ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦਾ ਲੋਭ ਸਿਰੇ ਚੜ੍ਹਾਅ ਸਕਣਾ ਸਭ ਤੋਂ ਔਖਾ ਕੰਮ ਹੈ। ਮਨੁੱਖ ਹਰ ਮੌਕੇ ਦਾ ਪੂਰਾ ਇਸਤੇਮਾਲ ਆਪਣੇ ਗੁਣਾਂ,ਆਪਣੀ ਸ਼ਕਤੀ-ਸਮਰੱਥਾ ਨੂੰ ਪ੍ਰਗਟਾਉਣ ਲਈ ਕਰਨਾ ਚਾਹੁੰਦਾ ਹੈ। ਉਹ ਉਮੀਦ ਕਰਦਾ ਹੈ ਕਿ ਲੋਕ ਉਸ ਦੀ ਸ਼ਲਾਘਾ ਕਰਨਗੇ। ਇਸ ਨਾਲ ਉਸ ਦਾ ਭਾਵੇਂ ਕੋਈ ਫ਼ਾਇਦਾ ਨਾ ਹੀ ਹੋਵੇ ਪਰ ਹੰਕਾਰ ਦੀ ਤ੍ਰਿਪਤੀ ਜ਼ਰੂਰ ਹੁੰਦੀ ਹੈ। ਜਦ ਗੁਣ ਚਰਿੱਤਰ ਦਾ ਹਿੱਸਾ ਨਹੀਂ ਹੁੰਦੇ ਉਦੋਂ ਮਨੁੱਖ ਦੇ ਔਗੁਣ ਮਜ਼ਬੂਤ ਬਣਦੇ ਜਾਂਦੇ ਹਨ। ਉਹ ਜੋ ਵੀ ਕਰਦਾ ਹੈ, ਉਸ ਨਾਲ ਨਾ ਤਾਂ ਉਸ ਦਾ ਆਪਣਾ ਕੋਈ ਹਿੱਤ ਹੁੰਦਾ ਹੈ, ਨਾ ਸਮਾਜ ਦਾ। ਅੱਜ ਜ਼ਿਆਦਾਤਰ ਲੋਕ ਇਸੇ ਲਈ ਭਲੇ ਕੰਮ ਕਰਦੇ ਹਨ ਤਾਂ ਜੋ ਹੋਰਾਂ ਤੋਂ ਪ੍ਰਸ਼ੰਸਾ ਕਰਵਾਈ ਜਾ ਸਕੇ ਅਤੇ ਖ਼ੁਦ ਨੂੰ ਸਥਾਪਤ ਕੀਤਾ ਜਾ ਸਕੇ। ਪਰਮਾਤਮਾ ਦੀ ਪ੍ਰੇਰਨਾ ਇਸ ਦੇ ਪੂਰੀ ਤਰ੍ਹਾਂ ਉਲਟ ਹੈ। ਸ੍ਰਿਸ਼ਟੀ ਦਾ ਭਲਾ ਪਰਮਾਤਮਾ ਦੀ ਪ੍ਰੇਰਨਾ ਧਾਰਨ ਕਰਨ ਵਿਚ ਹੀ ਹੈ। ਧਰਤੀ 'ਤੇ ਕਈ ਤਰ੍ਹਾਂ ਦੇ ਰੁੱਖ ਹਨ ਜੋ ਫਲ ਦਿੰਦੇ ਹਨ। ਉਨ੍ਹਾਂ ਦੀ ਕਦੇ ਪੂਜਾ, ਵੰਦਨਾ ਨਹੀਂ ਕੀਤੀ ਜਾਂਦੀ, ਫਿਰ ਵੀ ਉਹ ਫਲ ਦਿੰਦੇ ਹਨ। ਸੂਰਜ ਅਤੇ ਚੰਦਰਮਾ ਦੇ ਇਲਾਵਾ ਅੰਬਰ ਵਿਚ ਅਣਗਿਣਤ ਤਾਰੇ ਵੀ ਹਨ। ਉਨ੍ਹਾਂ ਦੀ ਪੂਜਾ ਨਹੀਂ ਹੁੰਦੀ, ਉਨ੍ਹਾਂ ਦਾ ਕੋਈ ਨਾਮ ਵੀ ਨਹੀਂ, ਫਿਰ ਵੀ ਉਹ ਚਮਕਣਾ ਨਹੀਂ ਭੁੱਲਦੇ। ਸੰਸਾਰ ਦੇ ਵਿਹੜੇ ਵਿਚ ਨਿੱਤ ਅਣਗਿਣਤ ਫੁੱਲ ਖਿੜਦੇ ਹਨ। ਉਨ੍ਹਾਂ 'ਚੋਂ ਥੋੜ੍ਹੇ ਹੀ ਪੂਜਾ ਸਥਾਨਾਂ ਵਿਚ ਅਰਪਿਤ ਹੁੰਦੇ ਹਨ ਪਰ ਬਾਕੀ ਫੁੱਲ ਵੀ ਉਵੇਂ ਹੀ ਆਪਣੀ ਸੁੰਦਰਤਾ ਅਤੇ ਖ਼ੁਸ਼ਬੂ ਬਿਖੇਰਦੇ ਹਨ ਜਿਵੇਂ ਪੂਜਾ ਸਥਾਨਾਂ ਤਕ ਆ ਜਾਣ ਵਾਲੇ ਫੁੱਲ। ਅਜਿਹਾ ਕਰਨਾ ਉਨ੍ਹਾਂ ਦਾ ਸਥਾਈ ਸੁਭਾਅ ਹੈ। ਫੁੱਲਾਂ, ਫਲਾਂ ਅਤੇ ਤਾਰਿਆਂ ਲਈ ਪ੍ਰਸ਼ੰਸਾ ਦਾ ਭਾਵ ਖ਼ੁਦ ਹੀ ਪ੍ਰਗਟ ਹੁੰਦਾ ਹੈ। ਮਨੁੱਖ ਨੂੰ ਇਸ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ ਕਿਉਂਕਿ ਉਸ ਦਾ ਆਚਰਨ ਫੁੱਲਾਂ, ਫਲਾਂ ਅਤੇ ਤਾਰਿਆਂ ਵਰਗਾ ਨਹੀਂ ਹੈ। ਸੰਸਾਰ ਵਿਚ ਕਿੰਨੇ ਹੀ ਸ਼ਕਤੀਸ਼ਾਲੀ ਸਮਰਾਟ, ਧਨਵਾਨ, ਵਿਦਵਾਨ, ਦਾਨੀ ਹੋਏ ਹੋਣਗੇ ਪਰ ਕੋਈ ਉਨ੍ਹਾਂ ਬਾਰੇ ਜਾਣਦਾ ਤਕ ਨਹੀਂ ਹੈ। ਸਦੀਆਂ ਬਾਅਦ ਵੀ ਅੱਜ ਜਿਨ੍ਹਾਂ ਨੂੰ ਆਦਰ ਪ੍ਰਾਪਤ ਹੋ ਰਿਹਾ ਹੈ, ਉਨ੍ਹਾਂ ਨੇ ਸਮਾਜ ਨੂੰ ਕੁਝ ਤਾਂ ਬਿਨਾਂ ਸਵਾਰਥ ਦੇ ਦਿੱਤਾ ਹੋਵੇਗਾ। ਉਨ੍ਹਾਂ ਆਪਣੇ ਕੰਮਾਂ ਦਾ ਪ੍ਰਚਾਰ ਨਹੀਂ ਕੀਤਾ, ਆਪਣੇ ਚਿੰਤਨ ਦਾ ਪ੍ਰਸਾਰ ਕੀਤਾ। ਜਦ ਉਨ੍ਹਾਂ ਦਾ ਚਿੰਤਨ, ਉਨ੍ਹਾਂ ਦੇ ਕੰਮ ਸਮਾਜਿਕ ਹਿੱਤਾਂ ਦੀ ਕਸੌਟੀ 'ਤੇ ਖ਼ਰੇ ਉਤਰੇ ਤਾਂ ਸਮਾਜ ਨੇ ਖ਼ੁਦ ਅੱਗੇ ਆ ਕੇ ਉਨ੍ਹਾਂ ਲਈ ਸ਼ਰਧਾ ਅਤੇ ਭਾਵਨਾ ਦੇ ਦੁਆਰ ਖੋਲ੍ਹ ਦਿੱਤੇ। ਠੀਕ ਹੈ ਕਿ ਹਰ ਮਨੁੱਖ ਸੰਤ ਨਹੀਂ ਬਣ ਸਕਦਾ ਪਰ ਸੰਤ ਬਿਰਤੀ ਤਾਂ ਅਪਣਾ ਸਕਦਾ ਹੈ। ਜਦ ਉਹ ਇਸ ਰਾਹ 'ਤੇ ਚੱਲ ਪਵੇਗਾ ਤਾਂ ਉਸ ਨੂੰ ਕਿਸੇ ਪ੍ਰਚਾਰ, ਲੋਕ ਸ਼ਲਾਘਾ ਦਾ ਮੋਹ ਨਹੀਂ ਰਹੇਗਾ। ਸਮਾਜ ਵਿਚ ਖ਼ੁਦ ਹੀ ਉਸ ਦੀ ਥਾਂ ਬਣ ਜਾਵੇਗੀ।

-ਡਾ. ਸਤਿੰਦਰਪਾਲ ਸਿੰਘ।

Posted By: Sukhdev Singh