ਰੂਹਾਨੀ ਮਾਰਗ ’ਤੇ ਚੱਲਣ ਦਾ ਮਹੱਤਵ
ਕਰੁਣਾ ਦਾ ਆਰੰਭ ਤਦ ਹੀ ਹੁੰਦਾ ਹੈ ਜਦੋਂ ਮਨੁੱਖ ਕਿਸੇ ਵੀ ਕਿਸਮ ਦੇ ਮਾਨਸਿਕ ਵਪਾਰ ਤੋਂ ਮੁਕਤ ਹੋ ਜਾਂਦਾ ਹੈ। ਕਰੁਣਾ ਵਿਚ ਨਾ ਕੋਈ ਉਮੀਦ ਹੁੰਦੀ ਹੈ ਅਤੇ ਨਾ ਹੀ ਵਿਰੋਧ। ਇਹ ਅਪਣੱਤ ਦੀ ਅਜਿਹੀ ਬਾਰਿਸ਼ ਹੈ ਜੋ ਲਾਭ-ਨੁਕਸਾਨ ਤੋਂ ਪਰੇ ਸਭਨਾਂ ’ਤੇ ਵਰ੍ਹਦੀ ਹੈ।
Publish Date: Tue, 09 Dec 2025 10:21 PM (IST)
Updated Date: Wed, 10 Dec 2025 07:42 AM (IST)
ਸਾਰੇ ਜੀਵ-ਜੰਤੂਆਂ ਦਾ ਭਲਾ ਹੋਵੇ-ਜਿਸ ਦਿਨ ਪ੍ਰਾਰਥਨਾ ਵਿਚ ਇਹ ਸ਼ਾਮਲ ਹੋ ਜਾਵੇ, ਉਸ ਦਿਨ ਸਮਝਣਾ ਚਾਹੀਦਾ ਹੈ ਕਿ ਉਸੇ ਦਿਨ ਤੋਂ ਅਧਿਆਤਮਕ ਮਾਰਗ ਦਾ ਦਰਵਾਜ਼ਾ ਖੁੱਲ੍ਹ ਗਿਆ ਹੈ। ਮਿੱਤਰਤਾ ਅਤੇ ਦੁਸ਼ਮਣੀ-ਦੋਵੇਂ ਹੀ ਮਨ ਦੇ ਅਜਿਹੇ ਬੰਧਨ ਹਨ ਜੋ ਵਿਅਕਤੀ ਨੂੰ ਉਸ ਦੇ ਮੂਲ ਸਰੂਪ ਤੋਂ ਦੂਰ ਲੈ ਕੇ ਜਾਂਦੇ ਹਨ।
ਮਿੱਤਰਤਾ ਵਿਚ ਮਨੁੱਖ ਆਪਣੇ-ਆਪ ਨੂੰ ਕਿਸੇ ਹੋਰ ਵਿਚ ਮਗਨ ਕਰ ਲੈਂਦਾ ਹੈ ਅਤੇ ਦੁਸ਼ਮਣੀ ਵਿਚ ਉਹ ਦੂਜੇ ਨੂੰ ਆਪਣੇ ਅੰਦਰ ਰੱਖ ਲੈਂਦਾ ਹੈ। ਦੋਹਾਂ ਹੀ ਸਥਿਤੀਆਂ ਵਿਚ ਆਤਮਾ ਦੀ ਆਜ਼ਾਦੀ ਰੁਕ ਜਾਂਦੀ ਹੈ। ਰੂਹਾਨੀਅਤ ਦਾ ਪਹਿਲਾ ਸਰੋਤ ਇਹ ਹੈ ਕਿ ਵਿਅਕਤੀ ਆਪਣੀ ਚੇਤਨਾ ਨੂੰ ਕਿਸੇ ਵੀ ਬਾਹਰਲੀ ਵਸਤੂ ਜਾਂ ਵਿਅਕਤੀ ਦੇ ਹੱਥਾਂ ਵਿਚ ਗਿਰਵੀ ਨਾ ਰੱਖੇ। ਸੱਚਾ ਰੂਹਾਨੀ ਵਿਅਕਤੀ ਕਿਸੇ ਨਾਲ ਦੋਸਤੀ ਜਾਂ ਦੁਸ਼ਮਣੀ ਨਹੀਂ ਪਾਲਦਾ। ਉਸ ਦਾ ਸੰਕਲਪ ਸਿਰਫ਼ ਇਹ ਹੁੰਦਾ ਹੈ ਕਿ ਉਹ ਕਿਸੇ ਵੀ ਦਿਲ ਵਿਚ ਪੀੜਾ ਦਾ ਕਾਰਨ ਨਾ ਬਣੇ।
ਕਰੁਣਾ ਦਾ ਆਰੰਭ ਤਦ ਹੀ ਹੁੰਦਾ ਹੈ ਜਦੋਂ ਮਨੁੱਖ ਕਿਸੇ ਵੀ ਕਿਸਮ ਦੇ ਮਾਨਸਿਕ ਵਪਾਰ ਤੋਂ ਮੁਕਤ ਹੋ ਜਾਂਦਾ ਹੈ। ਕਰੁਣਾ ਵਿਚ ਨਾ ਕੋਈ ਉਮੀਦ ਹੁੰਦੀ ਹੈ ਅਤੇ ਨਾ ਹੀ ਵਿਰੋਧ। ਇਹ ਅਪਣੱਤ ਦੀ ਅਜਿਹੀ ਬਾਰਿਸ਼ ਹੈ ਜੋ ਲਾਭ-ਨੁਕਸਾਨ ਤੋਂ ਪਰੇ ਸਭਨਾਂ ’ਤੇ ਵਰ੍ਹਦੀ ਹੈ। ਜਦੋਂ ਵਿਅਕਤੀ ਸਾਰੇ ਜੀਵਾਂ ਦਾ ਭਲਾ ਚਾਹੁੰਦਾ ਹੈ ਤਦ ਉਹ ਅਸਲ ਵਿਚ ਆਪਣੇ ਅੰਦਰ ਦੀ ਉਸ ਨਿਰਮਲ ਧਾਰਾ ਨੂੰ ਪੋਸ਼ਿਤ ਕਰਦਾ ਹੈ ਜੋ ਸਾਰੇ ਪ੍ਰਾਣੀਆਂ ਨੂੰ ਇਕ ਹੀ ਚੇਤਨਾ ਦਾ ਪ੍ਰਗਟਾਵਾ ਮੰਨਦੀ ਹੈ। ਸਰਬੱਤ ਦੇ ਭਲੇ ਵਿਚ ਹੀ ਉਸ ਦਾ ਆਪਣਾ ਭਲਾ ਵੀ ਛੁਪਿਆ ਹੁੰਦਾ ਹੈ।
ਜੋ ਮਨੁੱਖ ਸਾਰਿਆਂ ਲਈ ਨਿਰਵਿਕਾਰ ਭਾਵ ਨਾਲ ਭਲੇ ਦੀ ਭਾਵਨਾ ਰੱਖਦਾ ਹੈ, ਉਹ ਨਾ ਕਿਸੇ ਦੇ ਹਿੱਤ ਦਾ ਵਪਾਰੀ ਬਣਦਾ ਹੈ ਅਤੇ ਨਾ ਕਿਸੇ ਦੇ ਵਿਰੋਧ ਦਾ ਵਾਹਕ। ਅੱਜ ਵਿਅਕਤੀ ਵਪਾਰ, ਵਟਾਂਦਰੇ, ਲੈਣ-ਦੇਣ, ਆਕਰਸ਼ਣ-ਬੇਮੁੱਖ ਹੋਣ ਦੇ ਚੌਰਾਹੇ ’ਤੇ ਖੜ੍ਹਾ ਹੈ। ਸੰਸਾਰ ਦੇ ਇਸ ਲੈਨ-ਦੇਣ ਵਿਚਕਾਰ ਮਨੁੱਖ ਕਦੋਂ ਆਪਣੇ ਆਤਮਬੋਧ ਦੀ ਪੂੰਜੀ ਗੁਆ ਦਿੰਦਾ ਹੈ, ਉਹ ਜਾਣਦਾ ਹੀ ਨਹੀਂ। ਜਦੋਂ ਮਨੁੱਖ ਕਿਸੇ ਨਾਲ ਬਹੁਤ ਜ਼ਿਆਦਾ ਸਨੇਹ ਨਹੀਂ ਜੋੜਦਾ ਤਾਂ ਉਮੀਦਾਂ ਦਾ ਜ਼ਹਿਰ
ਵੀ ਜਨਮ ਨਹੀਂ ਲੈਂਦਾ ਅਤੇ ਜਦੋਂ ਉਹ ਕਿਸੇ ਨਾਲ ਵੈਰ ਨਹੀਂ ਪਾਲਦਾ ਤਾਂ ਮਨ ਦੀ ਸ਼ਾਂਤ ਝੀਲ ਵਿਚ ਗੁੱਸੇ ਦੀਆਂ ਲਹਿਰਾਂ ਨਹੀਂ ਉੱਠਦੀਆਂ। ਨਿਰਲੇਪਤਾ ਮਨੁੱਖੀ ਸਬੰਧਾਂ ਨੂੰ ਸ਼ੁੱਧ ਕਰਦੀ ਹੈ।
-ਟਵਿੰਕਲ ਤੋਮਰ ਸਿੰਘ