ਸ਼੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਦੇਸ਼ ’ਚ ਸੁਲਤਾਨਪੁਰ ਲੋਧੀ ਹੀ ਅਜਿਹਾ ਸਥਾਨ ਹੈ, ਜਿਸ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਲੰਮਾ ਤੇ ਡੂੰਘਾ ਨਾਤਾ ਰਿਹਾ ਹੈ। ਗੁਰੂ ਸਾਹਿਬ ਸੁਲਤਾਨਪੁਰ ਲੋਧੀ ’ਚ ਲੰਬੇ ਸਮੇਂ ਤਕ ਰਹੇ, ਜਿਸ ਦੌਰਾਨ ਉਨ੍ਹਾਂ ਨੇ 14 ਸਾਲ 9 ਮਹੀਨੇ 13 ਦਿਨ ਤਕ ਗੁਰੁਦੁਆਰਾ ਸ੍ਰੀ ਬੇਰ ਸਾਹਿਬ ਦੇ ਭੌਰਾ ਸਾਹਿਬ ਵਿਖੇ ਤਪੱਸਿਆ ਕੀਤੀ।
ਸ਼੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਦੇਸ਼ ’ਚ ਸੁਲਤਾਨਪੁਰ ਲੋਧੀ ਹੀ ਅਜਿਹਾ ਸਥਾਨ ਹੈ, ਜਿਸ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਲੰਮਾ ਤੇ ਡੂੰਘਾ ਨਾਤਾ ਰਿਹਾ ਹੈ। ਗੁਰੂ ਸਾਹਿਬ ਸੁਲਤਾਨਪੁਰ ਲੋਧੀ ’ਚ ਲੰਬੇ ਸਮੇਂ ਤਕ ਰਹੇ, ਜਿਸ ਦੌਰਾਨ ਉਨ੍ਹਾਂ ਨੇ 14 ਸਾਲ 9 ਮਹੀਨੇ 13 ਦਿਨ ਤਕ ਗੁਰੁਦੁਆਰਾ ਸ੍ਰੀ ਬੇਰ ਸਾਹਿਬ ਦੇ ਭੌਰਾ ਸਾਹਿਬ ਵਿਖੇ ਤਪੱਸਿਆ ਕੀਤੀ। ਗੁਰੂ ਸਾਹਿਬ ਸਵੇਰੇ ਹੀ ਕਾਲੀ ਵੇਈਂ ’ਚ ਇਸ਼ਨਾਨ ਕਰ ਕੇ ਪ੍ਰਭੂ ਦੀ ਭਗਤੀ ’ਚ ਲੀਨ ਹੋ ਜਾਂਦੇ ਸਨ। ਇਸ ਦੌਰਾਨ ਗੁਰੂ ਸਾਹਿਬ ਨੇ ਵੇਈਂ ਦੇ ਕਿਨਾਰੇ ਬੇਰੀ ਦਾ ਇਕ ਦਰੱਖ਼ਤ ਲਗਾਇਆ, ਜੋ ਅੱਜ ਵੀ ਵੱਧ-ਫੁੱਲ ਰਿਹਾ ਹੈ। ਇੱਥੋਂ ਹੀ ਗੁਰੂ ਜੀ ਨੇ ਵੇਈਂ ’ਚ ਚੁੱਭੀ ਲਗਾਈ ਤੇ ਤਿੰਨ ਦਿਨ ਬਾਅਦ ਸੰਤ ਘਾਟ ਵਿਖੇ ਪ੍ਰਗਟ ਹੋ ਕੇ ਮੂਲਮੰਤਰ ‘ਇਕ ਓਂਕਾਰ ਸਤਿਨਾਮ ਕਰਤਾ ਪੁਰਖ’ ਦਾ ਉਚਾਰਨ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੁਨਿਆਦ ਰੱਖੀ। ਸੁਲਤਾਨਪੁਰ ਲੋਧੀ ਤੋਂ ਹੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਕਲਿਆਣ ਲਈ ਚਾਰ ਉਦਾਸੀਆਂ ਦੀ ਸ਼ੁਰੂਆਤ ਕੀਤੀ।
ਇੱਥੋਂ ਹੀ ਗੁਰੂ ਜੀ ਦੀ ਬਟਾਲਾ ਲਈ ਬਰਾਤ ਰਵਾਨਾ ਹੋਈ ਸੀ ਤੇ ਮਾਤਾ ਸੁਲੱਖਣੀ ਨਾਲ ਵਿਆਹ ਤੋਂ ਬਾਅਦ ਗੁਰੂ ਸਾਹਿਬ ਸੁਲਤਾਨਪੁਰ ਲੋਧੀ ’ਚ ਲੰਬੇ ਸਮੇਂ ਤਕ ਰਹੇ। ਇਸੇ ਸ਼ਹਿਰ ’ਚ ਗੁਰੂ ਜੀ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖ਼ਮੀ ਦਾਸ ਦਾ ਜਨਮ ਹੋਇਆ। ਇੱਥੇ ਹੀ ਗੁਰੂ ਜੀ ਨੇ ਨਵਾਬ ਦੌਲਤ ਖ਼ਾ ਅਤੇ ਉਨ੍ਹਾਂ ਦੇ ਮੌਲਵੀ ਨੂੰ ਨਮਾਜ਼ ਅਦਾ ਕਰਨ ਦੀ ਅਸਲੀਅਤ ਸਮਝਾਈ ਸੀ। ਨਵਾਬ ਦੌਲਤ ਖ਼ਾ ਦੇ ਮੋਦੀਖ਼ਾਨੇ ’ਚ ਨੌਕਰੀ ਕਰਦੇ ਹੋਏ ਗੁਰੂ ਜੀ ਦਰਵੇਸ਼ਾਂ, ਕਲੰਦਰਾਂ, ਸਾਧੂਆਂ, ਫ਼ਕੀਰਾਂ, ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਤੇਰਾਂ-ਤੇਰਾਂ ਤੋਲ ਕੇ ਉਨ੍ਹਾਂ ਦੀਆਂ ਝੋਲੀਆਂ ਭਰਦੇ ਰਹੇ। ਇਸ ਸ਼ਹਿਰ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਪਿੰਡ ਭਰੋਯਾਣਾ ਤੋਂ ਗੁਰੂ ਜੀ ਨੇ ਭਾਈ ਮਰਦਾਨਾ ਤੋਂ ਰਬਾਬ ਮੰਗਵਾਈ ਤੇ ਗੁਰਬਾਣੀ ਦੇ ਕੀਰਤਨ ਦੀ ਸ਼ੁਰੂਆਤ ਕੀਤੀ ਸੀ। ਇਤਿਹਾਸਕ ਸੁਲਤਾਨਪੁਰ ਲੋਧੀ ਸ਼ਹਿਰ ’ਚ ਗੁਰੂ ਜੀ ਨਾਲ ਸਬੰਧਿਤ 9 ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਨਾਨਕ ਦੀ ਨਗਰੀ ’ਚ ਨਤਮਸਤਕ ਹੋਣ ਲਈ ਰੋਜ਼ਾਨਾ ਪਹੁੰਚਦੀਆਂ ਹਨ। ਇਸ ਵਾਰ 29 ਅਗਸਤ ਨੂੰ ਬਾਬਾ ਦੀ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਸ੍ਰੀ ਬੇਰ ਸਾਹਿਬ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਲਈ ਰਵਾਨਾ ਹੋਵੇਗਾ, ਜਿਸ ਨੂੰ ਲੈ ਕੇ ਸੰਗਤਾਂ ’ਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
ਗੁਰਦੁਆਰਾ ਸ੍ਰੀ ਬੇਰ ਸਾਹਿਬ
ਇਤਿਹਾਸ ਮੁਤਾਬਿਕ ਗੁਰੂ ਨਾਨਕ ਦੇਵ ਜੀ ਨੇ ਕਾਲੀ ਵੇਈਂ ਦੇ ਕਿਨਾਰੇ ਦਾਤਣ ਕਰਨ ਤੋਂ ਬਾਅਦ ਬਚੀ ਲੱਕੜ ਉਸ ਥਾਂ ਲਗਾਈ ਸੀ ਅਤੇ ਕੁਝ ਦਿਨਾਂ ਬਾਅਦ ਉਹ ਬੇਰੀ ਦੀ ਲੱਕੜ ਹਰੀ ਹੋ ਗਈ। ਉਸ ਥਾਂ ’ਤੇ ਹੁਣ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਹੈ। ਗੁਰੂ ਨਾਨਕ ਸਾਹਿਬ ਹਰ ਰੋਜ਼ ਸਵੇਰੇ ਵੇਈਂ ’ਚ ਇਸ਼ਨਾਨ ਕਰਦੇ ਤੇ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਜਾਂਦੇ ਸਨ। ਇਸ ਥਾਂ ’ਤੇ ਅੱਜ ਭੌਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲਾ ਹਰ ਪ੍ਰਾਣੀ ਭੌਰਾ ਸਾਹਿਬ ਦੇ ਵੀ ਦਰਸ਼ਨ ਕਰਦਾ ਹੈ। ਇਸ ਥਾਂ ਦੇ ਬਿਲਕੁਲ ਨੇੜੇ ਹੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਨਾਲ ਲੱਗੀ ਬੇਰੀ ਦਾ ਦਰੱਖ਼ਤ ਵੀ ਹੈ, ਜੋ ਸਾਢੇ ਪੰਜ ਸਦੀਆਂ ਬਾਅਦ ਵੀ ਹਰਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਦੇਸ਼ ’ਚ ਸਭ ਤੋਂ ਵੱਡਾ ਪ੍ਰੋਗਰਾਮ ਗੁਰਦੁਆਰਾ ਬੇਰ ਸਾਹਿਬ ’ਚ ਕੀਤਾ ਜਾਂਦਾ ਹੈ। ਇਸ ਪਵਿੱਤਰ ਥਾਂ ਨਾਲ ਗੁਰੂ ਨਾਨਕ ਸਾਹਿਬ ਦੀ ਵੇਈਂ ਨਦੀ ’ਚ ਆਲੋਪ ਹੋਣ ਦੀ ਘਟਨਾ ਵੀ ਜੁੜੀ ਹੋਈ ਹੈ। ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਕੱਪੜੇ ਉਤਾਰ ਕੇ ਅਹਿਲਕਾਰ ਨੂੰ ਫੜਾਏ ਅਤੇ 72 ਘੰਟੇ ਤਕ ਲੋਪ ਰਹੇ। ਸੁਲਤਾਨਪੁਰ ਦੀ ਆਮ ਜਨਤਾ ਲਈ ਗੁਰੂ ਜੀ ਪਾਣੀ ਦੀਆਂ ਲਹਿਰਾਂ ਨਾਲ ਵਹਿ ਗਏ ਪਰ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਭਗਤੀ ’ਚ ਲੀਨ ਰਹੇ ਅਤੇ 72 ਘੰਟਿਆਂ ਬਾਅਦ ਤਿੰਨ ਮੀਲ ਦੂਰ ਜਾ ਕੇ ਸੰਤ ਘਾਟ ਦੇ ਸਥਾਨ ’ਤੇ ਪ੍ਰਗਟ ਹੋਏ।
ਗੁਰਦੁਆਰਾ ਸ੍ਰੀ ਸਿਹਰਾ ਸਾਹਿਬ
ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਲੈ ਕੇ ਜਾਂਦੇ ਹੋਏ ਰਾਤ ਨੂੰ ਠਹਿਰੇ ਸਨ। ਸਵੇਰੇ ਇਸ ਸਥਾਨ ਤੋਂ ਸਿਹਰਾ ਬੰਨ੍ਹ ਕੇ ਡੱਲ੍ਹੇ ਵਿਆਹ ਲਈ ਪਹੁੰਚੇ ਸਨ। ਇਸ ਕਾਰਨ ਇਸ ਸਥਾਨ ਦਾ ਨਾਂ ਸਿਹਰਾ ਸਾਹਿਬ ਹੈ। ਇਸ ਗੁਰਦੁਆਰੇ ਨੂੰ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਦਾ ਨਾਂ ਦਿੱਤਾ ਸੀ। ਇਹ ਸਾਬਿਤ ਕਰਦਾ ਹੈ ਕਿ ਬਾਬਾ ਨਾਨਕ ਜੀ ਨੇ ਸਭ ਤੋਂ ਪਹਿਲਾਂ ਇੱਥੇ ਧਰਮਸ਼ਾਲਾ ਸਥਾਪਿਤ ਕੀਤੀ ਸੀ, ਜਿੱਥੇ ਪੰਜਵੇਂ ਪਾਤਸ਼ਾਹਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹਿ ਅਤੇ ਉਨ੍ਹਾਂ ਦੇ ਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਰਹੇ ਸਨ।
ਗੁਰਦੁਆਰਾ ਸ੍ਰੀ ਅੰਤਰਯਾਤਮਾ
ਇਹ ਉਹ ਥਾਂ ਹੈ, ਜਿੱਥੇ ਈਦਗਾਹ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖ਼ਾ ਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਸਮਝਾਈ ਸੀ। ਨਵਾਬ ਤੇ ਮੌਲਵੀ ਦਾ ਧਿਆਨ ਈਦਗਾਹ ’ਚ ਨਮਾਜ਼ ਪੜ੍ਹਨ ਦੀ ਥਾਂ ਕਾਬੁਲ ’ਚ ਘੋੜੇ ਖ਼ਰੀਦਣ ’ਚ ਹੈ। ਜੇ ਨਮਾਜ਼ ਪੜ੍ਹਨੀ ਹੈ ਤਾਂ ਮਨ ਨੂੰ ਵੀ ਸਰੀਰ ਦੇ ਨਾਲ ਪ੍ਰਭੂ ਦੇ ਸਾਹਮਣੇ ਸੱਚੇ ਮਨ ਨਾਲ ਸਮਰਪਿਤ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰੂ ਜੀ ਨੇ ਸੁਨੇਹਾ ਦਿੱਤਾ ਕਿ ਨਵਾਬ ਜੇ ਸਰੀਰ ਨਾਲ ਈਦਗਾਹ ’ਚ ਹੈ ਪਰ ਉਸ ਦਾ ਮਨ ਕਿਤੇ ਦੂਰ ਘੁੰਮ ਰਿਹਾ ਹੈ। ਇਸ ਤੋਂ ਬਾਅਦ ਨਵਾਬ ਤੇ ਮੌਲਵੀ ਨੂੰ ਨਮਾਜ਼ ਪੜ੍ਹਨ ਦਾ ਢੰਗ ਸਮਝ ਆ ਗਿਆ। ਇਸ ਗੁਰਦੁਆਰਾ ਸਾਹਿਬ ਦੀ ਹੁਣ ਨਵੀਂ ਤੇ ਸੁੰਦਰ ਇਮਾਰਤ ਬਣ ਚੁੱਕੀ ਹੈ। ਸੁਲਤਾਨਪੁਰ ਲੋਧੀ ਸ਼ਹਿਰ ’ਚ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਇਸ ਤਹਿਸੀਲ ’ਚ ਹੋਰ ਵੀ ਇਤਿਹਾਸਕ ਗੁਰਦੁਆਰੇ ਮੌਜੂਦ ਹਨ। ਪਿੰਡ ਡੱਲ੍ਹਾ ’ਚ ਬਹੁਤ ਪ੍ਰਸਿੱਧ ਗੁਰਦੁਆਰਾ ਬਾਉਲੀ ਸਾਹਿਬ ਹੈ। ਪਿੰਡ ਭਰੋਆਣਾ ’ਚ ਗੁਰਦੁਆਰਾ ਰਬਾਬਸਰ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨਾਲ ਭਾਈ ਮਰਦਾਨੇ ਨੂੰ ਰਬਾਬ ਮਿਲੀ ਸੀ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਮੋਦੀਖ਼ਾਨੇ ਨੂੰ ਲਟਾਉਣ ਦੀ ਸ਼ਿਕਾਇਤ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਈ ਮਸੂਦੀ, ਅਕਾਊਂਟੈਂਟ ਜਨਰਲ ਦੇ ਘਰ ਹਿਸਾਬ ਦੀ ਜਾਂਚ ਕਰਨ ਲਈ ਬੁਲਾਇਆ ਗਿਆ। ਜਾਂਚ ਪੜਤਾਲ ਤੋਂ ਬਾਅਦ ਗੁਰੂ ਜੀ ਦੇ ਸਰਕਾਰ ਵੱਲੋਂ ਕੁਝ ਵਾਧੂ ਰੁਪਏ ਮਿਲੇ। ਗੁਰੂ ਜੀ ਨੇ ਇਹ ਧਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਨਵਾਬ ਦੇ ਲੇਖਾਕਾਰਾਂ ਨੂੰ ਹੁਕਮ ਦਿੱਤਾ ਕਿ ਇਸ ਧਨ ਨੂੰ ਲੋੜਵੰਦਾਂ ’ਚ ਵੰਡਿਆ ਜਾਵੇ ਅਤੇ ਖ਼ੁਦ ਮੋਦੀ ਦੀ ਨੌਕਰੀ ਛੱਡ ਦਿੱਤੀ। ਜਿਸ ਥਾਂ ਮੋਦੀਖ਼ਾਨੇ ਦੇ ਹਿਸਾਬ ਦੀ ਜਾਂਚ ਕੀਤੀ ਗਈ ਸੀ, ਉਸੇ ਥਾਂ ਹੁਣ ਗੁਰਦੁਆਰਾ ਕੋਠੜੀ ਸਾਹਿਬ ਸਥਿਤ ਹੈ।
ਗੁਰਦੁਆਰਾ ਗੁਰੂ ਦਾ ਬਾਗ਼
ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਵਿਆਹ ਤੋਂ ਬਾਅਦ ਪਰਿਵਾਰ ਨਾਲ ਇਸ ਸਥਾਨ ਉੱਤੇ ਰਹੇ ਸਨ। ਇਸ ਸਥਾਨ ਉੱਤੇ ਹੀ ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖ਼ਮੀ ਦਾਸ ਦਾ ਜਨਮ ਹੋਇਆ। ਇਸੇ ਕਾਰਨ ਇਸ ਸਥਾਨ ਨੂੰ ਗੁਰੂ ਦਾ ਬਾਗ਼ ਕਿਹਾ ਜਾਂਦਾ ਹੈ। ਪਹਿਲਾਂ ਇਸ ਸਥਾਨ ਉੱਤੇ ਛੋਟੀ ਇਮਾਰਤ ਸੀ ਤੇ ਸੁੰਦਰ ਬਾਗ਼ ਵੀ ਸੀ ਪਰ ਹੌਲੀ-ਹੌਲੀ ਸ਼ਹਿਰੀਕਰਨ ਦੇ ਕਾਰਨ ਬਾਗ਼ ਖ਼ਤਮ ਹੋ ਗਿਆ ਪਰ ਗੁਰੂ ਦੇ ਬਾਗ਼ ਦੀਆਂ ਯਾਦਾਂ ਉੱਥੇ ਅਜੇ ਵੀ ਮੌਜੂਦ ਹਨ। ਇਸ ਸਥਾਨ ਉੱਤੇ ਹੁਣ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦਾ ਨਿਰਮਾਣ ਹੋ ਚੁੱਕਿਆ ਹੈ। ਇਸ ਗੁਰੁਦੁਆਰਾ ਸਾਹਿਬ ਵਿਖੇ ਇਕ ਪੁਰਾਣੀ ਖੂਹੀ ਵੀ ਹੈ, ਜਿੱਥੋਂ ਮਾਤਾ ਸੁਲਖਣੀ ਜੀ ਪੀਣ ਲਈ ਪਾਣੀ ਕੱਢਿਆ ਕਰਦੇ ਸਨ।
ਗੁਰਦੁਆਰਾ ਸ੍ਰੀ ਹੱਟ ਸਾਹਿਬ
ਗੁਰਦੁਆਰਾ ਹੱਟ ਸਾਹਿਬ ਉਸੇ ਥਾਂ ’ਤੇ ਸਜਾਇਆ ਗਿਆ ਹੈ, ਜਿੱਥੇ ਗੁਰੂ ਨਾਨਕ ਸਾਹਿਬ ਮੋਦੀ ਦੇ ਰੂਪ ’ਚ ਕੰਮ ਕਰਦੇ ਰਹੇ। ਗੁਰੂ ਜੀ ਸਵੇਰ ਹੋਣ ’ਤੇ ਨਵਾਬ ਦੌਲਤ ਖ਼ਾ ਦੇ ਮੋਦੀਖ਼ਾਨੇ ’ਚ ਆਪਣੀ ਮੋਦੀ ਦੀ ਡਿਊਟੀ ਸੰਭਾਲਦੇ ਸਨ। ਇਹ ਗੁਰਦੁਆਰਾ ਕਿਲ੍ਹਾ ਸਰਾਏ ਦੇ ਦੱਖਣੀ ਤੇ ਪਿਛਲੇ ਪਾਸੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬ ਦਰਵੇਸ਼ਾਂ, ਕਲੰਦਰਾਂ, ਸਾਧਾਂ, ਫ਼ਕੀਰਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਅਨਾਜ ਵੰਡਦੇ ਤੇਰਾਂ-ਤੇਰਾਂ’ ਦਾ ਉਚਾਰਨ ਕਰਦੇ ਹੋਏ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਦੀ ਪ੍ਰਸਿੱਧੀ ਦਿਨ-ਬ-ਦਿਨ ਵਧਣ ਲੱਗੀ, ਤਾਂ ਕਿਸੇ ਈਰਖਾ ਰੱਖਣ ਵਾਲੇ ਨੇ ਦੌਲਤ ਖ਼ਾਂ ਲੋਧੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਨਾਨਕ ਲੋਕਾਂ ਨੂੰ ਮੋਦੀਖ਼ਾਨਾ ਲੁਟਾਈ ਜਾ ਰਿਹਾ ਹੈ। ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ ਸੀ। ਇਸ ਲਈ ਦੌਲਤ ਖ਼ਾ ਨੇ ਗੁਰੂ ਨਾਨਕ ਸਾਹਿਬ ਦੇ ਜੀਜਾ ਜੈ ਰਾਮ ਜੀ ਨੂੰ ਬੁਲਾਇਆ ਅਤੇ ਮੋਦੀਖ਼ਾਨੇ ਦਾ ਹਿਸਾਬ-ਕਿਤਾਬ ਕਰਨ ਲਈ ਕਿਹਾ। ਉਸ ਸਮੇਂ ਜੇ ਕੋਈ ਰਾਜ ਦਰਬਾਰ ਨਾਲ ਪੈਸਿਆਂ ਦੀ ਚਲਾਕੀ ਕਰਦਾ, ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਮਿਲਦੀਆਂ, ਇੱਥੋਂ ਤਕ ਕਿ ਮੌਤ ਦੀ ਸਜ਼ਾ ਵੀ ਸੁਣਾਈ ਜਾਂਦੀ ਸੀ ਪਰ ਜਦੋਂ ਮੋਦੀਖ਼ਾਨੇ ਦੇ ਹਿਸਾਬ ਦੀ ਜਾਂਚ ਕੀਤੀ ਗਈ, ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਮਿਲਿਆ ਸਗੋਂ ਗੁਰੂ ਨਾਨਕ ਸਾਹਿਬ ਦਾ ਬਕਾਇਆ ਸਰਕਾਰ ਵੱਲ ਸੀ। ਦੌਲਤ ਖ਼ਾ ਇਹ ਸਭ ਦੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਇਨਾਮ ਵਜੋਂ ਗੁਰੂ ਜੀ ਨੂੰ ਧਨ ਦਿੱਤਾ ਪਰ ਗੁਰੂ ਸਾਹਿਬ ਨੇ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਜ਼ਰੂਰਤਮੰਦਾਂ ’ਚ ਵੰਡਣ ਲਈ ਕਿਹਾ। ਇਸ ਗੁਰਦੁਆਰੇ ਦੇ ਇਕ ਕਮਰੇ ’ਚ 14 ਵੱਟੇ ਵੀ ਸਜਾਏ ਗਏ ਹਨ, ਜਿਨ੍ਹਾਂ ਨਾਲ ਗੁਰੂ ਜੀ ਅਨਾਜ ਤੋਲਦੇ ਸਨ। ਇਸ ਸਥਾਨ ’ਤੇ ਹੁਣ ਸੁੰਦਰ ਗੁਰਦੁਆਰਾ ਸਾਹਿਬ ਸਜਾਇਆ ਗਿਆ ਹੈ, ਜਿਸ ਦੀ ਕਾਰਸੇਵਾ ਬਾਬਾ ਜਗਤਾਰ ਸਿੰਘ ਨੇ ਕਰਵਾਈ ਹੈ।
• ਹਰਨੇਕ ਸਿੰਘ ਜੈਨਪੁਰੀ