ਰੂਹਾਨੀ ਯਾਤਰਾ ਦਾ ਸਾਰ
ਰੂਹਾਨੀਅਤ ਦਾ ਸਾਰ ਇਹੀ ਹੈ ਕਿ ਉਹ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ। ਜਿੱਥੇ ਬਦਲਾਅ ਹੈ, ਪਰ ਪਰੰਪਰਾ ਦਾ ਤ੍ਰਿਸਕਾਰ ਨਹੀਂ। ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਸੁਰੱਖਿਆ ਉਦੋਂ ਹੀ ਸੰਭਵ ਹੈ ਜਦ ਸੱਚ, ਸੰਜਮ, ਸਹਿਣਸ਼ੀਲਤਾ ਅਤੇ ਸੇਵਾ ਵਰਗੇ ਤੱਤ ਸਾਡੇ ਆਚਰਣ ਵਿਚ ਉਤਰਨ।
Publish Date: Tue, 27 Jan 2026 11:40 PM (IST)
Updated Date: Wed, 28 Jan 2026 07:49 AM (IST)
ਸਮੇਂ ਦੇ ਬਦਲਦੇ ਵਹਾਅ ਵਿਚ ਮਨੁੱਖ ਨੇ ਅਨੇਕ ਉਪਲਬਧੀਆਂ ਹਾਸਲ ਕੀਤੀਆਂ ਹਨ ਪਰ ਇਸੇ ਗਤੀ ਵਿਚ ਕਿਤੇ ਨਾ ਕਿਤੇ ਜੀਵਨ ਦੀਆਂ ਕਦਰਾਂ-ਕੀਮਤਾਂ, ਵਿਸ਼ਵਾਸ ਅਤੇ ਆਸਥਾ ਦੀਆਂ ਜੜ੍ਹਾਂ ਕਮਜ਼ੋਰ ਵੀ ਪਈਆਂ ਹਨ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਜਾਗੀਏ, ਸਿਰਫ਼ ਬਾਹਰੋਂ ਹੀ ਨਹੀਂ, ਬਲਕਿ ਅੰਦਰੋਂ ਵੀ। ਨਵੀਂ ਸੋਚ ਨਾਲ ਨਵੇਂ ਸਫ਼ਰ ਦੀ ਸ਼ੁਰੂਆਤ ਉਦੋਂ ਹੀ ਸੰਭਵ ਹੈ ਜਦ ਚੇਤਨਾ ਦਾ ਦੀਵਾ ਬਲਦਾ ਹੋਵੇ ਅਤੇ ਆਤਮਿਕ ਦ੍ਰਿਸ਼ਟੀ ਸਪਸ਼ਟ ਹੋਵੇ। ਰੂਹਾਨੀ ਮੁਹਾਂਦਰੇ ਵਿਚ ਜਾਗਰਣ ਦਾ ਅਰਥ ਹੈ-ਆਪਣੇ ਅੰਦਰ ਲੁਕੇ ਸੱਚ, ਕਰੁਣਾ ਅਤੇ ਵਿਵੇਕ ਨੂੰ ਪਛਾਣਨਾ।
ਵਿਸ਼ਵਾਸ ਸਿਰਫ਼ ਕਿਸੇ ਵਿਅਕਤੀ, ਸੰਸਥਾ ਜਾਂ ਵਿਵਸਥਾ ’ਤੇ ਨਹੀਂ ਟਿਕਦਾ, ਉਹ ਆਤਮਾ ਦੀ ਦ੍ਰਿੜਤਾ ਤੋਂ ਜਨਮ ਲੈਂਦਾ ਹੈ। ਜਦ ਵਿਅਕਤੀ ਖ਼ੁਦ ’ਤੇ ਵਿਸ਼ਵਾਸ ਕਰਦਾ ਹੈ, ਤਦ ਸਮਾਜ ਅਤੇ ਰਾਸ਼ਟਰ ’ਤੇ ਭਰੋਸਾ ਕਰਨ ਦੀ ਇਮਾਰਤ ਆਪਣੇ-ਆਪ ਖੜ੍ਹੀ ਹੋਣ ਲੱਗਦੀ ਹੈ। ਜਦ ਆਸਥਾ ਨੂੰ ਸਵਾਰਥ ਨਾਲ ਜੋੜ ਦਿੱਤਾ ਜਾਂਦਾ ਹੈ, ਉਦੋਂ ਉਹ ਬੋਝ ਬਣ ਜਾਂਦੀ ਹੈ। ਇਸ ਲਈ ਨਵੀਂ ਸੋਚ ਦਾ ਪਹਿਲਾ ਕਦਮ ਹੈ-ਆਸਥਾਵਾਂ ਨੂੰ ਸੋਧਣਾ। ਉਨ੍ਹਾਂ ਨੂੰ ਮਨੁੱਖੀ ਕਦਰਾਂ-ਕੀਮਤਾਂ, ਅਹਿੰਸਾ, ਸਹਿ-ਹੋਂਦ ਅਤੇ ਕਰੁਣਾ ਨਾਲ ਜੋੜਨਾ।
ਰੂਹਾਨੀਅਤ ਦਾ ਸਾਰ ਇਹੀ ਹੈ ਕਿ ਉਹ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ। ਜਿੱਥੇ ਬਦਲਾਅ ਹੈ, ਪਰ ਪਰੰਪਰਾ ਦਾ ਤ੍ਰਿਸਕਾਰ ਨਹੀਂ। ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਸੁਰੱਖਿਆ ਉਦੋਂ ਹੀ ਸੰਭਵ ਹੈ ਜਦ ਸੱਚ, ਸੰਜਮ, ਸਹਿਣਸ਼ੀਲਤਾ ਅਤੇ ਸੇਵਾ ਵਰਗੇ ਤੱਤ ਸਾਡੇ ਆਚਰਣ ਵਿਚ ਉਤਰਨ। ਇਹ ਕਦਰਾਂ-ਕੀਮਤਾਂ ਕਿਸੇ ਕਾਨੂੰਨ ਨਾਲ ਨਹੀਂ, ਸਵੈ-ਅਨੁਸ਼ਾਸਨ ਨਾਲ ਸੁਰੱਖਿਅਤ ਰਹਿੰਦੀਆਂ ਹਨ। ਅੱਜ ਜ਼ਰੂਰਤ ਹੈ ਕਿ ਅਸੀਂ ਮੁੜ ਅੰਦਰ ਦੀ ਯਾਤਰਾ ਸ਼ੁਰੂ ਕਰੀਏ।
ਇਹ ਯਾਤਰਾ ਆਤਮ-ਸ਼ੁੱਧੀ ਅਤੇ ਆਤਮ-ਨਿਰਮਾਣ ਦੀ ਹੈ। ਜਦ ਵਿਅਕਤੀ ਅੰਦਰੋਂ ਸਥਿਰ ਅਤੇ ਜਾਗਰੂਕ ਹੁੰਦਾ ਹੈ, ਉਦੋਂ ਬਾਹਰਲੀਆਂ ਚੁਣੌਤੀਆਂ ਉਸ ਨੂੰ ਪਰੇਸ਼ਾਨ ਨਹੀਂ ਕਰ ਪਾਉਂਦੀਆਂ। ਰੂਹਾਨੀ ਚੇਤਨਾ ਹੀ ਟੁੱਟਦੀ ਆਸਥਾ ਨੂੰ ਜੋੜ ਸਕਦੀ ਹੈ ਅਤੇ ਬਿਖਰੀ ਹੋਈ ਆਸਥਾ ਨੂੰ ਨਵਾਂ ਆਕਾਰ ਦੇ ਸਕਦੀ ਹੈ। ਨਵੀਂ ਸੋਚ ਦੇ ਨਾਲ ਨਵਾਂ ਸਫ਼ਰ ਇਕ ਨਾਅਰਾ ਹੀ ਨਹੀਂ ਸਗੋਂ ਸੰਕਲਪ ਹੈ। ਅਜਿਹਾ ਸੰਕਲਪ ਜੋ ਵਿਅਕਤੀ ਨੂੰ ਸ੍ਰੇਸ਼ਠ ਮਨੁੱਖ, ਸਮਾਜ ਨੂੰ ਮਜ਼ਬੂਤ ਅਤੇ ਰਾਸ਼ਟਰ ਨੂੰ ਸੰਸਕਾਰੀ ਬਣਾ ਸਕੇ। ਇਹੀ ਰੂਹਾਨੀ ਨਵ-ਯਾਤਰਾ ਦਾ ਸਾਰ ਹੈ।
-ਲਲਿਤ ਗਰਗ