ਵਿਸ਼ਵ ਪ੍ਰੇਮ ਦੀ ਪ੍ਰੇਰਕ ਸ਼ਕਤੀ
ਇਸ ਵਿਸ਼ਾਲ ਮਨੁੱਖੀ ਸਮਾਜ ਵਿਚ ਕੁਝ ਮਹਾਨ ਰੂਹਾਂ ਨੂੰ ਹੀ ਇਸ ਵਿਸ਼ਵ ਪ੍ਰੇਮ ਦਾ ਅਨੁਭਵ ਹੋਇਆ ਕਰਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਸਾਰ ਅਜਿਹੀਆਂ ਰੂਹਾਂ ਤੋਂ ਕਦੇ ਵੀ ਵਿਰਵਾ ਨਹੀਂ ਹੋਵੇਗਾ। ਵਿਸ਼ਵ ਪ੍ਰੇਮ ਨੂੰ ਚਾਹੁਣ ਵਾਲੇ ਰਹਿਣਗੇ।
Publish Date: Wed, 17 Dec 2025 11:24 PM (IST)
Updated Date: Thu, 18 Dec 2025 06:45 AM (IST)
ਅਸੀਂ ਦੁੱਖਾਂ ਤੋਂ, ਨਿੱਤ ਦੇ ਕਸ਼ਟਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਅਤੇ ਮੁਕਤੀ ਪਾਉਣ ਲਈ ਭੌਤਿਕ, ਮਾਨਸਿਕ ਅਤੇ ਰੂਹਾਨੀ ਲਾਭ ਲਈ ਤੜਫ ਰਹੇ ਹਾਂ। ਸੰਸਾਰ ਚੱਕਰ ਇਸੇ ਭਾਵਨਾ ਨੂੰ ਲੈ ਕੇ ਚੱਲ ਰਿਹਾ ਹੈ। ਉਦੇਸ਼ ਇਕ ਹੁੰਦੇ ਹੋਏ ਵੀ ਉੱਥੇ ਤੱਕ ਪੁੱਜਣ ਦੇ ਮਾਰਗ ਵੱਖ-ਵੱਖ ਹੋ ਸਕਦੇ ਹਨ।
ਇਹ ਰਾਹ ਸਾਡੀ ਪ੍ਰਕਿਰਤੀ ਦੀਆਂ ਖ਼ਾਸੀਅਤਾਂ ਮੁਤਾਬਕ ਨਿਸ਼ਚਤ ਕੀਤੇ ਜਾਂਦੇ ਹਨ। ਇਕ ਮਨੁੱਖ ਦਾ ਸੁਭਾਅ ਭਾਵੁਕ ਹੁੰਦਾ ਹੈ, ਦੂਜੇ ਦਾ ਬੌਧਿਕ ਅਤੇ ਤੀਜੇ ਦੀ ਪ੍ਰਕਿਰਤੀ ਵਿਚ ਕਰਮਸ਼ੀਲਤਾ ਹੁੰਦੀ ਹੈ, ਆਦਿ-ਆਦਿ। ਮੁੜ ਉਸੇ ਇਕ ਪ੍ਰਕਿਰਤੀ ਵਿਚ ਹੋਰ ਵੀ ਅਨੇਕ ਫ਼ਰਕ ਹੋ ਸਕਦੇ ਹਨ। ਮਿਸਾਲ ਵਜੋਂ ਪ੍ਰੇਮ ਨੂੰ ਹੀ ਲਓ ਜਿਸ ਦਾ ਭਗਤੀ ਨਾਲ ਖ਼ਾਸ ਸਬੰਧ ਹੈ। ਇਕ ਮਨੁੱਖ ਦੀ ਪ੍ਰਕਿਰਤੀ ਵਿਚ ਬੱਚੇ ਲਈ ਜ਼ਿਆਦਾ ਪ੍ਰੇਮ ਹੋ ਸਕਦਾ ਹੈ, ਦੂਜੇ ਦੇ ਸੁਭਾਅ ਵਿਚ ਪਤਨੀ ਲਈ, ਕਿਸੇ ਵਿਚ ਆਪਣੇ ਪਰਿਵਾਰ ਪ੍ਰਤੀ ਪਿਆਰ ਹੋ ਸਕਦਾ ਹੈ ਤੇ ਕਿਸੇ ਲਈ ਆਪਣੇ ਦੇਸ਼ ਵਾਸਤੇ ਪ੍ਰੇਮ ਰਹਿੰਦਾ ਹੈ ਤੇ ਕੁਝ ਗਿਣੇ-ਚੁਣੇ ਲੋਕਾਂ ਦਾ ਪ੍ਰੇਮ ਵਿਸ਼ਾਲ ਮਾਨਵਤਾ ਪ੍ਰਤੀ ਹੋਇਆ ਕਰਦਾ ਹੈ। ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਭਾਵੇਂ ਹਰ ਵਿਅਕਤੀ ਇਸ ਪ੍ਰੇਮ ਦੀ ਗੱਲ ਜ਼ਰੂਰ ਕਰਦਾ ਹੈ ਤੇ ਇੰਜ ਭਾਸਦਾ ਹੈ ਕਿ ਉਹੀ ਉਸ ਦੇ ਜੀਵਨ ਦੀ ਮਾਰਗਦਰਸ਼ਕ ਅਤੇ ਪ੍ਰੇਰਕ ਸ਼ਕਤੀ ਹੋਵੇ। ਇਸ ਤਰ੍ਹਾਂ ਦੇ ਪ੍ਰੇਮ ਦਾ ਅਹਿਸਾਸ ਕੁਝ ਸੰਤਾਂ ਨੇ ਕੀਤਾ ਹੈ।
ਇਸ ਵਿਸ਼ਾਲ ਮਨੁੱਖੀ ਸਮਾਜ ਵਿਚ ਕੁਝ ਮਹਾਨ ਰੂਹਾਂ ਨੂੰ ਹੀ ਇਸ ਵਿਸ਼ਵ ਪ੍ਰੇਮ ਦਾ ਅਨੁਭਵ ਹੋਇਆ ਕਰਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਸਾਰ ਅਜਿਹੀਆਂ ਰੂਹਾਂ ਤੋਂ ਕਦੇ ਵੀ ਵਿਰਵਾ ਨਹੀਂ ਹੋਵੇਗਾ। ਵਿਸ਼ਵ ਪ੍ਰੇਮ ਨੂੰ ਚਾਹੁਣ ਵਾਲੇ ਰਹਿਣਗੇ। ਅਸੀਂ ਦੇਖਦੇ ਹਾਂ ਕਿ ਇਕ ਵਿਸ਼ੇ ਵਿਚ ਆਪਣੇ ਪੂਜਨੀਕ ਦੀ ਪ੍ਰਾਪਤੀ ਦੇ ਇੰਨੇ ਵੱਖ-ਵੱਖ ਮਾਰਗ ਹਨ। ਹਰੇਕ ਭਾਈਚਾਰਾ ਪਰਮਾਤਮਾ ਨੂੰ ਆਪੋ-ਆਪਣੇ ਤਰੀਕੇ ਨਾਲ ਦੇਖਣ ਲਈ ਪਾਬੰਦ ਹੈ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਕ ਹੀ ਵਿਸ਼ੇ ਵਿਚ ਬਹੁਤ ਸਾਰੇ ਰੂਪ ਹੋਣਗੇ। ਅਗਿਆਨੀ ਲੋਕ ਇਨ੍ਹਾਂ ’ਚੋਂ ਕਿਸੇ ਇਕ ਨੂੰ ਪ੍ਰਮੁੱਖਤਾ ਦੇ ਦਿੰਦੇ ਹਨ ਤੇ ਉਸੇ ਨੂੰ ਆਪਣਾ ਆਧਾਰ ਬਣਾ ਲੈਂਦੇ ਹਨ ਅਤੇ ਉਹ ਵਿਸ਼ਵ ਦਾ ਅਰਥ ਆਪਣੀ ਦ੍ਰਿਸ਼ਟੀ ਮੁਤਾਬਕ ਕਰ ਕੇ ਹੋਰਾਂ ਦੇ ਅਰਥ ਦਾ ਸਿਰਫ਼ ਵਿਰੋਧ ਹੀ ਨਹੀਂ ਕਰਦੇ ਸਗੋਂ ਇਹ ਕਹਿਣ ਦਾ ਸਾਹਸ ਕਰਦੇ ਹਨ ਕਿ ਦੂਜਿਆਂ ਦਾ ਮਾਰਗ ਗ਼ਲਤ ਹੈ ਅਤੇ ਉਨ੍ਹਾਂ ਵਾਲਾ ਰਾਹ ਹੀ ਸੱਚਾ ਹੈ। ਹਰ ਵਿਅਕਤੀ ਆਪਣੇ ਸੁਭਾਅ ਮੁਤਾਬਕ ਈਸ਼ਵਰ ਦਾ ਰੂਪ ਮੰਨਦਾ ਹੈ। ਇਹ ਰੂਪ ਹੀ ਸਾਡਾ ਇਸ਼ਟ ਹੁੰਦਾ ਹੈ।
-ਸਵਾਮੀ ਵਿਵੇਕਾਨੰਦ