ਧਾਰਮਿਕ ਮਾਨਤਾਵਾਂ ਅਨੁਸਾਰ, ਸ਼ਾਮ ਦੇ ਸਮੇਂ ਹੀ ਮਾਤਾ ਲਕਸ਼ਮੀ ਧਰਤੀ 'ਤੇ ਆਉਂਦੀ ਹੈ ਅਤੇ ਜਿਸ ਘਰ ਵਿਚ ਪਵਿੱਤਰਤਾ ਤੇ ਸ਼ਾਂਤੀ ਹੁੰਦੀ ਹੈ, ਉੱਥੇ ਵਾਸ ਕਰਦੀ ਹੈ। ਹਾਲਾਂਕਿ, ਅਣਜਾਣੇ ਵਿਚ ਅਸੀਂ ਸ਼ਾਮ ਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜੋ ਵਾਸਤੂ ਦੋਸ਼ ਦਾ ਕਾਰਨ ਬਣਦੀਆਂ ਹਨ ਅਤੇ ਦਲਿੱਦਰ ਨੂੰ ਬੁਲਾਵਾ ਦਿੰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ ਸੰਧਿਆ ਕਾਲ ਯਾਨੀ ਸੂਰਜ ਡੁੱਬਣ ਦੇ ਸਮੇਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਹ ਦਿਨ ਅਤੇ ਰਾਤ ਦੇ ਮਿਲਣ ਦਾ ਸਮਾਂ ਹੁੰਦਾ ਹੈ ਜਿਸ ਨੂੰ ਅਧਿਆਤਮਕ ਊਰਜਾ ਦੇ ਸੰਚਾਰ ਦਾ ਸਮਾਂ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸ਼ਾਮ ਦੇ ਸਮੇਂ ਹੀ ਮਾਤਾ ਲਕਸ਼ਮੀ ਧਰਤੀ 'ਤੇ ਆਉਂਦੀ ਹੈ ਅਤੇ ਜਿਸ ਘਰ ਵਿਚ ਪਵਿੱਤਰਤਾ ਤੇ ਸ਼ਾਂਤੀ ਹੁੰਦੀ ਹੈ, ਉੱਥੇ ਵਾਸ ਕਰਦੀ ਹੈ। ਹਾਲਾਂਕਿ, ਅਣਜਾਣੇ ਵਿਚ ਅਸੀਂ ਸ਼ਾਮ ਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜੋ ਵਾਸਤੂ ਦੋਸ਼ ਦਾ ਕਾਰਨ ਬਣਦੀਆਂ ਹਨ ਅਤੇ ਦਲਿੱਦਰ ਨੂੰ ਬੁਲਾਵਾ ਦਿੰਦੀਆਂ ਹਨ। ਜੇਕਰ ਤੁਸੀਂ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਤਾਂ ਆਪਣੀਆਂ ਇਨ੍ਹਾਂ ਆਦਤਾਂ ਨੂੰ ਅੱਜ ਹੀ ਸੁਧਾਰ ਲਓ।
ਸ਼ਾਮ ਦੇ ਸਮੇਂ ਘਰ ਦੇ ਮੁੱਖ ਦੁਆਰ ਅਤੇ ਮੰਦਰ ਵਿੱਚ ਹਨੇਰਾ ਰੱਖਣਾ ਸਭ ਤੋਂ ਵੱਡਾ ਵਾਸਤੂ ਦੋਸ਼ ਮੰਨਿਆ ਜਾਂਦਾ ਹੈ। ਸੂਰਜ ਡੁੱਬਦੇ ਹੀ ਘਰ ਦੀਆਂ ਲਾਈਟਾਂ ਜਗਾ ਦਿਓ ਅਤੇ ਮੁੱਖ ਦੁਆਰ 'ਤੇ ਇੱਕ ਦੀਵਾ ਜ਼ਰੂਰ ਰੱਖੋ। ਜਿਸ ਘਰ ਵਿੱਚ ਸ਼ਾਮ ਨੂੰ ਹਨੇਰਾ ਰਹਿੰਦਾ ਹੈ, ਉੱਥੇ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੋਣ ਲੱਗਦਾ ਹੈ ਅਤੇ ਲਕਸ਼ਮੀ ਜੀ ਪਰਤ ਜਾਂਦੇ ਹਨ।
ਪੁਰਾਣੇ ਸਮੇਂ 'ਚ ਬਜ਼ੁਰਗ ਹਮੇਸ਼ਾ ਟੋਕਦੇ ਸਨ ਕਿ ਸ਼ਾਮ ਦੇ ਸਮੇਂ ਘਰ ਦੀ ਦਹਿਲੀਜ 'ਤੇ ਨਹੀਂ ਬੈਠਣਾ ਚਾਹੀਦਾ। ਸ਼ਾਸਤਰਾਂ ਅਨੁਸਾਰ, ਸੰਧਿਆ ਕਾਲ 'ਚ ਦਹਿਲੀਜ਼ 'ਤੇ ਬੈਠਣਾ ਜਾਂ ਉੱਥੇ ਖੜ੍ਹੇ ਹੋ ਕੇ ਭੋਜਨ ਕਰਨਾ ਸਾਕਸ਼ਾਤ ਦਲਿੱਦਰ ਨੂੰ ਸੱਦਾ ਦੇਣਾ ਹੈ। ਇਹ ਸਥਾਨ ਰਾਹੁ ਦਾ ਮੰਨਿਆ ਜਾਂਦਾ ਹੈ, ਇਸ ਲਈ ਇਸਨੂੰ ਖਾਲੀ ਅਤੇ ਸਾਫ਼ ਰੱਖਣਾ ਚਾਹੀਦਾ ਹੈ।
ਸੂਰਜ ਡੁੱਬਣ ਤੋਂ ਬਾਅਦ ਘਰੋਂ ਸਫੈਦ ਚੀਜ਼ਾਂ ਜਿਵੇਂ ਦੁੱਧ, ਦਹੀਂ ਜਾਂ ਨਮਕ ਕਿਸੇ ਨੂੰ ਉਧਾਰ ਜਾਂ ਦਾਨ 'ਚ ਨਹੀਂ ਦੇਣੀਆਂ ਚਾਹੀਦੀਆਂ। ਸਫੈਦ ਵਸਤਾਂ ਦਾ ਸਬੰਧ ਸ਼ੁੱਕਰ ਅਤੇ ਚੰਦਰਮਾ ਨਾਲ ਹੈ, ਜੋ ਧਨ ਅਤੇ ਮਾਨਸਿਕ ਸ਼ਾਂਤੀ ਦੇ ਕਾਰਕ ਹਨ। ਸ਼ਾਮ ਨੂੰ ਇਨ੍ਹਾਂ ਦਾ ਦਾਨ ਕਰਨ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ।
ਜੇਕਰ ਤੁਸੀਂ ਸ਼ਾਮ ਢਲਣ ਤੋਂ ਬਾਅਦ ਘਰ ਵਿਚ ਝਾੜੂ ਲਗਾਉਂਦੇ ਹੋ ਤਾਂ ਤੁਸੀਂ ਆਪਣੀ ਸੁੱਖ ਤੇ ਖੁਸ਼ਹਾਲੀ ਨੂੰ ਘਰ ਤੋਂ ਬਾਹਰ ਧੱਕ ਰਹੇ ਹੋ। ਸ਼ਾਮ ਨੂੰ ਝਾੜੂ ਲਗਾਉਣ ਨਾਲ ਧੂੜ ਦੇ ਨਾਲ ਸਕਾਰਾਤਮਕ ਊਰਜਾ ਵੀ ਬਾਹਰ ਨਿਕਲ ਜਾਂਦੀ ਹੈ। ਜੇਕਰ ਸਫਾਈ ਜ਼ਰੂਰੀ ਹੋਵੇ ਤਾਂ ਕੂੜੇ ਨੂੰ ਘਰੋਂ ਬਾਹਰ ਨਾ ਸੁੱਟੋ।
ਜਿਹੜਾ ਵਿਅਕਤੀ ਸ਼ਾਮ ਦੇ ਸਮੇਂ ਸੌਂਦਾ ਹੈ, ਉਸਦਾ ਭਾਗ ਵੀ ਸੌਂ ਜਾਂਦਾ ਹੈ। ਇਹ ਸਮਾਂ ਸੌਣ ਦਾ ਨਹੀਂ ਸਗੋਂ ਧਿਆਨ ਅਤੇ ਪੂਜਾ-ਪਾਠ ਕਰਨ ਦਾ ਹੈ। ਨਾਲ ਹੀ, ਸ਼ਾਮ ਨੂੰ ਘਰ ਵਿਚ ਰੋਣਾ ਜਾਂ ਕਲੇਸ਼ ਕਰਨਾ ਬਹੁਤ ਅਸ਼ੁਭ ਹੁੰਦਾ ਹੈ, ਇਸ ਨਾਲ ਘਰ ਦੀ ਉੱਨਤੀ ਰੁਕ ਜਾਂਦੀ ਹੈ।
ਸ਼ਾਮ ਦੇ ਸਮੇਂ ਕਪੂਰ ਜਗਾ ਕੇ ਪੂਰੇ ਘਰ 'ਚ ਉਸਦਾ ਧੂੰਆਂ ਦਿਖਾਓ। ਇਸ ਨਾਲ ਦਿਨ ਭਰ ਦੀ ਨਕਾਰਾਤਮਕਤਾ ਖਤਮ ਹੁੰਦੀ ਹੈ। ਨਾਲ ਹੀ, ਤੁਲਸੀ ਦੇ ਪੌਦੇ ਕੋਲ ਘਿਓ ਦਾ ਦੀਵਾ ਜਗਾਉਣਾ ਸੌਭਾਗ ਲੈ ਕੇ ਆਉਂਦਾ ਹੈ।