ਦਲ ਖ਼ਾਲਸਾ ਦੇ ਪਹਿਲੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ (Baba Jassa Singh Ahluwalia) ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ (Ahluwalia Misal) ਦੇ ਸੰਸਥਾਪਕ ਵੀ ਸਨ। 7 ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਾਬਾ ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ-ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ।

ਸਰਬੰਸਦਾਨੀ ਪਿਤਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ (Guru Gobind Singh Ji) ਮਹਿਲ ਮਾਤਾ ਸੁੰਦਰ ਕੌਰ ਜੀ ਹੱਥੀਂ ਪ੍ਰਵਾਨ ਚੜ੍ਹੇ, ਬੁੱਢਾ ਦਲ (Budha Dal) ਦੇ ਮੁਖੀ ਅਤੇ ਦਲ ਖ਼ਾਲਸਾ ਦੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ (Baba Jassa Singh Ahluwalia) ਨੂੰ ਯੁੱਧਵੀਰ ਅਤੇ ਪਰਮਵੀਰ ਵਜੋਂ ਸਿੱਖ ਇਤਿਹਾਸ ਵਿੱਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਬਾਬਾ ਜੱਸਾ ਸਿੰਘ ਦੀ ਅਗਵਾਈ ਵਿੱਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫ਼ਤਹਿ ਕੀਤਾ, ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨਉਲ ਕੌਮ ਵਜੋਂ ਨਿਵਾਜਿਆ ਗਿਆ।
ਦਸਮ ਪਾਤਸ਼ਾਹ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ. ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿੱਚ ਹੋਇਆ। ਬਾਬਾ ਜੱਸਾ ਸਿੰਘ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲੀ ਧਰਮੀ ਮਾਂ ਨੂੰ ਆਪਣੇ ਸਕੇ ਭਾਈ ਸ. ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਜੱਸਾ ਸਿੰਘ ਨੂੰ ਬਚਪਨ ਵਿੱਚ ਹੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿੱਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਾਬਾ ਜੱਸਾ ਸਿੰਘ ਦੀ ਸਾਂਭ ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਪੁੱਤਰਾਂ ਵਾਂਗ ਹੀ ਕੀਤਾ।
ਉਸ ਸਮੇਂ ਦੀ ਦੁਨਿਆਵੀ ਵਿੱਦਿਆ ਅਰਬੀ-ਫਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਸ. ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿੱਚ ਪ੍ਰਾਪਤ ਕੀਤੀ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿੱਚ ਹੀ ਬਿਤਾਇਆ। ਇਸ ਦੌਰਾਨ ਬਾਬਾ ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿੱਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਬਾਬਾ ਜੱਸਾ ਸਿੰਘ ਦੇ ਕਰਮ ਯੋਗੀ ਤੇ ਧਰਮੀ ਜੀਵਨ ਭਾਂਪਦਿਆਂ ਭਵਿੱਖ ਵਿੱਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੌਬ ਬਖ਼ਸ਼ਿਸ਼ ਵਜੋਂ ਦੇ ਕੇ ਨਿਵਾਜਿਆ ਗਿਆ। ਜਦੋਂ ਬਾਬਾ ਜੱਸਾ ਸਿੰਘ ਪੰਜਾਬ ਪੁੱਜੇ, ਆਉਂਦਿਆਂ ਹੀ ਸੇਵਾ ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਿਲ ਹੋ ਗਏ।
ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। 1748 ਈ: ਵਿੱਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨੇ ਬਾਬਾ ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰ ਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿੱਚ ਵੰਡੇ ਸਿੱਖਾਂ ਦੀ ਨਜ਼ਰ ਵਿੱਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖ਼ਾਲਸੇ ਦੇ ਜੁੜੇ ਇਕੱਠ ਵਿੱਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿੱਚ ਵੰਡ ਕੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ।
ਦਲ ਖ਼ਾਲਸਾ ਦੇ ਪਹਿਲੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ (Ahluwalia Misal) ਦੇ ਸੰਸਥਾਪਕ ਵੀ ਸਨ। 7 ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਾਬਾ ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ-ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ। ਇਸ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ, ਇਸ ਲਗਾਨ ਵਿੱਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਿਲ ਸਨ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਕੌਮ ਦੀ ਆਰਥਿਕ ਦਸ਼ਾ ਵਿੱਚ ਸੁਧਾਰ ਹੋਇਆ । 1757 ਈ: ਵਿੱਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਲਾਹੌਰ ਦੇ ਸੂਬੇਦਾਰ ਤੈਮੂਰ ਦੀ ਫ਼ੌਜ ਉੱਤੇ ਹਮਲਾ ਕਰ ਕੇ ਕਰਤਾਰਪੁਰ ਤੋਂ ਲੁੱਟ ਦਾ ਸਾਮਾਨ ਲੈ ਕੇ ਜਾਂਦੇ ਨੂੰ ਘੇਰ ਕੇ ਸਾਰਾ ਕੀਮਤੀ ਸਾਮਾਨ ਧਨ-ਦੌਲਤ ਖੋਹ ਲਿਆ, ਹੁਣ ਜਦੋਂ ਦੁਰਾਨੀ ਮੁੜ ਹਿੰਦੁਸਤਾਨ ’ਤੇ ਪੰਜਵਾਂ ਹਮਲਾ ਕਰਕੇ 1761 ਈ: ਵਿੱਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫ਼ੌਜ ਉੱਪਰ ਬਾਬਾ ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ ।
1761 ਈ: ਵਿੱਚ ਹੀ ਸ਼ੁਕਰਚਕੀਆ, ਕਨ੍ਹਈਆ ਅਤੇ ਭੰਗੀ ਮਿਸਲਾਂ ਦੇ ਸਿੱਖ ਸੂਰਬੀਰਾਂ ਨੂੰ ਲਾਹੌਰ ਦੇ ਅਫ਼ਗਾਨ ਸੂਬੇਦਾਰ ਖਵਾਜ਼ਾ ਉਬੇਦ ਖਾਨ ਨੂੰ ਗੁਜਰਾਂਵਾਲੇ ਨੇੜੇ ਲੱਕ-ਤੋੜਵੀਂ ਹਾਰ ਦੇ ਕੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਬਾਬਾ ਜੱਸਾ ਸਿੰਘ ਨੇ ਲਗਾਤਾਰ ਫ਼ਤਹਿ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਜਦੋਂ ਦੁਰਾਨੀ ਨੇ 1762 ਈ: ਵਿੱਚ ਵੱਡੀ ਫ਼ੌਜੀ ਤਾਕਤ ਨਾਲ ਹਿੰਦੁਸਤਾਨ ’ਤੇ ਹਮਲਾ ਕੀਤਾ ਉਸ ਸਮੇਂ ਦਲ ਖ਼ਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਨੇੜੇ ਕੁੱਪ-ਰਹੀੜਾ ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫ਼ੌਜੀ ਤਾਕਤ ਨਾਲ ਲਾਹੌਰ ਤੋਂ ਲਗਪਗ 36 ਘੰਟਿਆਂ ਵਿੱਚ ਢਾਈ ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੰਘ ਜਾਨ-ਹੂਲ ਕੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲੈ ਜਾ ਸਕੇ ਸਨ।
ਦੁਰਾਨੀ ਨੇ ਇਸ ਹਮਲੇ ਦੌਰਾਨ 21,000 ਤੋਂ 35,000 ਲਗਪਗ ਸਿੰਘਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ ਕੱਲ੍ਹ ਇਸ ਅਸਥਾਨ ’ਤੇ ਵੱਡੇ ਘੱਲੂਘਾਰੇ ਦੀ ਯਾਦ ਵਿੱਚ ਯਾਦਗਾਰੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਦੌਰਾਨ ਬਾਬਾ ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਬਾਬਾ ਜੱਸਾ ਸਿੰਘ ਨੇ ਸਿਆਣਪ ਅਤੇ ਮੁਖੀ ਸਿੱਖ ਆਗੂ ਵਜੋਂ ਦਲ ਖ਼ਾਲਸਾ ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿੱਚ ਸਰਹੰਦ ਉੱਤੇ ਹਮਲਾ ਕਰਕੇ ਅਫ਼ਗਾਨ ਫ਼ੌਜਦਾਰ ਜੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋ ਨਾਬੂਦ ਕਰ ਦਿੱਤਾ।
ਹੁਣ ਬਾਬਾ ਜੱਸਾ ਸਿੰਘ ਦੀ ਅਗਵਾਈ ਵਿੱਚ ਦਲ ਖ਼ਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖ਼ਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿੱਚ ਹਿੰਦੁਸਤਾਨ ’ਤੇ ਚੜ੍ਹਕੇ ਆਇਆ, ਤਾਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ, ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ, ਪਰ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। ਬਾਬਾ ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫ਼ਤਹਿ ਕਰਕੇ 1774 ਈ: ਵਿੱਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1779 ਈ: ਵਿੱਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖਾਨ ਨੇ ਪਟਿਆਲੇ ਦੇ ਰਾਜੇ ਸ. ਅਮਰ ਸਿੰਘ ਉਤੇ ਹਮਲਾ ਕੀਤਾ ਤਾਂ ਬਾਬਾ ਜੱਸਾ ਸਿੰਘ ਫ਼ੌਜ ਸਮੇਤ ਸ. ਅਮਰ ਸਿੰਘ ਦੀ ਸਹਾਇਤਾ ਲਈ ਆਇਆ। ਮੁਗ਼ਲ ਫ਼ੌਜਾਂ ਨੂੰ ਪਟਿਆਲੇ ਤੋਂ ਵਾਪਸ ਭੇਜ ਕੇ 7 ਲੱਖ ਹਰਜਾਨੇ ਵਜੋਂ ਪ੍ਰਾਪਤ ਕੀਤੇ। ਬਾਬਾ ਜੱਸਾ ਸਿੰਘ ਨੇ ਪੂਰੇ ਉੱਤਰੀ ਭਾਰਤ ਵਿੱਚ ਇਕ ਬਹਾਦਰ, ਅਣਖੀ ਅਤੇ ਦਲੇਰ ਜਰਨੈਲ ਵਜੋਂ ਮੁਗਲ ਅਤੇ ਅਫ਼ਗਾਨ ਸ਼ਕਤੀ ਨੂੰ ਵੰਗਾਰ ਕੇ ਸਿੱਖਾਂ ਦੀ ਆਜ਼ਾਦ ਹੋਂਦ ਨੂੰ ਕਾਇਮ ਕੀਤਾ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚੰਮ ਲਹਿਰਾਇਆ।
18ਵੀਂ ਸਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਨੂੰ ਸੁਨਹਿਰੀ ਹਰਫ਼ਾਂ ਵਿੱਚ ਯਾਦ ਕੀਤਾ ਜਾਂਦਾ ਹੈ, ਤਾਂ ਇਹ ਮਾਣ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਦਾ ਹੈ। ਜਦੋਂ ਪੰਜ ਪਿਆਰਿਆਂ ਵਿੱਚ ਅੰਮ੍ਰਿਤ ਛਕਾਉਣ ਲਈ ਬਾਬਾ ਜੱਸਾ ਸਿੰਘ ਸ਼ਾਮਿਲ ਹੁੰਦੇ ਸਨ ਤਾਂ ਵਹੀਰਾਂ ਘੱਤ ਕੇ ਸੰਗਤ ਅੰਮ੍ਰਿਤਪਾਨ ਕਰਦੀ ਸੀ। ਪਟਿਆਲੇ ਦੇ ਰਾਜੇ ਅਮਰ ਸਿੰਘ ਨੇ ਇਨ੍ਹਾਂ ਦੇ ਹੱਥੋਂ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 20 ਅਕਤੂਬਰ 1783 ਈ: ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਇਨ੍ਹਾਂ ਦੀ ਸਮਾਧ ਗੁ: ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ। ਬਾਬਾ ਜੱਸਾ ਸਿੰਘ ਦੀ ਯਾਦ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਮਨਾਈ ਜਾਂਦੀ ਹੈ। ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ।
• ਭਗਵਾਨ ਸਿੰਘ ਜੌਹਲ