ ਨਾਮ ਠੰਢਾ ਬੁਰਜ ਪੈ ਗਿਆ। ਵਜ਼ੀਰ ਖ਼ਾਨ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਪੋਹ ਦੀ ਸਰਦੀ ਵਿੱਚ ਤਸੀਹੇ ਦੇਣ ਲਈ ਇਸ ਬੁਰਜ ਵਿੱਚ ਕੈਦ ਕਰ ਦਿੰਦਾ ਹੈ। ਭੁੱਖੇ ਤਿਹਾਏ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿੱਚ ਪੋਹ ਮਹੀਨੇ ਦੀਆਂ ਸਰਦ ਹਵਾਵਾਂ ਵੀ ਸਿਦਕ ਤੋਂ ਡੁਲਾ ਨਾ ਸਕੀਆਂ। ਸਾਹਿਬਜ਼ਾਦੇ ਪਹਿਲਾਂ ਹੀ ਸਿੱਖੀ ਵਿੱਚ ਪਰਪੱਕ ਸਨ ਤੇ ਮਾਤਾ ਜੀ ਇਸ ਕਸ਼ਟਮਈ ਸਮੇਂ ਵਿੱਚ ਵੀ ਉਨ੍ਹਾਂ ਨੂੰ ਗੁਰੂ ਇਤਿਹਾਸ ਤੇ ਫਲਸਫ਼ੇ ਬਾਰੇ ਦੱਸਦੇ ਰਹੇ ਤੇ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਅਡੋਲ ਤੇ ਚੜ੍ਹਦੀਕਲਾ ਵਿੱਚ ਰਹਿਣ ਲਈ ਤਿਆਰ ਕਰਦੇ ਰਹੇ।
ਹਕੂਮਤ ਦੇ ਲਾਲਚ ਤੇ ਡਰਾਵੇ ਨਾ ਆਏ ਕੰਮ
ਅਗਲੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸੂਬਾ ਸਰਹਿੰਦ ਦੀ ਕਚਹਿਰੀ ’ਚ ਪੇਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਿੱਖੀ ਛੱਡ ਕੇ ਇਸਲਾਮ ਕਬੂਲਣ ਲਈ ਅਨੇਕਾਂ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਮੁਗ਼ਲ ਸਰਕਾਰ ਦੀ ਹਰ ਕੋਸ਼ਿਸ਼ ਵਿਅਰਥ ਗਈ। ਉਹ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੀ ਅਧੀਨਗੀ ਕਬੂਲ ਨਾ ਕਰਵਾ ਸਕੇ। ਕਚਹਿਰੀ ਵਿੱਚ ਮੌਜੂਦ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਕੀ ਕਰਨਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਸਿੱਖ ਸੈਨਾ ਸੰਗਠਿਤ ਕਰਨਗੇ ਤੇ ਜ਼ਾਲਮ ਹਕੂਮਤ ਦਾ ਰਾਜ ਖ਼ਤਮ ਕਰ ਦੇਣਗੇ। ਇਹ ਜਵਾਬ ਸੁਣ ਕੇ ਸੁੱਚਾ ਨੰਦ ਨੇ ਵਜ਼ੀਰ ਖ਼ਾਨ ਨੂੰ ਕਿਹਾ ਕਿ ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਹੁੰਦੇ। ਸੱਪ ਨੂੰ ਮਾਰਨਾ ਅਤੇ ਉਸ ਦੇ ਸਪੋਲੀਆਂ ਨੂੰ ਦੁੱਧ ਪਿਆਉਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ। ਜੇ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਆਪਣੇ ਪਿਉ ਵਾਂਗ ਬਗ਼ਾਵਤ ਹੀ ਕਰਨਗੇ। ਉਪਰੰਤ ਕਾਜ਼ੀ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ।
ਇਸ ਮੌਕੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ (Sher Mohammad Khan)ਨੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਦੇ ਫ਼ੈਸਲੇ ਦਾ ਵਿਰੋਧ ਕੀਤਾ ਤੇ ਹੱਕ-ਸੱਚ ਲਈ ਹਾਅ ਦਾ ਨਾਅਰਾ ਮਾਰਿਆ। ਸੂਬਾ ਸਰਹਿੰਦ ਵਜ਼ੀਰ ਖ਼ਾਨ ਨੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਜੰਗ-ਏ-ਚਮਕੌਰ ’ਚ ਗੁਰੂ ਗੋਬਿੰਦ ਸਿੰਘ ਹੱਥੋਂ ਮਾਰੇ ਗਏ ਉਸ ਦੇ ਭਰਾ ਦਾ ਬਦਲਾ ਸਾਹਿਬਜ਼ਾਦਿਆਂ ਤੋਂ ਲੈਣ ਲਈ ਕਿਹਾ ਪਰ ਸ਼ੇਰ ਮੁਹੰਮਦ ਖਾਂ ਨੇ ਕਿਹਾ ਕਿ ਬਾਪ ਦੀ ਸਜ਼ਾ ਉਸ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ। ਕੋਈ ਪੇਸ਼ ਨਾ ਚੱਲਦੀ ਦੇਖ ਕੇ ਨਵਾਬ ਸ਼ੇਰ ਮੁਹੰਮਦ ਖ਼ਾਨ ਕਚਹਿਰੀ ਵਿੱਚੋਂ ਉੱਠ ਕੇ ਚਲਾ ਜਾਂਦਾ ਹੈ। ਸਜ਼ਾ ਸੁਣਾਉਣ ਪਿੱਛੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਵਾਪਸ ਮਾਤਾ ਗੁਜਰੀ ਜੀ ਕੋਲ ਬੁਰਜ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਮੌਤ ਦੀ ਸਜ਼ਾ ਬਾਰੇ ਸੁਣ ਕੇ ਮਾਤਾ ਜੀ ਉਨ੍ਹਾਂ ਨੂੰ ਹਕੂਮਤ ਦੀ ਅਧੀਨਗੀ ਮੰਨਣ ਲਈ ਮਨਾ ਲੈਣ। ਵਾਪਸ ਪਰਤਣ ’ਤੇ ਮਾਤਾ ਜੀ ਨੇ ਦ੍ਰਿੜ੍ਹ ਰਹਿਣ ਲਈ ਸਾਹਿਬਜ਼ਾਦਿਆਂ ਨੂੰ ਸ਼ਾਬਾਸ਼ ਦਿੱਤੀ ਤੇ ਸਿੱਖੀ ਸਿਦਕ ’ਚ ਪੱਕੇ ਰਹਿਣ ਲਈ ਪ੍ਰੇਰਿਆ।
ਅਗਲੇ ਦਿਨ ਮੁਗ਼ਲ ਸਿਪਾਹੀ ਸਾਹਿਬਜ਼ਾਦਿਆਂ ਨੂੰ ਦੁਬਾਰਾ ਲੈਣ ਆਉਂਦੇ ਹਨ। ਮਾਤਾ ਜੀ ਦੋਵਾਂ ਨੂੰ ਦਸਤਾਰਾਂ ਸਜਾ ਕੇ ਤੇ ਕਲਗ਼ੀਆਂ ਲਗਾ ਕੇ ਲਾੜਿਆਂ ਵਾਂਗ ਤਿਆਰ ਕਰ ਕੇ ਭੇਜਦੇ ਹਨ। ਉਨ੍ਹਾਂ ਨੂੰ ਮੁੜ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਵਜ਼ੀਰ ਖ਼ਾਨ ਆਖ਼ਰੀ ਵਾਰ ਉਨ੍ਹਾਂ ਨੂੰ ਪੁੱਛਦਾ ਹੈ ਕਿ ਦੀਨ ਕਬੂਲ ਕਰਦੇ ਹੋ ਜਾਂ ਨੀਂਹਾਂ ਵਿੱਚ ਚਿਣਵਾ ਦਿੱਤਾ ਜਾਵੇ। ਸਾਹਿਬਜ਼ਾਦੇ ਮੁੜ ਤੋਂ ਕਿਸੇ ਵੀ ਤਰ੍ਹਾਂ ਦੀ ਅਧੀਨਗੀ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਲਈ ਕੋਈ ਜਲਾਦ ਤਿਆਰ ਨਹੀਂ ਹੁੰਦਾ। ਆਖ਼ਰ ਇਸ ਕੰਮ ਲਈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਂ ਦੇ ਦੋ ਜਲਾਦਾਂ ਨੂੰ ਇੱਕ ਮੁਕੱਦਮੇ ਵਿੱਚੋਂ ਬਰੀ ਕਰਨ ਦਾ ਲਾਲਚ ਦੇ ਕੇ ਤਿਆਰ ਕੀਤਾ ਜਾਂਦਾ ਹੈ। ਦੀਵਾਰਾਂ ਵਿੱਚ ਚਿਣਨ ਤੋਂ ਪਹਿਲਾਂ ਵੀ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕੇ ਜਾਨ ਬਚਾਉਣ ਦੇ ਤੇ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਨਾ ਮੰਨੇ।
ਮੌਤ ਤੋਂ ਪਹਿਲਾਂ ਢਾਹਿਆ ਕਹਿਰ
ਦੋਵਾਂ ਨੂੰ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਦੀਵਾਰ ਛਾਤੀਆਂ ਤੱਕ ਆਉਂਦੀ ਹੈ ਫਿਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅਜੇ ਵੀ ਜਾਨ ਬਚਾ ਲੈਣ ਦਾ ਸਮਾਂ ਹੈ ਪਰ ਇਸ ਵਾਰ ਵੀ ਸਭ ਲਾਲਚ ਵਿਅਰਥ ਜਾਂਦੇ ਹਨ। ਸਾਹਿਬਜ਼ਾਦੇ ਗੁਰਬਾਣੀ ਦਾ ਜਾਪ ਕਰਦੇ ਰਹੇ। ਜਦੋਂ ਦੀਵਾਰਾਂ ਗਲੇ ਤੱਕ ਪਹੁੰਚ ਗਈਆਂ ਤਾਂ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਜਾਂਦੇ ਹਨ ਤੇ ਦੀਵਾਰ ਡਿਗ ਜਾਂਦੀ ਹੈ। ਇਸ ਪਿੱਛੋਂ ਦੋਵਾਂ ਸਾਹਿਬਜ਼ਾਦਿਆਂ ਦੇ ਗਲੇ ਜ਼ਿਬ੍ਹਾ ਕਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਸ਼ਹੀਦੀ ਸਥਾਨ ’ਤੇ ਹੁਣ ਗੁਰਦੁਆਰਾ ਭੋਰਾ ਸਾਹਿਬ ਹੈ। ਇਸੇ ਸ਼ਹੀਦੀ ਸਥਾਨ (ਭੋਰੇ) ਦੇ ਉੱਪਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਗੁਰਦੁਆਰਾ ਠੰਢਾ ਬੁਰਜ ਹੈ ਜਿੱਥੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਦੀ ਦੇ ਮੌਸਮ ਵਿੱਚ ਤਸੀਹੇ ਦੇਣ ਲਈ ਰੱਖਿਆ ਗਿਆ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਪਿੱਛੋਂ ਇਸੇ ਸਥਾਨ ’ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ।
ਇਤਿਹਾਸਕ ਸਰੋਤਾਂ ਮੁਤਾਬਕ ਗੰਗੂ ਦੇ ਪਿੰਡ ਸਹੇੜੀ ਤੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਭੁੱਖੇ-ਪਿਆਸਿਆਂ ਨੂੰ ਪੈਦਲ ਤੋਰ ਕੇ ਸਰਹਿੰਦ ਲਿਆਂਦਾ ਗਿਆ ਸੀ। ਖਾਣ-ਪੀਣ ਲਈ ਕੁੱਝ ਨਹੀਂ ਦਿੱਤਾ ਗਿਆ ਤੇ ਨਾ ਹੀ ਠੰਢੇ ਬੁਰਜ ਵਿੱਚ ਠੰਢ ਤੋਂ ਬਚਣ ਲਈ ਕੋਈ ਕੱਪੜਾ ਦਿੱਤਾ ਗਿਆ ਸੀ। ਜਿਸ ਕਾਰਨ ਠੰਢ ਨਾਲ ਸਾਹਿਬਜ਼ਾਦਿਆਂ ਦੇ ਸਰੀਰ ਨੀਲੇ ਪੈ ਚੁੱਕੇ ਸਨ ਤੇ ਇਸੇ ਹਾਲਤ ਵਿੱਚ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਉਨ੍ਹਾਂ ਦੀ ਦੋ ਵਾਰ ਪੇਸ਼ੀ ਹੋਈ ਸੀ। ਸਜ਼ਾ ਤੋਂ ਪਹਿਲਾਂ ਇਨ੍ਹਾਂ ਹਾਲਤਾਂ ਵਿੱਚ ਵੀ ਤੂਤ ਦੀ ਛਟੀ ਨਾਲ ਉਨ੍ਹਾਂ ਨੂੰ ਕੁੱਟਿਆ ਗਿਆ ਤੇ ਪਿੱਪਲ ਨਾਲ ਬੰਨ੍ਹ ਕੇ ਗੁਲੇਲਾਂ ਮਾਰੇ ਜਾਣ ਦਾ ਜ਼ਿਕਰ ਵੀ ਇਤਿਹਾਸਕ ਸਰੋਤਾਂ ਵਿੱਚ ਮਿਲਦਾ ਹੈ। ਗੁਲੇਲ ਦਾ ਇੱਕ ਵਾਰ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਅੱਖ ’ਚ ਲਗਦਾ ਹੈ ਜਿਸ ਨਾਲ ਅੱਖ ’ਚ ਖ਼ੂਨ ਵਗਣ ਦਾ ਵੀ ਜ਼ਿਕਰ ਹੈ।
ਗੁਰੂ ਘਰ ਦਾ ਸੱਚਾ ਸ਼ਰਧਾਲੂ
ਸ਼ਹਾਦਤ ਪਿੱਛੋਂ ਮਾਤਾ ਗੁਜਰੀ ਜੀ ਤੇ ਦੋਵਾਂ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨੇੜੇ ਹੀ ਜੰਗਲ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ। ਇਸ ਸਥਾਨ ’ਤੇ ਹੁਣ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸਥਿਤ ਹੈ। ਇਸ ਪਿੱਛੋਂ ਦੀਵਾਨ ਟੋਡਰ ਮੱਲ ਨਾਂ ਦੇ ਇੱਕ ਗੁਰੂ ਘਰ ਦੇ ਸ਼ਰਧਾਲੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਵਜ਼ੀਰ ਖ਼ਾਨ ਕੋਲ ਪਹੁੰਚ ਕੀਤੀ। ਵਜ਼ੀਰ ਖ਼ਾਨ ਨੇ ਕਿਹਾ ਕਿ ਜਿੰਨੀ ਜ਼ਮੀਨ ਦੀ ਲੋੜ ਹੈ ਓਨੀ ਜ਼ਮੀਨ ’ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖ਼ਰੀਦ ਸਕਦਾ ਹੈ। ਦੀਵਾਨ ਟੋਡਰ ਮੱਲ ਨੇ ਜਿਸ ਥਾਂ ’ਤੇ ਜ਼ਮੀਨ ਖ਼ਰੀਦ ਕੇ ਸ਼ਹੀਦਾਂ ਦਾ ਸੰਸਕਾਰ ਕੀਤਾ ਉਸ ਥਾਂ ’ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿਤ ਹੈ। ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਬਚਿਆ ਹੋਇਆ ਹਿੱਸਾ ਅੱਜ ਵੀ ਸਰਹਿੰਦ ਵਿਖੇ ਮੌਜੂਦ ਹੈ ਜਿਸ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।
ਇੱਥੇ ਸ਼ਹੀਦ ਬਾਬਾ ਮੋਤੀ ਮਹਿਰਾ ਜੀ ਦੀ ਯਾਦ ਵਿੱਚ ਵੀ ਗੁਰਦੁਆਰਾ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਮੁਗ਼ਲ ਹਕੂਮਤ ਤੋਂ ਨਜ਼ਰ ਬਚਾ ਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ। ਉਨ੍ਹਾਂ ਗਲਾਸਾਂ ਦੇ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਵਾਏ ਜਾਂਦੇ ਹਨ। ਸਜ਼ਾ ਵਜੋਂ ਬਾਬਾ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਕੁੱਝ ਕੁ ਦੂਰੀ ’ਤੇ ਗੁਰਦੁਆਰਾ ਰਥ ਸਾਹਿਬ ਮੌਜੂਦ ਹੈ। ਜਦੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਆਂਦਾ ਗਿਆ ਤਾਂ ਵਜ਼ੀਰ ਖ਼ਾਨ ਨੂੰ ਖ਼ਬਰ ਦੇਣ ਲਈ ਉਨ੍ਹਾਂ ਨੂੰ ਕੁੱਝ ਦੇਰ ਲਈ ਇੱਥੇ ਹੀ ਰੋਕਿਆ ਗਿਆ ਸੀ।
ਨਵੇਂ ਇਤਿਹਾਸ ਦੀ ਸਿਰਜਣਾ
ਇਹ ਸਾਕਾ ਸਰਹਿੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਦੋਸ਼ੀਆਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਪੰਜਾਬ ਦੇ ਇਤਿਹਾਸਕ ਰੰਗ ਮੰਚ ’ਤੇ ਅਚਾਨਕ ਇਕ ਨਾਇਕ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ| ਜਿੱਤਾਂ ਦੇ ਇਕ ਲੰਮੇ ਸਿਲਸਿਲੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਿਤਮਾਂ ਦੀ ਨਗਰੀ ਸਰਹਿੰਦ ਵੱਲ ਵਾਗਾਂ ਮੋੜੀਆਂ| 12 ਮਈ, 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱੱਧ ਹੋਇਆ| ਇਸ ਯੁੱਧ ਵਿਚ ਸਾਕਾ ਸਰਹਿੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ ਅਤੇ ਮੈਦਾਨ ਸਿੱਖਾਂ ਦੇ ਹੱਥ ਆਇਆ| 14 ਮਈ, 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ| ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ| ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦਾ ਐਲਾਨ ਕਰ ਦਿੱਤਾ| ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਥੋਂ ਹੀ ਗੁਰੂ ਸਾਹਿਬਾਨ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ| ਇਸ ਤਰ੍ਹਾਂ ਇਕ ਬਚੰੂਗੜੀ ਕੌਮ ਨੇ ਅਚਾਨਕ ਕੱਦ ਕੱਢਿਆ ਅਤੇ ਭਾਰਤ ਦੇ ਨਕਸ਼ੇ ’ਤੇ ਪਹਿਲੀ ਵੇਰ ਇਕ ਰਾਜਸੀ ਤਾਕਤ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ| ਜ਼ਾਹਿਰ ਹੈ , ਸਰਹਿੰਦ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ’ਤੇ ਜਿੱਤ ਪ੍ਰਾਪਤ ਕੀਤੀ| ਸੋ, ਸਾਕਾ ਸਰਹਿੰਦ ਸਾਡਾ ਗੌਰਵਮਈ ਵਿਰਸਾ ਹੈ|
ਗੁਰੂ ਘਰ ਦੇ ਹਮਦਰਦ
ਸੱਚੇ ਤੇ ਗੁਰੂ ਹਮਦਰਦੀ ਵਿਚ ਰੰਗੇ ਇਨਸਾਨ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮਲ ਜਿਨ੍ਹਾਂ ਨੇ ਮੁਗ਼ਲ ਸਲਤਨਤ ਦੇ ਨੌਕਰ ਹੁੰਦੇ ਹੋਏ ਵੀ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਮਾਤਾ ਗੁਜਰੀ ਅਤੇ ਇਨ੍ਹਾਂ ਲਾਲਾਂ ਦੀ ਸੇਵਾ ਕੀਤੀ| ਬਾਬਾ ਮੋਤੀ ਰਾਮ ਮਹਿਰਾ ਮਾਤਾ ਅਤੇ ਬੱਚਿਆਂ ਨੂੰ ਠੰਢੇ ਬੁਰਜ ਵਿਚ ਚੋਰੀ ਦੁੱਧ ਪਿਲਾਉਂਦੇ ਰਹੇ ਜਿਸਦੀ ਸਜ਼ਾ ਵਜੋਂ ਹਕੁੂਮਤ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਉਨ੍ਹਾਂ ਦੀ ਯਾਦਗਾਰ ਵਜੋਂ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ| ਇਵੇਂ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਕੋਈ ਵੀ ਪਰਿਵਾਰ ਉਨ੍ਹਾਂ ਦੀ ਅੰਤਿਮ ਸੰਸਕਾਰ ਕਰਨ ਦੀ ਹਿੰਮਤ ਹਕੂਮਤ ਦੇ ਡਰੋਂ ਨਹੀਂ ਕਰ ਰਿਹਾ ਸੀ ਪਰ ਦੀਵਾਨ ਟੋਡਰ ਮਲ ਨੇ ਸੰਸਕਾਰ ਲਈ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਭ ਤੋਂ ਮਹਿੰਗੇ ਮੱੁਲ ਖ਼ਰੀਦੀ ਸੀ ਅਤੇ ਪਰਿਵਾਰ ਨੂੰ ਨਾਲ ਲੈ ਕੇ ਇਨ੍ਹਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ| ਉਸਦੀ ਯਾਦ ਵਿਚ ਵੀ ਅੱਜ ‘ਦੀਵਾਨ ਟੋਡਰ ਮਲ ਹਾਲ’ ਬਣਿਆ ਹੋਇਆ ਹੈ ਜੋ ਉਸਦੀ ਸੇਵਾ ਸ਼ਰਧਾ ਦੀ ਯਾਦ ਤਾਜ਼ਾ ਕਰਦਾ ਹੈ ਅਤੇ ਹਰ ਇਨਸਾਨ ਨੂੰ ਇਕ ਸਿੱਖਿਆ ਵੀ ਦਿੰਦਾ ਹੈ।
ਜ਼ਫ਼ਰਨਾਮਾ
‘ਜ਼ਫਰਨਾਮਾ’ ਗੁਰੂ ਗੋਬਿੰਦ ਸਿੰਘ ਜੀ ਵਲੋਂ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਫਾਰਸੀ ਸ਼ਿਅਰਾਂ ਵਿਚ ਲਿਖਿਆ ਹੋਇਆ ਇਕ ਵਿਜੈ ਪੱਤਰ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ’ਤੇ ਆਪਣੀ ਹਾਰ ਮੰਨ ਲਈ ਸੀ| ਕਹਿੰਦੇ ਹਨ ਕਿ ਇਹ ਖ਼ਤ ਪੜ੍ਹ ਕੇ ਅੱਤਿਆਚਾਰ ਦੀ ਤਸਵੀਰ ਬਣ ਕੇ ਔਰੰਗਜ਼ੇਬ ਦੀਆਂ ਅੱਖਾਂ ਨਮ ਹੋ ਗਈਆਂ ਸਨ| ਬੇਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਅਡੋਲ ਰਹੇ ਪਰ ਇਹ ਘਟਨਾ ਉਨ੍ਹਾਂ ਦੇ ਦਿਲ ’ਤੇ ਡੂੰਘੀ ਉਕਰੀ ਗਈ| ਇਹੋ ਕਾਰਨ ਹੈ ਕਿ ਉਨ੍ਹਾਂ ‘ਜ਼ਫਰਨਾਮਾ’ ਵਿਚ ਪਹਿਲੀ ਵਾਰ ਜ਼ੁਲਮ, ਜਬਰ ਤੇ ਤਕੱਬਰ ਵਿਰੁੱਧ ਤਲਵਾਰ ਉਠਾਉਣ ਲਈ ਲਲਕਾਰ ਕੇ ਆਖਿਆ :
ਚੂੰ ਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ|
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ|
ਗੁਰੂ ਸਾਹਿਬ ਨੇ ਆਪਣੇ ਇਸ ਵਿਜੈ ਪੱਤਰ
ਵਿਚ ਚਮਕੌਰ ਦੀ ਜੰਗ ਦਾ ਬੜੀ ਬਾਰੀਕੀ
ਨਾਲ ਵਰਣਨ ਕੀਤਾ ਹੈ| ਉਨ੍ਹਾਂ ਵਲੋਂ ਪੇਸ਼ ਕੀਤੀ ਜੰਗ ਦੀ ਇਹ ਇਤਿਹਾਸਕ ਝਾਕੀ ਬੇਮਿਸਾਲ ਹੈ ਅਤੇ ਚਮਕੌਰ ਦੀ ਜੰਗ ਦੀ ਚਸ਼ਮਦੀਦ ਗਵਾਹੀ ਭਰਦੀ ਹੈ|
• ਪ੍ਰਦੀਪ ਸਿੰਘ ਢਿੱਲੋਂ