ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸਿੱਖਾਂ ਦਾ ਗੌਰਵਸ਼ਾਲੀ ਫਲਸਫ਼ਾ ਅਤੇ ਸਿਧਾਂਤ ਜੁੜਿਆ ਹੋਇਆ ਹੈ। ਇੱਥੋਂ ਦਾ ਕੁਦਰਤੀ ਤੇ ਭੂਗੋਲਿਕ ਖ਼ਾਸਾ ਸਿੱਖ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ।

ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸਿੱਖਾਂ ਦਾ ਗੌਰਵਸ਼ਾਲੀ ਫਲਸਫ਼ਾ ਅਤੇ ਸਿਧਾਂਤ ਜੁੜਿਆ ਹੋਇਆ ਹੈ। ਇੱਥੋਂ ਦਾ ਕੁਦਰਤੀ ਤੇ ਭੂਗੋਲਿਕ ਖ਼ਾਸਾ ਸਿੱਖ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਤਿਹਾਸ ਦੇ ਪੰਨਿਆਂ ਦੇ ਅੱਖਰਾਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦੀਆਂ ਪਹਾੜੀਆਂ, ਖੱਡਾਂ ਅਤੇ ਚੋਆਂ ਹੀ ਹਨ, ਜਿਹੜੀਆਂ ਖ਼ਾਲਸਾ ਪੰਥ ਦੇ ਹੱਕ-ਸੱਚ ਅਤੇ ਧਰਮ ਦੇ ਉਭਾਰ ਲਈ ਜਬਰ-ਜ਼ੁਲਮ ਦੇ ਖ਼ਿਲਾਫ਼ ਲੜੇ ਫ਼ੈਸਲਾਕੁੰਨ ਸੰਘਰਸ਼ ਅਤੇ ਇਤਿਹਾਸਕ ਜੰਗਾਂ-ਯੁੱਧਾਂ ਦੀਆਂ ਇੱਕੋ-ਇਕ ਚਸ਼ਮਦੀਦ ਗਵਾਹ ਹਨ।
‘ਚੱਕ ਨਾਨਕੀ’ ਬਣਿਆ ਸ੍ਰੀ ਅਨੰਦਪੁਰ ਸਾਹਿਬ
ਸ੍ਰੀ ਅਨੰਦਪੁਰ ਸਾਹਿਬ ਦੀ ਵਡਿਆਈ ’ਚ ਪਿ੍ਰੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘‘ਅਸੀਂ ਉਸ ਅਨੰਦਪੁਰ ਤੋਂ ਸਦਕੇ ਹਾਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਹਿਮਤ ਦੇ ਬੱਦਲ ਵਰਸਾਏ ਹਨ ਤੇ ਜ਼ਿੰਦਗੀ ਦੇ 27 ਸਾਲ ਉੱਥੇ ਟਿਕ ਕੇ ਧਰਮ ਨੂੰ ਪਵਿੱਤਰ ਕੀਤਾ ਹੈ।’’ ਸ੍ਰੀ ਅਨੰਦਪੁਰ ਸਾਹਿਬ ਨਗਰੀ ਦਾ ਮੁੱਢ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 19 ਜੂਨ 1665 ਈਸਵੀ, ਦਿਨ ਸੋਮਵਾਰ, ਮੁਤਾਬਕ 21 ਹਾੜ 1722 ਬਿਕਰਮੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ’ਤੇ ‘ਚੱਕ ਨਾਨਕੀ’ ਪਿੰਡ ਵਜੋਂ ਬੰਨ੍ਹਿਆ ਸੀ, ਜਿਸ ਨੂੰ ਬਾਅਦ ਵਿਚ 1689 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਅਨੰਦਪੁਰ ਸਾਹਿਬ’ ਦਾ ਨਾਂਅ ਦਿੱਤਾ।
ਪੰਜ ਸਾਲ ਦੀ ਉਮਰ ਵਿਚ ਪਟਨੇ ਦੀ ਧਰਤੀ ਤੋਂ ਆ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਕੁੱਲ ਸੰਸਾਰਿਕ ਉਮਰ ਦਾ ਸਭ ਤੋਂ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਜ਼ਾਰਿਆ। ਹਰ ਸ਼ਰਧਾਵਾਨ ਸਿੱਖ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਚੱਪਾ-ਚੱਪਾ ਆਪਣੇ ਦਸਮ ਪਿਤਾ ਦੇ ਚੋਜਾਂ ’ਤੇ ਛੋਹ ਨਾਲ ਲਬਰੇਜ਼ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਮੁਗ਼ਲਾਂ ਨਾਲ ਕਈ ਲੜਾਈਆਂ ਵਿਚ ਜੂਝੇ ਸਨ, ਜਿਸ ਕਰਕੇ ਯੁੱਧ ਕਲਾ ਅਤੇ ਸੁਰੱਖਿਆ ਦਿ੍ਰਸ਼ਟੀ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਚੱਕ ਮਾਤਾ ਨਾਨਕੀ-ਅਨੰਦਪੁਰ ਸਾਹਿਬ ਵਸਾਉਣ ਲਈ ਇਕ ਅਜਿਹੇ ਇਲਾਕੇ ਦੀ ਚੋਣ ਕੀਤੀ, ਜਿਹੜਾ ਪਹਾੜੀਆਂ ਨਾਲ ਘਿਰਿਆ ਹੋਣ ਕਾਰਨ ਮਹਿਫ਼ੂਜ਼, ਸ਼ਾਂਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਅਤੇ ਅਧਿਆਤਮਕ ਪਰਿਪੇਖ ’ਚ ਵੀ ਰਮਣੀਕ, ਸ਼ਾਂਤ, ਅਗੰਮ, ਅਡਿੱਗ ਅਤੇ ਅਜਿੱਤ ਹੋਵੇ।
ਵਿਰਾਸਤ ਪ੍ਰਤੀ ਅਵੇਸਲਾਪਨ
ਸੰਨ 1665 ਤੋਂ ਲੈ ਕੇ 2022 ਤਕ 357 ਸਾਲਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਅਨੇਕਾਂ ਭੂਗੋਲਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚੋਂ ਕਈ ਗੁਰੂ ਸਾਹਿਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਜਾਣ ਤੋਂ ਬਾਅਦ ਮੁਗ਼ਲਾਂ ਤੇ ਪਹਾੜੀ ਰਾਜਿਆਂ ਵਲੋਂ ਮਚਾਈ ਤਬਾਹੀ ਕਾਰਨ ਅਤੇ ਕਈ ਭੂਗੋਲਿਕ ਤਬਦੀਲੀਆਂ ਸਮੇਂ ਦੇ ਨਾਲ ਕੁਦਰਤੀ ਸਨ, ਪਰ ਅਨੇਕਾਂ ਤਬਦੀਲੀਆਂ ਸਾਡੇ ਆਪਣੀ ਵਿਰਾਸਤ ਪ੍ਰਤੀ ਅਵੇਸਲੇਪਨ ਅਤੇ ਮਨੁੱਖੀ ਸਵਾਰਥ ਦੀ ਬਿਰਤੀ ਵਿੱਚੋਂ ਉਪਜੀਆਂ, ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਵਿਰਾਸਤ ਨੂੰ ਵੱਡਾ ਖੋਰਾ ਲਗਾਇਆ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਟਨੇ ਦੀ ਧਰਤੀ ਤੋਂ ਆ ਕੇ ‘ਅਨੰਦਪੁਰ’ ਦੀ ਨੀਮ ਪਹਾੜੀ ਤੇ ਜੰਗਲਾਂ, ਬਾਗ਼ਾਂ ਨਾਲ ਭਰਪੂਰ ਧਰਤੀ ਨੂੰ ਮੁਗ਼ਲ ਹਕੂਮਤ ਵਿਰੁੱਧ ਸੱਚ ਦੀ ਜੰਗ ਨੂੰ ਜਾਰੀ ਰੱਖਣ ਲਈ ਜਿਸ ਅਗੰਮੀ, ਰੂਹਾਨੀ ਅਤੇ ਸੁਰੱਖਿਆ ਦਿ੍ਰਸ਼ਟੀ ਤੋਂ ਚੁਣਿਆ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਦੀ ਭੂਗੋਲਿਕ ਸਥਿਤੀ ਨੂੰ ਜਿਸ ਤਰ੍ਹਾਂ ਜਬਰ-ਜ਼ੁਲਮ ਦੇ ਖ਼ਿਲਾਫ਼ ਆਪਣੀ ਜੰਗ ਲਈ ਸੁਰੱਖਿਅਤ ਕਿਲ੍ਹੇ ਵਜੋਂ ਵਰਤਿਆ, ਇਸ ਦਾ ਅੰਦਾਜ਼ਾ ਇਸ ਧਰਤੀ ਦੀ ਤੇਜ਼ੀ ਨਾਲ ਬਦਲੀ ਭੂਗੋਲਿਕ ਸਥਿਤੀ ਨੂੰ ਦੇਖ ਕੇ ਲਗਾਉਣਾ ਕਾਫ਼ੀ ਔਖਾ ਹੋ ਗਿਆ ਹੈ।
ਲੋਪ ਹੋਏ ਬੁੰਗੇ
ਅਠ੍ਹਾਰਵੀਂ ਅਤੇ ਉਨੀਵੀਂ ਸਦੀ ਵਿਚ ਸਿੱਖ ਜਰਨੈਲਾਂ ਤੇ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੁਝ ਬੰੁਗੇ ਅਤੇ ਹੋਰ ਇਮਾਰਤਾਂ ਦੀ ਉਸਾਰੀ ਕੀਤੀ ਸੀ, ਜਿਨ੍ਹਾਂ ਦਾ ਵਜੂਦ ਵੀ ਅੱਜ ਅਲੋਪ ਹੋ ਗਿਆ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਵਿਚ ਕਾਰ-ਸੇਵਾ ਦੌਰਾਨ ਕਿਲ੍ਹੇ ਦੀਆਂ ਕੁਝ ਬਚੀਆਂ-ਖੁਚੀਆਂ ਨਿਸ਼ਾਨੀਆਂ ਅਤੇ ਇਕ ‘ਰੱਖਿਆ ਮੀਨਾਰ’ ਵੀ ਢਾਹ ਕੇ ਨਵੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ।
ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਇਕ ਪੁਰਾਤਨ ਕਮਰੇ ਦਾ ਛੋਟਾ ਜਿਹਾ ਹਿੱਸਾ ਬਚਿਆ ਹੈ, ਜਿਸ ਨੂੰ ਸੁਚੱਜੇ ਤਰੀਕੇ ਨਾਲ ਸੰਭਾਲਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਭਵਨ ਨਿਰਮਾਣ ਮਾਹਿਰਾਂ ਦੀ ਰਾਇ ਨਾਲ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਕਿੰਨਾ ਚੰਗਾ ਹੁੰਦਾ ਜੇਕਰ ਬਹੁਤ ਦੇਰ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨਾਲ ਸਬੰਧਤ ਪੁਰਾਤਨ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ।
ਗੁਆਚਾ ‘ਹਿਮੈਤੀ ਨਾਲਾ’ ਦਾ ਵਜੂਦ
ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ‘ਗੁਰੂ ਕਾਲ’ ਵੇਲੇ ਸਤਲੁਜ ਦਰਿਆ ‘ਕੇਸਗੜ੍ਹ’ ਦੀ ਪਹਾੜੀ ਦੇ ਹੇਠਾਂ ਵਗਦਾ ਹੁੰਦਾ ਸੀ ਪਰ ਅੱਜ ਇਹ ਦੋ-ਤਿੰਨ ਕਿਲੋਮੀਟਰ ਦੂਰ ਚਲਾ ਗਿਆ ਹੈ। ਜੰਗਾਂ-ਯੁੱਧਾਂ ਲਈ ਮੁੱਖ ਕੇਂਦਰ ਰਹੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਹਿਫ਼ਾਜ਼ਤ ‘ਹਿਮੈਤੀ ਨਾਲਾ’ ਕਰਦਾ ਹੁੰਦਾ ਸੀ, ਜਿਸ ਦਾ ਹੁਣ ਵਜੂਦ ਲੱਭਣਾ ਵੀ ਨਾ-ਮੁਮਕਿਨ ਹੈ। ‘ਕੇਸਗੜ੍ਹ’ ਦੀ ਜਿਸ ਉਚੀ ਚੋਟੀ ’ਤੇ ਖੜ੍ਹ ਕੇ 1699 ਨੂੰ ਵਿਸਾਖੀ ਵਾਲੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਉਹ ਪਹਾੜੀ ਆਪਣੇ ਮੂਲ ਵਜੂਦ ਨਾਲੋਂ ਘੱਟੋ-ਘੱਟ 10 ਫ਼ੁੱਟ ਖੁਰ ਚੁੱਕੀ ਹੈ।
ਪਹਾੜੀਆਂ ਨੂੰ ਬਣਾਇਆ ਮੈਦਾਨ
ਇਕ ਅੰਦਾਜ਼ੇ ਅਨੁਸਾਰ ਪਿਛਲੇ 15-20 ਸਾਲਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦਸ ਹਜ਼ਾਰ ਏਕੜ ਤੋਂ ਵਧੇਰੇ ਪਹਾੜੀਆਂ ਨੂੰ ਪੱਧਰਾ ਕਰਕੇ ਮੈਦਾਨੀ ਬਣਾ ਦਿੱਤਾ ਗਿਆ ਹੈ। ਖ਼ਾਲਸਾ ਪੰਥ ਦੀ 300 ਸਾਲਾ ਜਨਮ ਸ਼ਤਾਬਦੀ ਕਾਰਨ ਜਿਥੇ ਵੱਡੀ ਪੱਧਰ ’ਤੇ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਚਹੁੰ-ਪੱਖੀ ਵਿਕਾਸ ਕਰ ਕੇ ਇਸ ਨੂੰ ਦੁਨੀਆ ਦੇ ਨਕਸ਼ੇ ’ਤੇ ਨਿਖਾਰਿਆ ਸੀ, ਉੱਥੇ ਦੂਜੇ ਪਾਸੇ ਰਿਹਾਇਸ਼ੀ ਕਲੋਨੀਆਂ ਦੀ ਉਸਾਰੀ ਦੌਰਾਨ, ਸਿੱਖ ਵਿਰਾਸਤ ਦਾ ਹਿੱਸਾ ਰਹੀਆਂ ਇਨ੍ਹਾਂ ਪਹਾੜੀਆਂ ਦੀ ਹੋਂਦ ’ਤੇ ਵੀ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਉਤਰ-ਪੂਰਬੀ ਦਿਸ਼ਾ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਘਿਰੇ ਚੰਗਰ ਇਲਾਕੇ ਦੀ ਸਦੀਆਂ ਪੁਰਾਣੀ ਕਾਇਨਾਤ ਵੀ ਖ਼ਤਰੇ ’ਚ ਪੈ ਗਈ ਹੈ।
ਸ਼ਿਵਾਲਿਕ ਪਹਾੜੀਆਂ ਨੂੰ ਨਸ਼ਟ ਕਰਨ ਦੇ ਅਮਲ
ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵੱਖ-ਵੱਖ ਪਾਸਿਆਂ ਤੋਂ ਜਾਂਦਿਆਂ ਸਭ ਤੋਂ ਪਹਿਲਾਂ ਸਵਾਗਤ ਕਰਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਨਸ਼ਟ ਕਰਨ ਦੇ ਅਮਲ ਵਿਚ ਕਿੱਤਾਮੁਖੀ ਕਾਲਜਾਂ, ਕਰੈਸ਼ਰਾਂ ਅਤੇ ਢਾਬਿਆਂ ਵਲੋਂ ਵੀ ਆਪਣੀ ਕੋਈ ਕਸਰ ਨਹੀਂ ਛੱਡੀ ਗਈ। ਇਹ ਸਾਰਾ ਉਹ ਖੇਤਰ ਹੈ, ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਦੇ ਪਹਾੜੀ ਰਸਤਿਆਂ ਵਿਚ ਕਿਸੇ ਵੇਲੇ ਪ੍ਰਕਿਰਤਕ ਨਜ਼ਾਰਿਆਂ ਨਾਲ ਕਿਸੇ ਵੀ ਯਾਤਰੂ ਨੂੰ ਵਿਸਮਾਦਿਤ ਕਰ ਦਿੰਦਾ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਯਾਤਰੂ ਦੇ ਮੂੰਹੋਂ ਆਪ ਮੁਹਾਰੇ ਨਿਕਲਦਾ ਸੀ, ‘‘ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।’’ ਇਕ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਪਠਾਨਕੋਟ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤਕ ਸਿਰਫ਼ ਇਹੀ ਨੀਮ ਪਹਾੜੀਆਂ ਦਾ ਛੋਟਾ ਜਿਹਾ ਖੇਤਰ ਪੰਜਾਬ ਕੋਲ ਹੈ ਅਤੇ ਦੂਜਾ ਜ਼ੁਲਮ ਵਿਰੁੱਧ ਦੁਨੀਆ ਦੇ ਲਾਸਾਨੀ ਇਨਕਲਾਬ ਦੀ ਪ੍ਰਤੀਕ ਅਤੇ ਗਵਾਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਜਿਸ ਵਿਰਾਸਤ ਨੂੰ ਸੰਭਾਲਣ ਦੀ ਲੋੜ ਸੀ, ਅਸੀਂ ਉਸ ਨੂੰ ਆਧੁਨਿਕ ਵਿਕਾਸ ਦੀ ਭੇਟ ਚੜ੍ਹਾ ਕੇ ਆਪਣਾ ਅਨਮੋਲ ਇਤਿਹਾਸ ਖ਼ਤਮ ਕਰ ਰਹੇ ਹਾਂ।
ਜੜ੍ਹੀਆਂ-ਬੂਟੀਆਂ ਹੋਈਆਂ ਖ਼ਤਮ
ਸ੍ਰੀ ਅਨੰਦਪੁਰ ਸਾਹਿਬ ਤੋਂ ਉੱਤਰ-ਪੂਰਬ ਵੱਲ ਜਿਸ ਪਹਾੜੀ ਖੇਤਰ ਨੂੰ ਅੱਜ ਚੰਗਰ ਆਖਿਆ ਜਾਂਦਾ ਹੈ, ਉਹ ਖੇਤਰ ਕਿਸੇ ਵੇਲੇ ਦੁਰਲੱਭ ਕੁਦਰਤੀ ਜੜ੍ਹੀਆਂ-ਬੂਟੀਆਂ ਲਈ ਜਾਣਿਆ ਜਾਂਦਾ ਸੀ। ਅੱਠਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਿਸ਼ਨ ਸਾਹਿਬ ਜੀ ਵਲੋਂ ਕੀਰਤਪੁਰ ਸਾਹਿਬ ਵਿਖੇ ਦਵਾਖਾਨਾ ਖੋਲ੍ਹਿਆ ਗਿਆ ਸੀ, ਜਿਸ ਵਿਚ ਦਵਾ-ਦਾਰੂ ਤਿਆਰ ਕਰਨ ਲਈ ਇਨ੍ਹਾਂ ਪਹਾੜਾਂ ਤੋਂ ਹੀ ਦੁਰਲੱਭ ਜੜ੍ਹੀਆਂ-ਬੂਟੀਆਂ ਮੰਗਵਾਈਆਂ ਜਾਂਦੀਆਂ ਸਨ। ਕਾਇਨਾਤ ਨਾਲ ਛੇੜਛਾੜ ਸਦਕਾ ਇਹ ਦੁਰਲੱਭ ਬੂਟੀਆਂ ਵੀ ਅਲੋਪ ਹੋ ਰਹੀਆਂ ਹਨ। ਸਾਲ 1998 ’ਚ ‘ਵਰਲਡ ਵਾਈਡ ਲਾਈਫ਼ ਫ਼ਾਊਂਡੇਸ਼ਨ’ (ਡਬਲਿਯੂ. ਡਬਲਿਯੂ. ਐਫ਼.) ਅਤੇ ਦਿੱਲੀ ਦੀ ‘ਹਮਦਰਦ ਯੂਨੀਵਰਸਿਟੀ’ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਕੀਤੀ ਖੋਜ ’ਚ ਖੁਲਾਸਾ ਹੋਇਆ ਸੀ ਕਿ ਇਸ ਖੇਤਰ ਵਿਚ 87 ਕਿਸਮ ਦੀਆਂ ਦੁਨੀਆ ਦੀਆਂ ਦੁਰਲੱਭ ਅਤੇ ਕੀਮਤੀ ਜੜ੍ਹੀਆਂ-ਬੂਟੀਆਂ ਮੌਜੂਦ ਹਨ। ਖ਼ਦਸ਼ਾ ਹੈ ਕਿ ਇਸ ਇਲਾਕੇ ਦੀਆਂ ਪਹਾੜੀਆਂ ਨੂੰ ਨਸ਼ਟ ਕਰਨ ਦੇ ਰੁਝਾਨ ਦੌਰਾਨ ਇਹ ਦੁਰਲੱਭ ਜੜ੍ਹੀਆਂ-ਬੂਟੀਆਂ ਵੀ ਅਲੋਪ ਹੋ ਸਕਦੀਆਂ ਹਨ। ਕਿੰਨਾ ਚੰਗਾ ਹੁੰਦਾ ਜੇਕਰ ਸਰਕਾਰ ਇੱਥੇ ਜੜ੍ਹੀਆਂ-ਬੂਟੀਆਂ ਦੀ ਖੋਜ ਅਤੇ ਉਪਜ ਲਈ ਇਕ ਕੌਮੀ ਪੱਧਰ ਦਾ ‘ਹਰਬਲ ਖੋਜ ਤੇ ਵਿਕਾਸ ਇੰਸਟੀਚਿਊਟ’ ਖੋਲ੍ਹਦੀ ਅਤੇ ਦੁਨੀਆ ਭਰ ਤੋਂ ਹਰਬਲ ਦਵਾਈਆਂ ਦੇ ਖੋਜੀ ਇਥੇ ਆਪਣੀ ਖੋਜ ਕਰਨ ਲਈ ਆਉਂਦੇ, ਜਿਸ ਨਾਲ ਨਾ-ਸਿਰਫ਼ ਇਸ ਖੇਤਰ ਦੀਆਂ ਦੁਰਲੱਭ ਜੜ੍ਹੀਆਂ-ਬੂਟੀਆਂ ਦੀ ਸਦਵਰਤੋਂ ਹੁੰਦੀ ਸਗੋਂ ਇਨ੍ਹਾਂ ਜੜ੍ਹੀਆਂ-ਬੂਟੀਆਂ ਦੀ ਉਪਜ ਨਾਲ ਇਸ ਖੇਤਰ ਦੇ ਆਰਥਿਕ ਤੌਰ ’ਤੇ ਪੱਛੜੇ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲ ਸਕਦਾ ਸੀ।
‘ਵਿਸ਼ੇਸ਼ ਕੁਦਰਤੀ ਜ਼ੋਨ’ਵਜੋਂ ਦਿੱਤੀ ਜਾਵੇ ਮਾਨਤਾ
ਸੁਰੱਖਿਆ ਦਿ੍ਰਸ਼ਟੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਧਰਤੀ ਵਿਸ਼ੇਸ਼ ਮਹੱਤਤਾ ਦੀ ਧਾਰਨੀ ਰਹੀ ਹੈ। ‘ਚੱਕ ਨਾਨਕੀ’ ਨੂੰ ਦੋ ਪਾਸੇ ਚਰਨ ਗੰਗਾ ਨਾਲੇ ਦੀ ਹਿਫ਼ਾਜ਼ਤ ਸੀ। ਇਕ ਵੱਡਾ ਸਾਰਾ ‘ਹਿਮੈਤੀ ਨਾਲਾ’ ਵੀ ਕਿਲ੍ਹਾ ਅਨੰਦਗੜ੍ਹ ਵਾਲੇ ਪਾਸੇ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਦੁਸ਼ਮਣ ਤੋਂ ਸੁਰੱਖਿਆ ਪ੍ਰਦਾਨ ਕਰਦਾ ਸੀ। ਇਕ ਪਾਸੇ ਦਰਿਆ ਸਤਲੁਜ ਵਗਦਾ ਸੀ, ਜੋ ਹੁਣ ਦੋ-ਤਿੰਨ ਕਿਲੋਮੀਟਰ ਦੂਰ ਚਲਾ ਗਿਆ ਹੈ। ਤੀਜੇ ਪਾਸੇ ਮੌਜੂਦਾ ‘ਕੇਸਗੜ੍ਹ’ ਅਤੇ ‘ਅਨੰਦਗੜ੍ਹ’ ਤਕ ਇਕ ਵੱਡਾ ਪਹਾੜ ਵੀ ਨਗਰ ਦੀ ਹਿਫ਼ਾਜ਼ਤ ਕਰਦਾ ਸੀ। ਇਸ ਵਿੱਚੋਂ ਬਹੁਤੇ ਪਹਾੜ ਅਤੇ ਖੱਡਾਂ, ਚੋਆਂ ਹੁਣ ਨਹੀਂ ਰਹੇ। ਪਰ ਜੇਕਰ ਹੁਣ ਵੀ ਬਚਦੀ ਭੂਗੋਲਿਕ ਵਿਰਾਸਤ ਨੂੰ ਹੂਬਹੂ ਬਰਕਰਾਰ ਰੱਖਿਆ ਜਾਵੇ ਤਾਂ ਇਹ ਸਾਡੀਆਂ ਯੂਨੀਵਰਸਿਟੀਆਂ ਦੇ ਡਿਫੈਂਸ ਸਟੱਡੀ ਦੇ ਵਿਦਿਆਰਥੀਆਂ ਲਈ ਖੋਜ ਦਾ ਕੇਂਦਰ ਬਣਾਇਆ ਜਾ ਸਕਦਾ ਹੈ ਅਤੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਰੱਖਿਆ ਅਤੇ ਯੁੱਧ ਨੀਤੀ ਨੂੰ ਸਮਝਣ ਲਈ ਸਹਾਈ ਹੋ ਸਕਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਆਸ-ਪਾਸ ਦੇ ਖੇਤਰ ਨੂੰ ਵਿਸ਼ੇਸ਼ ਜੰਗਲਾਤ ਐਕਟ ਦੇ ਅਧੀਨ ਲੈ ਕੇ ਇੱਥੋਂ ਦੀਆਂ ਪਹਾੜੀਆਂ, ਚੋਆਂ, ਖੱਡਾਂ ਅਤੇ ਜੰਗਲਾਂ ਦੇ ਹੋ ਰਹੇ ਖ਼ਾਤਮੇ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਅੱਜ ਦੇ ਯੁੱਗ ਵਿਚ ਜਦੋਂ ਗੁਆਚ ਰਹੀ ਜੰਗਲਾਂ ਦੀ ਹੋਂਦ ਕਾਰਨ ਵਿਸ਼ਵ ਪੱਧਰ ’ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਉੱਭਰ ਰਹੀ ਹੈ ਤਾਂ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਰੂਪ ’ਚ ਮੌਜੂਦ ਕੁਦਰਤੀ ਵਿਰਾਸਤ ਦੇ ਨਾਯਾਬ ਖ਼ਜ਼ਾਨੇ ਨੂੰ ਬਚਾਉਣ ਲਈ ਗੰਭੀਰ ਹੋਣਾ ਚਾਹੀਦਾ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ ਸਦਾ ਲਈ ਪ੍ਰਦੂਸ਼ਣ ਮੁਕਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਰੱਖਣ ਲਈ ‘ਵਿਸ਼ੇਸ਼ ਕੁਦਰਤੀ ਜ਼ੋਨ’ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਕੁਦਰਤੀ ਖ਼ਾਸੇ ਨੂੰ ਆਧੁਨਿਕ ਵਿਕਾਸ ਦੀ ਭੇਟ ਨਹੀਂ ਚੜ੍ਹਨ ਦੇਣਾ ਚਾਹੀਦਾ। ਮਸਨੂਈ ਵਿਰਾਸਤੀ ਭਵਨ ਉਸਾਰਨ ਦੀ ਥਾਂ ਸਿੱਖ ਵਿਰਾਸਤ, ਕੁਦਰਤੀ ਖਜ਼ਾਨਾ, ਪੁਰਾਤਨ ਚਿਕਿਤਸਕ ਔਸ਼ਧੀਆਂ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਭਰੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਭੂਗੋਲਿਕ ਤੇ ਕੁਦਰਤੀ ਵਿਰਾਸਤ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਖੂਹਾਂ ਤੇ ਸਰੋਵਰਾਂ ਦੀ ਭਰਮਾਰ
ਹਿੰਦੀ ਦੇ ਪ੍ਰਸਿੱਧ ਕਵੀ ਚੰਦਰ ਸ਼ੇਖਰ ਬਾਜਪਾਈ ਸ੍ਰੀ ਅਨੰਦਪੁਰ ਸਾਹਿਬ ਦੀ ਕੁਦਰਤੀ ਸੰੁਦਰਤਾ ਦੇ ਨਜ਼ਾਰੇ ਦਾ ਨਕਸ਼ਾ ਖਿੱਚਦਿਆਂ ਇਉ ਲਿਖਦੇ ਹਨ, ‘‘ਨੇੜੇ ਦਰਿਆ ਵਿੱਚੋਂ ਉੱਠਦੀ ਮਿਰਗ ਜਲ ਦੀ ਲਹਿਰ ’ਤੇ ਅੱਖ ਨਹੀਂ ਟਿਕਦੀ। ਦਰਿਆ ਕਿਨਾਰੇ ਧਾਮ ਬਣਾ ਕੇ ਉੱਤੇ ਧਰਮ ਧੁਜਾਵਾਂ ਝੁਲਾ ਦਿੱਤੀਆਂ ਹਨ। ਬਾਗ਼ਾਂ ਦਾ ਨਗਰ ਹੈ, ਵਣ ਨਾਲ ਘਿਰਿਆ ਹੈ। ਖੂਹ ਤੇ ਸਰੋਵਰਾਂ ਦੀ ਇੰਨੀ ਭਰਮਾਰ ਹੈ ਕਿ ਸਾਗਰ ਦਾ ਝਉਲਾ ਪੈਂਦਾ ਹੈ। ਬਾਜ਼ਾਰ ਸੋਹਣੇ, ਦੁਕਾਨਾਂ ਉੱਚੀਆਂ ਤੇ ਉਨ੍ਹਾਂ ਵਿਚੋਂ ਹਰ ਸ਼ੈ ਮਿਲਦੀ ਹੈ। ਚਾਰ ਵਰਣ, ਚਾਰ ਆਸ਼ਰਮ ਹੀ ਅਨੰਦ ਪਾਉਦੇ ਹਨ।’’
ਖੁਰ ਗਈ ਪਹਾੜੀ ਦੀ ਚੋਟੀ
ਕਈ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਹਨ ਕਿ ਪੰਜ ਪਿਆਰੇ ਸਾਜਣ ਵੇਲੇ ਜਿਸ ਤੰਬੂ ਵਿੱਚੋਂ ਦਸਮ ਪਿਤਾ ਨੇ ਖੜ੍ਹੇ ਹੋ ਕੇ ਸੀਸ ਦੀ ਮੰਗ ਕੀਤੀ ਸੀ, ਉਹ ਪਹਾੜੀ ਦੀ ਚੋਟੀ ਖੁਰ ਕੇ ਅਲੋਪ ਹੋ ਚੁੱਕੀ ਹੈ। ਇਸੇ ਤਰ੍ਹਾਂ ਆਸਪਾਸ ਦੀਆਂ ਨੀਮ ਪਹਾੜੀਆਂ, ਖੱਡਾਂ ਅਤੇ ਚੋਆਂ, ਜਿਹੜੀਆਂ ਕਿਸੇ ਵੇਲੇ ਖ਼ਾਲਸੇ ਦੀਆਂ ਮੁਗ਼ਲ ਹਕੂਮਤ ਨਾਲ ਫ਼ੈਸਲਾਕੁੰਨ ਜੰਗਾਂ ਦੀਆਂ ਚਸ਼ਮਦੀਦ ਗਵਾਹ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਅੱਜ ਲੋਪ ਹੋ ਚੁੱਕੀਆਂ ਹਨ। ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚਾਲੇ ਡੂੰਘੀਆਂ ਖੱਡਾਂ ਅਤੇ ਉਚੀਆਂ ਪਹਾੜੀਆਂ ਹੁੰਦੀਆਂ ਸਨ, ਜਿਹੜੀਆਂ ਕਿ ਗੁਰੂ-ਕਾਲ ਵੇਲੇ ਨਗਰ ਦੀ ਕਿਸੇ ਬਾਹਰੀ ਹਮਲੇ ਤੋਂ ਇਕ ਕੰਧ ਵਾਂਗ ਹਿਫ਼ਾਜ਼ਤ ਕਰਦੀਆਂ ਸਨ, ਪਰ 1972-73 ਵੇਲੇ ਮਨੁੱਖੀ ਸਹੂਲੀਅਤ ਲਈ ਇਨ੍ਹਾਂ ਦੋਵਾਂ ਅਸਥਾਨਾਂ ਵਿਚਾਲੇ ਸੜਕ ਦੀ ਉਸਾਰੀ ਸ਼ੁਰੂ ਕਰਵਾਈ ਗਈ ਤਾਂ ਕਾਫ਼ੀ ਹੱਦ ਤਕ ਇਨ੍ਹਾਂ ਕੁਦਰਤੀ ਪਹਾੜੀਆਂ ਅਤੇ ਖੱਡਾਂ ਨੂੰ ਖ਼ਤਮ ਕਰ ਦਿੱਤਾ ਗਿਆ। ਇਤਿਹਾਸਕ ‘ਚਰਨ ਗੰਗਾ’ ਵੀ ਅਣਗਹਿਲੀ ਕਾਰਨ ਦੂਸ਼ਿਤ ਤੇ ਲਗਾਤਾਰ ਸੌੜੀ ਹੁੰਦੀ ਜਾ ਰਹੀ ਹੈ। ਵਿਰਾਸਤੀ ਇਮਾਰਤਾਂ ਦੀ ਹੋਂਦ ਖ਼ਤਮ ਹੋਣ ਤੋਂ ਬਾਅਦ ਜੇਕਰ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਤੇ ਵਿਰਾਸਤ ਦੀ ਬਾਤ ਪਾਉਦਾ ਕੁਝ ਬਚਿਆ ਸੀ ਤਾਂ ਉਹ ਇੱਥੋਂ ਦੀਆਂ ਪਹਾੜੀਆਂ, ਖੱਡਾਂ ਅਤੇ ਜੰਗਲ ਹੀ ਸਨ ਪਰ ਇਨ੍ਹਾਂ ਦਾ ਬਹੁਤਾ ਹਿੱਸਾ ਵੀ ਖ਼ਾਲਸਾ ਪੰਥ ਦੀ ਸਾਜਨਾ ਦੇ 1999 ਵਿਚ ਮਨਾਏ ਗਏ 300 ਸਾਲਾ ਸ਼ਤਾਬਦੀ ਜਸ਼ਨਾਂ ਤੋਂ ਪਹਿਲਾਂ ਸੜਕਾਂ ਦੇ ਵਿਸਥਾਰ ਅਤੇ ਹੋਰ ਇਮਾਰਤਾਂ ਦੀ ਉਸਾਰੀ ਕਾਰਨ ਲੋਪ ਹੋ ਗਿਆ।
ਅਣਗਹਿਲੀ ਦੀ ਭੇਟ ਚੜ੍ਹੀਆਂ ਇਤਿਹਾਸਕ ਨਿਸ਼ਾਨੀਆਂ
ਸ਼ਹਿਰ ਦੇ ਕਈ ਵਸਨੀਕ ਬਜ਼ੁਰਗ ਦੱਸਦੇ ਹਨ ਕਿ ਜਿਸ ਜਗ੍ਹਾ ’ਤੇ ਗੁਰਦੁਆਰਾ ਭੋਰਾ ਸਾਹਿਬ (ਗੁਰੂ ਕੇ ਮਹਿਲ) ਸੁਸ਼ੋਭਿਤ ਹੈ, ਉਸ ਦੇ ਨਾਲ ਹੀ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਤਕ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਵਾਲਾ ਇਕ ਪੁਰਾਤਨ ਕਮਰਾ ਮੌਜੂਦ ਸੀ ਪਰ ਗੁਰਦੁਆਰਾ ਭੋਰਾ ਸਾਹਿਬ ਦੀ ਇਮਾਰਤ ਉਸਾਰੀ ਵੇਲੇ ਇਸ ਦੀ ਹੋਂਦ ਕਾਰ-ਸੇਵਾ ਵਾਲੇ ਬਾਬਿਆਂ ਨੇ ਖ਼ਤਮ ਕਰ ਦਿੱਤੀ।
ਗੁੰਮ ਰਹੀ ਕੁਦਰਤੀ ਵਿਰਾਸਤ
ਭਾਵੇਂ ਸਿੱਖ ਕੌਮ ਨੇ ਗੁਰਦੁਆਰੇ ਉਸਾਰਨ ਵਿਚ ਦੁਨੀਆ ਦੇ ਬਾਕੀ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਤੋਂ ਅੱਗੇ ਹੋਣ ਦਾ ਰਿਕਾਰਡ ਕਾਇਮ ਕੀਤਾ ਹੈ, ਪਰ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਸਿੱਖ ਹਮੇਸ਼ਾ ਅਵੇਸਲੇ ਹੀ ਰਹੇ ਹਨ। ਇਸੇ ਅਵੇਸਲੇਪਣ ਕਾਰਨ ਪਹਿਲਾਂ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਨ ਵਾਲੀ ਕੰਧ, ਚਮਕੌਰ ਦੀ ਕੱਚੀ ਗੜ੍ਹੀ, ਸੁਲਤਾਨਪੁਰ ਲੋਧੀ ’ਚ ਬੇਬੇ ਨਾਨਕੀ ਦਾ ਪੁਰਾਤਨ ਘਰ ਅਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਵਿਰਾਸਤਾਂ ਗੁਰਦੁਆਰਿਆਂ ਦੇ ਸੰਗਮਰਮਰੀ ਵਿਕਾਸ ਦੀ ਭੇਟ ਚੜ੍ਹਾਈਆਂ ਹਨ ਅਤੇ ਹੁਣ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਕੁਦਰਤੀ ਵਿਰਾਸਤ ਵੀ ਖੁਰਦੀ ਪ੍ਰਤੀਤ ਹੋ ਰਹੀ ਹੈ।
ਗੁਰਦੁਆਰਾ ਸੀਸ ਗੰਜ ਸਾਹਿਬ ਦਾ ਪੁਰਾਤਨ ਥੜ੍ਹਾ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਜਾਣ ਤੋਂ ਬਾਅਦ ‘ਪੰਜ ਕਿਲ੍ਹੇ’ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਮਜ਼ਬੂਤ ਕਿਲ੍ਹੇ ਸਮੇਤ ਬਹੁਤ ਸਾਰੀਆਂ ਥਾਵਾਂ ਵੀ ਪਹਾੜੀ ਰਾਜਿਆਂ ਨੇ ਦਸੰਬਰ 1705-ਜਨਵਰੀ 1706 ਦੇ ਆਸ-ਪਾਸ ਬਿਲਕੁਲ ਢਾਹ ਦਿੱਤੀਆਂ ਸਨ, ਕਿਉਕਿ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੂੰ ਖ਼ਤਰਾ ਸੀ ਕਿ ਕਿਤੇ ਦਸਮ ਪਾਤਸ਼ਾਹ ਮੁੜ ਵਾਪਸ ਆ ਕੇ ਉਨ੍ਹਾਂ ਕਿਲ੍ਹਿਆਂ ’ਤੇ ਕਬਜ਼ਾ ਨਾ ਕਰ ਲੈਣ। ਗੁਰੂ ਸਾਹਿਬ ਵੇਲੇ ਦੀਆਂ ਇੱਥੇ ਸਿਰਫ਼ ਕੁਝ ਕੁ ਇਮਾਰਤਾਂ ਹੀ ਬਚੀਆਂ ਸਨ, ਜਿਨ੍ਹਾਂ ਵਿੱਚੋਂ ਵੀ ਅੱਜ ਸਿਰਫ਼ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਪੁਰਾਤਨ ਥੜ੍ਹਾ ਹੀ ਮੌਜੂਦ ਹੈ, ਜਿਹੜਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਵਾਲੀ ਥਾਂ ’ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਤਾਮੀਰ ਕਰਵਾਇਆ ਸੀ। ਗੁਰਦੁਆਰਿਆਂ ਨੂੰ ਪੱਕੇ ਅਤੇ ਸੰਗਮਰਮਰੀ ਬਣਾਉਣ ਦੀ ਕਾਰ-ਸੇਵਾ ਵੇਲੇ ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਦੀਆਂ ਬਚੀਆਂ ਕੁਝ ਅਹਿਮ ਨਿਸ਼ਾਨੀਆਂ ਵੀ ਅਣਗਹਿਲੀ ਦੀ ਭੇਟ ਚੜ੍ਹ ਗਈਆਂ।
- ਤਲਵਿੰਦਰ ਸਿੰਘ ਬੁੱਟਰ