ਮੇਘਨਾਦ ਆਪਣੀਆਂ ਸ਼ਕਤੀਆਂ ਨੂੰ ਅਮਰ ਬਣਾਉਣ ਲਈ ਨਿਕੁੰਭਲਾ ਦੇਵੀ ਦਾ ਯੱਗ ਕਰ ਰਿਹਾ ਸੀ। ਵਿਭੀਸ਼ਣ ਨੇ ਲਛਮਣ ਜੀ ਨੂੰ ਦੱਸਿਆ ਕਿ ਜੇਕਰ ਇਹ ਯੱਗ ਪੂਰਾ ਹੋ ਗਿਆ ਤਾਂ ਮੇਘਨਾਦ ਨੂੰ ਮਾਰਨਾ ਮੁਸ਼ਕਿਲ ਹੋ ਜਾਵੇਗਾ। ਲਛਮਣ ਜੀ ਨੇ ਉਸ ਯੱਗ ਨੂੰ ਵਿਚਕਾਰ ਹੀ ਭੰਗ ਕਰ ਦਿੱਤਾ, ਜਿਸ ਨਾਲ ਮੇਘਨਾਦ ਦੀਆਂ ਮਾਇਆਵੀ ਸ਼ਕਤੀਆਂ ਕਮਜ਼ੋਰ ਪੈ ਗਈਆਂ। ਅੰਤ ਵਿਚ ਭਿਆਨਕ ਯੁੱਧ ਤੋਂ ਬਾਅਦ ਲਛਮਣ ਜੀ ਨੇ ਮੇਘਨਾਦ ਦਾ ਵਧ ਕਰ ਦਿੱਤਾ।

ਧਰਮ ਡੈਸਕ, ਨਵੀਂ ਦਿੱਲੀ : ਰਾਵਣ ਦਾ ਪੁੱਤਰ ਮੇਘਨਾਦ, ਜਿਸ ਨੂੰ ਇੰਦਰਜੀਤ ਵੀ ਕਿਹਾ ਜਾਂਦਾ ਸੀ, ਸਭ ਤੋਂ ਸ਼ਕਤੀਸ਼ਾਲੀ ਯੋਧਿਆਂ 'ਚੋਂ ਇਕ ਸੀ। ਉਸ ਕੋਲ ਅਜਿਹੀਆਂ ਦਿਵਯ ਤੇ ਮਾਇਆਵੀ ਸ਼ਕਤੀਆਂ ਸਨ ਕਿ ਉਸ ਨੇ ਸਵਰਗ ਦੇ ਰਾਜਾ ਇੰਦਰ ਤਕ ਨੂੰ ਬੰਦੀ ਬਣਾ ਲਿਆ ਸੀ। ਯੁੱਧ ਦੌਰਾਨ ਉਸ ਨੇ ਖ਼ੁਦ ਲਛਮਣ ਜੀ ਨੂੰ ਵੀ ਇਕ ਵਾਰ 'ਨਾਗਪਾਸ਼' 'ਚ ਬੰਨ੍ਹ ਦਿੱਤਾ ਸੀ, ਪਰ ਇੰਨੇ ਸ਼ਕਤੀਸ਼ਾਲੀ ਯੋਧੇ ਦਾ ਅੰਤ ਕਿਵੇਂ ਹੋਇਆ? ਆਓ ਇਸ ਲੇਖ 'ਚ ਜਾਣਦੇ ਹਾਂ।
ਰਾਮਚਰਿਤਮਾਨਸ (ਲੰਕਾ ਕਾਂਡ) ਅਨੁਸਾਰ, ਮੇਘਨਾਦ ਨੇ ਬ੍ਰਹਮਾ ਜੀ ਦੀ ਕਠੋਰ ਤਪੱਸਿਆ ਕਰ ਕੇ ਅਜਿੱਤ ਹੋਣ ਦਾ ਵਰਦਾਨ ਮੰਗਿਆ ਸੀ। ਬ੍ਰਹਮਾ ਜੀ ਨੇ ਉਸ ਨੂੰ ਵਰਦਾਨ ਤਾਂ ਦਿੱਤਾ ਪਰ ਨਾਲ ਹੀ ਇਕ ਵੱਡੀ ਸ਼ਰਤ ਵੀ ਜੋੜ ਦਿੱਤੀ। ਸ਼ਰਤ ਇਹ ਸੀ ਕਿ ਮੇਘਨਾਦ ਦਾ ਵਧ ਕੇਵਲ ਉਹੀ ਵਿਅਕਤੀ ਕਰ ਸਕਦਾ ਹੈ ਜਿਸ ਨੇ ਲਗਾਤਾਰ 14 ਸਾਲਾਂ ਤਕ ਨੀਂਦ (ਨਿਦਰਾ) ਦਾ ਤਿਆਗ ਕੀਤਾ ਹੋਵੇ ਅਤੇ ਜਿਸ ਨੇ ਇਨ੍ਹਾਂ ਸਾਲਾਂ ਵਿਚ ਕਿਸੇ ਪਰਾਈ ਇਸਤਰੀ ਦਾ ਮੁੱਖ ਨਾ ਦੇਖਿਆ ਹੋਵੇ।
ਮੇਘਨਾਦ ਨੂੰ ਪੂਰਾ ਭਰੋਸਾ ਸੀ ਕਿ ਸੰਸਾਰ ਵਿਚ ਅਜਿਹਾ ਕੋਈ ਮਨੁੱਖ ਨਹੀਂ ਹੋਵੇਗਾ ਜੋ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰ ਸਕੇ। ਇਸੇ ਹੰਕਾਰ ਵਿੱਚ ਉਹ ਦੇਵਤਿਆਂ ਅਤੇ ਰਿਸ਼ੀਆਂ ਨੂੰ ਪਰੇਸ਼ਾਨ ਕਰਨ ਲੱਗ ਪਿਆ ਸੀ।
ਭਗਵਾਨ ਸ੍ਰੀ ਰਾਮ ਦੇ ਛੋਟੇ ਭਰਾ ਲਛਮਣ ਜੀ ਨੇ ਅਣਜਾਣੇ 'ਚ ਹੀ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਸਨ, ਜੋ ਉਨ੍ਹਾਂ ਦੀ ਅਨਿੰਨ ਭਗਤੀ ਦਾ ਪ੍ਰਮਾਣ ਸੀ:
ਨੀਂਦ ਦਾ ਤਿਆਗ: ਜਦੋਂ ਬਨਵਾਸ ਸ਼ੁਰੂ ਹੋਇਆ ਤਾਂ ਲਛਮਣ ਜੀ ਨੇ ਪ੍ਰਭੂ ਰਾਮ ਅਤੇ ਮਾਤਾ ਸੀਤਾ ਦੀ ਸੁਰੱਖਿਆ ਲਈ 14 ਸਾਲਾਂ ਤਕ ਨਾ ਸੌਣ ਦਾ ਸੰਕਲਪ ਲਿਆ ਸੀ। ਇਨ੍ਹਾਂ ਨੇ 'ਨਿਦਰਾ ਦੇਵੀ' ਤੋਂ ਵਰਦਾਨ ਮੰਗਿਆ ਸੀ ਕਿ ਉਨ੍ਹਾਂ ਦੀ ਨੀਂਦ ਉਨ੍ਹਾਂ ਦੀ ਪਤਨੀ ਉਰਮਿਲਾ ਨੂੰ ਦੇ ਦਿੱਤੀ ਜਾਵੇ। ਇਸ ਲਈ ਉਨ੍ਹਾਂ ਨੂੰ ਨੀਂਦ ਨੂੰ ਜਿੱਤਣ ਵਾਲਾ ਵੀ ਕਿਹਾ ਜਾਂਦਾ ਹੈ।
ਸੰਜਮ: ਉਨ੍ਹਾਂ ਨੇ 14 ਸਾਲਾਂ ਤਕ ਕਦੇ ਮਾਤਾ ਸੀਤਾ ਦੇ ਮੁੱਖ ਵੱਲ ਨਹੀਂ ਦੇਖਿਆ। ਉਹ ਕੇਵਲ ਉਨ੍ਹਾਂ ਦੇ ਚਰਨਾਂ ਦੇ ਦਰਸ਼ਨ ਕਰਦੇ ਸਨ ਤਾਂ ਜੋ ਉਨ੍ਹਾਂ ਦੇ ਮਨ ਵਿਚ ਮਰਿਆਦਾ ਬਣੀ ਰਹੇ। ਨਾਲ ਹੀ ਉਹ ਸੇਵਾ ਭਾਵ ਵਿੱਚ ਇੰਨੇ ਲੀਨ ਰਹਿੰਦੇ ਸਨ ਕਿ ਉਨ੍ਹਾਂ ਨੇ 14 ਸਾਲਾਂ ਤਕ ਸਹੀ ਢੰਗ ਨਾਲ ਭੋਜਨ ਤਕ ਗ੍ਰਹਿਣ ਨਹੀਂ ਕੀਤਾ ਸੀ।
ਮੇਘਨਾਦ ਆਪਣੀਆਂ ਸ਼ਕਤੀਆਂ ਨੂੰ ਅਮਰ ਬਣਾਉਣ ਲਈ ਨਿਕੁੰਭਲਾ ਦੇਵੀ ਦਾ ਯੱਗ ਕਰ ਰਿਹਾ ਸੀ। ਵਿਭੀਸ਼ਣ ਨੇ ਲਛਮਣ ਜੀ ਨੂੰ ਦੱਸਿਆ ਕਿ ਜੇਕਰ ਇਹ ਯੱਗ ਪੂਰਾ ਹੋ ਗਿਆ ਤਾਂ ਮੇਘਨਾਦ ਨੂੰ ਮਾਰਨਾ ਮੁਸ਼ਕਿਲ ਹੋ ਜਾਵੇਗਾ। ਲਛਮਣ ਜੀ ਨੇ ਉਸ ਯੱਗ ਨੂੰ ਵਿਚਕਾਰ ਹੀ ਭੰਗ ਕਰ ਦਿੱਤਾ, ਜਿਸ ਨਾਲ ਮੇਘਨਾਦ ਦੀਆਂ ਮਾਇਆਵੀ ਸ਼ਕਤੀਆਂ ਕਮਜ਼ੋਰ ਪੈ ਗਈਆਂ। ਅੰਤ ਵਿਚ ਭਿਆਨਕ ਯੁੱਧ ਤੋਂ ਬਾਅਦ ਲਛਮਣ ਜੀ ਨੇ ਮੇਘਨਾਦ ਦਾ ਵਧ ਕਰ ਦਿੱਤਾ।