ਈਸ਼ਵਰ ਸਾਕਾਰ ਹੈ ਜਾਂ ਨਿਰਾਕਾਰ? ਈਸ਼ਵਰੀ ਸਰੂਪ ਦੀ ਸ਼ੋਭਾ ਕਿਹੋ ਜਹੀ ਹੈ? ਭਗਤ ਤੇ ਭਗਤੀ ਦੇ ਕਿੰਨੇ ਸਰੂਪ ਹਨ? ਇਸ ਆਲੌਕਿਕ ਰਹੱਸ ਨੂੰ ਸਮਝਣਾ ਜਿੱਥੇ ਯੁਗਾਂ-ਯੁਗਾਂਤਰਾਂ ਤੋਂ ਵੱਖ-ਵੱਖ ਧਰਮਾਂ ਦੇ ਸੰਤਾਂ, ਭਗਤਾਂ, ਰਿਸ਼ੀਆਂ-ਮੁਨੀਆਂ ਦੀ ਜਗਿਆਸਾ ਤੇ ਦਰਸ਼ਨ ਦਾ ਵਿਸ਼ਾ ਰਿਹਾ ਹੈ ਉੱਥੇ ਮਨੁੱਖੀ ਮਨ ਦੀਆਂ ਅਜਿਹੀਆਂ ਜਗਿਆਸਾਵਾਂ ਤੇ ਸ਼ੰਕਾਵਾਂ ਦਾ ਸਹਿਜਤਾ ਨਾਲ ਨਿਵਾਰਣ ਕਰਦਿਆਂ ਸ਼੍ਰੀਮਦ ਭਗਵਦ ਗੀਤਾ ਵਿਚ ਭਗਵਾਨ ਆਪਣੇ ਮੁਖਾਰਬਿੰਦ ਤੋਂ ਉਚਾਰਣ ਕਰਦੇ ਹਨ ਕਿ ਦੁਨੀਆ 'ਤੇ ਦੋ ਤਰ੍ਹਾਂ ਦੀ ਭਗਤੀ ਹੈ-ਸਕਾਮ ਭਗਤੀ ਤੇ ਨਿਸ਼ਕਾਮ ਭਗਤੀ। ਸ਼੍ਰੀਮਦ ਭਗਵਦ ਗੀਤਾ ਦੇ 7ਵੇਂ ਅਧਿਆਇ 'ਚ ਭਗਵਾਨ ਕ੍ਰਿਸ਼ਨ ਜੀ ਨੇ ਚਾਰ ਤਰ੍ਹਾਂ ਦੇ ਭਗਤਾਂ ਦੀ ਚਰਚਾ ਕੀਤੀ ਹੈ - 'ਆਰਤ ਭਗਤ', ਭਾਵ ਉਹ ਭਗਤ ਜੋ ਭਗਵਾਨ ਨੂੰ ਦੁੱਖ ਵਿਚ ਹੀ ਯਾਦ ਕਰਦੇ ਹਨ। 'ਅਰਥਾਰਥੀ ਭਗਤ', ਜੋ ਭਗਵਾਨ ਨੂੰ ਧਨ-ਦੌਲਤ, ਸੁੱਖ-ਸਹੂਲਤਾਂ ਤੇ ਮਾਨ-ਸਨਮਾਣ ਦੀ ਪ੍ਰਾਪਤੀ ਲਈ ਯਾਦ ਕਰਦੇ ਹਨ। 'ਜਗਿਆਸੂ ਭਗਤ', ਜੋ ਹਮੇਸ਼ਾ ਸੱਚ ਦੀ ਖੋਜ ਲਈ ਤਤਪਰ ਰਹਿੰਦੇ ਹਨ ਅਤੇ ਚੌਥੀ ਤਰ੍ਹਾਂ ਦਾ ਸਰਵੋਤਮ ਭਗਤ 'ਗਿਆਨੀ ਭਗਤ' ਹੈ, ਜਿਸ ਦੀ ਭਗਤੀ ਦਾ ਆਧਾਰ ਤੇ ਉਦੇਸ਼ ਆਪਣੇ ਮਨ ਅਤੇ ਬੁੱਧੀ ਨੂੰ ਭਗਵਾਨ ਨਾਲ ਇਕਮਿਕ ਕਰਨਾ ਹੁੰਦਾ ਹੈ।

ਭਗਵਾਨ ਦੀ ਸ਼ੋਭਾ ਬਾਰੇ ਵਰਨਣ ਮਿਲਦਾ ਹੈ ਕਿ ''ਜਿਨ੍ਹਾਂ ਦੀ ਆਕ੍ਰਿਤੀ ਪਰਮ ਸ਼ਾਂਤ ਹੈ, ਜੋ ਸ਼ੇਸ਼ਨਾਗ ਦੇ ਆਸ਼ਣ 'ਤੇ ਵਿਸ਼ਰਾਮ ਦੀ ਅਵਸਥਾ 'ਚ ਬਿਰਾਜਮਾਨ ਹਨ, ਜਿਨ੍ਹਾਂ ਦੀ ਨਾਭੀ ਵਿਚ ਕਮਲ ਹੈ, ਜੋ ਦੇਵਤਿਆਂ ਦੇ ਵੀ ਈਸ਼ਵਰ, ਸੰਪੂਰਨ ਵਿਸ਼ਵ ਦੇ ਆਧਾਰ, ਆਕਾਸ਼ ਦੀ ਤਰ੍ਹਾਂ ਸਭ ਜਗ੍ਹਾ ਵਿਆਪਤ ਹਨ, ਨੀਲੇ ਬੱਦਲਾਂ ਦੇ ਸਮਾਨ ਜਿਨ੍ਹਾਂ ਦਾ ਰੰਗ ਹੈ, ਸੁੰਦਰਤਮ ਤੋਂ ਵੀ ਸੁੰਦਰ ਹਨ, ਜੋ ਜੋਗੀਆਂ ਦੁਆਰਾ ਧਿਆਨ ਕਰ ਕੇ ਪ੍ਰਾਪਤ ਕੀਤੇ ਜਾਂਦੇ ਹਨ, ਜੋ ਸੰਪੂਰਨ ਲੋਕਾਂ ਦੇ ਸਵਾਮੀ ਹਨ, ਅਜਿਹੇ ਲਕਸ਼ਮੀ ਪਤੀ, ਕਮਲ ਜਹੇ ਨੇਤਰਾਂ ਵਾਲੇ ਭਗਵਾਨ ਵਿਸ਼ਣੂ ਜੀ ਨੂੰ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ।''

ਮਹਾਰਿਸ਼ੀ ਵੇਦ ਵਿਆਸ ਨੇ ਮਹਾਭਾਰਤ ਵਿਚ ਸ਼੍ਰੀਮਦ ਭਗਵਦ ਗੀਤਾ ਦਾ ਵਰਨਣ ਕਰਨ ਉਪਰੰਤ ਕਿਹਾ ਹੈ, ''ਸ਼੍ਰੀ ਗੀਤਾ ਨੂੰ ਭਲੀ ਪ੍ਰਕਾਰ ਪੜ੍ਹ ਕੇ, ਅਰਥ ਤੇ ਭਾਵ ਸਹਿਤ ਹਿਰਦੈ ਵਿਚ ਧਾਰਨ ਕਰ ਲੈਣਾ ਮੁੱਖ ਕਰਤੱਵ ਹੈ, ਜੋ ਕਿ ਆਪ ਪਦਮਨਾਭ ਭਗਵਾਨ ਵਿਸ਼ਣੂ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰੀ ਗਈ ਹੈ।

ਮੱਘਰ ਜਾਂ ਮਾਰਗਸ਼ੀਸ਼ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਦੇ ਪਾਵਨ ਦਿਨ ਅਰਜੁਨ ਦੇ 'ਨੰਦੀਘੋਸ਼ ਰੱਥ' ਦੇ ਸਾਰਥੀ ਬਣੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਦੇ ਮੈਦਾਨ ਵਿਚ ਜੀਵਨ ਦੇ ਪਰਮ ਸੱਚ ਨੂੰ ਆਪਣੇ ਮੁਖਾਰਬਿੰਦ 'ਚੋਂ ਉਚਾਰਿਆ। ਇਹ ਰੱਬੀ ਗਿਆਨ ਪਾਵਨ ਅਮਰ ਗ੍ਰੰਥ ਸ਼੍ਰੀਮਦ ਭਗਵਦ ਗੀਤਾ ਦੇ ਨਾਂ ਨਾਲ ਦੁਨੀਆ ਦੇ ਕਲਿਆਣ ਤੇ ਮੁਕਤੀ ਲਈ ਸਾਖਿਆਤ ਪ੍ਰਗਟ ਹੋਇਆ।

ਜੀਵਨ ਦੇ ਪਰਮ ਸੱਚ ਵੱਲੋਂ ਅੱਖਾਂ ਮੀਟ ਕੇ ਮਨੁੱਖੀ ਜ਼ਿੰਦਗੀ ਕਈ ਵਾਰ ਅਜਿਹੀ ਭੁੱਲ-ਭੁਲੱਈਆ 'ਚ ਭਟਕ ਜਾਂਦੀ ਹੈ ਜਿੱਥੇ ਚੇਤਨਾ ਰੂਪੀ ਸਾਰਥੀ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਹੁਣ ਕੀ ਕਰੇ, ਕੀ ਨਾ ਕਰੇ? ਕਿੱਧਰ ਨੂੰ ਜਾਵੇ, ਕਿੱਧਰ ਨੂੰ ਨਾ ਜਾਵੇ? ਸਾਹਮਣੇ ਵਿਖਾਈ ਦਿੰਦੇ ਰਾਹਾਂ ਵਿਚ ਨਿਰਾਸ਼ਾ ਤੇ ਉਦਾਸੀ ਦਾ ਹਨ੍ਹੇਰਾ ਹੁੰਦਾ ਹੈ, ਕੋਈ ਠੋਸ ਫ਼ੈਸਲਾ ਲੈਣ ਦੀ ਹਿੰਮਤ ਨਹੀਂ ਰਹਿੰਦੀ। ਅਜਿਹੇ ਸਮੇਂ ਅਸਥਿਰ ਬੁੱਧੀ ਵਾਲੇ ਮਨੁੱਖ ਨੂੰ 'ਸ਼੍ਰੀਮਦ ਭਗਵਦ ਗੀਤਾ' ਦਾ ਗਿਆਨ ਹੀ ਸਥਿਰ ਬੁੱਧੀ ਤੇ ਸਹੀ ਸੇਧ ਪ੍ਰਦਾਨ ਕਰਦਾ ਹੈ। ਸ਼ਰਧਾ, ਪ੍ਰੇਮ, ਸ਼ੁੱਧ ਭਗਤੀ ਤੇ ਇਕਾਗਰ ਮਨ ਨਾਲ ਸ਼੍ਰੀਮਦ ਭਗਵਦ ਗੀਤਾ ਦਾ ਅਧਿਐਨ ਕਰਨ ਨਾਲ ਥਾਲੀ ਦੇ ਪਾਣੀ ਵਾਂਗ ਡੋਲ ਰਹੇ ਜੀਵਨ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਵੇਖ ਕੇ ਢੇਰੀਂ ਢਾਹ ਚੁੱਕੇ ਮਨ ਅੰਦਰ ਦ੍ਰਿੜ੍ਹ ਫ਼ੈਸਲਾ ਲੈਣ ਦੀ ਇੱਛਾ ਸ਼ਕਤੀ ਪੈਦਾ ਹੁੰਦੀ ਹੈ।

ਜਦੋਂ ਕੁਰੂਕਸ਼ੇਤਰ ਦੇ ਰਣ ਖੇਤਰ 'ਚ ਕੁੰਤੀ ਪੁੱਤਰ ਅਰਜੁਨ ਮਨੁੱਖੀ ਰਿਸ਼ਤਿਆਂ, ਕੌਰਵ ਭਾਈ, ਮਿੱਤਰ, ਮਾਮਾ, ਦਾਦਾ, ਗੁਰੂ ਤੇ ਹੋਰ ਸਕੇ ਸਬੰਧੀਆਂ ਆਦਿ ਨੂੰ ਸਾਹਮਣੇ ਖੜ੍ਹੇ ਵੇਖਦਾ ਹੈ।ਤਾਂ ਉਸ ਦੇ ਮਨ 'ਚ ਮੋਹ ਜਾਗ੍ਰਿਤ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਖ਼ੂਨ ਦੇ ਇਨ੍ਹਾਂ ਰਿਸ਼ਤਿਆਂ ਨੂੰ ਯੁੱਧ ਦੇ ਮੈਦਾਨ ਵਿਚ ਮਾਰ ਕੇ ਜੇ ਮੈਨੂੰ ਰਾਜ-ਸੁੱਖ, ਵੈਭਵ ਦੀ ਪ੍ਰਾਪਤੀ ਹੁੰਦੀ ਵੀ ਹੈ ਤਾਂ ਇਹ ਮੇਰੇ ਕਿਸੇ ਕੰਮ ਨਹੀਂ। ਇਸ ਵਿਚਾਰ ਨਾਲ ਉਹ ਆਪਣਾ ਤੀਰ-ਕਮਾਨ ਭਗਵਾਨ ਕ੍ਰਿਸ਼ਨ ਦੇ ਚਰਨਾਂ 'ਚ ਰੱਖ ਦਿੰਦਾ ਹੈ ਤੇ ਬੇਨਤੀ ਕਰਦਾ ਹੈ, ''ਹੇ ਭਗਵਨ! ਮੈਂ ਯੁੱਧ ਨਹੀਂ ਕਰਾਂਗਾ।''।ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁੱਖ 'ਚੋਂ ਉਚਾਰਿਤ ਸ਼੍ਰੀ ਗੀਤਾ ਜੀ ਦੇ ਗਿਆਨ ਰੂਪੀ ਅੰਮ੍ਰਿਤ ਨੂੰ ਚਖਦਿਆਂ ਤੇ ਭਗਵਾਨ ਦੇ ਵਿਰਾਟ ਸਰੂਪ ਦੇ ਦਰਸ਼ਨ ਕਰਦਿਆਂ ਹੀ ਅਰਜੁਨ ਦੀ ਆਤਮਾ ਵਿਚ ਪਰਮ ਸੱਚ ਦੀ ਆਲੌਕਿਕ, ਪਵਿੱਤਰ ਤੇ ਤੀਬਰ ਊਰਜਾ ਜਾਗ੍ਰਿਤ ਹੁੰਦੀ ਹੈ ਤੇ ਉਹ ਯੁੱਧ ਲਈ ਤਿਆਰ ਹੋ ਜਾਂਦਾ ਹੈ।

ਆਤਮ-ਵਡਿਆਈ ਤੇ ਵਿਖਾਵਾਬਾਜ਼ੀ 'ਚ ਉਲਝੇ ਅਜੋਕੇ ਮਨੁੱਖ ਨੇ ਤਾਂ 'ਦਾਨ' ਨਾਂ ਦੇ ਪੁੰਨ-ਕਰਮ ਨੂੰ ਵੀ ਆਪਣੇ ਸਨਮਾਨ ਤੇ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਧਰਮ–ਸਥਾਨਾਂ ਅੰਦਰ ਦਾਨ ਕੀਤੀ ਰਾਸ਼ੀ ਅਤੇ ਆਪਣਾ ਨਾਂ ਖੁਣਵਾ ਕੇ ਉਹ ਵੱਡੇ-ਵੱਡੇ ਪੱਥਰ ਲਗਵਾਉਂਦਾ ਹੈ।ਪ੍ਰੰਤੂ ਭਗਵਾਨ ਸ਼੍ਰੀਮਦ ਭਗਵਦ ਗੀਤਾ ਦੇ 9ਵੇਂ ਅਧਿਆਇ ਤੇ 26ਵੇਂ ਸ਼ਲੋਕ ਵਿਚ ਦਾਨ ਬਾਰੇ ਇਸ ਤਰ੍ਹਾਂ ਉਚਾਰਦੇ ਹਨ, 'ਜੋ ਕਈ ਭਗਤ ਮੇਰੇ ਲਈ ਪ੍ਰੇਮ ਦੇ ਪੱਤਰ, ਫੁੱਲ, ਫਲ ਤੇ ਜਲ ਆਦਿ ਅਰਪਣ ਕਰਦਾ ਹੈ, ਉਸ ਸ਼ੁੱਧ ਬੁੱਧੀ, ਨਿਸ਼ਕਾਮ, ਪ੍ਰੇਮ ਭਗਤ ਦੀ ਇਹ ਭੇਟ ਮੈਂ ਸਾਕਾਰ ਰੂਪ 'ਚ ਪ੍ਰਗਟ ਹੋ ਕੇ ਪ੍ਰੇਮ ਸਹਿਤ ਸਵੀਕਾਰ ਕਰਦਾ ਹਾਂ।

ਸ਼੍ਰੀਮਦ ਭਗਵਦ ਗੀਤਾ ਰਾਹੀਂ ਵਿਸ਼ਵ ਨੂੰ ਜਿੱਥੇ ਇਕ ਈਸ਼ਵਰਵਾਦ, ਕਰਮਯੋਗ, ਗਿਆਨ ਯੋਗ, ਭਗਤੀਯੋਗ ਦਾ ਈਸ਼ਵਰੀਯ ਗਿਆਨ ਦਿੱਤਾ ਗਿਆ ਹੈ, ਉੱਥੇ ਜੀਵਨ ਜਿਊਂਣ ਦੀ ਸੱਚੀ ਪ੍ਰੇਰਣਾ ਵੀ ਦਿੱਤੀ ਗਈ ਹੈ। ਇਸ ਬਾਰੇ ਕਥਨ ਹੈ, ''ਬੇਸ਼ੱਕ ਹਰ ਯੁੱਗ ਅੰਦਰ ਧਰਮ-ਅਧਰਮ ਦਾ ਸੰਘਰਸ਼ ਚੱਲਦਾ ਆਇਆ ਹੈ। ਕਦੇ ਧਰਮ ਭਾਰੂ ਹੋਇਆ ਕਦੇ ਅਧਰਮ ਪ੍ਰੰਤੂ ਜਿੱਤ ਆਖ਼ਿਰ ਧਰਮ ਦੀ ਹੀ ਹੁੰਦੀ ਰਹੀ ਹੈ।'' ਇਸੇ ਤਰ੍ਹਾਂ ਜ਼ੁਲਮ ਬਾਰੇ ਭਗਵਾਨ ਸ਼੍ਰੀ ਕ੍ਰਿਸ਼ਨ ਆਖਦੇ ਹਨ ਕਿ ''ਪਾਪੀ ਤੇ ਜ਼ਾਲਮ ਵੱਲੋਂ ਕਿਸੇ ਦੀਨ-ਹੀਣ ਜਾਂ ਅਬਲਾ 'ਤੇ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਜੇ ਸ਼ੂਰਵੀਰ ਮੌਨ ਰਹਿੰਦਾ ਹੈ ਤਾਂ ਉਹ ਜ਼ੁਲਮ ਕਰਨ ਵਾਲੇ ਨਾਲੋਂ ਵੀ ਵੱਧ ਕਸੂਰਵਾਰ ਹੈ।'' ਪਵਿੱਤਰ ਗੀਤਾ ਦਾ ਉਪਦੇਸ਼ ਹੈ ਕਿ ''ਜਦੋਂ-ਜਦੋਂ ਵੀ ਪਾਪੀਆਂ ਤੇ ਰਾਖਸ਼ਾਂ ਜਾ ਰਹੇ ਜ਼ੁਲਮਾਂ ਤੋਂ ਤ੍ਰਹਿ ਕੇ ਜਗਤ ਵਿੱਚੋਂ 'ਬਚਾਓ' ਦੀ ਵੇਦਨਮਈ ਪੁਕਾਰ ਉੱਠੀ ਹੈ, ਉਦੋਂ–ਉਦੋਂ ਭਗਵਾਨ ਨੇ ਪਾਪਾਂ ਦੇ ਨਾਸ਼ ਲਈ ਅਵਤਾਰ ਧਾਰਨ ਕੀਤਾ ਹੈ।''

ਨਾਸਤਿਕ ਤੇ ਅਗਿਆਨੀ ਲੋਕ ਸ਼ੰਕਾ ਪ੍ਰਗਟ ਕਰਦੇ ਹਨ ਕਿ ਜੇ ਭਗਵਾਨ ਹੈ ਤਾਂ ਉਸ ਨੂੰ ਵੇਖਿਆ ਕਿਉਂ ਨਹੀਂ ਜਾ ਸਕਦਾ? ਅਜਿਹੇ ਅਗਿਆਨੀਆਂ ਲਈ ਸ਼੍ਰੀਮਦ ਭਗਵਦ ਗੀਤਾ ਵਿਚ ਕਿਹਾ ਗਿਆ ਹੈ, ''ਸ਼ੁੱਧ ਤੇ ਸੂਖ਼ਮ ਬੁੱਧੀ ਵਾਲੇ ਸਾਧਕ ਧਿਆਨ ਯੋਗ, ਗਿਆਨ ਯੋਗ ਤੇ ਕਰਮਯੋਗ ਨਾਲ ਈਸ਼ਵਰ ਨੂੰ ਵੇਖ ਸਕਦੇ ਹਨ। ਪਰਮਾਤਮਾ ਅਪਾਰ ਮਾਇਆ ਵਾਲਾ, ਚਾਨਣ-ਮੁਨਾਰਾ, ਮਾਰਗ-ਦਰਸ਼ਕ, ਸਨਾਤਨ ਸੱਚਾਈ ਹੈ। ਉਹ ਆਪਣੇ ਭਗਤਾਂ ਦੇ ਅੰਦਰ ਵਾਸ ਕਰਦਾ ਹੈ।''

J ਤਲਵਿੰਦਰ ਸ਼ਾਸਤਰੀ ਨਾਰੀਕੇ

94643-48258

Posted By: Harjinder Sodhi