ਇਤਿਹਾਸਕ ਤੱਥਾਂ ਅਨੁਸਾਰ ਜਿਸ ਸਥਾਨ 'ਤੇ ਇਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ, ਉੱਥੇ ਪਹਿਲਾਂ 'ਲਹਿਲ' ਨਾਮ ਦਾ ਇਕ ਪਿੰਡ ਹੋਇਆ ਕਰਦਾ ਸੀ, ਜੋ ਕਿ ਹੁਣ ਲਹਿਲ ਕਾਲੋਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਆਮਦ ਤੋਂ ਪਹਿਲਾਂ, ਲਹਿਲ ਪਿੰਡ ਦੇ ਲੋਕ ਕਿਸੇ ਰਹੱਸਮਈ ਅਤੇ ਭਿਆਨਕ ਬਿਮਾਰੀ ਤੋਂ ਪੀੜਤ ਸਨ।

ਆਪਣੀ ਸ਼ਾਹੀ ਵਿਰਾਸਤ ਲਈ ਜਾਣਿਆ ਜਾਂਦਾ ਪਟਿਆਲਾ ਸ਼ਹਿਰ, ਸਿੱਖ ਇਤਿਹਾਸ ਵਿਚ ਵੀ ਖ਼ਾਸ ਸਥਾਨ ਰੱਖਦਾ ਹੈ। ਇਸ ਸ਼ਹਿਰ ਦੀ ਸ਼ਾਨ ਤੇ ਰੂਹਾਨੀਅਤ ਦਾ ਕੇਂਦਰ 'ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ' ਹੈ। ਇਹ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, 'ਦੂਖਨਿਵਾਰਨ' ਦਾ ਅਰਥ ਹੈ 'ਦੁੱਖਾਂ ਦਾ ਨਾਸ਼ ਕਰਨ ਵਾਲਾ'। ਸੰਗਤਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਇੱਥੇ ਆ ਕੇ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਸਰੀਰਕ ਤੇ ਮਾਨਸਿਕ ਰੋਗ ਦੂਰ ਹੁੰਦੇ ਹਨ।
ਇਤਿਹਾਸਕ ਤੱਥਾਂ ਅਨੁਸਾਰ ਜਿਸ ਸਥਾਨ 'ਤੇ ਇਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ, ਉੱਥੇ ਪਹਿਲਾਂ 'ਲਹਿਲ' ਨਾਮ ਦਾ ਇਕ ਪਿੰਡ ਹੋਇਆ ਕਰਦਾ ਸੀ, ਜੋ ਕਿ ਹੁਣ ਲਹਿਲ ਕਾਲੋਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਆਮਦ ਤੋਂ ਪਹਿਲਾਂ, ਲਹਿਲ ਪਿੰਡ ਦੇ ਲੋਕ ਕਿਸੇ ਰਹੱਸਮਈ ਅਤੇ ਭਿਆਨਕ ਬਿਮਾਰੀ ਤੋਂ ਪੀੜਤ ਸਨ। ਬਿਮਾਰੀ ਕਾਰਨ ਪਿੰਡ ਵਿਚ ਹਾਹਾਕਾਰ ਮਚੀ ਹੋਈ ਸੀ ਤੇ ਲੋਕ ਬਹੁਤ ਦੁਖੀ ਸਨ। ਉਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਆਪਣੀ ਯਾਤਰਾ ਦੌਰਾਨ ਨੇੜਲੇ ਸਥਾਨ ਸੈਫ਼ਾਬਾਦ (ਮੌਜੂਦਾ ਬਹਾਦਰਗੜ੍ਹ ਕਿਲ੍ਹਾ) ਵਿਚ ਠਹਿਰੇ ਹੋਏ ਸਨ। ਲਹਿਲ ਪਿੰਡ ਦਾ ਇਕ ਸ਼ਰਧਾਲੂ ਭਾਗ ਰਾਮ, ਗੁਰੂ ਸਾਹਿਬ ਕੋਲ ਪਹੁੰਚਿਆ ਤੇ ਪਿੰਡ ਵਾਸੀਆਂ ਦੇ ਦੁੱਖਾਂ ਦੀ ਫ਼ਰਿਆਦ ਕੀਤੀ। ਉਸ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਪਿੰਡ ਵਿਚ ਚਰਨ ਪਾਉਣ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ।
1672 ਈਸਵੀ ’ਚ ਇਥੇ ਪੁੱਜੇ ਸਨ ਗੁਰੂ ਸਾਹਿਬ
ਭਾਗ ਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 1672 ਈਸਵੀ (1729 ਬਿਕ੍ਰਮੀ) ਵਿਚ ਮਾਘ ਸੁਦੀ ਪੰਚਮੀ (ਬਸੰਤ ਪੰਚਮੀ) ਵਾਲੇ ਦਿਨ ਲਹਿਲ ਪਿੰਡ ਪਹੁੰਚੇ। ਗੁਰੂ ਜੀ ਇੱਥੇ ਇਕ ਛੱਪੜ ਦੇ ਕੰਢੇ ਬੋਹੜ ਦੇ ਦਰੱਖਤ ਹੇਠਾਂ ਬਿਰਾਜਮਾਨ ਹੋਏ ਤੇ ਭਗਤੀ ਵਿਚ ਲੀਨ ਹੋ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਿਮਾਰੀ ਤੋਂ ਪੀੜਤ ਲੋਕਾਂ ਨੇ ਉਸ ਛੱਪੜ ਦੇ ਜਲ ਵਿਚ ਇਸ਼ਨਾਨ ਕੀਤਾ। ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਬਚਨਾਂ ਸਦਕਾ, ਪਿੰਡ ਵਾਸੀਆਂ ਦੀ ਬਿਮਾਰੀ ਦੂਰ ਹੋ ਗਈ ਤੇ ਉਹ ਤੰਦਰੁਸਤ ਹੋ ਗਏ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਵੀ ਬਚਨ ਕੀਤਾ ਕਿ ਜੋ ਵੀ ਸ਼ਰਧਾ ਭਾਵਨਾ ਨਾਲ ਇਸ ਅਸਥਾਨ 'ਤੇ ਇਸ਼ਨਾਨ ਕਰੇਗਾ, ਉਸ ਦੇ ਦੁੱਖ ਕੱਟੇ ਜਾਣਗੇ। ਇਸ ਤੋਂ ਬਾਅਦ ਇਸ ਅਸਥਾਨ ਦਾ ਨਾਂ 'ਦੂਖਨਿਵਾਰਨ ਸਾਹਿਬ' ਪੈ ਗਿਆ।
ਮਹਾਰਾਜਾ ਅਮਰ ਸਿੰਘ ਨੇ ਬਣਵਾਇਆ ਸੀ ਗੁਰਦੁਆਰਾ ਸਾਹਿਬ
ਲੰਬੇ ਸਮੇਂ ਤੱਕ ਇਹ ਅਸਥਾਨ ਸੰਭਾਲ ਦੀ ਘਾਟ ਕਾਰਨ ਗੁਪਤ ਰਿਹਾ। ਬਾਅਦ ਵਿਚ ਪਟਿਆਲਾ ਰਿਆਸਤ ਦੇ ਮਹਾਰਾਜਾ ਅਮਰ ਸਿੰਘ ਜੀ ਨੇ ਇਸ ਪਵਿੱਤਰ ਅਸਥਾਨ ਦੀ ਮਹੱਤਤਾ ਨੂੰ ਸਮਝਦਿਆਂ ਇੱਥੇ ਸੁੰਦਰ ਇਮਾਰਤ ਦੀ ਉਸਾਰੀ ਕਰਵਾਈ। ਕਿਹਾ ਜਾਂਦਾ ਹੈ ਕਿ ਪਟਿਆਲਾ ਦੇ ਰਾਜਿਆਂ ਦੀ ਇਸ ਅਸਥਾਨ ਪ੍ਰਤੀ ਡੂੰਘੀ ਸ਼ਰਧਾ ਸੀ। ਸਮੇਂ-ਸਮੇਂ 'ਤੇ ਇਮਾਰਤ ਦਾ ਵਿਸਥਾਰ ਹੁੰਦਾ ਰਿਹਾ ਤੇ ਹੁਣ ਇੱਥੇ ਆਲੀਸ਼ਾਨ ਗੁਰਦੁਆਰਾ ਸਾਹਿਬ, ਲੰਗਰ ਹਾਲ ਤੇ ਪਵਿੱਤਰ ਸਰੋਵਰ ਮੌਜੂਦ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ।
ਬਸੰਤ ਪੰਚਮੀ ਦੀ ਮਹੱਤਤਾ
ਗੁਰੂ ਤੇਗ ਬਹਾਦਰ ਸਾਹਿਬ ਬਸੰਤ ਪੰਚਮੀ ਵਾਲੇ ਦਿਨ ਇੱਥੇ ਪਹੁੰਚੇ ਸਨ, ਇਸ ਲਈ ਹਰ ਸਾਲ ਬਸੰਤ ਪੰਚਮੀ ਦੇ ਦਿਹਾੜੇ 'ਤੇ ਇੱਥੇ ਭਾਰੀ ਜੋੜ ਮੇਲਾ ਲੱਗਦਾ ਹੈ। ਦੂਰ-ਦੂਰ ਤੋਂ ਲੱਖਾਂ ਸੰਗਤਾਂ ਇਸ ਦਿਨ ਮੱਥਾ ਟੇਕਣ ਆਉਂਦੀਆਂ ਹਨ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਇਸ ਦਿਨ ਪਟਿਆਲਾ ਸ਼ਹਿਰ ਵਿਚ ਵੱਖਰਾ ਹੀ ਰੂਹਾਨੀ ਮਾਹੌਲ ਹੁੰਦਾ ਹੈ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਸਿਰਫ਼ ਇਤਿਹਾਸਕ ਇਮਾਰਤ ਨਹੀਂ, ਸਗੋਂ ਲੱਖਾਂ ਲੋਕਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਅਸਥਾਨ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਨਵਤਾ ਪ੍ਰਤੀ ਦਇਆ ਤੇ ਸੇਵਾ ਭਾਵਨਾ ਦੀ ਯਾਦ ਦਿਵਾਉਂਦਾ ਹੈ। ਇੱਥੇ ਆ ਕੇ ਮਨ ਨੂੰ ਅਲੌਕਿਕ ਸ਼ਾਂਤੀ ਮਿਲਦੀ ਹੈ ਤੇ ਗੁਰਬਾਣੀ ਦਾ ਕੀਰਤਨ ਰੂਹ ਨੂੰ ਤ੍ਰਿਪਤ ਕਰਦਾ ਹੈ।
--ਨਵਦੀਪ ਢੀਂਗਰਾ, ਪਟਿਆਲਾ