ਹਰ ਧਰਮ ਦੇ ਕੁਝ ਬੁਨਿਆਦੀ ਸਿਧਾਂਤ ਜਾਂ ਨਿਯਮ ਹੁੰਦੇ ਹਨ ਜੋ ਉਸ ਦੀ ਵਿਲੱਖਣਤਾ ਦੀ ਹਾਮੀ ਭਰਦੇ ਹਨ। ਅਰਬ ਜਗਤ ਵਿਚ ਪੈਦਾ ਹੋਇਆ ਇਸਲਾਮ ਦੁਨੀਆ ਦਾ ਸਿਰ-ਕੱਢਵਾਂ ਧਰਮ ਹੈ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਇਸ ਦੇ ਅਨੁਯਾਈਆਂ ਲਈ ਕੁਝ ਅਸੂਲ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇਸਲਾਮ ਦੇ ਥੰਮ੍ਹ ਕਿਹਾ ਜਾਂਦਾ ਹੈ। ਇਨ੍ਹਾਂ ਅਸੂਲਾ ਕਾਰਨ ਹੀ ਇਸਲਾਮ ਸੰਸਾਰ ਦੇ ਬਾਕੀ ਧਰਮਾਂ 'ਚ ਇਕ ਸਤਿਕਾਰਯੋਗ ਪਛਾਣ ਰੱਖਦਾ ਹੈ। ਇਸਲਾਮ ਦੇ ਇਹ ਅਸੂਲ ਹਨ :

ਈਮਾਨ

ਈਮਾਨ ਦਾ ਅਰਥ 'ਵਿਸ਼ਵਾਸ' ਜਾਂ 'ਯਕੀਨ' ਹੈ। ਹਰ ਮੁਸਲਮਾਨ ਨੇ ਆਪਣੀ ਜ਼ਿੰਦਗੀ 'ਚ ਇਹ ਗੱਲ ਯਕੀਨੀ ਬਣਾਉਣੀ ਹੈ ਕਿ ਅੱਲ੍ਹਾ ਇਕ ਹੈ ਅਤੇ ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ। ਉਹ ਸੱਤਵੇਂ ਆਸਮਾਨ 'ਤੇ ਰਹਿੰਦਾ ਹੈ। ਇਸ ਤੋਂ ਇਲਾਵਾ ਹਜ਼ਰਤ ਮੁਹੰਮਦ ਸਾਹਿਬ ਦੇ ਅੱਲ੍ਹਾ ਦਾ ਰਸੂਲ ਹੋਣ ਦਾ ਵੀ ਵਿਸ਼ਵਾਸ ਬਣਾ ਕੇ ਰੱਖਣਾ ਹੈ। ਇਸੇ ਲਈ ਹਰ ਮੁਸਲਮਾਨ ਕਲਮੇ ਵਿਚ ਉਚਾਰਦਾ ਹੈ -'ਲਾ ਇਲਾਹ ਇਲ ਅੱਲਾਹ ਮੁਹੰਮਦ ਉਲ ਰਸੂਲ ਅੱਲ੍ਹਾ।' ਇਸ ਤਰ੍ਹਾਂ ਹਰ ਮੁਸਲਮਾਨ ਲਈ ਅੱਲ੍ਹਾ, ਉਸ ਦੇ ਫ਼ਰਿਸ਼ਤਿਆਂ, ਉਸ ਦੇ ਰਸੂਲ ਅਤੇ ਪਵਿੱਤਰ ਗ੍ਰੰਥ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ।

ਸਲਾਤ ਜਾਂ ਨਮਾਜ਼

ਸਲਾਤ ਤੋਂ ਭਾਵ ਹੈ ਝੁਕਣਾ। ਸਲਾਤ ਇਸਲਾਮੀ ਭਾਈਚਾਰੇ ਦਾ ਅੱਲ੍ਹਾ ਦੀ ਇਬਾਦਤ ਦਾ ਢੰਗ ਹੈ। ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਿਤ ਵੱਖ-ਵੱਖ ਸਮਿਆਂ 'ਤੇ ਪੰਜ ਨਮਾਜ਼ਾਂ ਪੜ੍ਹਨੀਆਂ ਜ਼ਰੂਰੀ ਹਨ। ਇਨ੍ਹਾਂ ਨਮਾਜ਼ਾਂ ਵਿਚ 'ਨਮਾਜ਼-ਏ-ਫ਼ਜ਼ਰ' (ਸੂਰਜ ਨਿਕਲਣ ਤੋਂ ਪਹਿਲਾਂ), 'ਨਮਾਜ਼-ਏ-ਜ਼ੁਹਰ' (ਦੁਪਹਿਰ ਵਕਤ), 'ਨਮਾਜ਼-ਏ-ਅਸਰ' (ਦੁਪਹਿਰ ਤੋਂ ਬਾਅਦ), 'ਨਮਾਜ਼-ਏ-ਮਗਰਿਬ' (ਸੂਰਜ ਛੁਪਣ ਤੋਂ ਬਾਅਦ) ਅਤੇ 'ਨਮਾਜ਼-ਏ-ਇਸ਼ਾ' (ਰਾਤ ਸਮੇਂ) ਵਰਨਣਯੋਗ ਹਨ। ਇਨ੍ਹਾਂ ਤੋਂ ਇਲਾਵਾ ਜੁਮੇ ਦੀ ਨਮਾਜ਼, ਈਦ ਦੀ ਨਮਾਜ਼ ਤੇ ਜਨਾਜ਼ੇ ਦੀ ਨਮਾਜ਼ ਤਹਿਸ਼ੁਦਾ ਸਮੇਂ 'ਤੇ ਪੜ੍ਹੀਆਂ ਜਾਂਦੀਆਂ ਹਨ। ਸਾਰੀਆਂ ਨਮਾਜ਼ਾਂ ਕਾਅਬੇ ਵੱਲ ਮੂੰਹ ਕਰ ਕੇ ਪੜ੍ਹੀਆਂ ਜਾਂਦੀਆਂ ਹਨ। ਜੇ ਕਿਸੇ ਨਮਾਜ਼ ਦਾ ਵਕਤ ਲੰਘ ਜਾਵੇ ਤਾਂ ਕਜ਼ਾ ਹੋ ਜਾਂਦੀ ਹੈ।

ਜ਼ਕਾਤ

ਜ਼ਕਾਤ ਤੋਂ ਭਾਵ ਹੈ ਦਾਨ ਦੇਣਾ। ਦਾਨ ਹਮੇਸ਼ਾ ਉਨ੍ਹਾਂ ਵਸਤਾਂ ਜਾਂ ਦੌਲਤ 'ਚੋਂ ਦੇਣਾ ਹੁੰਦਾ ਹੈ ਜੋ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਉਪਰੰਤ ਕਿਸੇ ਮੁਸਲਮਾਨ ਕੋਲ ਬਚ ਜਾਂਦੀਆਂ ਹਨ। ਇਹ ਦਾਨ ਕਿਸੇ ਦੇਸ਼ ਦੀ ਮੁਦਰਾ ਤਕ ਹੀ ਸੀਮਤ ਨਹੀਂ ਸਗੋਂ ਸੋਨਾ, ਚਾਂਦੀ, ਭੇਡ-ਬੱਕਰੀ ਜਾਂ ਕਿਸੇ ਹੋਰ ਪਦਾਰਥ ਦੇ ਰੂਪ 'ਚ ਵੀ ਹੋ ਸਕਦਾ ਹੈ। ਹਰੇਕ ਮੁਸਲਮਾਨ ਨੇ ਇਹ ਜ਼ਕਾਤ ਆਪਣੇ ਭਾਈਚਾਰੇ ਦੀ ਭਲਾਈ ਤੇ ਇਸਲਾਮ ਦੇ ਪ੍ਰਚਾਰ-ਪ੍ਰਸਾਰ ਲਈ ਦੇਣਾ ਹੁੰਦਾ ਹੈ। ਇਹ ਉਸ ਦੀ ਨੇਕ ਕਮਾਈ ਦਾ 40ਵਾਂ ਹਿੱਸਾ ਹੁੰਦਾ ਹੈ। ਦਾਨੀ ਦੇ ਮਨ 'ਚ ਕਿਸੇ ਕਿਸਮ ਦਾ ਹੰਕਾਰ ਨਹੀਂ ਹੋਣਾ ਚਾਹੀਦਾ।

ਰੋਜ਼ਾ

ਰਮਜ਼ਾਨ ਦੇ ਮਹੀਨੇ ਹਰ ਸੱਚਾ ਮੁਸਲਮਾਨ ਖ਼ੁਦਾ ਦੀ ਬੰਦਗੀ ਲਈ 30 ਰੋਜ਼ੇ ਰੱਖਦਾ ਹੈ। ਰੋਜ਼ਾ ਕੇਵਲ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ ਸਗੋਂ ਇਹ ਆਤਮਾ ਦੀ ਸ਼ੁੱਧਤਾ ਵੀ ਹੈ। ਰੋਜ਼ੇ ਇਸ ਲਈ ਰੱਖੇ ਜਾਂਦੇ ਹਨ ਕਿਉਂਕਿ ਇਸ ਮਹੀਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਇਲਾਹੀ ਪੈਗ਼ਾਮ ਹਾਸਲ ਹੋਇਆ ਸੀ। ਇਸ ਲਈ ਹਰ ਮੁਸਲਮਾਨ ਰਮਜ਼ਾਨ ਦੇ ਮਹੀਨੇ ਆਪਣੇ ਮਨ 'ਤੇ ਕਾਬੂ ਪਾ ਕੇ ਮੁਹੰਮਦ ਸਾਹਿਬ ਵੱਲੋਂ ਦਿਖਾਏ ਸੱਚ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਕਰਦਾ ਹੈ। ਰੋਜ਼ੇ ਰੱਖਣ ਤੇ ਖੋਲ੍ਹਣ ਦਾ ਸਮਾਂ ਹਰ ਇਲਾਕੇ ਦਾ ਵੱਖ-ਵੱਖ ਹੁੰਦਾ ਹੈ।

ਹੱਜ

ਇਸਲਾਮ ਵਿਚ ਹੱਜ ਨੂੰ ਇਕ ਪਵਿੱਤਰ ਯਾਤਰਾ ਪ੍ਰਵਾਨ ਕੀਤਾ ਜਾਂਦਾ ਹੈ ਜੋ ਮੱਕਾ ਸਥਿਤ ਮੁਕੱਦਸ ਅਸਥਾਨ ਕਾਅਬੇ ਜਾ ਕੇ ਕੀਤੀ ਜਾਂਦੀ ਹੈ। ਇਹ ਯਾਤਰਾ ਮੁਸਲਮਾਨਾਂ ਨੂੰ ਨਵੀਂ ਹਯਾਤ ਬਖ਼ਸ਼ਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਮੱਕੇ ਦਾ ਹੱਜ ਕਰਨ ਵਾਲੇ ਯਾਤਰੀਆਂ ਦੇ ਪਿਛਲੇ ਸਾਰੇ ਪਾਪ ਧੋਤੇ ਜਾਂਦੇ ਹਨ। ਹੱਜ ਕਰਨ ਦਾ ਸਮਾਂ ਅਰਬੀ ਮਹੀਨਾ 'ਜ਼ਿਲਹਿੱਜਾ' ਹੈ। ਹੱਜ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰਲੇ ਤੇ ਹੇਠਲੇ ਭਾਗ ਨੂੰ ਢਕਣ ਲਈ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ ਅਤੇ ਅੱਲ੍ਹਾ ਦੀ ਸਿਫ਼ਤ-ਸਲਾਹ ਕਰਦੇ ਹਨ। ਪਵਿੱਤਰ ਕਾਅਬੇ ਦੀ ਇਕ ਦੀਵਾਰ ਵਿਚ ਇਕ ਪੱਥਰ ਸਥਾਪਿਤ ਹੈ, ਜਿਸ ਨੂੰ 'ਸੰਗ-ਏ-ਅਸਵਦ' ਆਖਦੇ ਹਨ। ਹਾਜੀਆਂ ਵੱਲੋਂ 'ਸੰਗ-ਏ-ਅਸਵਦ' ਨੂੰ ਪਿਆਰ ਤੇ ਸਤਿਕਾਰ ਨਾਲ ਚੁੰਮਿਆ ਜਾਂਦਾ ਹੈ। ਇਸ ਤੋਂ ਬਾਅਦ ਥੋੜ੍ਹੀ ਦੂਰੀ 'ਤੇ ਸਥਿਤ ਜਗ੍ਹਾ ਮੀਨਾਹ ਉਪਰ ਜਾ ਕੇ ਸ਼ੈਤਾਨ ਨੂੰ ਪੱਥਰ ਮਾਰੇ ਜਾਂਦੇ ਹਨ। ਜੇ ਕੋਈ ਮੁਸਲਮਾਨ ਜਿਸਮਾਨੀ ਤੌਰ 'ਤੇ ਹੱਜ ਕਰਨ ਤੋਂ ਅਸਮਰੱਥ ਹੈ ਪਰ ਉਸ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਹਾਜੀ ਨੂੰ ਹੱਜ 'ਤੇ ਭੇਜ ਸਕਦਾ ਹੈ। ਹਰ ਮੁਸਲਮਾਨ ਲਈ ਜੀਵਨ ਵਿਚ ਇਕ ਵਾਰ ਹੱਜ ਉੱਪਰ ਜਾਣਾ ਲਾਜ਼ਮੀ ਹੈ।

ਇਨ੍ਹਾਂ ਪੰਜ ਅਹਿਮ ਧਾਰਮਿਕ ਨਿਯਮਾਂ ਤੋਂ ਇਲਾਵਾ ਸੁੰਨਤ ਕਰਵਾਉਣੀ, ਦਾੜ੍ਹੀ ਨਹੀਂ ਕਟਵਾਉਣੀ, ਲਬਾਂ ਕਟਵਾਉਣੀਆਂ, ਸ਼ੁੱਕਰਵਾਰ ਨੂੰ ਪਵਿੱਤਰ ਦਿਨ ਤਸਲੀਮ ਕਰਨਾ, ਸੂਰ ਦਾ ਮਾਸ ਨਹੀਂ ਖਾਣਾ ਤੇ ਕਿਸੇ ਕੋਲੋਂ ਸੂਦ ਨਾ ਲੈਣਾ ਆਦਿ ਵੀ ਇਸਲਾਮੀ ਨਿਯਮਾਵਲੀ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦੀ ਪਾਲਣਾ ਹਰੇਕ ਮੁਸਲਮਾਨ ਆਪਣਾ ਫਰਜ਼ ਸਮਝਦਾ ਹੈ। ਉਸ ਵੱਲੋਂ ਨਿਭਾਏ ਜਾਂਦੇ ਇਹ ਫਰਜ਼ ਉਸ ਨੂੰ ਸੱਚ ਨਾਲ ਜੋੜੀ ਰੱਖਦੇ ਹਨ ਜੋ ਕਿ ਕਿਸੇ ਵੀ ਧਰਮ ਦਾ ਅੰਤਿਮ ਉਦੇਸ਼ ਹੁੰਦਾ ਹੈ। ਈਦ-ਉਲ-ਜੁਹਾ ਜਿਹੇ ਪਾਕ ਤਿਉਹਾਰ ਨੂੰ ਮਨਾਉਣਾ ਵੀ ਮੁਸਲਮਾਨ ਨੂੰ ਉਸ ਦੇ ਅੰਤਿਮ ਉਦੇਸ਼ ਖ਼ੁਦਾ ਦੀ ਪ੍ਰਾਪਤੀ ਤੇ ਉਸ ਦੀਆਂ ਰਹਿਮਤਾਂ ਵੱਲ ਲੈ ਕੇ ਜਾਣਾ ਹੀ ਹੈ।

ਰਮੇਸ਼ ਬੱਗਾ ਚੋਹਲਾ, 94631-32719

Posted By: Amita Verma