ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ - ਤਪਦੀਆਂ ਰੂਹਾਂ ਨੂੰ ਠਾਰਨ ਤੇ ਡੋਲਦੇ ਹਿਰਦਿਆਂ ਨੂੰ ਇਕਾਗਰ ਕਰ ਦੇਣ ਵਾਲਾ ਕੀਰਤਨ ਕਰਨਾ ਕਿਸੇ ਵਿਰਲੇ ਰਾਗੀ ਦੇ ਹੀ ਹਿੱਸੇ ਆਉਂਦਾ ਹੈ। ਭਾਈ ਸਮੁੰਦ ਸਿੰਘ ਉਨ੍ਹਾਂ ਵਡਭਾਗੇ ਰਾਗੀਆਂ ਵਿਚੋਂ ਇਕ ਸਨ। ਉਹ ਸ਼ੁੱਧ ਰਾਗ ਤੇ ਸਪਸ਼ਟ ਉਚਾਰਨ ਨਾਲ ਸਰਾਬੋਰ ਸੁਰੀਲੀ ਤੇ ਸਧੀ ਹੋਈ ਆਵਾਜ਼ ਵਿਚ ਇੰਨੀ ਸ਼ਿੱਦਤ ਨਾਲ ਕੀਰਤਨ ਕਰਦੇ ਸਨ ਕਿ ਸਰੋਤਿਆਂ ਨੂੰ ਸਹਿਜ ਹੀ ਪਰਮ ਆਨੰਦ ਦੀ ਅਵਸਥਾ ਦਾ ਅਹਿਸਾਸ ਹੋ ਜਾਂਦਾ ਸੀ। ਉਨ੍ਹਾ ਦੀ ਰਸਨਾ ਵਿਚੋਂ ਉਨ੍ਹਾਂ ਦੇ ਹਿਰਦੇ ਅੰਦਰਲੀ ਪਵਿੱਤਰਤਾ ਤੇ ਸਾਦਗੀ ਰਸ ਬਣ ਕੇ ਟਪਕਦੀ ਸੀ ਤੇ ਆਪਣੀ ਦਿਲਕਸ਼ ਸ਼ੈਲੀ ਸਦਕਾ ਉਹ ਸਮੇਂ ਦੀ ਚਾਲ ਨੂੰ ਰੋਕ ਦਿੰਦੇ ਪ੍ਰਤੀਤ ਹੁੰਦੇ ਸਨ।

ਅਤਿਅੰਤ ਮਹਾਨ ਤੇ ਗੁਣਵਾਨ ਕੀਰਤਨੀਏ ਭਾਈ ਸਾਹਿਬ ਭਾਈ ਸਮੁੰਦ ਸਿੰਘ ਦਾ ਜਨਮ ਪਹਿਲੀ ਜਨਵਰੀ 1900 ਨੂੰ ਪਿੰਡ ਮੂਲ ਹਮਜ਼ਾ, ਜ਼ਿਲ੍ਹਾ ਮਿੰਟਗੁਮਰੀ, ਪਾਕਿਸਤਾਨ ਵਿਖੇ ਹੋਇਆ। ਉਨ੍ਹਾ ਦੇ ਪਿਤਾ ਭਾਈ ਹਜ਼ੂਰ ਸਿੰਘ ਜੰਗਲਾਤ ਵਿਭਾਗ ਵਿਚ ਆਲਾ ਅਧਿਕਾਰੀ ਸਨ ਪਰ ਨਾਮ-ਬਾਣੀ ਦੇ ਰਸੀਏ ਤੇ ਗੁੜ੍ਹੇ ਹੋਏ ਕੀਰਤਨੀਏ ਸਨ। ਵਿਦਵਾਨਾਂ ਅਨੁਸਾਰ, ਭਾਈ ਸਮੁੰਦ ਸਿੰਘ ਦੀਆਂ ਪੰਜ ਪੀੜ੍ਹੀਆਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਈ ਸਾਹਿਬ ਨੇ ਨਿੱਕੀ ਉਮਰੇ ਹੀ ਆਪਣੇ ਪਿਤਾ ਜੀ ਦੀ ਗੋਦ 'ਚ ਬੈਠ ਕੇ ਗੁਰਬਾਣੀ ਕੀਰਤਨ ਦੀ ਸਿਖਲਾਈ ਲੈ ਲਈ ਤੇ ਕੇਵਲ ਸੱਤ ਸਾਲ ਦੀ ਉਮਰ ਵਿਚ ਤਾਲਬੱਧ ਤੇ ਸ਼ੁੱਧ ਤਲੱਫ਼ੁਜ਼ ਵਿਚ 'ਕਿਰਤ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ' ਸ਼ਬਦ ਦਾ ਗਾਇਨ ਕਰ ਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ ਸੀ।

ਬਚਪਨ ਵਿਚ ਭਾਈ ਸਮੁੰਦ ਸਿੰਘ ਨੇ ਆਪਣੇ ਸੁਰੀਲੇ ਕੰਠ ਤੋਂ ਗੁਰਬਾਣੀ ਕੀਰਤਨ ਕਰ ਕੇ ਕਈ ਇਨਾਮ ਤੇ ਸਨਮਾਨ ਹਾਸਲ ਕੀਤੇ ਤੇ ਇਲਾਕੇ ਵਿਚ ਉਨ੍ਹਾਂ ਨੂੰ 'ਕਾਕਾ ਸਮੁੰਦ ਸਿੰਘ' ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਗੁਰਮਤਿ ਸਮਾਗਮਾਂ ਵਿਚ ਕਾਕਾ ਸਮੁੰਦ ਸਿੰਘ ਦੀ ਮੰਗ ਕਾਫ਼ੀ ਜ਼ਿਆਦਾ ਹੁੰਦੀ ਸੀ। ਭਾਈ ਸਾਹਿਬ ਨੇ ਰਾਗਬੱਧ ਕੀਰਤਨ ਦੀ ਬਾਕਾਇਦਾ ਸਿਖਲਾਈ ਹਾਸਲ ਕੀਤੀ ਤੇ ਨਿੱਠ ਕੇ ਰਿਆਜ਼ ਕੀਤਾ। ਸੰਨ 1917 ਵਿਚ ਉਹ ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਵੱਸੇ ਤੇ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਹਜ਼ੂਰੀ ਰਾਗੀ ਬਣਨ ਦਾ ਸੁਭਾਗ ਪ੍ਰਪਤ ਹੋਇਆ। ਇਥੇ 8 ਸਾਲ ਆਪ ਨੇ ਸੇਵਾ ਨਿਭਾਈ ਤੇ ਆਪ ਦੇ ਹਜ਼ਾਰਾਂ ਪ੍ਰਸ਼ੰਸ਼ਕ ਇਲਾਕੇ ਭਰ ਵਿਚ ਸਨ।

ਭਾਈ ਸਮੁੰਦ ਸਿੰਘ ਦੀ ਸ਼ੈਲੀ ਬੜੀ ਦਿਲਕਸ਼ ਸੀ। ਉਹ ਨਿਰੋਲ ਅਤੇ ਪੱਕੇ ਰਾਗਾਂ ਵਿਚ ਕੀਤਰਨ ਕਰਦੇ ਤੇ ਸਬੰਧਤ ਸ਼ਬਦ ਦੇ ਜਜ਼ਬੇ ਭਿੱਜੇ ਅਸਰ ਨੂੰ ਕਾਇਮ ਰੱਖਦੇ ਸਨ। ਉਹ ਔੜੀਆਂ ਤਾਲਾਂ, ਗੁੰਝਲਦਾਰ ਬੰਦਿਸ਼ਾਂ ਤੇ ਬਹਿਰਾਂ ਨੂੰ ਵਰਤ ਕੇ ਸੰਗੀਤ ਨੂੰ ਰੂਹਾਨੀ ਸ਼ਕਤੀ ਦੇ ਤੌਰ 'ਤੇ ਵੀ ਵਰਤਦੇ ਸਨ। ਸ਼ਬਦਾਂ ਦੀ ਵੰਡ, ਇਨ੍ਹਾਂ ਨੂੰ 'ਦੁੱਗਣ' ਤੇ 'ਚੌਗੁਣ' ਤਾਲ ਵਿਚ ਗਾਉਣ ਅਤੇ ਅੰਤ ਵਿਚ 'ਤਿਹਾਈ' ਵਰਤ ਕੇ 'ਸਮ' ਉੱਤੇ ਸ਼ਬਦ ਨੂੰ ਮੁਕਾਉਣ ਦੀ ਖ਼ੂਬਸੂਰਤੀ ਉਨ੍ਹਾਂ ਦੀ ਕੀਰਤਨ ਕਲਾ ਦਾ ਵਿਸ਼ੇਸ਼ ਗੁਣ ਸੀ।

'ਠੁਮਰੀ' ਅਤੇ 'ਖ਼ਿਆਲ' ਦੇ ਮਾਹਿਰ ਭਾਈ ਸਮੁੰਦ ਸਿੰਘ 'ਧਰੁਪਦ' ਤੇ 'ਧੁਮਾਰ' ਵਿਚ ਵੀ ਪੂਰਨ ਪ੍ਰਬੀਨ ਸਨ। ਉਹ ਮੰਨਦੇ ਸਨ ਕਿ ਤੰਤੀ ਸਾਜ਼ ਕੀਰਤਨ ਵਿਚ ਰਸ ਭਰਦੇ ਹਨ। ਉਨ੍ਹਾਂ ਦੀ ਇਕ ਵਿਲੱਖਣਤਾ ਇਹ ਵੀ ਸੀ ਕਿ ਉਹ ਰਾਗ ਗਾਉਂਦੇ ਸਮੇਂ ਵਿਚੋਂ ਹੀ ਰਾਗ ਬਦਲ ਦਿੰਦੇ ਸਨ ਪਰ ਸ਼ਬਦ ਦੀ ਨਿੰਰਤਰਤਾ ਭੰਗ ਨਹੀਂ ਸਨ ਹੋਣ ਦਿੰਦੇ। ਰਾਗ ਸੋਰਠਿ, ਮੁਲਤਾਨੀ, ਕਾਫ਼ੀ, ਸਿੰਧੀ, ਭੈਰਵੀ, ਦਰਬਾਰੀ ਅਤੇ ਅਸਵਾਰੀ ਆਦਿ ਰਾਗ ਉਨ੍ਹਾਂ ਦੇ ਮਨਭਾਉਂਦੇ ਰਾਗ ਸਨ। ਬੜੇ ਫ਼ਖ਼ਰ ਦੀ ਗੱਲ ਹੈ ਕਿ ਸੰਗੀਤ ਜਗਤ ਦੀ ਮਾਣਮੱਤੀ ਹਸਤੀ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਸਾਹਿਬ ਭਾਈ ਸਾਹਿਬ ਦੀ ਗਾਇਨ ਕਲਾ ਤੇ ਸ਼ੈਲੀ ਦੇ ਪ੍ਰਸ਼ੰਸਕਾਂ ਵਿਚੋਂ ਇਕ ਸਨ।

ਭਾਈ ਸਹਿਬ ਨੂੰ 36 ਸਾਲ ਤਕ ਆਲ ਇੰਡੀਆ ਰੇਡੀਓ ਤੋਂ ਗੁਰਬਾਣੀ ਕੀਰਤਨ ਪੇਸ਼ ਕਰਨ ਦਾ ਸੁਭਾਗ ਹਾਸਲ ਰਿਹਾ। ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ਨੇ ਜਦ ਕੌਮੀ ਪੱਧਰ ਦੇ ਸੰਗੀਤਕ ਸਮਾਗਮ ਵਿਚ ਗੁਰਬਾਣੀ ਗਾਇਨ ਦਾ ਸੱਦਾ ਦਿੱਤਾ ਸੀ ਤਾਂ ਸਿੱਖ ਕੌਮ ਦੀ ਸ਼ਾਨ ਹੋਰ ਵਧ ਗਈ ਸੀ। 1971 ਵਿਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਅਤਿੰਅਤ ਸਾਦਾ ਜੀਵਨ ਬਤੀਤ ਕਰਦੇ ਹੋਏ 60 ਸਾਲ ਕੀਰਤਨ ਦੀ ਦੁਨੀਆ ਦੀ ਸਭ ਤੋਂ ਸਤਿਕਾਰਤ ਤੇ ਸਨਮਾਨਿਤ ਹਸਤੀ ਵਜੋਂ ਵਿਚਰੇ।

ਭਾਈ ਸਮੁੰਦ ਸਿੰਘ ਦਾ ਵਿਸ਼ਵਾਸ਼ ਸੀ ਕਿ ਇਕ ਰਾਗੀ ਦੇ ਕੀਰਤਨ ਵਿਚ ਪਵਿੱਤਰਤਾ, ਸਾਦਗੀ ਤੇ ਰਸ ਉਦੋਂ ਹੀ ਆ ਸਕਦੇ ਸਨ ਜੇ ਰਾਗੀ ਦੇ ਅਸਲ ਜੀਵਨ ਵਿਚ ਸਾਦਗੀ, ਸੁੱਚਤਾ ਤੇ ਸੰਜਮ ਦੀ ਤ੍ਰਿਵੇਣੀ ਵਹਿੰਦੀ ਹੋਵੇ। ਉਨ੍ਹਾਂ ਦਾ ਸਮੁੱਚਾ ਜੀਵਨ ਗੁਰਬਾਣੀ ਕੀਰਤਨ ਨੂੰ ਸਮਰਪਿਤ ਸੀ ਤੇ ਉਨ੍ਹਾਂ ਦੀਆਂ ਗਾਈਆਂ ਅਨੇਕਾਂ ਗੁਰਬਾਣੀ ਰਚਨਾਵਾਂ ਵਿਚੋਂ 'ਭਿੰਨੀ ਰੈਨੜੀਏ, ਮਨ ਬੈਰਾਗ ਭਇਆ, ਮੋਹਿ ਕਬ ਗਲ ਲਾਵਹਿਗੇ, ਧਨੁ ਸੁ ਦੇਸ ਜਹਾਂ ਤੂ ਵਸਿਆ' ਅਤੇ 'ਜੋ ਨਰ ਦੁਖ ਮਹਿ ਦੁਖ ਨਹੀ ਮਾਨੈ' ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਵਿਚ ਉਨ੍ਹਾਂ ਦੇ ਕੰਠ ਤੋਂ ਉਚਾਰਨ ਕੀਤਾ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਅੱਜ ਵੀ ਸਰੋਤਿਆਂ ਨੂੰ ਰਸਭਿੰਨੀ ਗੁਰਬਾਣੀ ਗਾਇਨ ਕਲਾ ਦੇ ਰੂਬਰੂ ਕਰਵਾਉਂਦਾ ਹੈ।

ਗੁਰਮਤਿ ਦੇ ਆਸ਼ੇ ਅਨੁਸਾਰ ਪੂਰੀ ਤਰ੍ਹਾਂ ਸਫਲ ਜੀਵਨ ਜਿਊਂਣ ਉਪਰੰਤ 5 ਜਨਵਰੀ 1972 ਨੂੰ 72 ਵਰ੍ਹਿਆਂ ਦੀ ਉਮਰ ਵਿਚ ਭਾਈ ਸਮੁੰਦ ਸਿੰਘ ਅਕਾਲ ਚਲਾਣਾ ਕਰ ਗਏ ਸਨ। ਪ੍ਰਸਿੱਧ ਲੇਖਕ ਬਲਵੰਤ ਗਾਰਗੀ ਲਿਖਦਾ ਹੈ ਕਿ ਅੰਤਮ ਸਮੇਂ ਵਿਚ ਵੀ ਉਨ੍ਹਾਂ ਦੀ ਰਸਨਾ ਤੋਂ 'ਨਾਮ ਜਪੀਹਿਆ ਕਛੁ ਨਾ ਕਹੈ ਜਮਕਾਲੁ। ਨਾਨਕ ਮਨ ਤਨੁ ਸੁਖੀ ਹੋਆ ਅੰਤੇ ਮਿਲੈ ਗੋਪਾਲ' ਸ਼ਬਦ ਦਾ ਉਚਾਰਨ ਹੋ ਰਿਹਾ ਸੀ।

Posted By: Harjinder Sodhi