Sri Goindwal Sahib : ਸਿੱਖ ਪੰਥ ਸ੍ਰੀ ਗੁਰੂ ਰਾਮਦਾਸ ਜੀ (Guru Ram Das Ji) ਦਾ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਦੇ 450 ਸਾਲਾ ਜੋਤ-ਜੋਤਿ ਸ਼ਤਾਬਦੀ ਸਮਾਗਮ ਮਨਾ ਰਿਹਾ ਹੈ। ਸ੍ਰੀ ਗੋਇੰਦਵਾਲ ਸਾਹਿਬ ਅਤੇ ਆਲੇ-ਦੁਆਲੇ ਦੀ ਸੰਗਤ ਵਿਚ ਸ਼ਤਾਬਦੀ ਸਮਾਗਮਾਂ ਵਿਚ ਦੇਸ਼-ਵਿਦੇਸ਼ ਦੀ ਸੰਗਤ ਵੱਡੀ ਗਿਣਤੀ ਵਿਚ ਪੁੱਜ ਰਹੀ ਹੈ ।

ਸੇਵਾ, ਸਿਮਰਨ ਦੀ ਮਿਸਾਲ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ (1479-1574 ਈ.) ਦੇ ਜੀਵਨ ਨੂੰ ਵੇਖੀਏ ਤਾਂ ਪ੍ਰਤੱਖ ਹੁੰਦਾ ਹੈ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਮਾਨਵਤਾ ਲਈ ਚਾਨਣ ਮੁਨਾਰਾ ਹੈ। ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੇ ਸੰਕਲਪਾਂ ਨੂੰ ਅੱਗੇ ਵਧਾਉਂਦਿਆਂ ਸਮਾਜਿਕ ਵਿਤਕਰਾ ਦੂਰ ਕਰਨ ਲਈ ਜਿਥੇ ਸਤੀ ਤੇ ਪਰਦਾ ਪ੍ਰਥਾਵਾਂ ਨੂੰ ਖ਼ਤਮ ਕੀਤਾ ਉਥੇ ਵਿਧਵਾਵਾਂ ਨੂੰ ਮੁੜ ਘਰ ਵਸਾਉਣ ਦਾ ਹੱਕ ਦਿਵਾਇਆ, ਸਮਾਜ ਨੂੰ ਜਾਤ-ਪਾਤ, ਛੂਤ-ਛਾਤ, ਵਹਿਮਾਂ-ਭਰਮਾਂ ਤੋਂ ਛੁਟਕਾਰਾ ਦਿਵਾਇਆ, ਮ੍ਰਿਤਕ ਸੰਸਕਾਰਾਂ ਸਬੰਧੀ ਸੇਧਾਂ ਦਿੱਤੀਆਂ, ‘ਸੰਗਤ ਤੇ ਪੰਗਤ’ ਦੀ ਧਾਰਨਾ ਦ੍ਰਿੜ ਕਰਵਾਈ, ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ, ਮਾਝੇ ਦੀ ਪਵਿੱਤਰ ਧਰਤੀ (holy land of Majha) ’ਤੇ ਸ੍ਰੀ ਗੋਇੰਦਵਾਲ ਸਾਹਿਬ (Sri Goindwal Sahib) ਨਗਰ ਦੀ ਸਥਾਪਨਾ ਕੀਤੀ, ਮਾਨਵਤਾ ਨੂੰ ਰਾਹ ਵਿਖਾਉਣ ਤੇ ਗੁਰੂ-ਸ਼ਬਦ ਨਾਲ ਜੋੜਨ ਲਈ ਗੁਰਬਾਣੀ ਰਚਨਾ ਕੀਤੀ ਅਤੇ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਵਾਇਆ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ‘ਸਿੱਖੀ ਦਾ ਧੁਰਾ’ ਵੀ ਕਿਹਾ ਜਾਂਦਾ ਇਥੇ ਤੀਜੀ ਪਾਤਸ਼ਾਹੀ ਨੂੰ ਗੁਰਿਆਈ ਮਿਲੀ ਤੇ ਇਹ ਨਗਰ ਉਨ੍ਹਾਂ ਦੀ ਕਰਮ ਭੂਮੀ ਹੈ।
ਸਿੱਖ ਪੰਥ ਸ੍ਰੀ ਗੁਰੂ ਰਾਮਦਾਸ ਜੀ (Guru Ram Das Ji) ਦਾ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਦੇ 450 ਸਾਲਾ ਜੋਤ-ਜੋਤਿ ਸ਼ਤਾਬਦੀ ਸਮਾਗਮ ਮਨਾ ਰਿਹਾ ਹੈ। ਸ੍ਰੀ ਗੋਇੰਦਵਾਲ ਸਾਹਿਬ ਅਤੇ ਆਲੇ-ਦੁਆਲੇ ਦੀ ਸੰਗਤ ਵਿਚ ਸ਼ਤਾਬਦੀ ਸਮਾਗਮਾਂ ਵਿਚ ਦੇਸ਼-ਵਿਦੇਸ਼ ਦੀ ਸੰਗਤ ਵੱਡੀ ਗਿਣਤੀ ਵਿਚ ਪੁੱਜ ਰਹੀ ਹੈ । ਗੁਰੂ ਦੇ ਦਰ ’ਤੇ ਨਤਮਸਤਕ ਹੋਣ ਪੁੱਜ ਰਹੀ ਸੰਗਤ ਲਈ ਥਾਂ-ਥਾਂ ਗੁਰੂ ਕੇ ਲੰਗਰ ਅਤੁੱਟ ਵਰਤਾਉਣ ਤੇ ਹੋਰ ਮਿਸਾਲੀ ਪ੍ਰਬੰਧ ਕੀਤੇ ਗਏ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਬਾਉਲੀ ਸਾਹਿਬ (Gurdwara Bauli Sahib) ਅਤੇ ਗੁਰਦੁਆਰਾ ਚੁਬਾਰਾ ਸਾਹਿਬ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਸੰਗਤ ਨੂੰ ਸਿੱਖੀ ਨਾਲ ਜੋੜਨ ਅਤੇ ਗੁਰਮਤਿ ਵਿਚਾਰਾਂ ਲਈ ਵੱਡੇ ਇਕੱਠ ਹੋ ਰਹੇ ਹਨ। ਭਾਈ ਗੁਰਦਾਸ ਜੀ ਵਾਰ ਪਹਿਲੀ ਦੀ 46 ਵੀਂ ਪਾਉੜੀ ਵਿਚ ਸ੍ਰੀ ਗੋਇੰਦਵਾਲ ਸਾਹਿਬ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ-
‘ਫੇਰਿ ਵਸਾਇਆ
ਗੋਇੰਦਵਾਲ ਅਸਚਰਜੁ ਖੇਲੁ ਨ ਲਖਿਆ ਜਾਈ।’
ਗੁਰੂ ਅਮਰਦਾਸ ਜੀ ਦੀ ਨਿਸ਼ਕਾਮ ਸੇਵਾ, ਉਨ੍ਹਾਂ ਦੀ ਹਸਤੀ, ਸਾਦੇ ਜੀਵਨ,ਨਿਮਰਤਾ, ਪਰਉਪਕਾਰ, ਬਖ਼ਸ਼ਿਸ਼ਾਂ, ਸਿਦਕ ਅਤੇ ਧਾਰਮਿਕ ਕਾਰਜਾਂ ਦੀ ਸਮੁੱਚੀ ਥਾਹ ਪਾਉਣਾ ਸੌਖਾ ਕਾਰਜ ਨਹੀਂ, ਉਨ੍ਹਾਂ ਦੇ ਗੁਣ ਬੇਹਿਸਾਬ ਹਨ-‘ਤੇਰੀ ਉਪਮਾ ਤੋਹਿ ਬਨਿ ਆਵੈ।’
‘ਗੁਰੂ ਅਮਰਦਾਸ ਕੀ ਅਕਥ ਕਥਾ ਹੈ,
ਇਕ ਜੀਹ ਕਛੁ ਕਹੀ
ਨਾ ਜਾਈ।।’
(ਸਵੱਈਏ ਮਹਲੇ ਚਾਉਥੇ ਕੇ,
ਪੰਨਾ 1406)
ਪ੍ਰਕਾਸ਼ ਤੇ ਆਰੰਭਿਕ ਜੀਵਨ
ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 5 ਮਈ 1479 ਈਸਵੀ ਨੂੰ ਸ੍ਰੀ ਤੇਜ ਭਾਨ ਜੀ ਦੇ ਘਰ, ਮਾਤਾ ਸੁਲੱਖਣੀ (ਬੀਬੀ ਲੱਖਮੀ) ਦੀ ਕੁੱਖੋਂ ਪਿੰਡ ਬਾਸਰਕੇ ਗਿੱਲਾਂ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ। ਪਿੰਡ ਬਾਸਰਕੇ ਗਿੱਲਾਂ ਅੰਮ੍ਰਿਤਸਰ ਸ਼ਹਿਰ ਤੋਂ ਛੇਹਰਟਾ ਜਾਂਂਦਿਆਂ ਦੱਖਣ-ਪੱਛਮ ਵੱਲ ਮੁੱਖ ਸੜਕ ਤੋਂ ਖੱਬੇ ਪਾਸੇ ਲਗਪਗ 12 ਕੁ ਕਿਲੋਮੀਟਰ ਦੂਰ ਹੈ ਜਿਥੇ ਗੁਰਦੁਆਰਾ ਸੰਨ੍ਹ ਸਾਹਿਬ ਤੇ ਗੁਰਦੁਆਰਾ ਜਨਮ ਅਸਥਾਨ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮੇਨ ਸੜਕ ’ਤੇ ਬੜੇ ਰਮਣੀਕ ਸਥਾਨ ਉਪਰ ਸਥਿਤ ਹਨ। ਆਪ ਜੀ ਦਾ ਵਿਆਹ 1503 ਈ. ਨੂੰ ਬੀਬੀ ਮਨਸ਼ਾ ਦੇਵੀ ਨਾਲ ਹੋਇਆ ਜੋ ਬਹੁਤ ਹੀ ਸੁੱਘੜ ਸਿਆਣੇ ਸਨ। ਆਪ ਜੀ ਦੇ ਘਰ ਦੋ ਸਪੁੱਤਰ ਸ੍ਰੀ ਮੋਹਨ ਜੀ ਤੇ ਸ੍ਰੀ ਮੋਹਰੀ ਜੀ ਅਤੇ ਦੋ ਸਪੁੱਤਰੀਆਂ ਬੀਬੀ ਦਾਨੀ (ਨਿਧਾਨੀ) ਤੇ ਬੀਬੀ ਭਾਨੀ ਜੀ ਪੈਦਾ ਹੋਏ। ਬੀਬੀ ਦਾਨੀ ਜੀ ਭਾਈ ਰਾਮਾ ਜੀ ਨਾਲ ਵਿਆਹੇ ਸਨ ਅਤੇ ਬੀਬੀ ਭਾਨੀ ਜੀ, ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ। ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੇ ਬਾਉਲੀ ਸਾਹਿਬ ਦੀ ਉਸਾਰੀ ਵੇਲੇ ਤਨੋਂ-ਮਨੋਂ ਸੇਵਾ ਕੀਤੀ। ਭਾਈ ਜੇਠਾ ਜੀ ਦਾ ਵੱਡਾ ਗੁਣ ਇਹ ਸੀ ਕਿ ਉਹ ਰਿਸ਼ਤੇਦਾਰੀ (ਜਵਾਈ-ਪੁਣਾ) ਲਾਂਭੇ ਰੱਖ ਕੇ ਸਦਾ ਗੁਰੂ ਅਮਰਦਾਸ ਜੀ ਦੀ ਸੇਵਾ ਵਿਚ ਲੱਗੇ ਰਹਿੰਦੇ ਸਨ। ਸ੍ਰੀ ਅਮਰਦਾਸ ਜੀ ਮੁੱਢ ਤੋਂ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ ਤੇ ਸੰਤਾਂ-ਭਗਤਾਂ ਦੀ ਸੰਗਤ ਮਾਣਦੇ ਰਹਿੰਦੇ ਸਨ। ਹਰ ਸਾਲ ਹਰਿਦੁਆਰ ਇਸ਼ਨਾਨ ਕਰਨ ਜਾਂਦੇ ਸਨ। ਸੰਨ 1541 ਵਿਚ ਜਦੋਂ ਆਪ 21ਵੀਂ ਵਾਰ ਗੰਗਾ ਮਾਈ ਦੀ ਯਾਤਰਾ ਕਰ ਕੇ ਵਾਪਸ ਪਰਤ ਰਹੇ ਸਨ ਤਾਂ ਥਕਾਵਟ ਦੂਰ ਕਰਨ ਲਈ ਮੇਹੜੇ ਨਾਂਅ ਦੇ ਪਿੰਡ ਦੀ ਸਰਾਂ ਵਿਚ ਰੁਕੇ। ਆਪ ਜੀ ਦੇ ਸੁੱਤੇ ਪਿਆਂ ਦੇ ਪੰਡਤ ਦੁਰਗਾ ਦਾਸ ਨੇ ਪੈਰਾਂ ਵਿਚ ਪਦਮ ਰੇਖਾ ਵੇਖੀ ਤੇ ਦੰਗ ਰਹਿ ਗਿਆ। ਉਪਰੰਤ ਸ੍ਰੀ ਅਮਰਦਾਸ ਜੀ ਦਾ ਮੇਲ ਇਕ ਬ੍ਰਹਮਚਾਰੀ ਸਾਧੂ ਨਾਲ ਹੋਇਆ ਤੇ ਦੋਵਾਂ ਦੀ ਅਧਿਆਤਮਿਕ ਵਿਚਾਰਾਂ ਦੀ ਸਾਂਝ ਹੋ ਗਈ। ਆਪ ਜੀ ਨੇ ਸਾਧੂ ਦੀ ਟਹਿਲ ਸੇਵਾ ਕੀਤੀ ਪਰ ਜਦੋਂ ਸਾਧੂ ਨੂੰ ਪਤਾ ਲੱਗਾ ਕਿ ਸ੍ਰੀ ਅਮਰਦਾਸ ਜੀ ਦਾ ਗੁਰੂ ਕੋਈ ਨਹੀਂ ਹੈ ਤਾਂ ਉਹ ਆਪ ਜੀ ਨੂੂੰ ਨਿਗੁਰਾ ਪੁਰਸ਼ ਆਖ ਕੇ ਇਕਦਮ ਚਲਾ ਗਿਆ। ਆਪ ਜੀ ਉਦਾਸ ਮਨ ਨਾਲ ਬਾਸਰਕੇ ਗਿੱਲਾਂ ਆ ਗਏ । ਇਥੇ ਇਨ੍ਹਾਂ ਦੇ ਭਤੀਜੇ ਭਾਈ ਜੱਸੂ ਸ੍ਰੀ ਗੁਰੂ ਅੰਗਦ ਦੇਵ ਜੀ ਸਪੁੱਤਰੀ ਬੀਬੀ ਅਮਰੋ ਜੀ ਨਾਲ ਵਿਆਹੇ ਹੋਏ ਸਨ। ਇਕ ਦਿਨ ਬੀਬੀ ਅਮਰੋ ਦੁੱਧ ਰਿੜਕਦਿਆਂ ਬੜੇ ਵਜਦ ਵਿਚ ਬਾਣੀ ਦਾ ਗਾਇਣ ਕਰ ਰਹੇ ਸਨ-
‘ਕਰਣੀ ਕਾਗਦੁ ਮਨ ਮਸਵਾਣੀ,
ਬੁਰਾ ਭਲਾ ਦੁਇ ਲੇਖ ਪਏ ।।
ਜਿਉ ਜਿਉ ਕਿਰਤ ਚਲਾਏ
ਤਿਉ ਚਲੀਐ,
ਤਉ ਗੁਣ ਨਾਹੀ ਅੰਤੁ ਹਰੇ।।’
ਇਸ ਅੰਮ੍ਰਿਤਮਈ ਬਾਣੀ ਦੇ ਬੋਲ ਉਨ੍ਹਾਂ ਦੇ ਹਿਰਦੇ ਵਿਚ ਵੱਸ ਗਏ। ਜਦੋਂ ਸ੍ਰੀ ਅਮਰਦਾਸ ਜੀ ਨੂੰ ਪਤਾ ਲੱਗਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਹੈ ਤਾਂ ਉਨ੍ਹਾਂ ਦੇ ਮਨ ਵਿਚ ਸ੍ਰੀ ਅੰਗਦ ਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ । ਬੀਬੀ ਅਮਰੋ ਜੀ ਉਨ੍ਹਾਂ ਨੂੰ ਆਪਣੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਖਡੂਰ ਸਾਹਿਬ ਲੈ ਕੇ ਗਏ। ਸ੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਢਹਿ ਪਏ ਅਤੇ ਉਨ੍ਹਾਂ ਕੋਲੋਂ ਸੇਵਾ ਤੇ ਸਿਮਰਨ ਦੀ ਦਾਤ ਲਈ ਅਰਜੋਈ ਕੀਤੀ।
ਢਲਦੀ ਉਮਰੇ ਸੇਵਾ ਦੀ ਬਿਖਮ ਕਾਰ
62 ਸਾਲ ਦੀ ਉਮਰ ਵਿਚ ਆਪ ਜੀ ਨੇ ਸੇਵਾ ਆਰੰਭੀ ਅਤੇ ਪੂਰੇ 12 ਸਾਲ ਲਗਾਤਾਰ ਬਿਆਸ ਦਰਿਆ ਤੋਂ ਗਾਗਰ ਵਿਚ ਅੰਮ੍ਰਿਤ ਵੇਲੇ ਜਲ ਲਿਆ ਕੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਰਹੇ। ਭਾਵੇਂ ਮੀਂਹ ਹੋਣਾ ਜਾਂ ਹਨੇਰੀ ਵਗਣੀ, ਗਰਮੀ ਹੋਣੀ ਜਾਂ ਸਿਆਲ ਦੀਆਂ ਠੰਢੀਆਂ ਰਾਤਾਂ ਬਿਨਾਂ ਨਾਗਾ ਸੇਵਾ ਦਾ ਕਾਰਜ ਨਿਭਾਉਂਦੇ ਰਹੇ। ਆਪ ਜੀ ਦਾ ਵਿਸ਼ਵਾਸ ਸੀ ਕਿ ਜੇਕਰ ਸੁਰਤੀ ਸ਼ਬਦ ਵਿਚ ਟਿਕੀ ਰਹੇ ਤਾਂ ਇਹ ਤਾਕਤਵਰ ਹੋ ਜਾਂਦੀ ਹੈ। ਜਿਸ ਸਰੀਰ ਵਿਚ ਸੁਰਤੀ ਬਲਵਾਨ ਹੋਵੇ, ਉਹ ਸਰੀਰ ਕਦੇ ਵੀ ਬੁੱਢਾ ਨਹੀਂ ਹੁੰਦਾ। ਉਸ ਅੰਦਰ ਸਦਾ ਨਾਮ ਦਾ ਵਾਸਾ ਹੁੰਦਾ ਹੈ। ਨਾਮ ਨਾਲ ਓਤਪੋਤ ਸੁਰਤੀ ’ਤੇ ਬੁਢੇਪੇ ਦਾ ਕਤਈ ਅਸਰ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ-
ਗੁਰਮੁਖਿ ਬੁਢੇ ਕਦੇ ਨਾਹੀ,
ਜਿਨਾ ਅੰਤਰ ਸੁਰਤਿ ਗਿਆਨ
(ਪੰਨਾ 1418)
ਤੀਜੀ ਪਾਤਸ਼ਾਹੀ ਦਾ ਜੀਵਨ ਉਨ੍ਹਾਂ ਲੋਕਾਂ ਲਈ ਪ੍ਰੇਰਨਾਦਾਇਕ ਹੈ ਜੋ ਹੱਥੀਂ ਕੰਮ ਕਰਨ ਤੋਂ ਝਿਜਕਦੇ ਹਨ ਅਤੇ ਢਲਦੀ ਉਮਰ ਨੂੰ ਸਰਾਪ ਮੰਨਦੇ ਹਨ। ਸ੍ਰੀ ਅਮਰਦਾਸ ਜੀ ਨੇ ਗੁਰੂ ਸਾਿਹਬ ਦੀ ਸੇਵਾ ਵਿਚ ਜੁੱਟ ਕੇ ਦਿਨ ਰਾਤ ਇਕ ਕਰ ਦਿੱਤਾ। ਅੰਮ੍ਰਿਤ ਵੇਲੇ ਉਠਣਾ, ਬਿਰਧ ਅਵਸਥਾ ਵਿਚ ਬਿਆਸ ਦਰਿਆ ਤੋਂ ਜਲ ਦੀ ਗਾਗਰ ਭਰ ਕੇ ਲਿਆਉਣੀ, ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣਾ, ਸਾਰਾ ਦਿਨ ਲੰਗਰ ਵਿਚ ਪਾਣੀ ਢੋਣ ਦੀ ਸੇਵਾ ਕਰਨੀ, ਉਨ੍ਹਾਂ ਦਾ ਮਨ ਅੱਠੇ ਪਹਿਰ ਨਾਮ ਸਿਮਰਨ ਵਿਚ ਜੁੜਿਆ ਰਹਿੰਦਾ।
ਗੁਰੂ ਸਾਹਿਬ ਦੀ ਬਾਣੀ
ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਰਾਗਾਂ ਵਿਚ ਦਰਜ ਹੈ। ਗੁਰੂ ਸਾਿਹਬ ਦੀ ਪਵਿੱਤਰ ਬਾਣੀ ਰਾਮਕਲੀ ਮਹਲਾ ਤੀਜਾ ਅਨੰਦੁ ਪਾਵਨ ਅੰਗ 917-22 ਤੱਕ ਦਰਜ ਹੈ। ਇਹ ਬਾਣੀ ਦੀ ਸਿੱਖ ਧਰਮ ਵਿਚ ਵਿਸ਼ੇਸ਼ ਮਹਾਨਤਾ ਹੈ। ਇਸ ਬਾਣੀ ਦੀਆਂ ਚਾਲੀ ਪਾਉੜੀਆਂ ਹਨ। ਇਹ ਪਾਵਨ ਬਾਣੀ ਅੰਮ੍ਰਿਤ ਸੰਚਾਰ ਵੇਲੇ ਅਤੇ ਨਿਤਨੇਮ ਵਿਚ ਪੜ੍ਹੀ ਜਾਂਦੀ ਹੈ। ਗੁਰਸਿੱਖੀ ਜੀਵਨ ਵਿਚ ਉਨ੍ਹਾਂ ਦੀ ਬਾਣੀ ਅਨੰਦ ਸਾਹਿਬ ਦਾ ਬਹੁਤ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿਚ ਚਾਰ ਵਾਰਾਂ ‘ਗੂਜਰੀ ਕੀ ਵਾਰ ਮਹਲਾ ਤੀਜਾ’ (508-517), ‘ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ 3’ (785-792), ‘ਰਾਮਕਲੀ ਕੀ ਵਾਰ ਮਹਲਾ 3’ (947-956), ‘ਮਾਰੂ ਵਾਰ ਮਹਲਾ 3’ (1086-1094) ਗੁਰੂ ਅਮਰਦਾਸ ਜੀ ਦੀਆਂਂ ਉਚਾਰਨ ਕੀਤੀਆਂ ਹਨ। ਆਪ ਜੀ ਦੀਆਂ ਹੋਰ ਬਾਣੀਆਂ ਵੀ ਗੁਰੂ ਗ੍ਰੰਥ ਸਾਿਹਬ ਵਿਚ ਦਰਜ ਹਨ।
ਜਨਮ ਅਸਥਾਨ ਬਾਸਰਕੇ ਪੁੱਜਣਾ
ਦੁਨਿਆਵੀ ਵਿਖਾਵੇ ਤੇ ਵਡਿਆਈ ਤੋਂ ਸੱਖਣੇ ਗੁਰੂ ਅਮਰਦਾਸ ਜੀ ਚੁੱਪ-ਚੁਪੀਤੇ ਆਪਣੀ ਘੋੜੀ ’ਤੇ ਚੜ੍ਹ ਕੇ ਬਾਸਰਕੇ ਆ ਗਏ ਅਤੇ ਪਿੰਡ ਦੇ ਬਾਹਰਵਾਰ ਬਣੇ ਕੱਚੇ ਕੋਠੇ ਵਿਚ ਜਾ ਬਿਰਾਜੇ। ਬਾਹਰ ਦਰਵਾਜ਼ੇ ਉਤੇ ਲਿਖ ਦਿੱਤਾ-‘ਜਿਹੜਾ ਕੋਈ ਦਰਵਾਜ਼ਾ ਖੋਲ੍ਹੇੇੇਗਾ ਤੇ ਅੰਦਰ ਆਵੇਗਾ, ਉਹ ਮੇਰਾ ਸਿੱਖ ਨਹੀਂ।’ ਜਦੋਂ ਇਸ ਗੱਲ ਦਾ ਪਤਾ ਬਾਬਾ ਬੁੱਢਾ ਜੀ ਅਤੇ ਸੰਗਤ ਨੂੰ ਲੱਗਾ ਤਾਂ ਬਾਬਾ ਬੁੱਢਾ ਜੀ ਨੇ ਦੂਰ-ਅੰਦੇਸ਼ੀ ਨਾਲ ਕੋਠੇ ਦੇ ਪਿਛੇ ਸੰਨ੍ਹ ਲਾ ਕੇ ਗੁਰੂ ਜੀ ਜੇ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਸੰਗਤ ਕੋਲ ਜਾਣ ਦੀ ਬੇਨਤੀ ਕੀਤੀ। ਰਹਿਮ ਦਿਲ ਸਤਿਗੁਰੂ ਮੁਸਕਰਾਏ ਅਤੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
ਸੇਵਾ ਨੂੰ ਮੇਵਾ
ਸ੍ਰੀ ਅਮਰਦਾਸ ਜੀ ਦੀ ਨਿਰੰਤਰ ਤੇ ਨਿਸ਼ਕਾਮ ਸੇਵਾ ਤੇ ਘਾਲ ਕਮਾਈ, ਸਿਮਰਨ ਅਤੇ ਗੁਰੂ ਵਿਚ ਅਟੱਲ ਵਿਸ਼ਵਾਸ ਕਾਰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ 1552 ਈਸਵੀ ਨੂੰ ਸ੍ਰੀ ਅਮਰਦਾਸ ਜੀ ਨੂੰ ਗੁਿਰਆਈ ਦੀ ਬਖ਼ਸ਼ਿਸ਼ ਕੀਤੀ। ਗੁਰੂ ਅਮਰਦਾਸ ਜੀ ਨੇ ਜਿਥੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਅਣਥੱਕ ਕਾਰਜ ਕੀਤਾ ਉਥੇ ਸੰਗਤ ਲਈ ‘ਪਹਿਲੇ ਪੰਗਤ ਪਾਛੇ ਸੰਗਤ’ ਦਾ ਸਿਧਾਂਤ ਲਾਗੂ ਕਰਦਿਆਂ ਲੰਗਰ ਦੇ ਭੰੰਡਾਰੇ ਅਤੁੱਟ ਵਰਤਾਏ ਤੇ ਹਰ ਤਰ੍ਹਾਂ ਦੇ ਸਮਾਜਿਕ ਭੇਦ-ਭਾਵ ਨੂੰ ਖ਼ਤਮ ਕੀਤਾ। ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਜੇ ਕੋਈ ਸਾਡੇ ਦਰਸ਼ਨਾਂ ਲਈ ਆਵੇ ਤਾਂ ਪਹਿਲਾਂ ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕੇ। ਸਮੇਂ ਦਾ ਹਾਕਮ ਅਕਬਰ ਜਦੋਂ ਗੁਰੂ ਅਮਰਦਾਸ ਜੀ ਦਰਸ਼ਨ ਕਰਨ ਆਇਆ ਤਾਂ ਉਸ ਨੇ ਗੁਰੂ ਸਾਹਿਬ ਦਾ ਹੁਕਮ ਮੰਨਦਿਆਂ ਪੰਗਤ ਵਿਚ ਬੈਠ ਕੇ ਸ਼ਰਧਾ ਨਾਲ ਲੰਗਰ ਛਕਿਆ। ‘ਪਹਿਲੇ ਪੰਗਤ ਪਾਛੇ ਸੰਗਤ’ ਸਿਧਾਂਤ ਨੇ ਲੋਕਾਈ ਨੂ ਜਾਤ-ਪਾਤ, ਛੂਤ-ਛਾਤ ਤੋਂ ਛੁਟਕਾਰਿਆ ਦਿਵਾਇਆ। ਗੁਰੂ ਸਾਹਿਬ ਨੇ ਅਨੇਕ ਸਮਾਜਿਕ ਕੁਰੀਤੀਆਂ ਖ਼ਤਮ ਕੀਤੀਆਂ। ਇਥੋਂ ਤੱਕ ਕਿ ਮਰਨ ਵਾਲੇ ਕੀਤੇ ਜਾਂਦੀਆਂ ਫ਼ਜ਼ੂਲ ਦੀਆਂ ਰਸਮਾਂ ਬੰਦ ਕਰਨ ਲਈ ਉਹ ਲੋਕਾਈ ਲਈ ਰਾਹ-ਦਸੇਰਾ ਬਣੇ।
22 ਮੰਜੀਆਂ ਦੀ ਸਥਾਪਨਾ
ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਨੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਸਿੱਖ ਸੰਗਤ ਨੂੰ ਸੰਗਠਿਤ ਕਰਨ ਵੱਲ ਵਿਸ਼ੇਸ਼ ਰੂਪ ਵਿਚ ਧਿਆਨ ਦਿੱਤਾ। ਸਿੱਖੀ ਦੇ ਸਿਧਾਂਤ ਉਸਾਰੂ ਤੇ ਲੋਕ-ਪੱਖੀ ਹੋਣ ਕਾਰਨ ਇਹ ਸਮਾਜ ਵਿਚ ਤੇਜ਼ੀ ਨਾਲ ਵੱਧ-ਫੁੱਲ ਰਹੇ ਸਨ। ਇਸ ਧਰਮ ਪ੍ਰਚਾਰ ਦੇ ਕਾਰਜ ਨੂੰ ਪੱਕੇ ਪੈਰੀਂ ਕਰਨ ਦੀ ਵੱਡੀ ਲੋੜ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਮੰਤਵ ਦੀ ਪੂਰਤੀ ਲਈ 22 ਮੰਜੀਆਂ ਥਾਪੀਆਂ ਅਤੇ ਇਸ ਲਈ ਗੁਰਮਤਿ ਵਿਚ ਪਰਪੱਕ 22 ਪ੍ਰਚਾਰਕ ਨਿਯੁਕਤ ਕੀਤੇ ਜਿਨ੍ਹਾਂ ਵਿਚ ਅੱਲਾ ਯਾਰ (ਘੋੜਿਆਂ ਦਾ ਵਪਾਰੀ), ਸੱਚਨ ਸੱਚ (ਮੰਦਰ ਨਾਮੇ ਪਿੰਡ ਜ਼ਿਲ੍ਹਾ ਲਾਹੌਰ ਦਾ ਵਸਨੀਕ ਬ੍ਰਾਹਮਣ ਜੋ ਗੁਰੂ ਸਾਿਹਬ ਦਾ ਸਿੱਖ ਹੋਇਆ), ਸਾਧਾਰਣ (ਗੋਇੰਦਵਾਲ ਦਾ ਵਸਨੀਕ ਇਕ ਲੁਹਾਰ ਸੀ), ਬਾਬਾ ਸਾਵਣ ਮਲ (ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਜਿਨ੍ਹਾਂ ਦੀ ਯਾਦ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੈ), ਸੁੱਖਣ (ਧਮਿਆਲ ਪਿੰਡ, ਰਾਵਲਪਿੰਡੀ ਦਾ ਦੁਰਗਾ ਭਗਤ), ਹੰਦਾਲ (ਜੰਡਿਆਲਾ ਨਿਵਾਸੀ, ਇਸ ਦੇ ਨਾਮ ’ਤੇ ਹੀ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ), ਕੇਦਾਰੀ (ਵਟਾਲੇ ਦਾ ਵਸਨੀਕ ਲੂੰਬਾ ਖੱਤਰੀ ਸਨ), ਖੇਡਾ (ਖੇਮਕਰਨ, ਜ਼ਿਲ੍ਹਾ ਲਾਹੌਰ ਦਾ ਵਸਨੀਕ), ਪਾਰੋ (ਜੁਲਕਾ ਖੱਤਰੀ ਡੱਲੇ ਦਾ ਨਿਵਾਸੀ), ਫੇਰਾ (ਮੀਰਪੁਰ ਜੰਮੂ ਇਲਾਕੇ ਦਾ ਕਟਾਰਾ ਜਾਤੀ ਦਾ ਖ਼ੱਤਰੀ ਜੋ ਗੁਰੂਸਿੱਖ ਹੋਇਆ), ਗੰਗੂ ਸ਼ਾਹ (ਗੜ੍ਹਸ਼ੰਕਰ ਵਸਨੀਕ), ਦਰਬਾਰੀ (ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ), ਬੁਆ (ਹਰਿਗੋਬਿੰਦਪੁਰ ਦਾ ਵਸਨੀਕ),ਬੇਣੀ (ਪਿੰਡ ਚੂਹਨੀਆਂ, ਜ਼ਿਲ੍ਹਾ ਲਾਹੌਰ ਦਾ ਵਸਨੀਕ), ਮਹੇਸ਼ਾ, ਮਾਈ ਦਾਸ, ਮਾਣਕ ਚੰਦ (ਵੈਰੋਵਾਲ ਦਾ ਵਸਨੀਕ, ਬਾਉਲੀ ਦਾ ਕੜ ਤੋੜਨ ਵਾਲਾ), ਮੁਰਾਰੀ, ਰਾਜਾ ਰਾਮ, ਰੰਗ ਸ਼ਾਹ, ਰੰਗ ਦਾਸ, ਲਾਲੋ।
ਗੁਰਿਆਈ ਦਾ ਮਿਲਣਾ
ਗੁਰੂ ਅਮਰਦਾਸ ਜੀ (Guru Amar Das Ji) ਨੂੰ ਗੁਰਿਆਈ ਮਿਲਣ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ (ਸ੍ਰੀ ਦਾਤੂ ਜੀ ਤੇ ਦਾਸੂ ਜੀ) ਨੇ ਬਹੁਤ ਬੁਰਾ ਮਨਾਇਆ। ਗੁਰੂ ਸਾਹਿਬ ਤੇ ਮਾਤਾ ਖੀਵੀ ਜੀ ਨੇ ਸਮਝਾਇਆ ਕਿ ਇਹ ਦਾਤ ਤਾਂ ਗੁਰੂ ਨਾਲ ਧੁਰ ਅੰਦਰੋਂ ਜੁੜਨ ਨਾਲ ਮਿਲਦੀ ਹੈ ਪਰ ਉਹ ਨਾ ਮੰਨੇ। ਅਖ਼ੀਰ ਦਾਸੂ ਜੀ ਬਿਮਾਰ ਪੈ ਗਏ। ਉਪਰੰਤ ਤੀਜੀ ਪਾਤਸ਼ਾਹੀ ਦੀ ਬਖ਼ਸ਼ਿਸ਼ ਨਾਲ ਸ਼ਾਂਤ ਚਿੱਤ ਜੀਵਨ ਬਿਤਾਉਣ ਲੱਗੇ। ਹੁਣ ਬਾਬਾ ਦਾਤੂ ਜੀ ਗੁਰਗੱਦੀ ਦਾ ਦਾਅਵੇਦਾਰ ਦੱਸਣ ਲੱਗੇ। ਇਕ ਦਿਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਜੇ ਦੀਵਾਨ ਵਿਚ ਜਦੋਂ ਗੁਰੂ ਅਮਰਦਾਸ ਜੀ (Guru Amar Das Ji) ਸੰਗਤ ਨੂੰ ਗੁਰ-ਉਪਦੇਸ਼ ਦੇ ਰਹੇ ਸਨ ਤਾਂ ਵਾਹੋ-ਦਾਹੀ ਆਏ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਦੇ ਲੱਤ ਕੱਢ ਮਾਰੀ, ਗੁਰੂ ਸਾਹਿਬ ਡਿੱਗ ਪਏ। ਨਿਮਰਤਾ ਤੇ ਨਿਰਮਾਣਤਾ ਦੀ ਮੂਰਤ ਗੁਰੂ ਅਮਰਦਾਸ ਜੀ ਧੀਰਜ ਨਾਲ ਮੁਖਾਰ ਬਿੰਦ ਤੋਂ ਬਚਨ ਬੋਲੇ, ‘ਮੈਨੂੰ ਖ਼ਿਮਾ ਕਰਨਾ, ਬੁਢਾਪੇ ਕਾਰਨ ਮੇਰਾ ਸਰੀਰ ਬੱਜਰ ਵਾਂਗ ਕਰੜਾ ਹੈ, ਆਪ ਜੀ ਦੇ ਕੋਮਲ ਚਰਨਾਂ ਨੂੰ ਸੱਟ ਲੱਗ ਗਈ ਹੋਂਣੀ ਏਂ।’
ਗੁਰਦੁਆਰਾ ਚੁਬਾਰਾ ਸਾਹਿਬ
ਗੁਰਦੁਆਰਾ ਬਾਉਲੀ ਸਾਹਿਬ (Gurdwara Bauli Sahib) ਦੇ ਸੱਜੇ ਪਾਸੇ ਉਚੇ ਸਥਾਨ ਗੁਰਦੁਆਰਾ ਚੁਬਾਰਾ ਸਾਹਿਬ (Gurudwara Chubara Sahib) ਸਥਿਤ ਹੈ। ਇਥੇ ਸ੍ਰੀ ਗੁਰੂ ਅਮਰਦਾਸ ਜੀ ਪਰਿਵਾਰ ਸਮੇਤ ਰਹਿੰਦੇ ਸਨ। ਗੁਰੂ ਜੀ ਨੇ ਇਸ ਅਸਥਾਨ ’ਤੇ ਬੀਬੀ ਭਾਨੀ ਜੀ ਲਈ ਭਾਈ ਜੇਠਾ ਜੀ ਨੂੰ ਵਰ ਚੁਣਿਆ ਜਦਕਿ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਇਥੇ ਹੀ ਆਪਣਾ ਉਤਰਾਧਿਕਾਰੀ ਚੁਿਣਆ। ਇਥੇ ਹੀ ਆਪ ਜੋਤੀ-ਜੋਤਿ ਸਮਾਏ। ਸ੍ਰੀ ਗੋਇੰਦਵਾਲ ਸਾਹਿਬ ਪੁੱਜਣ ਵਾਲੀ ਸੰਗਤ ਨੂੰ ਗੁਰਦੁਆਰਾ ਚੁਬਾਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਕਿਉਂਕਿ ਇਹ ਅਸਥਾਨ ਆਪਣੇ ਆਪ ਵਿਚ ਸਿੱਖੀ ਇਤਿਹਾਸ ਸਮੋਈ ਬੈਠਾ ਹੈ। ਇਥੇ ਮਹੱਤਵਪੂਰਨ ਸਥਾਨ ਹਨ-
• ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਿਆਂ ਖੱਬੇ ਹੱਥ ਗੁਰੂ ਅਮਰਦਾਸ ਜੀ ਦੇ ਸ਼ਹਿਜ਼ਾਦੇ ਬਾਬਾ ਮੋਹਨ ਜੀ ਦਾ ਅਸਥਾਨ,
• ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਅਸਥਾਨ ਵਾਲੀ ਜਗ੍ਹਾ,
• ਕਿਲੀ ਸਾਹਿਬ ਜਿਥੇ ਗੁਰੂ ਸਾਹਿਬ ਬਿਰਧ ਅਵਸਥਾ ਵਿਚ ਤਪ ਕਰਦੇ ਸਮੇਂ ਕਿਲੀ ਦਾ ਸਹਾਰਾ ਲੈਂਦੇ ਸਨ।
• ਗੁਰੂ ਸਾਹਿਬ ਦਾ ਤਪ ਅਸਥਾਨ ਜਿਥੇ ਬੀਬੀ ਭਾਨੀ ਜੀ ਨੇ ‘ਗੁਰਗੱਦੀ ਕੁੁਲ ਵਿਚ ਰਹੇ’ ਦਾ ਵਰਦਾਨ ਮੰਿਗਆ ਸੀ।
• ਗੁਰੂ ਸਾਹਿਬ ਨੇ ਇਸ ਸਥਾਨ ’ਤੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਸੰਨ 1574 ਵਿਚ ਗੁਰਗ੍ੱਦੀ ਦਾ ਤਿਲਕ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ ਸੀ।
• ਇਥੇ ਹੀ 22 ਮੰਜੀਆਂ ਦੀ ਸਥਾਪਨਾ ਕੀਤੀ (ਇਸ ਦਾ ਚਿੱਤਰ ਲੱਗਾ ਹੈ)
• ਇਥੇ ਬੀਬੀ ਭਾਨੀ ਜੀ ਦਾ ਚੁੱਲ੍ਹਾ ਤੇ ਗੁਰੂ ਅਰਜਨ ਦੇਵ ਜੀ ਦਾ ਪਾਵਨ ਥੰਮ੍ਹ ਹੈ।
• ਇਥੇ ਗੁਰੂ ਜੀ ਦੇ ਪਵਿੱਤਰ ਕੇਸ ਤੇ ਚੋਲਾ ਤੇ ਇਤਿਹਾਸਕ ਪਾਲਕੀ ਦਰਸ਼ਨਾਂ ਲਈ ਰੱਖੇ ਹਨ।
• ਇਥੇ ਗੁਰੂ ਜੀ ਨੇ ਗੋਬਿੰਦਪੁਰੀ ਦੇ ਲੋਕਾਂ ਨੂੰ ਤਈਆ ਤਾਪ ਤੋਂ ਮੁਕਤੀ ਦਿਵਾਈ ਸੀ।
• ਇਸ ਅਸਥਾਨ ਨੂੰ ਗੁਰੂ ਜੀ ਦੇ ਸਪੁੱਤਰ ‘ਬਾਬਾ ਮੋਹਨ ਜੀ ਦਾ ਚੁਬਾਰਾ’ ਕਰਕੇ ਜਾਣਿਆ ਜਾਂਦਾ ਹੈ।
• ਬਾਬਾ ਮੋਹਨ ਜੀ ਨੇ ਇਸ ਅਸਥਾਨ ਤੋਂ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਜੀ ਨੂੰ ਭੇਂਟ ਕੀਤੀਆਂ ਸਨ।
ਇਥੇ ਨੇੜੇ ਹੀ ਗੁਰਦੁਆਰਾ ਦਮਦਮਾ ਸਾਿਹਬ ਹੈ ਜਿਥੇ ਗੁਰੂ ਜੀ ਇਕ ਥੜ੍ਹੇ ’ਤੇ ਗਾਗਰ ਰੱਖ ਕੇ ਸਾਹ ਲੈਂਦੇ ਸਨ।
ਸ੍ਰੀ ਗੁਰੂ ਅਮਰਦਾਸ ਜੀ ਕਾਫ਼ੀ ਬਿਰਧ ਹੋ ਚੁੱਕੇ ਸਨ। ਆਪ ਜੀ ਨੇ ਗੁਰਗੱਦੀ ਦਾ ਉਤਰਾ-ਅਧਿਕਾਰੀ ਚੁਣਨ ਲਈ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਲਈ ਬਾਉਲੀ ਦੇ ਕੋਲ ਥੜ੍ਹੇ ਬਣਾਉਣ ਦਾ ਵਚਿੱਤਰ ਚੋਜ ਰਚਿਆ ਜਿਸ ਵਿਚ ਭਾਈ ਜੇਠਾ ਜੀ ਸਫਲ ਰਹੇ। ਗੁਰੂ ਸਾਹਿਬ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਬਖ਼ਸ਼ ਕੇ ਗੁਰੂ ਰਾਮਦਾਸ ਜੀ ਦੀ ਪਦਵੀ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਲਗਪਗ 95 ਸਾਲ ਦੀ ਉਮਰ ਵਿਚ 1574 ਈਸਵੀ ਵਿਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤਿ ਸਮਾਏ। ਸਾਨੂੰ ਗੁਰੂ ਸਾਹਿਬਾਨ ਦੇ ਇਨ੍ਹਾਂ ਇਤਿਹਾਸਿਕ ਅਤੇ ਤੀਰਥ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੀ ਜੀਵਨ ਨੂੰ ਸੰਵਾਰਨ ਦੇ ਨਾਲ ਜੀਵਨ ਸੇਧਾਂ ਲੈਣ ਦਾ ਲਾਹਾ ਖੱਟਣਾ ਚਾਹੀਦਾ ਹੈ।
ਗੁਰਦੁਆਰਾ ਸੰਨ੍ਹ ਸਾਹਿਬ
ਜਿਥੇ ਸਤਿਗੁਰਾਂ ਨੇ ਕੱਚੇ ਕੋਠੇ ਵਿਚ ਨਿਵਾ ਕੀਤਾ, ਉਥੇ ਹੁਣ ਗੁਰਦੁਆਰਾ ਸੰਨ੍ਹ ਸਾਹਿਬ ਹੈ ਜਿਥੇ ਵੱਡੀ ਗਿਣਤੀ ਵਿਚ ਸੰਗਤ ਰੋਜ਼ਾਨਾ ਦਰਸ਼ਨ ਕਰਦੀ ਹੈ। ਜਦੋਂ ਤੀਜੇ ਪਾਤਸ਼ਾਹ ਨੇ ਕੱਚੇ ਕੋਠੇ ਦੀ ਕੰਧ ਨੂੰ ਪਿਛਲੇ ਪਾਸਿਓਂ ਪਾੜ (ਸੰਨ੍ਹ) ਲਾ ਕੇ ਕੋਠੇ ਅੰਦਰ ਦਾਖਲ ਹੋਏ ਤਾਂ ਗੁਰੂ ਸਾਹਿਬ ਨੇ ਆਪਣੇ ਅਨਿੰਨ ਸਿੱਖਾਂ ਦੀ ਸਿਆਣਪ ਵੇਖੀ ਤੇ ਖ਼ੁਸ਼ ਹੋ ਕੇ ਵਰ ਦਿੱਤਾ-
ਸੰਨ ਬੀਚ ਨਰ ਜੋ
ਲਖ ਜਾਵੇ
ਸੋ ਨਰ ਜੰਮ ਕੈ ਪੰਥ
ਨਾ ਪਾਵੇ
ਗੁਰਦੁਆਰਾ ਸੰਨ੍ਹ ਸਾਹਿਬ (Gurudwara Sanh Sahib) ਸ੍ਰੀ ਗੁਰੂ ਅਮਰਦਾਸ ਜੀ ਦਾ ਤਪ ਅਸਥਾਨ ਹੈ ਜੋ ਕਿ ਪਹਿਲਾਂ ਕੇਵਲ ਕੱਚਾ ਕੋਠਾ ਸੀ। ਸੰਤ ਬਾਬਾ ਖੜਕ ਸਿੰਘ ਜੀ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ (Gurdwara Bir Baba Budha Sahib) ਦੀ ਤਾਮੀਰ ਤੋਂ ਬਾਅਦ ਇਹ ਗੁਰਦੁਆਰਾ ਨਵੇਂ ਸਿਰਿਓਂ ਬਣਾਉਣਾ ਸ਼ੁਰੂ ਕੀਤਾ ਜੋ ਕਿ ਅਜੋਕੇ ਰੂਪ ਵਿਚ ਸਾਲ 1949 ਵਿਚ ਤਿਆਰ ਹੋਇਆ। ਪਿੰਡ ਬਾਸਰਕੇ ਗਿੱਲਾਂ ਵਿਖੇ ਇਹ ਗੁਰਦੁਆਰਾ ਦੀ ਆਲੀਸ਼ਾਨ ਇਮਾਰਤ, ਸਰੋਵਰ, ਲੰਗਰ ਹਾਲ, ਪਾਰਕ ਆਿਦ ਸਥਾਨ ਵੇਖਣਯੋਗ ਹਨ।
• ਜਸਵਿੰਦਰ ਸਿੰਘ ਬਹੋੜੂ