ਛੋਟਾ ਘੱਲੂਘਾਰਾ 1746 'ਚ ਗੁਰਦਾਸਪੁਰ ਦੇ ਛੰਭ ਕਾਹਨੂੰਵਾਨ ਵਿਖੇ ਵਾਪਰਿਆ। ਇਹ ਘੱਲੂਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤਕ ਚੱਲਦਾ ਰਿਹਾ।

ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਸ਼ਾਹਦੀ ਨਾ ਭਰਦਾ ਹੋਵੇ। ਖ਼ਾਲਸਾ ਪੰਥ ਦੀ ਸਿਰਜਣਾ ਪਿੱਛੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੀ ਜ਼ਬਰ ਤੇ ਜ਼ੁਲਮ ਨੂੰ ਜੜ੍ਹੋਂ ਪੁੱਟ ਕੇ ਹਲੇਮੀ ਰਾਜ ਦੀ ਸਥਾਪਨਾ ਕਰਨਾ ਸੀ। ਇਸ ਪ੍ਰਣ ਨੂੰ ਮਰਜੀਵੜੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਤੋੜ ਨਿਭਾਇਆ। ਜਾਬਰ ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਦੇ ਕੋਝੇ ਯਤਨ ਵੀ ਕੀਤੇ ਗਏ। ਇਨ੍ਹਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਵਿਚ 'ਘੱਲੂਘਾਰਾ' ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ 'ਚ ਗਿਣਤੀ ਪੱਖੋਂ ਹੋਏ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਛੋਟੇ ਤੇ ਵੱਡੇ ਘੱਲੂਘਾਰੇ ਦਾ ਨਾਂ ਦਿੱਤਾ ਗਿਆ ਹੈ। ਛੋਟਾ ਘੱਲੂਘਾਰਾ 1746 'ਚ ਗੁਰਦਾਸਪੁਰ ਦੇ ਛੰਭ ਕਾਹਨੂੰਵਾਨ ਵਿਖੇ ਵਾਪਰਿਆ। ਇਹ ਘੱਲੂਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤਕ ਚੱਲਦਾ ਰਿਹਾ।
1745 ਈਸਵੀ 'ਚ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਯਹੀਆ ਖ਼ਾਨ ਬੇਰਹਿਮ ਸ਼ਾਸਕ ਸੀ ਤੇ ਸਿੱਖ ਕੌਮ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਭਰਾਵਾਂ ਲੱਖਪਤ ਰਾਏ ਤੇ ਜੱਸਪਤ ਰਾਏ ਨੂੰ ਕ੍ਰਮਵਾਰ ਲਾਹੌਰ ਦਾ ਦੀਵਾਨ ਤੇ ਐਮਨਾਬਾਦ ਦਾ ਫ਼ੌਜਦਾਰ ਨਿਯੁਕਤ ਕੀਤਾ। ਇਸ ਦੌਰਾਨ ਐਮਨਾਬਾਦ ਦੇ ਨਜ਼ਦੀਕ ਗੁਰਦੁਆਰਾ ਰੋੜੀ ਸਾਹਿਬ ਵਿਖੇ ਇਕ ਸਿੱਖ ਜਥੇ ਦੀ ਆਮਦ ਦੀ ਖ਼ਬਰ ਦੀਵਾਨ ਲੱਖਪਤ ਰਾਏ ਕੋਲ ਪੁੱਜੀ ਤਾਂ ਉਸ ਨੇ ਆਪਣੇ ਭਰਾ ਨੂੰ ਫ਼ੌਜ ਲੈ ਕੇ ਸਿੱਖ ਜਥੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ। ਸਿੱਖ ਜੱਸਪਤ ਰਾਏ ਦੇ ਨਾਲ ਲੜਨਾ ਨਹੀਂ ਸਨ ਚਾਹੁੰਦੇ ਪਰ ਜੱਸਪਤ ਰਾਏ ਨੇ ਹੰਕਾਰ ਵਿਚ ਜਥੇ ਉੱਤੇ ਹਮਲਾ ਕਰ ਦਿੱਤਾ। ਜੱਸਪਤ ਰਾਏ ਹਾਥੀ 'ਤੇ ਸਵਾਰ ਹੋ ਕੇ ਫ਼ੌਜ ਦੀ ਕਮਾਨ ਸੰਭਾਲ ਰਿਹਾ ਸੀ। ਇਸ ਦੌਰਾਨ ਭਾਈ ਨਿਬਾਹੂ ਸਿੰਘ ਨਾਂ ਦਾ ਸਿੱਖ ਫ਼ੁਰਤੀ ਨਾਲ ਹਾਥੀ ਦੀ ਪੂਛ ਫੜ ਕੇ ਉੱਪਰ ਜਾ ਚੜ੍ਹਿਆ ਤੇ ਕਿਰਪਾਨ ਦੇ ਇਕੋ ਵਾਰ ਨਾਲ ਜੱਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ। ਸ਼ਾਹੀ ਫੌਜ ਮੈਦਾਨ ਛੱਡ ਕੇ ਨੱਸ ਗਈ। ਸ. ਰਤਨ ਸਿੰਘ ਭੰਗੂ ਨੇ 'ਪੰਥ ਪ੍ਰਕਾਸ਼' ਵਿਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ :
ਵਹਿ ਲੂਟਨ ਚੜਿਓ ਖ਼ਾਲਸੇ ਸੋ ਲੀਓ ਖ਼ਾਲਸੇ ਲੂਟ।
ਨਿਬਾਹੂ ਸਿੰਘ ਗਜ ਪੈ ਚੜਯੋ ਮਾਰ ਤੇਗ਼ ਦਿਓ ਸੂਟ।
ਆਪਣੇ ਭਰਾ ਦੀ ਮੌਤ ਦੀ ਖ਼ਬਰ ਜਦ ਲੱਖਪਤ ਰਾਏ ਕੋਲ ਪੁੱਜੀ ਤਾਂ ਉਸ ਨੇ ਯਹੀਆ ਖ਼ਾਨ ਦੀ ਕਚਹਿਰੀ 'ਚ ਆਪਣੀ ਪੱਗ ਉਤਾਰ ਕੇ ਕਸਮ ਖਾਧੀ ਕਿ ਜਿੰਨਾਂ ਚਿਰ ਉਹ ਸਿੱਖਾਂ ਦਾ ਖੁਰਾ-ਖੋਜ ਨਹੀਂ ਮਿਟਾ ਦੇਵੇਗਾ, ਸਿਰ 'ਤੇ ਪੱਗ ਨਹੀਂ ਰੱਖੇਗਾ। ਉਸ ਨੇ ਲਾਹੌਰ ਤੇ ਆਸ-ਪਾਸ ਵੱਸਦੇ ਸਿੱਖ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ। ਇਹ ਐਲਾਨ ਵੀ ਕਰਵਾ ਦਿੱਤਾ ਗਿਆ ਕਿ ਕੋਈ ਵੀ ਸਿੱਖ ਗੁਰਬਾਣੀ ਨਹੀ ਪੜ੍ਹੇਗਾ। ਲੱਖਪਤ ਰਾਏ ਦੇ ਇਨ੍ਹਾਂ ਘਿਨਾਉਣੇ ਕੰਮਾਂ ਨੂੰ ਰੁਕਵਾਉਣ ਲਈ ਲਾਹੌਰ ਦੇ ਮੁਹਤਬਰ ਦੀਵਾਨ ਕੌੜਾ ਮੱਲ ਦੀ ਅਗਵਾਈ 'ਚ ਉਸ ਨੂੰ ਮਿਲੇ ਪਰ ਉਹ ਹੰਕਾਰੀ ਨਾ ਮੰਨਿਆ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਵੀ ਬੇਅਦਬੀ ਕੀਤੀ। ਲਾਹੌਰ ਤੋ ਬਾਅਦ ਉਸ ਨੇ ਅੰਮ੍ਰਿਤਸਰ ਵੱਲ ਰੁਖ਼ ਕੀਤਾ।
ਸਿੱਖਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਘਰ-ਘਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਨੇੜਲੇ ਕਾਹਨੂੰਵਾਨ ਛੰਭ 'ਚ ਜਾ ਟਿਕਾਣਾ ਕੀਤਾ। ਇਸ ਛੰਭ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ. ਗੁਰਦਿਆਲ ਸਿੰਘ ਡੱਲੇਵਾਲੀਆ, ਸ. ਹਰੀ ਸਿੰਘ ਭੰਗੀ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਸ. ਨੌਧ ਸਿੰਘ ਆਦਿ ਦੇ ਜਥੇ ਹਾਜ਼ਰ ਸਨ। ਇਤਿਹਾਸਕਾਰਾਂ ਨੇ ਛੰਭ ਵਿਚ ਸਿੱਖਾਂ ਦੀ ਗਿਣਤੀ 15 ਤੋਂ 40 ਹਜ਼ਾਰ ਤਕ ਲਿਖੀ ਹੈ। ਕਾਹਨੂੰਵਾਨ ਛੰਭ ਦਾ ਖੇਤਰ 20-25 ਮੀਲ ਲੰਬਾ ਤੇ 5-6 ਮੀਲ ਚੌੜਾ ਸੀ।
ਜਦੋਂ ਲੱਖਪਤ ਰਾਏ ਨੂੰ ਖ਼ਬਰ ਮਿਲੀ ਕਿ ਹਜ਼ਾਰਾਂ ਸਿੱਖ ਕਾਹਨੂੰਵਾਨ ਛੰਭ 'ਚ ਹਨ ਤਾਂ ਉਸ ਨੇ ਫ਼ੌਜ ਸਮੇਤ ਛੰਭ ਨੂੰ ਘੇਰ ਲਿਆ। ਸ਼ਾਹੀ ਫ਼ੌਜ ਨੇ ਅਸਲੇ-ਬਾਰੂਦ ਨਾਲ ਸਿੱਖਾਂ 'ਤੇ ਹੱਲਾ ਬੋਲ ਦਿੱਤਾ। ਛੰਭ ਦੇ ਭੇਤੀ ਹੋਣ ਕਾਰਨ ਸਿੱਖਾਂ 'ਤੇ ਇਸ ਹੱਲੇ ਦਾ ਖ਼ਾਸ ਅਸਰ ਨਹੀਂ ਹੋਇਆ। ਲੱਖਪਤ ਰਾਏ ਨੇ ਜੰਗਲ ਨੂੰ ਅੱਗ ਲਗਵਾ ਦਿੱਤੀ।
ਰਾਤ ਦੇ ਹਨੇਰੇ 'ਚ ਸਿੱਖ ਦੁਸ਼ਮਣ ਕੋਲੋਂ ਰਸਦ-ਪਾਣੀ ਤੇ ਹਥਿਆਰ ਖੋਹ ਲਿਆਉਂਦੇ, ਜਿਸ ਨਾਲ ਇਹ ਲੜਾਈ ਕਈ ਮਹੀਨਿਆਂ ਤਕ ਚਲਦੀ ਰਹੀ ਪਰ ਸੀਮਤ ਰਸਦ-ਪਾਣੀ, ਘੱਟ ਮਾਤਰਾ ਵਿਚ ਗੋਲੀ-ਸਿੱਕਾ, ਲੰਬ ਸਮੇਂ ਦੀ ਥਕਾਵਟ ਤੇ ਉੱਪਰੋਂ ਠਾਠਾਂ ਮਾਰਦੀ ਸ਼ਾਹੀ ਫ਼ੌਜ ਸਿੱਖਾਂ ਲਈ ਛੰਭ ਵਿਚ ਡਟੇ ਰਹਿਣ ਪੱਖੋਂ ਮੁਸ਼ਕਲ ਸੀ। ਸਿੱਖ ਆਗੂਆਂ ਨੇ ਛੰਭ 'ਚੋਂ ਬਾਹਰ ਨਿਕਲਣ ਦਾ ਫ਼ੈਸਲਾ ਲਿਆ ਲੇਕਿਨ ਇਥੋ ਸਹੀ ਸਲਾਮਤ ਬਾਹਰ ਨਿਕਲਣਾ ਸੌਖਾ ਕੰਮ ਨਹੀਂ ਸੀ ਕਿਉਂਕਿ ਸਾਹਮਣੇ ਸਿੱਧਾ ਪਹਾੜ, ਸੱਜੇ ਪਾਸੇ ਰਾਵੀ ਦਰਿਆ ਤੇ ਪਿੱਛੇ ਸ਼ਾਹੀ ਫ਼ੌਜਾਂ ਸਨ।
ਰਾਵੀ ਦਰਿਆ ਦਾ ਪਾਣੀ ਪੂਰੇ ਜੋਬਨ 'ਤੇ ਠਾਠਾਂ ਮਾਰ ਰਿਹਾ ਸੀ, ਜਿਸ ਦੀ ਥਾਹ ਲੈਣ ਲਈ ਸ. ਗੁਰਦਿਆਲ ਸਿੰਘ ਦੇ ਭਰਾਵਾਂ ਨੇ ਆਪਣੇ ਘੋੜੇ ਦਰਿਆ 'ਚ ਠੇਲ੍ਹ ਦਿੱਤੇ ਪਰ ਵਹਾਅ ਤੇਜ਼ ਹੋਣ ਕਾਰਨ ਘੋੜਸਵਾਰ ਪਾਣੀ 'ਚ ਰੁੜ੍ਹ ਗਏ। ਸਿੱਖਾਂ ਨੇ ਪਹਾੜ ਵਾਲੇ ਪਾਸੇ ਅੱਗੇ ਵਧਣਾ ਸ਼ੁਰੂ ਕੀਤਾ। ਇਸ ਸਮੇਂ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਅਗਾਂਹ ਯਹੀਆ ਖ਼ਾਨ ਦੇ ਹੁਕਮ ਨਾਲ ਪਹਾੜੀ ਬਸ਼ਿੰਦਿਆਂ ਨੇ ਵੀ ਸਿੱਖਾਂ 'ਤੇ ਗੋਲੀਆਂ, ਪੱਥਰਾਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਕੁਝ ਜਥੇ ਔਕੜਾਂ ਸਹਾਰਦੇ ਹੋਏ ਕੀਰਤਪੁਰ ਸਾਹਿਬ ਜਾ ਪੁੱਜੇ।
ਬਾਕੀ ਬਚੇ ਸਿੱਖਾਂ ਨੇ ਆਹਮੋ-ਸਾਮ੍ਹਣੇ ਹੋ ਕੇ ਲੜਨ ਦਾ ਫ਼ੈਸਲਾ ਲਿਆ। ਸਿੰਘਾਂ ਨੇ ਭੁੱਖੇ ਪਿਆਸੇ, ਨਾਮਾਤਰ ਹਥਿਆਰਾਂ ਨਾਲ ਦੁਸ਼ਮਣ ਫ਼ੌਜ ਨਾਲ ਗਹਿਗੱਚ ਲੜਾਈ ਕੀਤੀ। ਇਸ ਜੰਗ ਵਿਚ ਲੱਖਪਤ ਰਾਏ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ, ਫ਼ੌਜਦਾਰ ਕਰਮ ਬਖ਼ਸ਼ ਤੇ ਕਈ ਫ਼ੌਜਦਾਰ ਮਾਰੇ ਗਏ।
ਹੁਣ ਸਿੱਖ ਦਰਿਆ ਬਿਆਸ ਵੱਲ ਨੂੰ ਨਿਕਲ ਪਏ ਪ੍ਰੰਤੂ ਜੇਠ ਦੀ ਕੜਕਦੀ ਧੁੱਪ ਤੇ ਰੇਤਲਾ ਪੈਂਡਾ ਰਾਹ ਰੋਕ ਰਿਹਾ ਸੀ। ਸਿੱਖ ਦ੍ਰਿੜ੍ਹ ਨਿਸ਼ਚੇ ਨਾਲ ਅੱਗੇ ਵਧਦੇ ਗਏ। ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਦਿਆਂ ਸਿੰਘਾਂ ਦੀ ਟੱਕਰ ਅਦੀਨਾ ਬੇਗ਼ ਨਾਲ ਹੋਈ। ਸਿੱਖਾਂ ਨੂੰ ਇਤਲਾਹ ਮਿਲੀ ਕਿ ਲੱਖਪਤ ਰਾਏ ਵੀ ਪਿੱਛਾ ਕਰਦਾ ਆ ਰਿਹਾ ਹੈ। ਸਿੰਘ ਅਦੀਨਾ ਬੇਗ਼ ਦੀ ਫ਼ੌਜ ਨਾਲ ਲੋਹਾ ਲੈਂਦੇ ਸਤਲੁਜ ਪਾਰ ਕਰ ਕੇ ਮਾਲਵੇ 'ਚ ਦਾਖ਼ਲ ਹੋ ਗਏ ਤੇ ਵੱਖ-ਵੱਖ ਪਿੰਡਾਂ ਵੱਲ ਨਿਕਲ ਗਏ।
ਇਸ ਜੰਗ 'ਚ 7,000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ, 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੇ ਨਖ਼ਾਸ ਚੌਕ 'ਚ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਲੱਖਪਤ ਰਾਏ ਹਜ਼ਾਰਾਂ ਦੀ ਗਿਣਤੀ 'ਚ ਆਪਣੀ ਫ਼ੌਜ ਨੂੰ ਮਰਵਾ ਕੇ ਲਾਹੌਰ ਪਰਤ ਗਿਆ। ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਸਿੱਖ ਕੌਮ ਦੇ ਜਜ਼ਬੇ ਤੇ ਉਤਸ਼ਾਹ ਨੂੰ ਨਹੀਂ ਠੱਲ੍ਹ ਸਕਿਆ।
ਜਗਜੀਤ ਸਿੰਘ ਗਣੇਸ਼ਪੁਰ
94655-76022