ਨੌਵੇਂ ਪਤਸ਼ਾਹ ਨੇ ਜਿੱਥੇ ਇਕ ਦਿਨ ਕੀਤਾ ਸੀ ਵਿਸ਼ਰਾਮ ਉਥੇ ਸਬੱਬ ਨਾਲ ਲੱਖੀ ਸ਼ਾਹ ਵਣਜਾਰਾ ਨਾਲ ਹੋਈ ਮੁਲਾਕਾਤ, ਪੜ੍ਹੋ ਕੀ ਹੈ ਇਤਿਹਾਸ
ਸਰਹਿੰਦ ਪਟਿਆਲਾ ਰੋਡ ’ਤੇ ਪਿੰਡ ਨੌਲੱਖਾ ਵਿਖੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਨੌਲੱਖਾ ਸਾਹਿਬ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਇਤਿਹਾਸ ਸਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਪਿੰਡ ਉਗਾਣੀ ਤੋਂ ਚੱਲ ਕੇ ਇਸ ਅਸਥਾਨ ’ਤੇ ਆਏ ਸਨ ਅਤੇ ਇੱਕ ਦਿਨ ਇੱਥੇ ਵਿਸ਼ਰਾਮ ਕੀਤਾ ਸੀ।
Publish Date: Tue, 18 Nov 2025 12:17 PM (IST)
Updated Date: Tue, 18 Nov 2025 12:21 PM (IST)

ਭੁਪਿੰਦਰ ਸਿੰਘ ਮਾਨ, ਖੇੜਾ (ਫਤਿਹਗੜ੍ਹ ਸਾਹਿਬ)- ਸਰਹਿੰਦ ਪਟਿਆਲਾ ਰੋਡ ’ਤੇ ਪਿੰਡ ਨੌਲੱਖਾ ਵਿਖੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਨੌਲੱਖਾ ਸਾਹਿਬ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਇਤਿਹਾਸ ਸਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਪਿੰਡ ਉਗਾਣੀ ਤੋਂ ਚੱਲ ਕੇ ਇਸ ਅਸਥਾਨ ’ਤੇ ਆਏ ਸਨ ਅਤੇ ਇੱਕ ਦਿਨ ਇੱਥੇ ਵਿਸ਼ਰਾਮ ਕੀਤਾ ਸੀ। ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ। ਸਬੱਬ ਨਾਲ ਲੱਖੀ ਸ਼ਾਹ ਵਣਜਾਰਾ ਵੀ ਪਹਿਲਾਂ ਤੋਂ ਇੱਥੇ ਠਹਿਰਿਆ ਹੋਇਆ ਸੀ, ਜਿਸ ਦਾ ਬਲਦ ਗੁਆਚ ਗਿਆ ਸੀ ਤਾਂ ਉਸ ਨੇ ਸੁੱਖ ਸੁੱਖੀ ਕਿ ਜੇ ਉਸ ਦਾ ਬਲਦ ਮਿਲ ਜਾਵੇ ਤਾਂ ਉਹ ਕੁਝ ਟਕੇ ਗੁਰੂ ਜੀ ਨੂੰ ਭੇਟ ਕਰੇਗਾ। ਥੋੜ੍ਹੇ ਸਮੇਂ ਪਿੱਛੋਂ ਜੰਗਲ ਵਿੱਚੋਂ ਬਲਦ ਮਿਲਣ ’ਤੇ ਖੁਸ਼ੀ ਵਿੱਚ ਨੌਂ ਟਕੇ ਲੈ ਕੇ ਲੱਖੀ ਸ਼ਾਹ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ।
ਗੁਰੂ ਜੀ ਨੇ ਟਕੇ ਬਿਨਾਂ ਛੂਹੇ ਸੰਗਤਾਂ ਹਵਾਲੇ ਕਰ ਦਿੱਤੇ ਤਾਂ ਲੱਖੀ ਸ਼ਾਹ ਨੇ ਸਮਝਿਆ ਗੁਰੂ ਜੀ ਉਸ ਦੀ ਭੇਟਾ ਤੋਂ ਖੁਸ਼ ਨਹੀਂ ਹੋਏ। ਕਹਿਣ ਲੱਗਾ ਅੱਜ ਉਸ ਕੋਲ ਇੰਨੇ ਹੀ ਟਕੇ ਹਨ। ਹੋਰ ਭੇਟਾਂ ਫੇਰ ਦੇ ਦਿਆਂਗਾ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਨਹੀਂ ਭਾਈ ਤੇਰੇ ਨੌਂ ਟਕੇ ਹੀ ਸਾਡੇ ਲਈ ਨੌਂ ਲੱਖ ਦੇ ਬਰਾਬਰ ਹਨ। ਰਾਤ ਨੂੰ ਵਿਸ਼ਰਾਮ ਸਮੇਂ ਕੁਝ ਬਜ਼ੁਰਗ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ। ਸਭ ਨੇ ਬੜੇ ਤਨ, ਮਨ ਅਤੇ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ। ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਨੌਲੱਖਾ ਦੇ ਨਾਂ ’ਤੇ ਮੋੜੀ ਗੱਡਣ ਲਈ ਕਿਹਾ ਤਾਂ ਇਸ ਤਰ੍ਹਾਂ ਪਿੰਡ ਦੀ ਸ਼ੁਰੂਆਤ ਹੋਈ ਸਥਾਨਕ ਰਵਾਇਤ ਅਨੁਸਾਰ ਇਸ ਪਿੰਡ ਦਾ ਨਾਂ ਨੌਲੱਖਾ ਪੈ ਗਿਆ।
ਇਸ ਅਸਥਾਨ ’ਤੇ ਸੰਗਰਾਂਦ ਪੂਰਨਮਾਸ਼ੀ ਤੇ ਗੁਰਪੁਰਬ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਹਨ। ਹਰ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਦੂਰ-ਦੁਰਾਡੇ ਤੋਂ ਸੰਗਤ ਪਹੁੰਚਦੀ ਹੈ। ਰਾਗੀ ਢਾਡੀ ਕਵੀਸ਼ਰੀ ਸੰਗਤ ਨੂੰ ਗੁਰ ਜਸ ਨਾਲ ਨਿਹਾਲ ਕਰਦੇ ਹਨ। ਜੋ ਵੀ ਸੰਗਤ ਇਸ ਅਸਥਾਨ ’ਤੇ ਨਤਮਸਤਕ ਹੁੰਦੀ ਹੈ, ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗੁਰਦੁਆਰਾ ਸ੍ਰੀ ਨੌਂਲੱਖਾ ਸਾਹਿਬ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਅਤੇ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਇਤਿਹਾਸਕ ਅਸਥਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਹੈ ਪਰ ਇਸ ਦੀ ਦੇਖ-ਰੇਖ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪੁਰਾਣੇ ਸਮੇਂ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਸੰਤ ਹਰਨਾਮ ਸਿੰਘ ਕਰਦੇ ਹੁੰਦੇ ਸਨ ਜਿਹੜੇ ਲਗਪਗ 50 ਸਾਲ ਪਹਿਲਾਂ ਸਵਰਗਵਾਸ ਹੋ ਗਏ।
ਪਿੰਡ ਨੌਲੱਖਾ ’ਚ ਅਤੇ ਇਲਾਕੇ ਵਿੱਚ ਸੰਤ ਹਰਨਾਮ ਸਿੰਘ ਜੀ ਪਾਠ ਕਰਦੇ ਹੁੰਦੇ ਸਨ। ਇਸ ਵਾਰੀ ਸੰਤ ਹਰਨਾਮ ਸਿੰਘ ਜੀ ਦੀ ਬਰਸੀ ਮਨਾਈ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀ ਸੜਕ ਨੂੰ 18 ਫੁੱਟ ਚੌੜੀ ਕਰ ਕੇ ਨਵੀਂ ਬਣਾਇਆ ਜਾਵੇ। ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ, ਪਿੰਡ ਵਿੱਚ ਸੋਲਰ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ। ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਵਿਦਿਆਲਾ ਬਣਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ।