ਵਰਤਮਾਨ ’ਚ ਪਰਿਵਾਰਾਂ ’ਚ ਟੁੱਟ-ਭੱਜ ਸਾਡੀ ਪਰਿਵਾਰਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਸਾਡੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦਾ। ਇਸੇ ਕਾਰਨ ਅੱਜ-ਕੱਲ੍ਹ ਪਰਿਵਾਰਕ ਤਣਾਅ ਵਾਲੇ ਹਾਲਾਤ ਵਧ ਰਹੇ ਹਨ। ਲੋਕ ਖ਼ੁਦ ਨੂੰ ਇਕਲਾਪੇ ਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ। ਆਪਣੀ ਪਰੇਸ਼ਾਨੀ ਸਾਂਝੀ ਕਰਨ ਲਈ ਉਨ੍ਹਾਂ ਨੂੰ ਕੋਈ ਮਿਲ ਨਹੀਂ ਪਾ ਰਿਹਾ।
ਪਰਿਵਾਰ ਸਾਡੀ ਤਾਕਤ ਤੇ ਅੰਦਰੂਨੀ ਊਰਜਾ ਦਾ ਕੇਂਦਰ ਹੈ। ਇਸ ਦੇ ਬਲਬੂਤੇ ਅਸੀਂ ਸਮਾਜਿਕ ਜੀਵਨ ਦਾ ਸਰਬਉੱਚ ਹਾਸਲ ਕਰ ਸਕਦੇ ਹਾਂ। ਇਹ ਸੰਸਕ੍ਰਿਤੀ ਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਮੁੱਢਲੀ ਪਾਠਸ਼ਾਲਾ ਵੀ ਹੈ। ਪਰਿਵਾਰ ਨਾਲ ਹੀ ਸਾਡੇ ਅੰਦਰ ਸਦਗੁਣਾਂ ਦਾ ਵਿਕਾਸ ਹੁੰਦਾ ਹੈ। ਕਿਸੇ ਵੀ ਵਿਅਕਤੀ ਦੇ ਵਿਕਾਸ ’ਚ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਬੱਚੇ ’ਤੇ ਪਹਿਲਾ ਅਸਰ ਪਰਿਵਾਰ ਦੇ ਮਾਹੌਲ ਦਾ ਹੀ ਪੈਂਦਾ ਹੈ। ਜੇ ਪਰਿਵਾਰਕ ਮਾਹੌਲ ਚੰਗਾ ਹੈ ਤਾਂ ਉਹ ਤੇਜ਼ੀ ਨਾਲ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਲੱਗਦਾ ਹੈ। ਉਸ ਦੀ ਬੌਧਿਕ ਅਤੇ ਰੂਹਾਨੀ ਸਮਰੱਥਾ ਵਿਚ ਹਾਂ-ਪੱਖੀ ਤਬਦੀਲੀ ਦੇਖੀ ਜਾ ਸਕਦੀ ਹੈ। ਇਸ ਦੇ ਉਲਟ ਜੇ ਪਰਿਵਾਰ ਦਾ ਮਾਹੌਲ ਠੀਕ ਨਾ ਹੋਵੇ ਤਾਂ ਬੱਚਾ ਟੁੱਟਣ ਲੱਗਦਾ ਹੈ। ਉਸ ਦੇ ਵਿਕਾਸ ’ਚ ਰੁਕਾਵਟ ਪੈਣ ਲੱਗਦੀ ਹੈ। ਉਹ ਮਾਨਸਿਕ ਤੇ ਬੌਧਿਕ ਤੌਰ ’ਤੇ ਕਮਜ਼ੋਰ ਹੋਣ ਲੱਗਦਾ ਹੈ। ਉਸ ਦੇ ਸੁਭਾਅ ’ਚ ਨਾਂਹ-ਪੱਖੀ ਸੋਚ ਘਰ ਕਰਨ ਲੱਗਦੀ ਹੈ। ਉਹ ਚਿੜਚਿੜਾ ਹੋ ਜਾਂਦਾ ਹੈ। ਕਦੇ-ਕਦੇ ਉਹ ਹਿੰਸਕ ਵੀ ਹੋ ਜਾਂਦਾ ਹੈ। ਪਿਆਰ-ਮੁਹੱਬਤ, ਮਮਤਾ, ਤਿਆਗ, ਭਰੋਸਾ ਇਹ ਸਾਰੇ ਪਰਿਵਾਰ ਦੇ ਮਹੱਤਵਪੂਰਨ ਗੁਣ ਹਨ। ਜਿਸ ਪਰਿਵਾਰ ਦੇ ਮੈਂਬਰਾਂ ਵਿਚ ਇਹ ਸਭ ਹੁੰਦੇ ਹਨ, ਯਕੀਨਨ ਉਹ ਪਰਿਵਾਰ ਇਕ ਆਦਰਸ਼ ਪਰਿਵਾਰ ਦੀ ਮਿਸਾਲ ਹੈ। ਭਾਰਤੀ ਸੰਸਕ੍ਰਿਤੀ ਤੇ ਜੀਵਨ ਪ੍ਰਣਾਲੀ ’ਚ ਪਰਿਵਾਰ ਦਾ ਖ਼ਾਸ ਮਹੱਤਵ ਹੈ। ਪਰਿਵਾਰ ਰੂਪੀ ਸੰਸਥਾ ਨਾਲ ਹੀ ਦੇਸ਼ ਦੀ ਤਰੱਕੀ ਦਾ ਰਾਹ ਪਕੇਰਾ ਹੁੰਦਾ ਹੈ। ਸਾਂਝੇ ਪਰਿਵਾਰ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਵਰਤਮਾਨ ’ਚ ਪਰਿਵਾਰਾਂ ’ਚ ਟੁੱਟ-ਭੱਜ ਸਾਡੀ ਪਰਿਵਾਰਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਸਾਡੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦਾ। ਇਸੇ ਕਾਰਨ ਅੱਜ-ਕੱਲ੍ਹ ਪਰਿਵਾਰਕ ਤਣਾਅ ਵਾਲੇ ਹਾਲਾਤ ਵਧ ਰਹੇ ਹਨ। ਲੋਕ ਖ਼ੁਦ ਨੂੰ ਇਕਲਾਪੇ ਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ। ਆਪਣੀ ਪਰੇਸ਼ਾਨੀ ਸਾਂਝੀ ਕਰਨ ਲਈ ਉਨ੍ਹਾਂ ਨੂੰ ਕੋਈ ਮਿਲ ਨਹੀਂ ਪਾ ਰਿਹਾ। ਇਸ ਨਾਲ ਬੱਚਿਆਂ ਦੀ ਪਰਵਰਿਸ਼ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਨੂੰ ਦਾਦਾ-ਦਾਦੀ ਦਾ ਪਿਆਰ ਤੇ ਢੁੱਕਵੇਂ ਸੰਸਕਾਰ ਨਹੀਂ ਮਿਲ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਅੰਦਰ ਲੋੜੀਂਦੀਆਂ ਕਦਰਾਂ-ਕੀਮਤਾਂ ਦਾ ਸੰਚਾਰ ਨਹੀਂ ਹੋ ਰਿਹਾ। ਇਸ ਨਾਲ ਉਨ੍ਹਾਂ ਦੇ ਬੌਧਿਕ ਤੇ ਨੈਤਿਕ ਵਿਕਾਸ ਦੀ ਰਫ਼ਤਾਰ ਮੱਠੀ ਪੈ ਰਹੀ ਹੈ। ਇਸ ਸਥਿਤੀ ਨੂੰ ਬਦਲਣਾ ਸਮੇਂ ਦੀ ਜ਼ਰੂਰਤ ਹੈ।
-ਲਲਿਤ ਸ਼ੌਰਿਆ