ਵਿਸ਼ਵ ਸ਼ਾਂਤੀ ਦੀ ਅਹਿਮੀਅਤ ਸਮਝੇ ਮਨੁੱਖ
ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਵੀ ਵੱਡੇ ਹੋ ਕੇ ਸਾਡੇ ਨਾਲੋਂ ਬਿਹਤਰ ਇਨਸਾਨ ਬਣਨ ਅਤੇ ਸਾਡੇ ਨਾਲੋਂ ਜ਼ਿਆਦਾ ਆਰਾਮ ਵਾਲੀ ਜ਼ਿੰਦਗੀ ਗੁਜ਼ਾਰਨ। ਇਸ ਲਈ ਅਸੀਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।
Publish Date: Sat, 15 Nov 2025 11:14 PM (IST)
Updated Date: Sun, 16 Nov 2025 06:45 AM (IST)
ਅੱਜ ਹਰ ਖੇਤਰ ਵਿਚ ਇੰਨੀਆਂ ਖੋਜਾਂ ਹੋ ਰਹੀਆਂ ਹਨ ਕਿ ਕੁਝ ਸਾਲ ਪਹਿਲਾਂ ਦੀ ਤੁਲਨਾ ਵਿਚ ਸਾਨੂੰ ਬਹੁਤ ਜ਼ਿਆਦਾ ਜਾਣਕਾਰੀਆਂ ਮਿਲ ਰਹੀਆਂ ਹਨ। ਇਹ ਜੋ ਜਾਣਕਾਰੀਆਂ ਦਾ ਸੈਲਾਬ ਆਇਆ ਹੈ, ਇਹ ਸਾਡੇ ਜੀਵਨ ਨੂੰ ਭੌਤਿਕਤਾ ਵੱਲ ਧੱਕ ਰਿਹਾ ਹੈ। ਇਲੈਕਟ੍ਰਾਨਿਕਸ ਦੇ ਖੇਤਰ ਵਿਚ ਹੋਏ ਵਿਕਾਸ ਨਾਲ ਅਸੀਂ ਇੰਨੇ ਸੁਵਿਧਾਜਨਕ ਸਾਧਨ (ਉਪਕਰਨ) ਖੋਜ ਲਏ ਹਨ ਕਿ ਉਨ੍ਹਾਂ ਤੋਂ ਸਾਨੂੰ ਵੱਧ ਸਮਾਂ ਮਿਲਣਾ ਚਾਹੀਦਾ ਸੀ ਪਰ ਇਨ੍ਹਾਂ ਸਹੂਲਤਾਂ ਵਿਚ ਅਸੀਂ ਇੰਨੇ ਜ਼ਿਆਦਾ ਫਸ ਗਏ ਹਾਂ ਕਿ ਇਹ ਜਾਣਨਾ ਕਿ ਅਸੀਂ ਕੌਣ ਹਾਂ? ਕਿੱਥੇ ਆਏ ਹਾਂ? ਅਤੇ ਸਾਡੇ ਜੀਵਨ ਦਾ ਕੀ ਮਕਸਦ ਹੈ? ਉਸ ਨੂੰ ਅਸੀਂ ਭੁੱਲ ਚੁੱਕੇ ਹਾਂ। ਇਨ੍ਹਾਂ ਸਹੂਲਤਾਂ ਵਿਚ ਆਪਣਾ ਸਮਾਂ ਦਿੰਦੇ ਹੋਏ ਹੌਲੀ-ਹੌਲੀ ਸਾਡੇ ਉੱਪਰ ਆਪਣੇ ਪਰਿਵਾਰ ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਹਨ।
ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਵੀ ਵੱਡੇ ਹੋ ਕੇ ਸਾਡੇ ਨਾਲੋਂ ਬਿਹਤਰ ਇਨਸਾਨ ਬਣਨ ਅਤੇ ਸਾਡੇ ਨਾਲੋਂ ਜ਼ਿਆਦਾ ਆਰਾਮ ਵਾਲੀ ਜ਼ਿੰਦਗੀ ਗੁਜ਼ਾਰਨ। ਇਸ ਲਈ ਅਸੀਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਕੰਮਕਾਜ, ਆਪਣੇ ਬੱਚਿਆਂ ਨੂੰ ਬਿਹਤਰ ਬਣਾਉਣ ਅਤੇ ਰਿਸ਼ਤਿਆਂ-ਨਾਤਿਆਂ ਨੂੰ ਸਹੀ ਕਰਨ ਵਿਚ ਹੀ ਲੱਗੇ ਰਹਿੰਦੇ ਹਾਂ। ਇਨ੍ਹਾਂ ਸਭ ਵਿਚ ਸਾਡਾ ਜੀਵਨ ਇੰਨਾ ਰੁੱਝ ਜਾਂਦਾ ਹੈ ਕਿ ਸਾਨੂੰ ਆਰਾਮ ਲਈਵੀ ਬਹੁਤ ਘੱਟ ਸਮਾਂ ਮਿਲਦਾ ਹੈ ਅਤੇ ਇਸੇ ਤਰ੍ਹਾਂ ਸਾਡਾ ਜੀਵਨ ਗੁਜ਼ਰਦਾ ਚਲਿਆ ਜਾਂਦਾ ਹੈ।
ਇਕ ਦਿਨ ਅਸੀਂ ਖ਼ੁਦ ਨੂੰ ਸਵਾਲ ਕਰਦੇ ਹਾਂ : ਕੀ ਸਾਡੇ ਜੀਵਨ ਦਾ ਮਕਸਦ ਸਿਰਫ਼ ਜਨਮ ਲੈਣਾ, ਵੱਡਾ ਹੋਣਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਅਤੇ ਮੌਤ ਨੂੰ ਪ੍ਰਾਪਤ ਹੋ ਜਾਣਾ ਹੀ ਹੈ ਜਾਂ ਇਸ ਤੋਂ ਇਲਾਵਾ ਵੀ ਕੁਝ ਹੋਰ ਹੈ? ਸੰਤ ਮਹਾਪੁਰਖ ਫੁਰਮਾਉਂਦੇ ਹਨ ਕਿ ਮਨੁੱਖੀ ਜੀਵਨ ਦੇ ਤਿੰਨ ਪਹਿਲੂ ਹਨ-ਬੌਧਿਕ, ਸਰੀਰਕ ਅਤੇ ਰੂਹਾਨੀ। ਸਾਨੂੰ ਇਨ੍ਹਾਂ ਤਿੰਨਾਂ ਪਹਿਲੂਆਂ ’ਚ ਵਿਕਸਤ ਹੋਣਾ ਚਾਹੀਦਾ ਹੈ।
ਅਸੀਂ ਖ਼ੁਸ਼ਨਸੀਬ ਹਾਂ ਕਿ ਅਸੀਂ ਮਨੁੱਖੀ ਜਨਮ ਪਾਇਆ ਹੈ। ਆਪਣੇ ਇਸੇ ਜੀਵਨ ਵਿਚ ਜੇ ਅਸੀਂ ਆਪਣੇ ਰੂਹਾਨੀ ਵਿਕਾਸ ਲਈ ਸਮਾਂ ਨਹੀਂ ਕੱਢਾਂਗੇ ਤਾਂ ਅਸੀਂ ਮਨੁੱਖੀ ਜਨਮ ਦਾ ਮਕਸਦ ਜੋ ਕਿ ਆਪਣੇ-ਆਪ ਨੂੰ ਜਾਣਨਾ ਅਤੇ ਪਿਤਾ-ਪਰਮੇਸ਼ਵਰ ਨੂੰ ਹਾਸਲ ਕਰਨਾ ਹੈ, ਨੂੰ ਪੂਰਾ ਨਹੀਂ ਕਰ ਸਕਾਂਗੇ। ਇਸ ਲਈ ਆਪਣੇ ਜੀਵਨ ਵਿਚ ਸਹੀ ਸੰਤੁਲਨ ਬਣਾਉਣ ਲਈ ਸਾਨੂੰ ਰੂਹਾਨੀ ਪਹਿਲੂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ।
-ਸੰਤ ਰਾਜਿੰਦਰ ਸਿੰਘ