ਇਸੇ ਪਰਿਭਾਸ਼ਾ ਵਿਚ ਇਸ ਸਵਾਲ ਦਾ ਜਵਾਬ ਵੀ ਲੁਕਿਆ ਹੋਇਆ ਹੈ ਕਿ ਸ਼ਾਂਤੀ ਨੂੰ ਹਾਸਲ ਕਰਨਾ ਇੰਨਾ ਮੁਸ਼ਕਲ ਕਿਉਂ ਹੈ? ਜਦਕਿ ਅਸੀਂ ਦੇਖਦੇ ਹਾਂ ਕਿ ਜੀਵਨ ਅਤੇ ਦੁੱਖ ਨਾਲ-ਨਾਲ ਚੱਲਦੇ ਹਨ, ਭਾਵੇਂ ਕੋਈ ਗ਼ਰੀਬ ਹੋਵੇ ਜਾਂ ਅਮੀਰ, ਰਾਜਾ ਹੋਵੇ ਜਾਂ ਰੰਕ, ਸਭ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਤਾਂ ਅਜਿਹੀ ਅਵਸਥਾ ਵਿਚ ਅਸੀਂ ਸ਼ਾਂਤੀ ਕਿਵੇਂ ਪਾ ਸਕਦੇ ਹਾਂ?

ਇਸ ਦੁਨੀਆ ਦੇ ਸਾਰੇ ਲੋਕ ਸ਼ਾਂਤੀਪੂਰਨ ਜੀਵਨ ਜਿਉਣਾ ਚਾਹੁੰਦੇ ਹਨ। ਸ਼ਾਂਤੀ ਦਾ ਅਰਥ ਹਰੇਕ ਲਈ ਅਲੱਗ-ਅਲੱਗ ਹੈ। ਕੁਝ ਕੁ ਵਾਸਤੇ ਇਹ ਸੁਰੱਖਿਆ ਅਤੇ ਸਰੀਰਕ ਤਕਲੀਫ਼ ਅਰਥਾਤ ਬਿਮਾਰੀਆਂ ਨਾ ਹੋਣਾ ਹੈ। ਜ਼ਿਆਦਾਤਰ ਲੋਕਾਂ ਲਈ ਇਹ ਬਿਨਾਂ ਕਿਸੇ ਡਰ ਤੇ ਹਮਲੇ ਦੇ ਰਹਿਣਾ ਹੈ।
ਜਦਕਿ ਕੁਝ ਲਈ ਇਹ ਅੰਦਰੂਨੀ ਸੰਤੁਸ਼ਟੀ ਦੀ ਅਵਸਥਾ ਵਿਚ ਰਹਿਣਾ ਹੈ। ਕੁਝ ਲੋਕ ਆਪਣੇ ਚੁਫੇਰੇ ਦੇ ਲੋਕਾਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਨੂੰ ਹੀ ਸ਼ਾਂਤੀ ਮੰਨਦੇ ਹਨ। ਜਦ ਅਸੀਂ ਵਿਸ਼ਵ ਪੱਧਰ ’ਤੇ ਸ਼ਾਂਤੀ ਨੂੰ ਦੇਖਦੇ ਹਾਂ ਤਦ ਅਸੀਂ ਇਸ ਨੂੰ ਯੁੱਧ, ਝਗੜੇ-ਝੇੜੇ ਅਤੇ ਦੰਗੇ-ਫ਼ਸਾਦ ਨਾ ਹੋਣਾ ਮੰਨਦੇ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਅਨੇਕ ਲੋਕਾਂ ਦੁਆਰਾ ਲੰਬੇ ਸਮੇਂ ਤੋਂ ਚਲੀ ਆ ਰਹੀ ਸ਼ਾਂਤੀ ਦੀ ਖੋਜ ਦੇ ਬਾਵਜੂਦ ਇਸ ਨੂੰ ਹਾਸਲ ਕਰਨਾ ਸਾਨੂੰ ਕਾਲਪਨਿਕ ਜਿਹਾ ਲੱਗਦਾ ਹੈ ਕਿਉਂਕਿ ਬਹੁਤ ਘੱਟ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ-ਆਪ ਵਿਚ ਸ਼ਾਂਤੀ ਪ੍ਰਾਪਤ ਹੋਈ ਹੈ।
ਵੈਸੇ ਇਸ ਧਰਤੀ ’ਤੇ ਅਜਿਹਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ ਜੋ ਸਾਨੂੰ ਹਮੇਸ਼ਾ ਲਈ ਸ਼ਾਂਤੀ ਦੇ ਸਕੇ। ਇਸ ਲਈ ਸਾਨੂੰ ਲੱਗਦਾ ਹੈ ਕਿ ਸ਼ਾਂਤੀ ਹਾਸਲ ਕਰਨੀ ਵਾਕਈ ਮੁਸ਼ਕਲ ਹੈ? ਪਹਿਲਾਂ ਸਾਨੂੰ ਬਰੀਕੀ ਨਾਲ ਇਹ ਵਿਚਾਰ ਕਰਨਾ ਪੈਣਾ ਹੈ ਕਿ ਸ਼ਾਂਤੀ ਹੈ ਕੀ? ਸ਼ਬਦਕੋਸ਼ ਮੁਤਾਬਕ ਦੁੱਖ ਅਤੇ ਕਲੇਸ਼ ਤੋਂ ਛੁਟਕਾਰਾ ਪਾਉਣਾ ਹੀ ਸ਼ਾਂਤੀ ਹੈ ਅਤੇ ਇਹ ਇਕ ਅਜਿਹੀ ਅਵਸਥਾ ਹੈ ਜਿਸ ਵਿਚ ਸਕੂਨ ਅਤੇ ਖ਼ਾਮੋਸ਼ੀ ਹੁੰਦੀ ਹੈ।
ਇਸੇ ਪਰਿਭਾਸ਼ਾ ਵਿਚ ਇਸ ਸਵਾਲ ਦਾ ਜਵਾਬ ਵੀ ਲੁਕਿਆ ਹੋਇਆ ਹੈ ਕਿ ਸ਼ਾਂਤੀ ਨੂੰ ਹਾਸਲ ਕਰਨਾ ਇੰਨਾ ਮੁਸ਼ਕਲ ਕਿਉਂ ਹੈ? ਜਦਕਿ ਅਸੀਂ ਦੇਖਦੇ ਹਾਂ ਕਿ ਜੀਵਨ ਅਤੇ ਦੁੱਖ ਨਾਲ-ਨਾਲ ਚੱਲਦੇ ਹਨ, ਭਾਵੇਂ ਕੋਈ ਗ਼ਰੀਬ ਹੋਵੇ ਜਾਂ ਅਮੀਰ, ਰਾਜਾ ਹੋਵੇ ਜਾਂ ਰੰਕ, ਸਭ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਤਾਂ ਅਜਿਹੀ ਅਵਸਥਾ ਵਿਚ ਅਸੀਂ ਸ਼ਾਂਤੀ ਕਿਵੇਂ ਪਾ ਸਕਦੇ ਹਾਂ?
ਜੇ ਅਸੀਂ ਆਪਣੀ ਬਾਹਰਲੀ ਜ਼ਿੰਦਗੀ ਵਿਚ ਸ਼ਾਂਤੀ ਲੱਭਦੇ ਹਾਂ ਤਦ ਸਾਨੂੰ ਕੁਝ ਹੀ ਪਲਾਂ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਯਕੀਨੀ ਤੌਰ ’ਤੇ ਸਾਡੇ ਜੀਵਨ ਵਿਚ ਅਜਿਹੇ ਮੌਕੇ ਵੀ ਆਉਂਦੇ ਹਨ ਜਦ ਅਸੀਂ ਆਪਣੇ ਕਰੀਬੀਆਂ ਨਾਲ ਖ਼ੁਸ਼ ਹੁੰਦੇ ਹਾਂ। ਜੇ ਦੇਖਿਆ ਜਾਵੇ ਤਾਂ ਅਜਿਹੇ ਪਲ ਕੁਝ ਸਮੇਂ ਲਈ ਹੀ ਹੁੰਦੇ ਹਨ।
ਇਹ ਸੁਭਾਵਿਕ ਹੈ ਕਿ ਸਾਡੀ ਜ਼ਿੰਦਗੀ ਫਿਰ ਤੋਂ ਦੁੱਖਾਂ ਅਤੇ ਪਰੇਸ਼ਾਨੀਆਂ ਨਾਲ ਭਰ ਜਾਂਦੀ ਹੈ। ਅਜਿਹੇ ਵਿਚ ਸਾਨੂੰ ਲੱਗਦਾ ਹੈ ਕਿ ਇਸ ਜੀਵਨ ਵਿਚ ਸਦੀਵੀ ਸ਼ਾਂਤੀ ਹਾਸਲ ਕਰ ਪਾਉਣਾ ਅਸੰਭਵ ਹੈ। ਸੰਤਾਂ-ਮਹਾਪੁਰਖਾਂ ਨੇ ਕਿਹਾ ਹੈ ਕਿ ਅਸੀਂ ਸੱਚੀ ਸ਼ਾਂਤੀ ਆਪਣਾ ਨਜ਼ਰੀਆ ਬਦਲ ਕੇ ਪ੍ਰਾਪਤ ਕਰ ਸਕਦੇ ਹਾਂ। ਸ਼ਾਂਤੀ ਸਾਡੇ ਅੰਦਰ ਹੀ ਮੌਜੂਦ ਹੈ। ਸੱਚੀ ਸ਼ਾਂਤੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦ ਸਾਡੀ ਆਤਮਾ ਪਿਤਾ-ਪਰਮੇਸ਼ਵਰ ਦਾ ਅਨੁਭਵ ਕਰਦੀ ਹੈ।
-ਸੰਤ ਰਾਜਿੰਦਰ ਸਿੰਘ