ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਗੁਰੂ ਹਰਰਾਏ, ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਦੇ ਸਮਿਆਂ ਦੌਰਾਨ ਵੀ ਗੁਰੂ ਘਰ ’ਚ ਆਪਣੀ ਸੇਵਾ ਨਿਭਾਉਂਦੇ ਰਹੇ। ਅੱਠਵੇਂ ਬਾਲ ਗੁਰੂ ਜੀ ਦੇ ਸਮੇਂ ਜਿਹੜੀ ਪੰਜ ਮੈਂਬਰੀ ਸਭਾ ਸਥਾਪਿਤ ਕੀਤੀ ਗਈ ਸੀ, ਉਨ੍ਹਾਂ ’ਚ ਗੁਰਦਿੱਤਾ ਰੰਧਾਵਾ ਸਪੁੱਤਰ ਬਾਬਾ ਬੁੱਢਾ ਜੀ, ਦਰਗਾ ਮੱਲ ਸਪੁੱਤਰ ਦਵਾਰਕਾ ਦਾਸ ਛਿੱਬਰ ਜੋ ਜ਼ੇਹਲਮ ਜ਼ਿਲ੍ਹੇ ਦੇ ਰਹਿਣ ਵਾਲੇ ਮੋਹੀਵਾਲ ਬ੍ਰਾਹਮਣ ਸਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਨਿਸ਼ਕਾਮ ਤੇ ਲਾਸਾਨੀ ਸੰਘਰਸ਼ ਕਿਸੇ ਇਕ ਫ਼ਿਰਕੇ, ਕੁਨਬੇ, ਇਲਾਕੇ ਤੇ ਸਿਆਸੀ ਸੀਮਾਵਾਂ ਤੋਂ ਹਟ ਕੇ ਅਨਿਆਂ ਦੇ ਖ਼ਿਲਾਫ਼ ਸੱਚਾਈ ਦੀ ਆਵਾਜ਼ ਬੁਲੰਦ ਕਰਦੇ ਹੋਏ ਸਿੱਧੇ ਰੂਪ ’ਚ ਨਿਆਂ ਨਾਲ ਜਾ ਜੁੜਦਾ ਹੈ। ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਜੋ ਉਨ੍ਹਾਂ ਨੇ ਪੀੜਤ ਬ੍ਰਹਾਮਣਾਂ ਦੇ ਦੁੱਖਾਂ ਤੋਂ ਪ੍ਰਭਾਵਿਤ ਹੋ ਕੇ ਔਰੰਗਜ਼ੇਬ ਦੇ ਤਸ਼ੱਦਦ ਵਿਰੁੱਧ ਆਵਾਜ਼ ਉਠਾਈ ਤੇ ਜੇ ਉਨ੍ਹਾਂ ਦੀ ਥਾਂ ਅਜਿਹਾ ਮੁਸਲਮਾਨਾਂ ਨਾਲ ਵੀ ਹੋਇਆ ਹੁੰਦਾ ਤਾਂ ਉਨ੍ਹਾਂ ਨੇ ਸੱਚ ਉੱਪਰ ਪਹਿਰਾ ਦਿੰਦਿਆਂ ਆਪਣੀ ਆਵਾਜ਼ ਉਸ ਹੁਕਮਕਾਨ ਧਿਰ ਖ਼ਿਲਾਫ਼ ਵੀ ਉਠਾਉਣੀ ਸੀ, ਜਿਹੜੀ ਧਿਰ ਉਨ੍ਹਾਂ ਨੂੰ ਪੀੜਤ ਕਰ ਰਹੀ ਸੀ।

ਤਿੰਨ ਉਪਾਸ਼ਕਾਂ ਦੀ ਸ਼ਹਾਦਤ
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਇਕ ਦਿਨ ਪਹਿਲਾਂ 10 ਨਵੰਬਰ 1675 ਨੂੰ ਤਿੰਨ ਉਪਾਸ਼ਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਜਿਸ ਤਰ੍ਹਾਂ ਦੇ ਗ਼ੈਰ-ਮਨੁੱਖੀ ਤੇ ਭੈਅ-ਭੀਤ ਕਰਨ ਵਾਲੇ ਤਸ਼ੱਦਦ ਨਾਲ ਸ਼ਹੀਦ ਕੀਤਾ ਗਿਆ, ਉਸ ਦਾ ਇਕਹਿਰਾ ਮਕਸਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਡੋਲ ਤੇ ਅਟੱਲ ਫ਼ੈਸਲੇ ਤੋਂ ਉਨ੍ਹਾਂ ਨੂੰ ਉਕਸਾਉਣਾ ਸੀ। ਹਕੀਕਤ ’ਚ ਇਹ ਮੁਗ਼ਲ ਸ਼ਾਸਨ ਦੀ ਤੁਛ ਸਮਝ ਵਿੱਚੋਂ ਉਪਜਿਆ ਤਸ਼ੱਦਦ ਦਾ ਉਹ ਰੂਪ ਸੀ, ਜਿਸ ਨੇ ਗੁਰੂ ਸਾਹਿਬ ਤੇ ਉਨ੍ਹਾਂ ਨਾਲ ਸ਼ਹਾਦਤ ਪਾ ਗਏ ਤਿੰਨੋਂ ਲਾਸਾਨੀ ਸ਼ਹੀਦਾਂ ਨੂੰ ਸਦਾ ਵਾਸਤੇ ਲੋਕਾਈ ਦੇ ਮਨਾਂ ’ਚ ਜੀਵਤ ਕਰ ਦਿੱਤਾ। ਇਸ ਤੋਂ ਅਗਾਂਹ ਵਧ ਕੇ ਇਸ ਘਿਨਾਉਣੀ ਵਾਰਦਾਤ ਨੇ ਮੁਗ਼ਲ ਸ਼ਾਸਨ ਦੀ ਜੜ੍ਹ ਵੀ ਪੁੱਟ ਸੁੱਟੀ।
ਚਿਰਕਾਲ ਤੋਂ ਗੁਰੂ ਘਰ ਨਾਲ ਜੁੜਿਆ ਸੀ ਪਰਿਵਾਰ
ਇਤਿਹਾਸਕ ਤੱਥਾਂ ’ਚ ਦਰਜ ਹੈ ਕਿ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਦਾ ਪਰਿਵਾਰ ਚਿਰਕਾਲ ਤੋਂ ਗੁਰੂ ਘਰ ਨਾਲ ਜੁੜਿਆ ਆ ਰਿਹਾ ਸੀ। ਦੋਵੇਂ ਸ਼ਹੀਦ ਭਾਈ ਹੀਰਾ ਨੰਦ ਦੇ ਸਪੁੱਤਰ ਸਨ, ਜਿਨ੍ਹਾਂ ਦੇ ਪੁਰਖੇ ਭਾਈ ਗੌਤਮ ਦਾਸ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜ਼ੇਹਲਮ ਦੇ ਕਰਿਆਲਾ ਪਿੰਡ ਦੇ ਵਾਸੀ ਸਨ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਿਆਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਇਸ ਪਰਿਵਾਰ ਨੂੰ ‘ਭਾਈ’ ਦਾ ਲਕਬ ਗੁਰੂ ਅਰਜਨ ਦੇਵ ਜੀ ਵੱਲੋਂ ਪ੍ਰਦਾਨਿਆ ਗਿਆ ਸੀ, ਜੋ ਹੁਣ ਤਕ ਪਰਿਵਾਰ ਨਾਲ ਬਾਇੱਜ਼ਤ ਬਰਕਰਾਰ ਹੈ। ਉਨ੍ਹਾਂ ਦੇ ਦਾਦਾ ਭਾਈ ਪਰਗਾ ਗੁਰੂ ਹਰਗੋਬਿੰਦ ਜੀ ਦੀ ਮੁਗ਼ਲਾਂ ਨਾਲ ਪਹਿਲੀ ਲੜਾਈ (1628) ਸਮੇਂ ਇਕ ਜਥੇ ਦੀ ਅਗਵਾਈ ਕਰ ਰਹੇ ਸੀ, ਜਿਨ੍ਹਾਂ ਨੇ ਲੜਾਈ ਦੌਰਾਨ ਡੂੰਘੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਸਪੁੱਤਰ ਭਾਈ ਹੀਰਾ ਨੰਦ ਗੁਰੂ ਸਾਹਿਬ ਦੀ ਖ਼ਿਦਮਤ ’ਚ ਸ਼ਾਮਿਲ ਹੋ ਗਿਆ। ਉਨ੍ਹਾਂ ਨੇ 1657 ’ਚ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਆਪਣੇ ਦੋ ਸਪੁੱਤਰਾਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਗੁਰੂ ਜੀ ਦੇ ਸੰਗ ਲਾਇਆ, ਜਿਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਗੁਰੂ ਘਰ ਦੀ ਸੇਵਾ ’ਚ ਲਾਸਾਨੀ ਯੋਗਦਾਨ ਪਾਇਆ।
ਸਭਾ ’ਚ ਸ਼ਾਮਿਲ ਹੋਣ ਦਾ ਪ੍ਰਾਪਤ ਹੋਇਆ ਸੁਭਾਗ
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਗੁਰੂ ਹਰਰਾਏ, ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਦੇ ਸਮਿਆਂ ਦੌਰਾਨ ਵੀ ਗੁਰੂ ਘਰ ’ਚ ਆਪਣੀ ਸੇਵਾ ਨਿਭਾਉਂਦੇ ਰਹੇ। ਅੱਠਵੇਂ ਬਾਲ ਗੁਰੂ ਜੀ ਦੇ ਸਮੇਂ ਜਿਹੜੀ ਪੰਜ ਮੈਂਬਰੀ ਸਭਾ ਸਥਾਪਿਤ ਕੀਤੀ ਗਈ ਸੀ, ਉਨ੍ਹਾਂ ’ਚ ਗੁਰਦਿੱਤਾ ਰੰਧਾਵਾ ਸਪੁੱਤਰ ਬਾਬਾ ਬੁੱਢਾ ਜੀ, ਦਰਗਾ ਮੱਲ ਸਪੁੱਤਰ ਦਵਾਰਕਾ ਦਾਸ ਛਿੱਬਰ ਜੋ ਜ਼ੇਹਲਮ ਜ਼ਿਲ੍ਹੇ ਦੇ ਰਹਿਣ ਵਾਲੇ ਮੋਹੀਵਾਲ ਬ੍ਰਾਹਮਣ ਸਨ। ਇਸ ਤੋਂ ਵੀ ਅੱਗੇ ਉਨ੍ਹਾਂ ਦੇ ਭਤੀਜੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਵੀ ਇਸ ਸਭਾ ’ਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੇ ਤਾਇਆ ਦਰਗਾ ਮੱਲ ਗੁਰੂ ਘਰ ’ਚ ਦੀਵਾਨ ਸਨ, ਜਦੋਂਕਿ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ ਕ੍ਰਮਵਾਰ ਗੁਰੂ ਹਰਿਕ੍ਰਿਸ਼ਨ ਦੇ ਅੰਗ ਰੱਖਿਅਕ ਤੇ ਬਤੌਰ ਲੇਖਾਕਾਰ ਵਜੋਂ ਸੇਵਾਵਾਂ ਨਿਭਾਈਆਂ। ਗੁਰੂ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਸੌਂਪਣ ਦੀ ਰਸਮ ਅਦਾ ਕਰਨੀ ਸੀ ਤਾਂ ਉਸ ਸਮੇਂ ਦਵਾਰਕਾ ਦਾਸ ਪੜਪੋਤੇ ਗੁਰੂ ਅਮਰਦਾਸ ਜੀ ਵੱਲੋਂ ਬੁਲਾਈ ਗਈ ਸਭਾ ਵਿਚ ਮਾਤਾ ਸੁਲੱਖਣੀ (ਗੁਰੂ ਹਰਿਕ੍ਰਿਸ਼ਨ ਜੀ ਦੇ ਮਾਤਾ ਜੀ) ਚੌਪਟ ਰਾਏ, ਜੇਠਾ ਅਤੇ ਮਨੀ ਰਾਮ ਤੇ ਹੋਰਨਾਂ ਸਮੇਤ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਵੀ ਸ਼ਾਮਿਲ ਸਨ। ਇਸੇ ਸਮੇਂ ਤੋਂ ਦੋਵੇਂ ਭਾਈ ਗੁਰੂ ਤੇਗ ਬਦਾਹਰ ਜੀ ਦੀ ਸੇਵਾ ’ਚ ਸਮਰਪਿਤ ਹੋ ਗਏ। ਜਦੋਂ ਗੁਰਗੱਦੀ ਦੀ ਰਸਮ ਦੌਰਾਨ ਧੀਰ ਮੱਲ ਤੇ ਉਸ ਦੇ ਸਾਥੀਆਂ ਨੇ ਗੁਰੂ ਤੇਗ ਬਹਾਦਰ ਜੀ ਉੱਪਰ ਜਾਨਲੇਵਾ ਹਮਲਾ ਕੀਤਾ ਤਾਂ ਉਸ ਸਮੇਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ ਗੁਰੂ ਸਾਹਿਬ ਦੀ ਸੁਰੱਖਿਆ ਲਈ ਆਏ ਮੱਖਣ ਸ਼ਾਹ ਲੁਬਾਣਾ ਦਾ ਸਾਥ ਦਿੱਤਾ। ਗੁਰੂ ਘਰ ਦੇ ਦੀਵਾਨ ਦਰਗਾ ਮੱਲ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਕੀਤੀ ਕਿ ਵੱਡੀ ਉਮਰ ਕਾਰਨ ਉਹ ਆਪਣੀਆਂ ਸੇਵਾਵਾਂ ਨਿਭਾਉਣ ’ਚ ਕਮੀ ਮਹਿਸੂਸ ਕਰਦੇ ਹਨ, ਜਿਸ ਕਰਕੇ ਭਾਈ ਮਤੀ ਦਾਸ ਨੂੰ ਗੁਰੂ ਘਰ ਦਾ ਦੀਵਾਨ ਤੇ ਭਾਈ ਸਤੀ ਦਾਸ ਨੂੰ ਵਜ਼ੀਰ ਦੇ ਤੌਰ ’ਤੇ ਥਾਪਿਆ ਜਾਵੇ, ਜਿਸ ਨੂੰ ਗੁਰੂ ਸਾਹਿਬ ਨੇ ਮਾਨਤਾ ਦਿੱਤੀ।
ਸ਼ਹਾਦਤ ਦਾ ਪੀਤਾ ਜਾਮ
ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ ਗੁਰੂ ਘਰ ਪ੍ਰਤੀ ਆਪਣੀਆਂ ਸੇਵਾਵਾਂ ਬਾਕਮਾਲ ਨਿਭਾਉਂਦਿਆਂ 10 ਨਵੰਬਰ 1675 ਨੂੰ ਅਤਿ ਦੇ ਗ਼ੈਰ-ਮਾਨਵੀ ਤਸੀਹੇ ਸ਼ਾਂਤ ਮਨ ਨਾਲ ਜ਼ਰਦਿਆਂ ਸ਼ਹਾਦਤ ਦੇ ਜਾਮ ਪੀਤੇ। ਉਨ੍ਹਾਂ ਨਾਲ ਤੀਸਰੇ ਸ਼ਹੀਦ ਭਾਈ ਦਿਆਲਾ ਵੀ ਸਨ। ਭਾਈ ਦਿਆਲਾ ਜੀ ਮਾਈ ਦਾਸ ਦੇ ਸਪੁੱਤਰ ਸਨ ਤੇ ਸ਼ਹੀਦ ਮਨੀ ਸਿੰਘ ਜੀ ਉਨ੍ਹਾਂ ਦੇ ਛੋਟੇ ਭਰਾ ਸਨ। ਉਨ੍ਹਾਂ ਦੇ ਪੜਦਾਦਾ ਬਾਲੂ ਰਾਮ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ ਦੌਰਾਨ ਸ਼ਹੀਦ ਹੋਏ ਸਨ। ਉਨ੍ਹਾਂ ਦੇ ਪੁਰਖੇ ਮੁਲਤਾਨ ਲਾਗੇ ਅਲੀਪੁਰ ਇਲਾਕੇ ਨਾਲ ਸਬੰਧ ਰੱਖਦੇ ਸਨ। ਜਦੋਂ ਭਾਈ ਮਾਈ ਦਾਸ 1657 ’ਚ ਕੀਰਤਪੁਰ ਗੁਰੂ ਹਰਰਾਏ ਜੀ ਨੂੰ ਮਿਲਣ ਵੀ ਆਏ, ਉਦੋਂ ਉਨ੍ਹਾਂ ਨੇ ਆਪਣੇ ਤਿੰਨ ਸਪੁੱਤਰਾਂ ਨੂੰ ਗੁਰੂ ਘਰ ਲਈ ਸਮਰਪਿਤ ਕਰ ਦਿੱਤਾ। ਉਸ ਸਮੇਂ ਭਾਈ ਕਿਰਪਾ ਦਾਸ ਪੰਦਰਾਂ ਵਰ੍ਹਿਆਂ ਦੇ ਸਨ। ਦੀਵਾਨ ਦਰਗਾ ਮੱਲ ਦੇ ਕਹਿਣ ’ਤੇ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਨੂੰ ਘਰੇਲੂ ਮਾਮਲਿਆਂ ਦੇ ਵਜ਼ੀਰ ਬਣਾ ਦਿੱਤਾ। ਜਦੋਂ ਗੁਰੂ ਜੀ ਆਸਾਮ ਵੱਲ ਯਾਤਰਾ ’ਤੇ ਗਏ ਤੇ ਭਾਈ ਦਿਆਲਾ ਜੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਲਈ ਪਟਨਾ ਵਿਖੇ ਛੱਡ ਦਿੱਤਾ। ਗੁਰੂ ਗੋਬਿੰਦ ਰਾਏ ਜੀ ਦੇ ਜਨਮ ਤੇ ਉਨ੍ਹਾਂ ਦੀ ਦੇਖਭਾਲ ਜਦੋਂ ਤਕ ਉਹ ਅਨੰਦਪੁਰ ਨਹੀਂ ਪਹੁੰਚੇ, ਭਾਈ ਦਿਆਲਾ ਵੱਲੋਂ ਕੀਤੀ ਗਈ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਨਾਲ ਹੀ ਸਰਹਿੰਦ ਤੋਂ ਦਿੱਲੀ ਲਿਜਾਏ ਗਏ ਸਨ। ਭਾਈ ਦਿਆਲਾ ਨੇ ਵੀ ਸ਼ਹਾਦਤ ਦਾ ਜਾਮ ਖੌਲਦੇ ਪਾਣੀ ਵਿਚ ਆਪਣਾ ਪੰਜ ਭੌਤਿਕ ਸਰੀਰ ਤਿਆਗਦੇ ਹੋਏ ਪੀਤਾ।
ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਸਾਕੇ ਦੌਰਾਨ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਵੀ ਕੋਟਿ-ਕੋਟਿ ਪ੍ਰਣਾਮ।
- ਪ੍ਰੋ. ਰੌਣਕੀ ਰਾਮ
ਪ੍ਰੋਫੈਸਰ ਐਮੇਰਾਈਟਸ (ਆਈਡੀਸੀ ਚੰਡੀਗੜ੍ਹ), ਸਾਬਕਾ ਪ੍ਰੋਫੈਸਰ ਸ਼ਹੀਦ ਭਗਤ ਸਿੰਘ ਚੇਅਰ ਅਤੇ ਡੀਨ ਆਰਟਸ ਫੈਕਲਟੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।