ਭਗਤ ਨਾਮਦੇਵ ਜੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਪਿਤਾ ਦਾਮਸ਼ੇਟ ਤੇ ਮਾਤਾ ਗੋਨੀ ਬਾਈ ਦੇ ਗ੍ਰਹਿ ਵਿਖੇ 1270 ਈਸਵੀ 'ਚ ਹੋਇਆ। ਆਪ ਦਾ ਸੁਭਾਅ ਬਚਪਨ ਤੋਂ ਸਾਦਗੀ ਤੇ ਭਗਤੀ ਵਾਲਾ ਸੀ। ਕਿਸੇ ਵੀ ਦੁਨਿਆਵੀ ਪਿਤਾ ਵਾਂਗ ਆਪ ਜੀ ਦੇ ਪਿਤਾ ਜੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਕਿ ਆਪ ਵਪਾਰ ਆਦਿ ਕਰ ਕੇ ਗ੍ਰਹਿਸਤੀ ਜੀਵਨ ਬਤੀਤ ਕਰਨ। ਆਪ ਨੇ ਕੱਪੜੇ ਛਾਪਣ ਦੀ ਕਿਰਤ ਕਰਦਿਆਂ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਆਪ ਵਿਸ਼ੋਭਾ ਖੇਤਰ ਨੂੰ ਗੁਰੂ ਧਾਰਨ ਕਰ ਕੇ ਕੱਪੜੇ ਰੰਗਣ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਭਗਤੀ-ਭਾਵ ਨਾਲ ਰੰਗਦੇ ਰਹੇ।

ਭਗਤ ਨਾਮਦੇਵ ਜੀ ਮਹਾਰਸ਼ਟਰ ਤੋਂ ਆ ਕੇ ਸੰਗਤਾਂ ਨੂੰ ਨਾਮ-ਸਿਮਰਨ ਨਾਲ ਜੋੜਨ ਤੇ ਹੱਕ ਦੀ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹੋਏ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਘੁਮਾਣ (ਨਾਮਦੇਵ ਨਗਰ) ਵਿਖੇ ਆਏ ਤੇ ਇਥੇ ਲੰਬਾ ਸਮਾਂ ਰਹੇ। ਭਗਤ ਨਾਮਦੇਵ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 200 ਸਾਲ ਪਹਿਲਾਂ ਹੋਏ ਸਨ। ਉਸ ਸਮੇਂ ਸਮਾਜ 'ਚ ਜਾਤਾਂ-ਪਾਤਾਂ ਦਾ ਜ਼ੋਰ ਸੀ। ਉੱਚੀ ਜਾਤ ਵਾਲੇ ਕਥਿਤ ਨੀਵੀਂ ਜਾਤ ਦੇ ਲੋਕਾਂ ਦਾ ਤ੍ਰਿਸਕਾਰ ਕਰਦੇ ਸਨ। ਭਗਤ ਨਾਮਦੇਵ ਜੀ ਨੇ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਜ਼ੋਰਦਾਰ ਖੰਡਨ ਕੀਤਾ ਤੇ ਨਾਮ ਸਿਮਰਨ ਕਰਕੇ ਇਨਸਾਨ ਨੂੰ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਹੋਣ ਦਾ ਸੰਦੇਸ਼ ਦਿੱਤਾ।

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਜੀ ਰਚਿਤ 61 ਸ਼ਬਦਾਂ ਨੂੰ 18 ਰਾਗਾਂ 'ਚ ਦਰਜ਼ ਕੀਤਾ। ਆਪ ਦੀ ਮਰਾਠੀ ਭਾਸ਼ਾ 'ਚ ਰਚੀ 'ਨਾਮਦੇਵ ਦੀ ਸਾਖੀ', 'ਸੋਰਠਿ ਰਾਗ ਦਾ ਪਦਾ' ਤੇ 'ਭਗਤ ਨਾਮਦੇਵ ਜੀ ਕਾ ਪਦਾ' ਨਾਮੀ ਤਿੰਨ ਰਚਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ। ਆਪ ਦੀ ਬਾਣੀ 'ਚ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਨਣ ਹੈ। ਆਪ ਸੰਸਾਰ ਨੂੰ ਪਰਮਾਤਮਾ ਦਾ ਲਗਾਇਆ ਬਾਗ਼ ਸਮਝਦੇ ਹਨ, ਜਿਸ ਦੀ ਦੇਖ-ਰੇਖ ਤੇ ਸੰਭਾਲ ਵੀ ਅਕਾਲ ਪੁਰਖ ਆਪ ਕਰ ਰਿਹਾ ਹੈ। ਧਨਾਸਰੀ ਰਾਗ 'ਚ ਆਪ ਫੁਰਮਾਉਂਦੇ ਹਨ ਕਿ ਸਭ ਤੋਂ ਪਹਿਲਾਂ ਸੰਸਾਰ ਇੰਜ ਸੀ ਜਿਵੇਂ ਕੰਵਲ ਦੇ ਫੁੱਲਾਂ ਦਾ ਖੇਤ। ਸਾਰੇ ਜੀਵ-ਜੰਤ ਕੰਵਲ ਫੁੱਲਾਂ ਦੇ ਉਸ ਖੇਤ ਦੇ ਹੰਸ ਹਨ।

ਭਗਤ ਨਾਮਦੇਵ ਜੀ ਨੂੰ ਆਪਣੇ ਜੀਵਨ 'ਚ ਬ੍ਰਾਹਮਣਾਂ, ਪੁਜਾਰੀਆਂ ਤੇ ਸਮੇਂ ਦੇ ਹੁਕਮਰਾਨਾਂ ਦਾ ਭਾਰੀ ਵਿਰੋਧ ਬਰਦਾਸ਼ਤ ਕਰਨਾ ਪਿਆ ਪਰ ਉਨ੍ਹਾਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਅਤੇ ਮਿਹਨਤਕਸ਼ ਲੋਕਾਂ ਤੇ ਗ਼ਰੀਬ ਕਿਰਤੀਆਂ ਦਾ ਪੱਖ ਪੂਰਿਆ। ਭਗਤ ਜੀ ਦਾ ਸਤਿਕਾਰ ਦਿਨੋਂ-ਦਿਨ ਵੱਧਦਾ ਗਿਆ। ਈਰਖਾਲੂ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਈਰਖਾਲੂ ਲੋਕਾਂ ਨੇ ਭਗਤ ਨਾਮਦੇਵ ਜੀ ਦਾ ਅਪਮਾਨ ਕਰਨ 'ਚ ਕੋਈ ਕਸਰ ਨਹੀਂ ਛੱਡੀ, ਇਥੋਂ ਤਕ ਕਿ ਉਨ੍ਹਾਂ ਨੂੰ ਨਾਮ-ਸਿਮਰਨ ਤੋਂ ਰੋਕਦਿਆਂ ਮੰਦਰ ਵਿੱਚੋਂ ਕੱਢ ਦਿੱਤਾ ਗਿਆ। ਬੇਬਸੀ ਤੇ ਮਾਯੂਸੀ ਨਾਲ ਆਪ ਕੰਬਲੀ ਮੋਢੇ 'ਤੇ ਰੱਖ ਕੇ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਪ੍ਰਭੂ ਦਾ ਗੁਣਗਾਨ ਕਰਨ ਲੱਗੇ। ਇਸ ਵਾਕਿਆ ਨੂੰ ਆਪ ਨੇ ਇੰਜ ਬਿਆਨ ਕੀਤਾ :

ਹਸਤ ਖੇਲਤ ਤੇਰੇ ਦੇਹੁਰੇ ਆਇਆ

ਭਗਤਿ ਕਰਤ ਨਾਮਾ ਪਕਰਿ ਉਠਾਇਆ

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ

ਛੀਪੇ ਕੇ ਜਨਮਿ ਕਾਹੇ ਕਉ ਆਇਆ

ਲੈ ਕਮਲੀ ਚਲਿਓ ਪਲਟਾਇ

ਦੇਹੁਰੈ ਪਾਛੈ ਬੈਠਾ ਜਾਇ

ਜਿਉ ਜਿਉ ਨਾਮਾ ਹਰਿ ਗੁਣ ਉਚਰੈ

ਭਗਤ ਜਨਾਂ ਕਉ ਦੇਹੁਰਾ ਫਿਰੈ

ਭਗਵਾਨ ਹਮੇਸ਼ਾ ਆਪਣੇ ਭਗਤਾਂ ਦੀ ਪੈਜ ਰੱਖਦੇ ਆਏ ਹਨ। ਸੋ ਭਗਵਾਨ ਪ੍ਰਗਟ ਹੋਏ ਤੇ ਮੰਦਰ ਦਾ ਦਰਵਾਜ਼ਾ ਹੀ ਪਿਛਲੇ ਪਾਸੇ ਘੁੰਮਾਂਦਿਆਂ ਕਿਹਾ ਕਿ ਆਪ ਨਿਰਾਸ਼ ਨਾ ਹੋਵੋ, ਭਾਵੇਂ ਆਪ ਨੂੰ ਮੰਦਰ 'ਚੋਂ ਕੱਢ ਦਿੱਤਾ ਹੈ ਪਰ ਹੁਣ ਆਪ ਨੂੰ ਜਗਤ ਵਿਚ ਐਸੀ ਥਾਂ ਮਿਲੇਗੀ ਕਿ ਰਹਿੰਦੀ ਦੁਨੀਆ ਤੀਕ ਸੰਸਾਰ ਆਪ ਨੂੰ ਨਮਸਕਾਰ ਕਰੇਗਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਰ ਕੇ ਆਪ ਨੂੰ ਸੰਸਾਰ ਵਿਚ ਸਤਿਕਾਰਯੋਗ ਬਣਾ ਦਿੱਤਾ।

ਘੁਮਾਣ ਨੇੜੇ ਛੋਟਾ ਜਿਹਾ ਪਿੰਡ ਭੱਟੀਵਾਲ ਵੀ ਭਗਤ ਨਾਮਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਉੱਥੋਂ ਦੇ ਕੁਝ ਲੋਕਾਂ ਨੇ ਭਗਤ ਜੀ ਦੀ ਪ੍ਰੀਖਿਆ ਲੈਣ ਲਈ ਕਈ ਸਵਾਲ ਕੀਤੇ। ਭਗਤ ਜੀ ਨੇ ਅਡੋਲ ਹੋ ਕੇ ਉਨ੍ਹਾਂ ਦੇ ਉੱਤਰ ਦਿੱਤੇ। ਲੋਕਾਂ ਨੂੰ ਯਕੀਨ ਹੋਇਆ ਕਿ ਇਹ ਕੋਈ ਪਰਮਾਤਮਾ ਨਾਲ ਜੁੜਿਆ ਭਗਤ ਹੈ। ਇਸ ਅਸਥਾਨ 'ਤੇ ਭਗਤ ਜੀ ਨੇ ਲਕੜੀ ਦੀ ਬਣੀ ਖੂੰਡੀ ਜ਼ਮੀਨ 'ਚ ਲਾ ਦਿੱਤੀ, ਜੋ ਬਾਅਦ 'ਚ ਹਰੀ ਹੋ ਗਈ। ਇਥੇ ਗੁਰਦੁਆਰਾ ਖੂੰਡੀ ਸਾਹਿਬ ਮੌਜੂਦ ਹੈ। ਪਿੰਡ 'ਚ ਪਾਣੀ ਦੀ ਕਿੱਲਤ ਕਾਰਨ ਭਗਤ ਜੀ ਨੇ ਹੱਥੀਂ ਖੂਹ ਲਗਵਾਇਆ, ਜੋ ਅੱਜ ਕੱਲ੍ਹ ਗੁਰਦੁਆਰਾ ਖੂਹ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਘੁਮਾਣ ਨਗਰ ਦੀ ਹਦੂਦ ਵਿਚ ਭਗਤ ਜੀ ਨਾਲ ਸਬੰਧਤ ਗੁਰਦੁਆਰਾ ਤਪਿਆਣਾ ਸਾਹਿਬ ਵੀ ਸੁਸ਼ੋਭਿਤ ਹੈ। ਇਹ ਉਹ ਅਸਥਾਨ ਹੈ, ਜਿੱਥੇ ਭਗਤ ਜੀ ਨੇ ਲੰਬਾ ਸਮਾਂ ਪ੍ਰਭੂ ਭਗਤੀ ਕੀਤੀ। ਇਥੇ ਆਲੀਸ਼ਾਨ ਨੌ ਮੰਜਿਲਾ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ ਹੈ। ਉਸ ਸਮੇਂ ਕੇਸ਼ੋਦਾਸ ਨਾਂ ਦਾ ਇਕ ਕੋਹੜੀ ਜ਼ਿੰਦਗੀ ਦੇ ਦੁੱਖ ਨਾ ਸਹਾਰਦਾ ਹੋਇਆ ਆਤਮ ਹੱਤਿਆ ਕਰਨ ਜਾ ਰਿਹਾ ਸੀ ਕਿ ਭਗਤ ਜੀ ਨੇ ਉਸ ਨਜ਼ਦੀਕ ਇਕ ਛੱਪੜੀ 'ਚ ਇਸ਼ਨਾਨ ਕਰਨ ਲਈ ਕਿਹਾ ਤੇ ਉਹ ਬਿਲਕੁਲ ਤੁੰਦਰੁਸਤ ਹੋ ਗਿਆ। ਗੁਰਦੁਆਰਾ ਤਪਿਆਣਾ ਸਾਹਿਬ ਬਹੁਤ ਸੁੰਦਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੰਗਤਾਂ ਦੂਰੋਂ-ਦੂਰੋਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੀਆਂ ਹਨ।

ਨਗਰ ਘੁਮਾਣ ਨੂੰ ਅੱਜ 'ਨਾਮਦੇਵ ਨਗਰ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਥੇ ਵੀ ਭਗਤ ਨਾਮਦੇਵ ਜੀ ਦਾ ਪਵਿੱਤਰ ਯਾਦਗਾਰੀ ਅਸਥਾਨ ਖ਼ੂਬਸੂਰਤ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਮਹੱਤਵਪੂਰਨ ਹਨ। ਲੋੜ ਹੈ ਕਿ ਉਨ੍ਹਾਂ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਅਪਨਾਉਣ ਦਾ ਯਤਨ ਕਰੀਏ। ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹਰ ਸਾਲ ਵਾਂਗ ਸ਼ਰਧਾ ਤੇ ਸਤਿਕਾਰ ਨਾਲ ਘੁਮਾਣ ਨਗਰ ਵਿਖੇ ਮਨਾਇਆ ਜਾ ਰਿਹਾ ਹੈ।

- ਸਤਬੀਰ ਸਿੰਘ ਧਾਮੀ

98143-56133

Posted By: Harjinder Sodhi