ਪੰਜਾਬ ਦਾ ਦਿਲ ਸਮਝੀ ਜਾਂਦੀ ਇਤਿਹਾਸਕ ਨਗਰੀ ਸ੍ਰੀ ਫ਼ਤਹਿਗੜ੍ਹ ਸਾਹਿਬ ਰੂਹਾਨੀਅਤ ਦੀ ਅਮੀਰ ਵਿਰਾਸਤ ਦਾ ਗੜ੍ਹ ਹੈ, ਜੋ ਬੇਮਿਸਾਲ ਕੁਰਬਾਨੀ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਨਗਰੀ ’ਚ ਪੈਰ ਧਰਦਿਆਂ ਹੀ ਤੁਹਾਨੂੰ ਚੱਪੇਚੱਪੇ ’ਤੇ ਛੋਟੇ ਤੇ ਮਾਸੂਮ ਸਾਹਿਬਜ਼ਾਦਿਆਂ ਬਾਬਾ ਫ਼ਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਨ ਨੂੰ ਮਿਲਦੀ ਹੈ।

ਪੰਜਾਬ ਦਾ ਦਿਲ ਸਮਝੀ ਜਾਂਦੀ ਇਤਿਹਾਸਕ ਨਗਰੀ ਸ੍ਰੀ ਫ਼ਤਹਿਗੜ੍ਹ ਸਾਹਿਬ ਰੂਹਾਨੀਅਤ ਦੀ ਅਮੀਰ ਵਿਰਾਸਤ ਦਾ ਗੜ੍ਹ ਹੈ, ਜੋ ਬੇਮਿਸਾਲ ਕੁਰਬਾਨੀ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਨਗਰੀ ’ਚ ਪੈਰ ਧਰਦਿਆਂ ਹੀ ਤੁਹਾਨੂੰ ਚੱਪੇਚੱਪੇ ’ਤੇ ਛੋਟੇ ਤੇ ਮਾਸੂਮ ਸਾਹਿਬਜ਼ਾਦਿਆਂ ਬਾਬਾ ਫ਼ਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਨ ਨੂੰ ਮਿਲਦੀ ਹੈ। ਸੱਚਮੁਚ ਅਜਿਹੀ ਕੁਰਬਾਨੀ ਦੀ ਵਿਲੱਖਣ ਗਾਥਾ ਦੁਨੀਆ ’ਚ ਹੋਰ ਕਿਤੇ ਨਹੀਂ ਮਿਲਦੀ।
ਦੀਵਾਨ ਟੋਡਰ ਮੱਲ ਦਾ ਯੋਗਦਾਨ
ਦੀਵਾਨ ਟੋਡਰ ਮੱਲ ਦੀ ਗੁਰੂ ਭਗਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਰੂਹਾਨੀਅਤ ’ਚ ਇੱਕ ਚਮਕਦੇ ਤਾਰੇ ਵਾਂਗ ਹੈ। ਸ਼ਹੀਦ ਹੋਏ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਲਈ ਕੋਈ ਵੀ ਵਿਅਕਤੀ ਜਗ੍ਹਾ ਦੇਣ ਲਈ ਤਿਆਰ ਨਹੀਂ ਸੀ। ਤਦ ਸਿਰਫ਼ ਚੌਧਰੀ ਅੱਤਾ ਨੇ ਹੀ ਇਸ ਲਈ ਜ਼ਮੀਨ ਦੇਣੀ ਪ੍ਰਵਾਨ ਕੀਤੀ ਸੀ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਸੀ ਕਿ ਜ਼ਮੀਨ ਦਾ ਜਿੰਨਾ ਟੋਟਾ ਚਾਹੀਦਾ ਹੋਵੇਗਾ, ਉਸ ’ਤੇ ਸੋਨੇ ਦੇ ਸਿੱਕੇ ਵਿਛਾਉਣੇ ਹੋਣਗੇ। ਤਦ ਅੰਤਿਮ ਸਸਕਾਰ ਲਈ ਜਿੰਨੀ ਜ਼ਮੀਨ ਚਾਹੀਦੀ ਸੀ, ਉਸ ’ਤੇ ਦੀਵਾਨ ਟੋਡਰ ਮੱਲ ਨੇ ਹੀ ਚੌਧਰੀ ਅੱਤਾ ਦੀ ਜ਼ਮੀਨ ’ਤੇ ਸੋਨੇ ਦੇ 7,800 ਸਿੱਕੇ ਵਿਛਾਏ ਸਨ।
ਦੀਵਾਨ ਟੋਡਰ ਮੱਲ ਵੱਲੋਂ ਖ਼ਰੀਦੇ ਗਏ ਜ਼ਮੀਨ ਦੇ ਇਸ ਟੁਕੜੇ ਨੂੰ ਸੰਸਾਰ ’ਚ ਸਭ ਤੋਂ ਮਹਿੰਗੀ ਜ਼ਮੀਨ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਹ ਜਾਪਦਾ ਹੈ ਕਿ ਸਿੱਖ ਧਰਮ ’ਚ ਸਿਰਫ਼ ਸਿੱਖਾਂ ਦੀ ਹੀ ਆਸਥਾ ਨਹੀਂ ਗ਼ੈਰ ਸਿੱਖ ਵੀ ਓਨੀ ਹੀ ਸ਼ਰਧਾ ਤੇ ਸਤਿਕਾਰ ਰੱਖਦੇ ਹਨ। ਦੀਵਾਨ ਟੋਡਰ ਮੱਲ ਦਾ ਇਹ ਕਾਰਜ ਇਤਿਹਾਸ ਦਾ ਅਹਿਮ ਹਿੱਸਾ ਹੈ। ਉਸ ਅਸਥਾਨ ’ਤੇ ਹੁਣ ਗੁਰਦੁਆਰਾ ਜਿਓਤੀ ਸਰੂਪ ਸਾਹਿਬ ਸਥਾਪਤ ਹੈ। ਦੀਵਾਨ ਟੋਡਰ ਮੱਲ ਦਾ ਇਹ ਯੋਗਦਾਨ ਇਸ ਪਵਿੱਤਰ ਧਰਤੀ ਦੀ ਇਤਿਹਾਸਕ ਵਿਰਾਸਤ ਵਿੱਚ ਵਰਨਣਯੋਗ ਵਾਧਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਜਾਣਿਆ ਬਲੀਦਾਨ ਦਿਵਸ ਦਾ ਮਹੱਤਵ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਕੌਮੀ ਪੱਧਰ ਤੇ ਮਨਾਉਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਇਸ ਬੇਮਿਸਾਲ ਸ਼ਹਾਦਤ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਮਿਲੀ। ਪ੍ਰਧਾਨ ਮੰਤਰਸੀ ਦਾ ਇਹ ਉਦਮ ਦਰਅਸਲ, ਇੱਕ ਤਰ੍ਹਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਭਾਵਨਾਤਮਕ ਗਹਿਰਾਈ ਤੇ ਇਸ ਦੇ ਇਤਿਹਾਸਕ ਮਹੱਤਵ ਦੀ ਵੀ ਮਾਨਤਾ ਸੀ।
ਕੌਮਾਂਤਰੀ ਪੱਧਰ ’ਤੇ ਸਰਕਾਰੀ ਪ੍ਰੋਤਸਾਹਨ
ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਕੌਮਾਂਤਰੀ ਪੱਧਰ ਦੀ ਮਾਨਤਾ ਦੀ ਹੱਕਦਾਰ ਹੈ। ਸਰਕਾਰ ਨੂੰ ਇਸ ਪਵਿੱਤਰ ਅਸਥਾਨ ਨੂੰ ਪਹਿਲ ਦੇ ਆਧਾਰ ’ਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਸ ਨੂੰ ਸਿਰਫ਼ ਇੱਕ ਇਤਿਹਾਸਕ ਅਸਥਾਨ ਵਜੋਂ ਹੀ ਨਹੀਂ, ਸਗੋਂ ਕੁਰਬਾਨੀ ਤੇ ਏਕਤਾ ਦੇ ਪ੍ਰਤੀਕ ਵਜੋਂ ਵੀ ਮਾਨਤਾ ਮਿਲਣੀ ਚਾਹੀਦੀ ਹੈ। ਸਾਹਿਬਜ਼ਾਦਿਆਂ ਵੱਲੋਂ ਉਚੇਰੇ ਮੰਤਵਾਂ ਲਈ ਦਿੱਤੀ ਕੁਰਬਾਨੀ ਦਾ ਮਾਣਤਾਣ ਆਲਮੀ ਪੱਧਰ ’ਤੇ ਹੋਣਾ ਚਾਹੀਦਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ’ਚ ਧਰਮ ਅਤੇ ਦੇਸ਼ ਪ੍ਰਤੀ ਸੁਹਿਰਦਤਾ ਅਤੇ ਕੁਰਬਾਨੀ ਭਾਵਨਾ ਪੈਦਾ ਹੋਵੇਗੀ ਉੱਥੇ ਉਹ ਦੇਸ਼ ਦੀ ਤਰੱਕੀ ਲਈ ਪ੍ਰੇਰਿਤ ਹੋਣਗੇ।
ਆਮ ਸ਼ਰਧਾਲੂਆਂ ਦੀ ਸ਼ਮੂਲੀਅਤ
ਸ੍ਰੀ ਫ਼ਤਹਿਗੜ੍ਹ ਸਾਹਿਬ ਨਗਰੀ ’ਚ ਜਦੋਂ ਸਭਾ ਜੁੜਦੀ ਹੈ, ਤਾਂ ਸਮੁੱਚੇ ਪੰਜਾਬ ਸਮੇਤ ਪੂਰੀ ਦੁਨੀਆ ਤੋਂ ਆਏ ਸ਼ਰਧਾਲੂ ਇੱਕਜੁਟ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਨ। ਇਸ ਤੋਂ ਜਿੱਥੇ ਏਕਤਾ ਦੀ ਭਾਵਨਾ ਉਜਾਗਰ ਹੁੰਦੀ ਹੈ, ਉੱਥੇ ਇਹ ਕੁਰਬਾਨੀ ਸਭਿਆਚਾਰਕ ਚੇਤੰਨਤਾ ਦਾ ਇੱਕ ਅਟੁੱਟ ਅੰਗ ਵੀ ਹੋ ਨਿੱਬੜਦੀ ਹੈ।
ਸ਼ਹਾਦਤਾਂ ਦਾ ਮਹੀਨਾ
ਪੋਹ ਸ਼ਹਾਦਤਾਂ ਦਾ ਮਹੀਨਾ ਹੈ ਅਤੇ ਇਸ ਮੌਸਮ ’ਚ ਸਿੱਖ ਜਗਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਠੰਢੇ ਬੁਰਜ ’ਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਦਾ ਹੈ। ਸ਼ਰਧਾਵਾਨ ਸਿੱਖ ਇਨ੍ਹੀਂ ਦਿਨੀਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਆਪਣਾ ਸਤਿਕਾਰ ਅਤੇ ਸ਼ਰਧਾ ਭੇਟ ਕਰਦਿਆਂ ਜ਼ਮੀਨ ’ਤੇ ਸੌਂਦੇ ਹਨ ਤਾਂ ਕਿ ਉਹ ਮਹਿਸੂਸ ਕਰ ਸਕਣ ਕਿ ਉਨ੍ਹਾਂ ਨੇ ਕਿਵੇਂ ਤਸੀਹੇ ਸਹਿ ਕੇ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ। ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਤਪੱਸਵੀ ਸ਼ਹੀਦ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਅਤੇ ਚਾਰ ਸ਼ਹੀਦ ਪੋਤਰਿਆਂ ਦੇ ਦਾਦੀ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ ਆਮ ਤੌਰ ’ਤੇ ਬਹੁਤ ਆਦਰ ਸਤਿਕਾਰ ਸਹਿਤ ਮਾਤਾ ਗੁੁਜਰੀ ਜੀ ਹੀ ਆਖਿਆ ਜਾਂਦਾ ਹੈ। ਇਹ ਪਿਰਤ ਪੁਰਾਣੇ ਸਮੇਂ ਤੋਂ ਹੀ ਪਈ ਹੋਈ ਹੈ। ਵਿਸ਼ਵ ਭਰ ਦੇ ਇਤਿਹਾਸ ਵਿੱਚ ਸਾਨੂੰ ਅਜਿਹੀ ਦਾਦੀ ਦਾ ਜ਼ਿਕਰ ਕਿਤੇ ਨਹੀਂ ਮਿਲਦਾ। ਇਹ ਕੁਰਬਾਨੀ ਭਰਿਆ ਇਤਿਹਾਸ ਦੁਨੀਆ ਦੇ ਇਤਿਹਾਸ ਵਿੱਚ ਸਿਰਮੌਰ ਇਤਿਹਾਸ ਹੈ।
ਜੀਵਨ ਜਾਚ ਤੋਂ ਲਈਏ ਪ੍ਰੇਰਨਾ
ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਪੋਹ ਨੂੰ ਦੁਨੀਆ ਭਰ ਦੇ ਲੱਖਾਂ ਲੋਕ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਆਉਂਦੇ ਹਨ। ਮੁਗਲ ਜ਼ਾਲਮ ਹਕੂਮਤ ਨੂੰ ਅੱਜ ਵੀ ਫਿਟਕਾਰਿਆ ਜਾਂਦਾ ਹੈ। ਜਿੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ, ਉਸ ਠੰਢੇ ਬੁਰਜ ਦੇ ਦਰਸ਼ਨ ਕਰਦਿਆਂ ਅਹਿਸਾਸ ਹੁੰਦਾ ਹੈ ਕਿ ਸਮੁੱਚੀ ਲੋਕਾਈ ਤੋਂ ਇਲਾਵਾ ਇਹ ਔਰਤ ਜਾਤੀ ਲਈ ਵਿਸ਼ੇਸ਼ ਤੌਰ ’ਤੇ ਇਕ ਮਹਾਨ ਚਾਨਣ ਮੁਨਾਰਾ ਹੈ, ਜਿਸ ਤੋਂ ਦੁਨੀਆ ਹਮੇਸ਼ਾ ਸੇਧ ਲੈਂਦੀ ਰਹੇਗੀ।
ਭਵਿੱਖ ਦੀਆਂ ਪੀੜ੍ਹੀਆਂ ਨੂੰ ਜਾਣਕਾਰੀ
ਉਪਰੋਕਤ ਤੱਥਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਇਤਿਹਾਸ ਪੜ੍ਹਾਉਣਾ ਬਹੁਤ ਜ਼ਰੂਰੀ ਹੈ। ਇਸ ਕੁਰਬਾਨੀ ਦੀ ਗਾਥਾ ਨਾਲ ਜਿੱਥੇ ਉਨ੍ਹਾਂ ’ਚ ਨੈਤਿਕ ਕਦਰਾਂਕੀਮਤਾਂ ਭਰੀਆਂ ਜਾ ਸਕਦੀਆਂ ਹਨ, ਉੱਥੇ ਇਹ ਅਮੀਰ ਵਿਰਾਸਤ ਸਹਿਜ ਰੂਪ ਚ ਨਵੀਂਆਂ ਪੀੜ੍ਹੀਆਂ ਤੱਕ ਵੀ ਪੁੱਜ ਜਾਂਦੀ ਹੈ। ਇਸ ਪਵਿੱਤਰ ਧਰਤੀ ’ਤੇ ਇਸ ਮਹਾਨ ਕੁਰਬਾਨੀ ਨੂੰ ਇਹੋ ਇੱਕ ਸੱਚੀ ਤੇ ਸਦੀਵੀ ਸ਼ਰਧਾਂਜਲੀ ਹੋਵੇਗੀ।
ਅੰਤ ’ਚ ਅਸੀਂ ਇਹ ਆਖ ਸਕਦੇ ਹਾਂ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮਹੱਤਤਾ ਮਹਿਜ਼ ਇਤਿਹਾਸਕ ਹੀ ਨਹੀਂ ਹੈ, ਸਗੋਂ ਇਹ ਸਮੇਂ ਦੇ ਨਾਲਨਾਲ ਅੱਗੇ ਵਧਦੀ ਗਈ ਰੂਹਾਨੀ ਯਾਤਰਾ ਵੀ ਹੈ। ਇਹ ਹੁਣ ਸਰਹੱਦਾਂ ਤੇ ਸਾਰੇ ਹੱਦਾਂਬੰਨੇ ਟੱਪ ਕੇ ਆਲਮੀ ਪੱਧਰ ’ਤੇ ਜਾ ਪੁੱਜੀ ਹੈ। ਸਾਨੂੰ ਨਵੀਂ ਪੀੜ੍ਹੀ ਤੱਕ ਇਹ ਵਿਰਾਸਤ ਪਹੁੰਚਾਉਣ ਲਈ ਖ਼ਾਸ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ। ਸ਼ਰਧਾਲੂ ਜਦੋਂ ਇਸ ਪਵਿੱਤਰ ਅਸਥਾਨ ਦੀ ਜ਼ਿਆਰਤ ਕਰਦੇ ਹਨ, ਤਾਂ ਉਸ ਦੌਰਾਨ ਉਨ੍ਹਾਂ ਦੇ ਕੰਨਾਂ ’ਚ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਦੀ ਜਿਹੜੀ ਗੂੰਜ ਪੈਂਦੀ ਹੈ, ਉਹ ਰੂਹਾਨੀਅਤ ਦਾ ਇੱਕ ਅਦਭੁੱਤ ਅਨੁਭਵ ਹੁੰਦਾ ਹੈ ਜੋ ਉਸ ਧਰਤੀ ’ਤੇ ਨਤਮਸਤਕ ਹੋ ਕੇ ਹੀ ਮਹਿਸੂਸ ਹੋ ਸਕਦਾ ਹੈ।
ਇਤਿਹਾਸਕ ਮਹੱਤਤਾ ਵਾਲੇ ਅਸਥਾਨ
ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਤੋਂ ਲੈ ਕੇ ਇਸ ਅਧਿਆਤਮਕ ਨਗਰੀ ’ਚ ਅਨੇਕ ਅਸਥਾਨ ਅਜਿਹੇ ਹਨ, ਜਿੱਥੋਂ ਦੀ ਮਿੱਟੀ ’ਚੋਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੂੰਜ ਸੁਣਨ ਨੂੰ ਮਿਲਦੀੀ ਹੈ। ਇਸ ਦੀ ਇਹੋ ਖ਼ਾਸੀਅਤ ਇਸ ਨੂੰ ਵਡਮੁੱਲਾ ਇਤਿਹਾਸਕ ਤੀਰਥਅਸਥਾਨ ਬਣਾਉਦੀ ਹੈ।
- ਡਾ. ਹਿਤੇਂਦਰ ਸੂਰੀ
90232-67267