ਧਾਰਮਿਕ ਮਾਨਤਾ ਅਨੁਸਾਰ, ਗਿਲਹਰੀ ਦੇ ਸਰੀਰ 'ਤੇ ਰਾਮ ਜੀ ਦੀਆਂ ਉਂਗਲਾਂ ਦੇ ਨਿਸ਼ਾਨ ਪੈ ਗਏ, ਜਿਸ ਨਾਲ ਉਹ ਤਿੰਨ ਧਾਰੀਆਂ ਬਣ ਗਈਆਂ। ਉਦੋਂ ਤੋਂ ਹੀ ਗਿਲਹਰੀਆਂ ਦੀ ਪਿੱਠ 'ਤੇ ਚਿੱਟੀਆਂ ਧਾਰੀਆਂ ਦੇਖਣ ਨੂੰ ਮਿਲਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ: ਰਾਮਾਇਣ 'ਚ ਕਈ ਅਜਿਹੇ ਪ੍ਰਸੰਗ ਹਨ, ਜਿਨ੍ਹਾਂ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਇਕ ਗਿਲਹਰੀ ਤੇ ਭਗਵਾਨ ਸ੍ਰੀ ਰਾਮ ਦਾ ਪ੍ਰਸੰਗ ਹੈ। ਇਹ ਪ੍ਰਸੰਗ ਬਹੁਤ ਹੀ ਭਾਵੁਕ ਹੈ।
ਇਸ ਪ੍ਰਸੰਗ ਤੋਂ ਸਿੱਖਿਆ ਮਿਲਦੀ ਹੈ ਕਿ ਆਪਣੇ ਅਹੁਦੇ ਤੇ ਸ਼ਕਤੀ 'ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਰਾਮ ਜੀ ਤੇ ਗਿਲਹਰੀ ਦਾ ਪ੍ਰਸੰਗ ਉਸ ਸਮੇਂ ਦਾ ਹੈ, ਜਦੋਂ ਵਾਨਰ ਸੈਨਾ ਸਮੁੰਦਰ 'ਤੇ 'ਰਾਮ ਸੇਤੂ' ਦਾ ਨਿਰਮਾਣ ਕਰ ਰਹੀ ਸੀ, ਪਰ ਕੀ ਤੁਸੀਂ ਜਾਣਦੇ ਹੋ ਕਿ ਗਿਲਹਰੀ ਦੀ ਪਿੱਠ 'ਤੇ ਧਾਰੀਆਂ ਕਿਉਂ ਹਨ? ਜੇਕਰ ਨਹੀਂ ਪਤਾ, ਤਾਂ ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਰਾਮ ਜੀ ਤੇ ਗਿਲਹਰੀ ਦਾ ਵਰਣਨ ਵਾਲਮੀਕਿ ਰਾਮਾਇਣ 'ਚ ਦੇਖਣ ਨੂੰ ਮਿਲਦਾ ਹੈ। ਪੌਰਾਣਿਕ ਕਥਾ ਅਨੁਸਾਰ, ਰਾਵਣ ਨੇ ਮਾਤਾ ਸੀਤਾ ਦਾ ਹਰਣ ਕਰ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਭਗਵਾਨ ਸ਼੍ਰੀਰਾਮ ਮਾਤਾ ਸੀਤਾ ਨੂੰ ਰਾਵਣ ਦੀ ਕੈਦ ਤੋਂ ਛੁਡਾਉਣ ਲਈ ਲੰਕਾ ਜਾਣਾ ਚਾਹੁੰਦੇ ਸਨ, ਪਰ ਰਾਵਣ ਦੀ ਲੰਕਾ ਚਾਰੋਂ ਪਾਸਿਓਂ ਪਾਣੀ ਨਾਲ ਘਿਰੀ ਹੋਈ ਸੀ। ਇਸ ਲਈ ਪ੍ਰਭੂ ਸ਼੍ਰੀਰਾਮ ਨੇ ਲੰਕਾ ਪਹੁੰਚਣ ਲਈ ਸਮੁੰਦਰ ਵਿੱਚ ਸੇਤੂ (ਪੁਲ) ਦਾ ਨਿਰਮਾਣ ਕੀਤਾ।
ਇਸ ਰਾਮ ਸੇਤੂ ਨੂੰ ਵਾਨਰ ਸੈਨਾ ਬਣਾ ਰਹੀ ਸੀ। ਸੈਨਾ ਪੱਥਰਾਂ ਨੂੰ ਸਮੁੰਦਰ 'ਚ ਪਾਉਣ ਦਾ ਕੰਮ ਕਰ ਰਹੀ ਸੀ। ਉਦੋਂ ਹੀ ਉੱਥੇ ਇਕ ਗਿਲਹਰੀ ਆਈ ਤੇ ਉਹ ਵੀ ਪੁਲ ਬਣਾਉਣ 'ਚ ਮਦਦ ਕਰਨ ਲੱਗੀ। ਇਸ ਦ੍ਰਿਸ਼ ਨੂੰ ਦੇਖ ਕੇ ਇਕ ਵਾਨਰ ਹੱਸਣ ਲੱਗ ਪਿਆ। ਉਸਨੇ ਗਿਲਹਰੀ ਦੇ ਕੰਮ ਦਾ ਮਜ਼ਾਕ ਉਡਾਇਆ। ਵਾਨਰ ਨੇ ਗਿਲਹਰੀ ਨੂੰ ਕਿਹਾ ਕਿ ਤੁਹਾਡੇ ਇਸ ਛੋਟੇ ਜਿਹੇ ਕੰਮ ਨਾਲ ਕੀ ਹੋਵੇਗਾ? ਤੁਸੀਂ ਸਾਡੇ ਪੈਰਾਂ ਹੇਠ ਆ ਕੇ ਕੁਚਲੀ ਜਾਓਗੇ। ਵਾਨਰ ਦੀ ਗੱਲ ਸੁਣ ਕੇ ਭਗਵਾਨ ਸ਼੍ਰੀਰਾਮ ਨੇ ਗਿਲਹਰੀ ਨੂੰ ਬੜੇ ਪਿਆਰ ਨਾਲ ਆਪਣੇ ਹੱਥਾਂ ਵਿੱਚ ਉਠਾ ਲਿਆ।
ਉਨ੍ਹਾਂ ਨੇ ਵਾਨਰ ਸੈਨਾ ਨੂੰ ਕਿਹਾ ਕਿ ਹਰ ਯੋਗਦਾਨ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਚਾਹੇ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ। ਗਿਲਹਰੀ ਦਾ ਇਹ ਸਮਰਪਣ ਹੀ ਸਭ ਤੋਂ ਵੱਡਾ ਭਾਵ ਹੈ। ਇਸ ਤੋਂ ਬਾਅਦ ਪ੍ਰਭੂ ਰਾਮ ਨੇ ਅਸ਼ੀਰਵਾਦ ਅਤੇ ਪਿਆਰ ਨਾਲ ਗਿਲਹਰੀ ਦੀ ਪਿੱਠ 'ਤੇ ਆਪਣੀਆਂ ਤਿੰਨ ਉਂਗਲਾਂ ਫੇਰੀਆਂ। ਧਾਰਮਿਕ ਮਾਨਤਾ ਅਨੁਸਾਰ, ਗਿਲਹਰੀ ਦੇ ਸਰੀਰ 'ਤੇ ਰਾਮ ਜੀ ਦੀਆਂ ਉਂਗਲਾਂ ਦੇ ਨਿਸ਼ਾਨ ਪੈ ਗਏ, ਜਿਸ ਨਾਲ ਉਹ ਤਿੰਨ ਧਾਰੀਆਂ ਬਣ ਗਈਆਂ। ਉਦੋਂ ਤੋਂ ਹੀ ਗਿਲਹਰੀਆਂ ਦੀ ਪਿੱਠ 'ਤੇ ਚਿੱਟੀਆਂ ਧਾਰੀਆਂ ਦੇਖਣ ਨੂੰ ਮਿਲਦੀਆਂ ਹਨ।