ਅੰਤਰ-ਆਤਮਾ ਦੀ ਪੁਕਾਰ
ਮਨ ਅਤੇ ਆਤਮਾ ਦੇ ਵਿਚਕਾਰ ਖੜ੍ਹਾ ਹੰਕਾਰ ਦਾ ਪਰਦਾ ਆਤਮਿਕ ਸੰਪਰਕ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸੇ ਕਾਰਨ ਭਰਮ ਦਾ ਸ਼ਿਕਾਰ ਹੋ ਕੇ ਮਨ ਜੀਵਨ ਦੇ ਟੀਚੇ ਨੂੰ ਸਮਝ ਨਹੀਂ ਪਾਉਂਦਾ। ਘੁਮੰਡ ਨੇ ਆਤਮਾ ਅਤੇ ਮਨ ਦੇ ਵਿਚਕਾਰ ਅਜਿਹੀ ਦੀਵਾਰ ਖੜ੍ਹੀ ਕਰ ਦਿੱਤੀ ਹੈ ਕਿ ਮਨੁੱਖ ਆਪਣੀ ਹੀ ਹੋਂਦ ਤੋਂ ਦੂਰ ਹੋ ਗਿਆ ਹੈ।
Publish Date: Mon, 17 Nov 2025 10:48 PM (IST)
Updated Date: Tue, 18 Nov 2025 06:45 AM (IST)
ਹਰ ਜੀਵ ਵਿਚ ਆਤਮਾ ਹੈ। ਇਸੇ ਲਈ ਉਸ ਵਿਚ ਪਰਮਾਤਮਾ ਦੀ ਮੌਜੂਦਗੀ ਸਵੀਕਾਰ ਕੀਤੀ ਜਾਂਦੀ ਹੈ। ਮਨੁੱਖ ਨੂੰ ਪ੍ਰਕ੍ਰਿਤੀ ਨੇ ਬੁੱਧੀ, ਵਿਵੇਕ ਅਤੇ ਗਿਆਨ ਦਾ ਵਰਦਾਨ ਦਿੱਤਾ ਹੈ, ਨਾਲ ਹੀ ਇਨ੍ਹਾਂ ਦੇ ਸਦਉਪਯੋਗ ਅਤੇ ਦੁਰਉਪਯੋਗ ਦੀ ਆਜ਼ਾਦੀ ਵੀ। ਇਸ ਦੇ ਬਾਵਜੂਦ ਬਹੁਤ ਹੀ ਥੋੜ੍ਹੇ ਲੋਕ ਆਪਣੀ ਆਤਮਾ ਵਿਚ ਪਰਮਾਤਮਾ ਦੇ ਦਰਸ਼ਨ ਕਰ ਪਾਉਂਦੇ ਹਨ। ਅਕਸਰ ਮਨੁੱਖ ਆਤਮਾ ਨੂੰ ਪਛਾਣਦੇ ਹੀ ਨਹੀਂ ਜਦਕਿ ਆਤਮਾ ਤੋਂ ਬਿਨਾਂ ਜੀਵਨ ਦਾ ਸਹੀ ਮਾਰਗ ਸੰਭਵ ਨਹੀਂ।
ਮਨ ਅਤੇ ਆਤਮਾ ਦੇ ਵਿਚਕਾਰ ਖੜ੍ਹਾ ਹੰਕਾਰ ਦਾ ਪਰਦਾ ਆਤਮਿਕ ਸੰਪਰਕ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸੇ ਕਾਰਨ ਭਰਮ ਦਾ ਸ਼ਿਕਾਰ ਹੋ ਕੇ ਮਨ ਜੀਵਨ ਦੇ ਟੀਚੇ ਨੂੰ ਸਮਝ ਨਹੀਂ ਪਾਉਂਦਾ। ਘੁਮੰਡ ਨੇ ਆਤਮਾ ਅਤੇ ਮਨ ਦੇ ਵਿਚਕਾਰ ਅਜਿਹੀ ਦੀਵਾਰ ਖੜ੍ਹੀ ਕਰ ਦਿੱਤੀ ਹੈ ਕਿ ਮਨੁੱਖ ਆਪਣੀ ਹੀ ਹੋਂਦ ਤੋਂ ਦੂਰ ਹੋ ਗਿਆ ਹੈ। ਉਹ ਆਪਣੇ-ਆਪ ਨੂੰ ਸਰੀਰ ਜਾਂ ਪੰਜ ਤੱਤ ਮੰਨ ਕੇ ਭਟਕਦਾ ਰਹਿੰਦਾ ਹੈ।
ਸਵਰਗ-ਨਰਕ ਦੀ ਕਲਪਨਾਵਾਂ ਵਿਚ ਉਲਝ ਕੇ ਵਿਅਕਤੀ ਆਪਣੇ ਅੰਦਰ ਦੇ ਸੱਚ ਨੂੰ ਨਕਾਰ ਦਿੰਦਾ ਹੈ। ਜਦਕਿ ਸਵਰਗ-ਨਰਕ ਬਾਹਰਲੀਆਂ ਨਹੀਂ, ਸਗੋਂ ਅੰਦਰੂਨੀ ਸਥਿਤੀਆਂ ਹਨ-ਹਿਰਦੇ ਦੀ ਸੰਤੁਲਿਤ ਸਥਿਤੀ ਤੋਂ ਉਪਜਣ ਵਾਲੇ ਅਨੁਭਵ ਹਨ। ਆਤਮਾ ਦੀ ਪੁਕਾਰ ਸੁਣਨ ਵਾਲਾ ਵਿਅਕਤੀ ਆਪਣੇ ਜੀਵਨ ਨੂੰ ਸਾਰਥਕ ਅਤੇ ਸਫਲ ਬਣਾ ਲੈਂਦਾ ਹੈ। ਉਹ ਚਾਹੇ ਸਮਾਜ ਦਾ ਸਭ ਤੋਂ ਲਤਾੜਿਆ ਹੋਇਆ ਵਿਅਕਤੀ ਹੋਵੇ ਜਾਂ ਉੱਚ ਅਹੁਦੇ ’ਤੇ ਬੈਠਾ ਹੋਵੇ, ਆਤਮਾ ਦਾ ਮਾਰਗ ਦੋਹਾਂ ਲਈ ਸਮਾਨ ਹੈ। ਰਾਜੇ ਅਤੇ ਰੰਕ ਦਾ ਮਾਲਕ ਮਨ ਨਹੀਂ, ਸਗੋਂ ਆਤਮਾ ਹੀ ਹੈ ਪਰ ਮਨ ਦਾ ਭਰਮ ਉਨ੍ਹਾਂ ਨੂੰ ਇਹ ਵਿਸ਼ਵਾਸ ਦਿੰਦਾ ਹੈ ਕਿ ਉਹ ਮਨ ਦੇ ਅਧੀਨ ਹਨ। ਕਿਸੇ ਦੀ ਆਤਮਾ ਨੂੰ ਦੁਖੀ ਕਰਨ ਨਾਲ ਸਵਰਗ ਨਹੀਂ ਮਿਲਦਾ।
ਸਵਰਗ ਉਦੋਂ ਮਿਲਦਾ ਹੈ ਜਦੋਂ ਵਿਅਕਤੀ ਆਪਣੀ ਆਤਮਾ ਦੇ ਸੱਚ ਨੂੰ ਸਵੀਕਾਰ ਕਰਦਾ ਹੈ। ਹਿਰਦੇ ਦਾ ਅਨੁਸ਼ਾਸਨ ਹੀ ਜੀਵਨ ਦਾ ਸਿੱਧ ਮੰਤਰ ਹੈ। ਇਹੀ ਉਹ ਮਾਰਗ ਹੈ ਜੋ ਵਿਅਕਤੀ ਨੂੰ ਹੱਲ, ਸੰਤੋਸ਼ ਅਤੇ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ। ਆਤਮਾ ਦੀ ਪੁਕਾਰ ਦਾ ਅਰਥ ਹੈ ਧੁਰ-ਅੰਦਰ ਦੀ ਸ਼ੁੱਧ ਆਵਾਜ਼ ਦਾ ਅਨੁਸਰਣ ਕਰਨਾ। ਉਹੀ ਆਵਾਜ਼ ਸਹੀ ਟੀਚਾ ਸਾਨੂੰ ਦੱਸਦੀ ਹੈ ਅਤੇ ਜੀਵਨ ਨੂੰ ਅਰਥ ਦਿੰਦੀ ਹੈ। ਆਤਮਾ ਦੀ ਪੁਕਾਰ ਨੂੰ ਸੁਣਨਾ ਹੀ ਮਨੁੱਖ ਦਾ ਸਭ ਤੋਂ ਉੱਚਾ ਮੌਕਾ ਅਤੇ ਸਭ ਤੋਂ ਵੱਡਾ ਸਾਧਨ ਹੈ।
-ਡਾ. ਰਾਘਵੇਂਦਰ ਸ਼ੁਕਲ