ਜਦ ਅਸੀਂ ਦੂਜਿਆਂ ਪ੍ਰਤੀ ਨਾਂਹ-ਪੱਖੀ ਵਿਚਾਰ ਹਟਾ ਦਿੰਦੇ ਹਾਂ, ਤਦ ਉਹੀ ਪ੍ਰੇਮ ਸਾਡੇ ਹਿਰਦੇ ਵਿਚ ਵੀ ਪ੍ਰਵੇਸ਼ ਕਰਦਾ ਹੈ। ਜਦ ਸਾਡੇ ਵਚਨ ਦੂਜਿਆਂ ਲਈ ਪ੍ਰਸ਼ੰਸਾ ਤੇ ਸਹਾਇਤਾ ਪ੍ਰਗਟ ਕਰਦੇ ਹਨ ਤਦ ਅਸੀਂ ਮਨੁੱਖੀ ਏਕਤਾ ਵਿਚ ਰਹਿ ਸਕਦੇ ਹਾਂ। ਸਾਨੂੰ ਆਪਣੇ ਸ਼ਬਦਾਂ ’ਤੇ ਕਾਬੂ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਕਿਸੇ ਦੇ ਦਿਲ ਨੂੰ ਕੋਈ ਠੇਸ ਨਾ ਪੁੱਜੇ।

ਅਸੀਂ ਏਕਤਾ ਕਿਵੇਂ ਬਣਾ ਕੇ ਰੱਖ ਸਕਦੇ ਹਾਂ? ਇਸ ਲਈ ਪਹਿਲਾ ਕਦਮ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਸਾਡੇ ਹਿਰਦੇ ਵਿਚ ਕਿਸੇ ਲਈ ਵੀ ਨਫ਼ਰਤ ਅਤੇ ਪੱਖਪਾਤ ਨਾ ਹੋਵੇ। ਉਸ ਲਈ ਸਾਨੂੰ ਅਲੱਗ-ਅਲੱਗ ਧਰਮਾਂ, ਰਾਸ਼ਟਰਾਂ, ਜਾਤਾਂ, ਰੰਗ ਅਤੇ ਕਿਸੇ ਵੀ ਆਰਥਿਕ ਪੱਧਰ ਦੇ ਲੋਕਾਂ ਪ੍ਰਤੀ ਸੱਚਾ ਪ੍ਰੇਮ ਵਿਕਸਤ ਕਰਨਾ ਹੋਵੇਗਾ। ਸਾਨੂੰ ਆਪਣੇ ਅੰਦਰੋਂ ਪੱਖਪਾਤ ਨੂੰ ਬਾਹਰ ਕੱਢਣਾ ਹੋਵੇਗਾ। ਇਹ ਕਿਹਾ ਜਾਂਦਾ ਹੈ ਕਿ ਅਸੀਂ ਦਿਲ ਦੀ ਡੂੰਘਾਈ ਨਾਲ ਗੱਲ ਕਰਦੇ ਹਾਂ।
ਜੇ ਅਸੀਂ ਕਿਸੇ ਨੂੰ ਨਫ਼ਰਤ ਕਦੇ ਹਾਂ ਤਾਂ ਅਸੀਂ ਇਸ ਨੂੰ ਛੁਪਾ ਨਹੀਂ ਸਕਦੇ। ਇਹ ਸਾਡੇ ਚਿਹਰੇ ਤੋਂ ਝਲਕਦੀ ਹੈ ਜਾਂ ਸਾਡੇ ਮੂੰਹ ਤੋਂ ਨਿਕਲ ਜਾਂਦੀ ਹੈ। ਸਾਡੇ ਕੰਮ ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਜ਼ੋਰ ਨਾਲ ਬੋਲਦੇ ਹਨ ਜਦਕਿ ਇਸ ਦੇ ਉਲਟ ਮਨੁੱਖੀ ਏਕਤਾ ਵਿਚ ਜਿਉਣ ਦੀ ਸ਼ੁਰੂਆਤ ਆਪਣੇ ਦਿਲ ਨੂੰ ਦੂਜਿਆਂ ਪ੍ਰਤੀ ਵੈਰ ਨਾ ਰੱਖਣ ਨਾਲ ਹੁੰਦੀ ਹੈ। ਜਦ ਅਸੀਂ ਦਿਲ ਦੇ ਆਇਨੇ ਨੂੰ ਦੂਜਿਆਂ ਪ੍ਰਤੀ ਪੱਖਪਾਤ ਨਾ ਕਰਨ ਦੇ ਵਤੀਰੇ ਨਾਲ ਸਾਫ਼ ਕਰਦੇ ਹਾਂ ਤਦ ਪਰਮਾਤਮਾ ਦਿਲ ਵਿਚ ਨਿਵਾਸ ਕਰਦਾ ਹੈ। ਪਰਮਾਤਮਾ ਕੀ ਹੈ? ਉਹ ਪ੍ਰੇਮ ਹੈ, ਸਰਬਵਿਆਪੀ ਹੈ ਤੇ ਪੂਰੀ ਰਚਨਾ ਨੂੰ ਉਹ ਇਕ ਪਰਿਵਾਰ ਦੇ ਰੂਪ ਵਿਚ ਅਪਣਾਉਂਦਾ ਹੈ।
ਜਦ ਅਸੀਂ ਦੂਜਿਆਂ ਪ੍ਰਤੀ ਨਾਂਹ-ਪੱਖੀ ਵਿਚਾਰ ਹਟਾ ਦਿੰਦੇ ਹਾਂ, ਤਦ ਉਹੀ ਪ੍ਰੇਮ ਸਾਡੇ ਹਿਰਦੇ ਵਿਚ ਵੀ ਪ੍ਰਵੇਸ਼ ਕਰਦਾ ਹੈ। ਜਦ ਸਾਡੇ ਵਚਨ ਦੂਜਿਆਂ ਲਈ ਪ੍ਰਸ਼ੰਸਾ ਤੇ ਸਹਾਇਤਾ ਪ੍ਰਗਟ ਕਰਦੇ ਹਨ ਤਦ ਅਸੀਂ ਮਨੁੱਖੀ ਏਕਤਾ ਵਿਚ ਰਹਿ ਸਕਦੇ ਹਾਂ। ਸਾਨੂੰ ਆਪਣੇ ਸ਼ਬਦਾਂ ’ਤੇ ਕਾਬੂ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਕਿਸੇ ਦੇ ਦਿਲ ਨੂੰ ਕੋਈ ਠੇਸ ਨਾ ਪੁੱਜੇ। ਕੀ ਸਾਡੇ ਵਚਨ ਦੂਜਿਆਂ ਨੂੰ ਇਕ-ਦੂਜੇ ਤੋਂ ਦੂਰ ਕਰਦੇ ਹਨ ਜਾਂ ਉਨ੍ਹਾਂ ਨੂੰ ਨੇੜੇ ਲਿਆਉਂਦੇ ਹਨ?
ਪ੍ਰੇਮ ਅਤੇ ਸੰਭਾਲ ਵਾਲੇ ਸ਼ਬਦ ਲੋਕਾਂ ਨੂੰ ਆਪਸ ’ਚ ਜੋੜਦੇ ਹਨ। ਸਾਨੂੰ ਪ੍ਰੇਮ ਅਤੇ ਮਿੱਠੀ ਬੋਲੀ ਦੀ ਜਿਉਂਦੀ-ਜਾਗਦੀ ਮਿਸਾਲ ਬਣਨਾ ਚਾਹੀਦਾ ਹੈ ਚਾਹੇ ਅਸੀਂ ਕਿਸੇ ਵੀ ਹਾਲਾਤ ਵਿਚ ਕਿਉਂ ਨਾ ਹੋਈਏ ਤਾਂ ਜੋ ਦੂਜੇ ਵੀ ਸਾਥੋਂ ਪ੍ਰੇਰਿਤ ਹੋ ਕੇ ਸਾਰਿਆਂ ਨਾਲ ਪ੍ਰੇਮ ਨਾਲ ਗੱਲ ਕਰਨ। ਅਸੀਂ ਆਪਣੇ ਕੰਮਾਂ ਦੁਆਰਾ ਵੀ ਮਨੁੱਖੀ ਏਕਤਾ ਕਰਵਾ ਸਕਦੇ ਹਾਂ। ਹਰ ਦਿਨ ਸਾਡੇ ਕੋਲ ਕਈ ਬਦਲ ਹੁੰਦੇ ਹਨ।
ਕੀ ਅਸੀਂ ਅਜਿਹੇ ਕਾਰਜ ਕਰਦੇ ਹਾਂ ਜੋ ਲੋਕਾਂ ਨੂੰ ਇਕ-ਦੂਜੇ ਨਾਲ ਜੋੜਦੇ ਹਨ ਜਾਂ ਦੂਰ ਕਰਦੇ ਹਨ? ਜੇ ਅਸੀਂ ਆਪਣੇ ਕਿੱਤੇ ਜਾਂ ਕਾਰੋਬਾਰ ਵਿਚ ਵੀ ਕਿਸੇ ਕਮੇਟੀ ’ਤੇ ਕੰਮ ਕਰਦੇ ਹਾਂ ਜਾਂ ਕਿਸੇ ਪਾਲਿਸੀ ਦੇ ਫ਼ੈਸਲੇ ’ਤੇ ਵੋਟ ਕਰਦੇ ਹਾਂ ਤਾਂ ਕੀ ਸਾਡੀ ਆਵਾਜ਼ ਪ੍ਰੇਮ ਅਤੇ ਸਬਰ ਨੂੰ ਹੱਲਾਸ਼ੇਰੀ ਦਿੰਦੀ ਹੈ ਜਾਂ ਪੱਖਪਾਤ ਅਤੇ ਕੱਟੜਤਾ ਨੂੰ ਹੁਲਾਰਾ ਦਿੰਦੀ ਹੈ। ਧਰਮ ਦਾ ਖੇਤਰ ਵੀ ਇਕ ਅਜਿਹਾ ਸਥਾਨ ਹੈ ਜਿੱਥੇ ਅਸੀਂ ਪ੍ਰੇਮ ਭਾਵਨਾ ਸਿੱਖਦੇ ਹਾਂ ਕਿਉਂਕਿ ਧਰਮ ਸੰਸਥਾਪਕ ਤੇ ਸੰਤ-ਮਹਾਤਮਾ ਆਪਣੇ ਸ਼ਿਸ਼ਾਂ ਤੇ ਪੈਰੋਕਾਰਾਂ ਨੂੰ ਸਭ ਨਾਲ ਪ੍ਰੇਮ ਕਰਨਾ ਹੀ ਸਿਖਾਉਂਦੇ ਹਨ।
-ਸੰਤ ਰਾਜਿੰਦਰ ਸਿੰਘ