ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰੰਤ ਮੁਗ਼ਲਾਂ ਵੱਲੋਂ ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ।

ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਵਿਚ ਭਾਈ ਤਾਰੂ ਸਿੰਘ ਜੀ ਦਾ ਨਾਂ ਸੁਨਹਿਰੀ ਅੱਖਰਾਂ 'ਚ ਅੰਕਿਤ ਹੈ। ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਤੇ 'ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ' ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੇਸਾਂ ਦੀ ਰਾਖੀ ਲਈ ਖੋਪਰੀ ਉਤਰਵਾ, ਕੁਰਬਾਨੀ ਦੇ ਅਨੋਖੇ ਪੂਰਨੇ ਪਾਏ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰੰਤ ਮੁਗ਼ਲਾਂ ਵੱਲੋਂ ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸਿੰਘਾਂ ਨੇ ਘਣੇ ਜੰਗਲਾਂ ਵਿਚ ਜਾ ਨਿਵਾਸ ਕੀਤਾ। ਉੱਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਤੇ ਜਦੋਂ ਸਮਾਂ ਮਿਲਦਾ, ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ, ਜੰਗਲਾਂ 'ਚ ਰਹਿ ਰਹੇ ਵੀਰਾਂ ਦੇ ਲੰਗਰ-ਪਾਣੀ ਦੀ ਸੇਵਾ ਬੜੇ ਉਤਸ਼ਾਹ ਨਾਲ ਕਰਦੇ।
ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੇ ਵਸਨੀਕ ਭਾਈ ਤਾਰੂ ਸਿੰਘ ਜੀ ਵੀ ਇਨ੍ਹਾਂ ਸਿਦਕੀ ਸਿੰਘਾਂ 'ਚੋਂ ਇਕ ਸਨ। ਆਪ ਪਿੰਡ ਵਿਚ ਖੇਤੀਬਾੜੀ ਕਰਦੇ ਸਨ ਤੇ ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲਗਦਾ ਤਾਂ ਆਪ ਨੂੰ ਚਾਅ ਚੜ੍ਹ ਜਾਂਦਾ। ਆਪ ਦੀ ਭੈਣ ਤੇ ਮਾਤਾ ਜੀ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਤੇ ਭਾਈ ਤਾਰੂ ਸਿੰਘ ਜੀ ਜਥੇ ਦੇ ਸਿੰਘਾਂ ਪਾਸ ਲੰਗਰ ਪਹੁੰਚਾਣ ਦੀ ਸੇਵਾ ਕਰਦੇ। ਜਿਥੇ ਸਿਦਕੀ ਸਿੰਘ, ਮੁਸੀਬਤ 'ਚ ਘਿਰੇ ਆਪਣੇ ਵੀਰਾਂ ਦੀ ਸੇਵਾ ਲਈ ਨਿੱਤਰ ਰਹੇ ਸਨ, ਉੱਥੇ ਸਿੰਘਾਂ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਦੀ ਵੀ ਕੋਈ ਕਮੀ ਨਹੀਂ ਸੀ। ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖ਼ਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਦੇ
ਖ਼ਿਲਾਫ਼ ਸ਼ਿਕਾਇਤ ਕੀਤੀ ਕਿ ਕਿਵੇਂ ਉਹ ਹਕੂਮਤ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਟਹਿਲ-ਸੇਵਾ ਕਰ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਦਾ ਜ਼ਿਕਰ ਇਸ ਪ੍ਰਕਾਰ ਸ਼ਾਮਿਲ ਹੈ :
ਹਰਭਗਤ ਨਿਰੰਜਨੀਏਂ ਯੌ ਫਿਰ ਕਹੀ
ਪੂਲ੍ਹੋ ਪਿੰਡ ਇਕ ਮਾਝੇ ਅਹੀ।
ਤਾਰੂ ਸਿੰਘ ਤਹਿਂ ਖੇਤੀ ਕਰੈ
ਸਾਥ ਪਿੰਡ ਵਹਿ ਹਾਲਾ ਭਰੈ।
ਦੇਹ ਹਾਕਮ ਕਛੁ ਥੋੜਾ ਖਾਵੈ
ਬਚੈ ਸਿੰਘਨ ਕੇ ਪਾਸ ਪੁਚਾਵੈ...
ਸ਼ਬਦ ਚੌਕੀ ਗੁਰ ਅਪਨੇ ਕੀ ਕਰੇ
ਸੋ ਮਰਨ ਤੇ ਨੈਕ ਨ ਡਰੇ।
ਗੰਗਾ ਜਮਨਾ ਨਿਕਟ ਨਾ ਜਾਵੈ
ਅਪਨੇ ਗੁਰ ਕੀ ਛਪੜੀ ਨ੍ਹਾਵੈ।
ਜਗਨ ਨਾਥ ਕੋ ਟੁੰਡਾ ਆਖੈ
ਰਾਮ ਕਿਸ਼ਨ ਕੋ ਜਾਪ ਨ ਭਾਖੈ।
ਰਾਤ ਤੁਰੈ, ਦਿਨ ਬਹਿ ਰਹੈ,
ਤੁਰਕਨ ਆਂਖ ਬਚਾਇ।
ਸਿਰ ਪਰ ਪੰਡ ਉਠਾਇਕੈ,
ਸਿੰਘਨ ਪਰ ਪਹੁੰਚਾਇ।
ਜ਼ਕਰੀਆ ਖ਼ਾਨ ਇਹ ਸੁਣ ਕੇ ਗੁੱਸੇ 'ਚ ਲਾਲ-ਪੀਲਾ ਹੋ ਗਿਆ ਤੇ ਤੁਰੰਤ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਤੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ ਲੇਕਿਨ ਗੁਰੂ ਕਾ ਸਿੰਘ ਹਕੂਮਤ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਰਿਹਾ। ਪ੍ਰਾਚੀਨ ਪੰਥ ਪ੍ਰਕਾਸ਼ 'ਚ ਦਰਜ ਹੈ :
ਜਿਮ-ਜਿਮ ਸਿੰਘ ਕੋ ਤੁਰਕ ਸਤਾਵੈ।
ਤਿਮ-ਤਿਮ ਮੁਖ ਸਿੰਘ ਲਾਲੀ ਆਵੈ।
ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖ਼ਾਨ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੂੰ ਸਿੱਖੀ ਤਿਆਗ ਕੇ ਇਸਲਾਮ ਕਬੂਲ ਕਰ ਲੈਣ ਲਈ ਲੋਭ-ਲਾਲਚ ਦਿੱਤੇ ਗਏ, ਪਰੰਤੂ ਉਹ ਆਪਣੇ ਅਕੀਦੇ 'ਤੇ ਅਟੱਲ ਰਹੇ। ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ ਨਿਸ਼ਚਾ ਵੇਖ ਕੇ ਸੂਬੇ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਭਾਈ ਸਾਹਿਬ ਨੇ ਬਚਨ ਕੀਤਾ ਕਿ 'ਇਹ ਕੇਸ ਮੇਰੇ ਗੁਰੂ ਦੀ ਅਮਾਨਤ ਹਨ, ਇਨ੍ਹਾਂ ਨੂੰ ਅਲਹਿਦਾ ਕਰਨ ਦੀ ਥਾਂ ਆਪ ਮੇਰੀ ਜਾਨ ਲੈਣੀ ਚਾਹੋ ਤਾਂ ਮੈਂ ਤਿਆਰ ਹਾਂ।' ਇਸ 'ਤੇ ਸੂਬੇ ਨੇ ਜੱਲਾਦ ਨੂੰ ਬੁਲਾ ਕੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਸੁਣਾ ਦਿੱਤਾ। ਸੂਬੇ ਦਾ ਹੁਕਮ ਸੁਣ ਕੇ ਭਾਈ ਸਾਹਿਬ ਨੂੰ ਦੁੱਖ ਨਾ ਹੋਇਆ ਬਲਕਿ ਡਾਢਾ ਚਾਅ ਚੜ੍ਹ ਗਿਆ ਕਿ ਹੁਣ ਮੈਂ ਦਸਮੇਸ਼ ਪਿਤਾ ਦੇ ਸਾਹਮਣੇ ਸਾਬਤ-ਸੂਰਤ ਹਾਜ਼ਰ ਹੋ ਕੇ ਖ਼ੁਸ਼ੀਆਂ ਦਾ ਪਾਤਰ ਬਣ ਸਕਾਂਗਾ।
ਭਾਈ ਤਾਰੂ ਸਿੰਘ ਜੀ ਚਾਹੁੰਦੇ ਤਾਂ ਧਰਮ ਛੱਡ ਕੇ ਆਪਣੀ ਜਾਨ ਬਚਾ ਸਕਦੇ ਸਨ ਤੇ ਹਕੂਮਤ ਵੱਲੋਂ ਮਿਲਣ ਵਾਲੀਆਂ ਪਦਵੀਆਂ ਪ੍ਰਾਪਤ ਕਰ ਸਕਦੇ ਸਨ ਲੇਕਿਨ ਆਪ ਨੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾ ਕੇ ਕੌਮ ਲਈ ਅਨੋਖੇ ਪੂਰਨੇ ਪਾਏ। ਹੱਸਦੇ ਹੋਏ ਖੋਪਰੀ ਲੁਹਾ ਕੇ ਆਪ ਨੇ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਸਿੱਖ ਜਾਨ ਤਾਂ ਵਾਰ ਸਕਦਾ ਹੈ, ਲੇਕਿਨ ਕੇਸਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ।
ਆਉ! ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਦੀ ਬਖ਼ਸ਼ੀ ਹੋਈ ਦਾਤ 'ਕੇਸਾਂ' ਦੀ ਸੰਭਾਲ ਲਈ ਤਤਪਰਤਾ ਨਾਲ ਪਹਿਰਾ ਦਿੰਦਿਆਂ ਸਿੱਖੀ ਸਰੂਪ ਤੋਂ ਦੂਰ ਹੋ ਚੁੱਕੇ ਨੌਜਵਾਨਾਂ ਨੂੰ ਮੁੜ ਸਿੱਖ ਫੁਲਵਾੜੀ ਨਾਲ ਜੋੜਨ ਦੇ ਉਪਰਾਲੇ ਕਰੀਏ ਤੇ ਗੁਰੂ ਦੀਆਂ ਖ਼ੁਸ਼ੀਆਂ ਦੇ ਪਾਤਰ ਬਣੀਏ।
- ਦਿਲਜੀਤ ਸਿੰਘ ਬੇਦੀ