ਮੁਕਤੀ ਦਾ ਅਰਥ
ਜੀਵਨ ਦੇ ਪਰਿਪੇਖ ਵਿਚ ਵੀ ਮੁਕਤੀ ਦੋ ਕਿਸਮ ਦੀ ਹੁੰਦੀ ਹੈ। ਇਕ ਤਾਂ ਬਾਹਰਲੇ ਸਥੂਲ ਬੰਧਨਾਂ ਤੋਂ ਛੁਟਕਾਰਾ ਅਤੇ ਦੂਜਾ ਅੰਤਰ-ਮਨ ਵਿਚ ਮੌਜੂਦ ਸੂਖਮ ਬੰਧਨਾਂ ਦੀਆਂ ਸੀਮਾਵਾਂ ਤੋਂ ਬਾਹਰ ਨਿਕਲਣਾ। ਖ਼ਾਸ ਗੱਲ ਇਹ ਹੈ ਕਿ ਬਾਹਰਲੇ ਬੰਧਨਾਂ ਦੀ ਤੁਲਨਾ ਵਿਚ ਇਹ ਸੂਖਮ ਅੰਦਰੂਨੀ ਬੰਧਨਾਂ ਦੀ ਜਕੜ ਕਾਫ਼ੀ ਜ਼ਿਆਦਾ ਮਜ਼ਬੂਤ ਹੁੰਦੀ ਹੈ।
Publish Date: Mon, 24 Nov 2025 11:44 PM (IST)
Updated Date: Tue, 25 Nov 2025 06:45 AM (IST)
ਮੁਕਤੀ ਦਾ ਅਰਥ ਹੈ-ਕਿਸੇ ਬੰਧਨ ਦੇ ਦਾਇਰੇ ਤੋਂ ਬਾਹਰ ਨਿਕਲ ਜਾਣਾ। ਇਹ ਸ਼ਬਦ ਜਿੰਨਾ ਸੂਖਮ ਹੈ, ਇਸ ਵਿਚ ਅੰਦਰੂਨੀ ਭਾਵਨਾ ਉਸ ਤੋਂ ਵੀ ਵਿਆਪਕ ਹੈ। ਸਾਡਾ ਜੀਵਨ ਆਪਣੇ-ਆਪ ਵਿਚ ਇਕ ਬੰਧਨ ਹੈ ਜੋ ਸਾਡੀ ਆਤਮਾ ਨੂੰ ਆਪਣੇ ਸ਼ਿਕੰਜੇ ਵਿਚ ਫਸਾ ਕੇ ਸਾਨੂੰ ਇਸ ਸਥੂਲ ਸਰੀਰ ਜ਼ਰੀਏ ਪਹਿਲਾਂ ਤੋਂ ਹੀ ਨਿਯੋਜਿਤ ਨਾਟਕ ਕਰਨ ਲਈ ਮਜਬੂਰ ਕਰਦਾ ਹੈ। ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤੀ ਨੂੰ ਮੋਕਸ਼ ਕਿਹਾ ਜਾਂਦਾ ਹੈ।
ਜੀਵਨ ਦੇ ਪਰਿਪੇਖ ਵਿਚ ਵੀ ਮੁਕਤੀ ਦੋ ਕਿਸਮ ਦੀ ਹੁੰਦੀ ਹੈ। ਇਕ ਤਾਂ ਬਾਹਰਲੇ ਸਥੂਲ ਬੰਧਨਾਂ ਤੋਂ ਛੁਟਕਾਰਾ ਅਤੇ ਦੂਜਾ ਅੰਤਰ-ਮਨ ਵਿਚ ਮੌਜੂਦ ਸੂਖਮ ਬੰਧਨਾਂ ਦੀਆਂ ਸੀਮਾਵਾਂ ਤੋਂ ਬਾਹਰ ਨਿਕਲਣਾ। ਖ਼ਾਸ ਗੱਲ ਇਹ ਹੈ ਕਿ ਬਾਹਰਲੇ ਬੰਧਨਾਂ ਦੀ ਤੁਲਨਾ ਵਿਚ ਇਹ ਸੂਖਮ ਅੰਦਰੂਨੀ ਬੰਧਨਾਂ ਦੀ ਜਕੜ ਕਾਫ਼ੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਇਹ ਬੰਧਨ ਵੱਖ-ਵੱਖ ਵਿਚਾਰਾਂ, ਇੱਛਾਵਾਂ ਅਤੇ ਪ੍ਰਵਿਰਤੀਆਂ ਦੇ ਰੂਪ ਵਿਚ ਸਾਡੇ ਧੁਰ ਅੰਦਰ ਵਧਦੇ-ਫੁੱਲਦੇ ਰਹਿੰਦੇ ਹਨ।
ਜਦੋਂ ਅਸੀਂ ਆਪਣੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਕਾਬੂ ਕਰਨਾ ਸਿੱਖ ਲੈਂਦੇ ਹਾਂ ਤਾਂ ਅਸੀਂ ਆਪਣੇ-ਆਪ ਨੂੰ ਆਜ਼ਾਦ ਅਤੇ ਨਿਰਮਲ ਮਹਿਸੂਸ ਕਰਦੇ ਹਾਂ। ਬੇਕਾਬੂ ਇੱਛਾਵਾਂ ਸਾਨੂੰ ਅੰਨ੍ਹੀ ਦੌੜ ਵੱਲ ਧੱਕ ਦਿੰਦੀਆਂ ਹਨ ਜਿਸ ਵਿਚ ਅਸੀਂ ਖ਼ੁਦ ਖੋ ਜਾਂਦੇ ਹਾਂ। ਜਦੋਂ ਇੱਛਾਵਾਂ ਸੰਜਮ ਭਰਪੂਰ ਹੁੰਦੀਆਂ ਹਨ ਤਾਂ ਮਨ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਅਸੀਂ ਬਾਹਰਲੀਆਂ ਖਿੱਚਾਂ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਸਬਰ-ਸੰਤੋਖ ਮਹਿਸੂਸ ਕਰਦੇ ਹਾਂ।
ਇਹੀ ਸੰਤੋਖ ਮੁਕਤੀ ਦਾ ਮਾਰਗ ਹੈ ਜਿਸ ਵਿਚ ਅਸੀਂ ਅਧੂਰੇ ਨੂੰ ਵੀ ਪੂਰਨ ਦੇ ਰੂਪ ਵਿਚ ਦੇਖਦੇ ਹਾਂ। ਮੁਕਤੀ ਦੇ ਭਾਵ ਵਿਚ ਅਸੀਂ ਖ਼ੁਦ ਦੀਆਂ ਹੱਦਬੰਦੀਆਂ ਨੂੰ ਸਵੀਕਾਰ ਕਰ ਲੈਂਦੇ ਹਾਂ। ਮੁਕਤੀ ਦੀ ਘਾਟ ਵਿਚ ਅਸੀਂ ਅਕਸਰ ਉਨ੍ਹਾਂ ਵਿਸ਼ਿਆਂ ਵਿਚ ਉਲਝ ਜਾਂਦੇ ਹਾਂ, ਜਿਨ੍ਹਾਂ ਨੂੰ ਅਸੀਂ ਨਿਯੰਤਰਿਤ ਨਹੀਂ ਕਰ ਸਕਦੇ। ਹਾਲਾਤ, ਲੋਕਾਂ ਅਤੇ ਨਤੀਜਿਆਂ ਨੂੰ ਆਪਣੇ ਮੁਤਾਬਕ ਨਾ ਢਾਲ ਸਕਣ ’ਤੇ ਸਾਨੂੰ ਨਿਰਾਸ਼ਾ ਘੇਰ ਲੈਂਦੀ ਹੈ ਪਰ ਜਦੋਂ ਅਸੀਂ ਜੀਵਨ ਦੇ ਵਹਾਅ ਦੀ ਸਵੀਕਾਰਤਾ ਨੂੰ ਆਪਣੇ ਅੰਦਰ ਲੈ ਆਉਂਦੇ ਹਾਂ ਤਾਂ ਸਾਨੂੰ ਇਕ ਅਦੁੱਤੀ ਮਾਨਸਿਕ ਸੰਤੁਲਨ ਪ੍ਰਾਪਤ ਹੁੰਦਾ ਹੈ ਅਤੇ ਅਸੀਂ ਜੀਵਨ ’ਚ ਸੁਖਦਾਈ ਤਰੀਕੇ ਨਾਲ ਵਿਚਰਨਾ ਸਿੱਖ ਜਾਂਦੇ ਹਾਂ। ਇਹੀ ਸਹਿਜਤਾ ਮੁਕਤੀ ਦਾ ਇਕ ਵਿਵਹਾਰਕ ਰੂਪ ਹੈ।
-ਪ੍ਰੇਰਨਾ ਅਵਸਥੀ