ਵਿਸ਼ਵ ’ਚ ਸ਼ਾਂਤੀ ਹੈ ਬੇਹੱਦ ਜ਼ਰੂਰੀ
ਅਸੀਂ ਸਾਰੇ ਆਪਣੇ ਮਹਾਦੀਪਾਂ, ਦੇਸ਼ਾਂ, ਸ਼ਹਿਰਾਂ ਅਤੇ ਆਪਣੇ ਘਰ-ਪਰਿਵਾਰਾਂ ਵਿਚ ਸ਼ਾਂਤੀ ਚਾਹੁੰਦੇ ਹਾਂ। ਇਨ੍ਹਾਂ ਸਭ ਤੋਂ ਵਧ ਕੇ ਅਸੀਂ ਆਪਣੇ ਅੰਦਰ ਸ਼ਾਂਤੀ ਚਾਹੁੰਦੇ ਹਾਂ। ਫਿਰ ਵੀ ਅੱਜ ਅਸੀਂ ਦੁਨੀਆ ਭਰ ਵਿਚ ਹੋ ਰਹੇ ਅੱਤਿਆਚਾਰਾਂ, ਹਿੰਸਾ ਅਤੇ ਅਪਰਾਧਾਂ ਨੂੰ ਦੇਖਦੇ ਹਾਂ।
Publish Date: Sat, 27 Dec 2025 11:38 PM (IST)
Updated Date: Sun, 28 Dec 2025 07:39 AM (IST)
ਅੱਜ ਅਸੀਂ ਦੁਨੀਆ ਵਿਚ ਇਹ ਦੇਖਦੇ ਹਾਂ ਕਿ ਚੁਫੇਰੇ ਹਿੰਸਾ ਤੇ ਨਫ਼ਰਤ ਵਾਲਾ ਮਾਹੌਲ ਹੈ। ਇਕ ਦੇਸ਼ ਦੂਜੇ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸੇ ਤਰ੍ਹਾਂ ਸਮਾਜਿਕ ਤੌਰ ’ਤੇ ਵੀ ਉੱਚ ਅਹੁਦੇ ਨੂੰ ਹਾਸਲ ਕਰਨ ਲਈ ਲੋਕ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਨਿੱਜੀ ਤੌਰ ’ਤੇ ਵੀ ਅਸੀਂ ਇਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਵਿਚ ਆਪਣੇ ਅੰਦਰ ਨਫ਼ਰਤ ਅਤੇ ਹਿੰਸਾ ਦੀ ਭਾਵਨਾ ਪੈਦਾ ਕਰ ਲੈਂਦੇ ਹਾਂ।
ਇਵੇਂ ਹੀ ਇਕ ਪਰਿਵਾਰ ਵਿਚ ਵੀ ਜੀਅ ਇਕ-ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਕਾਰਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਹਨ। ਸੰਤਾਂ-ਮਹਾਪੁਰਸ਼ਾਂ ਦੀ ਸਿੱਖਿਆ ਅਨੁਸਾਰ ਜੇ ਅਸੀਂ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਪ੍ਰੇਮ ਦੇ ਗੁਣ ਨੂੰ ਸਾਨੂੰ ਆਪਣੇ ਅੰਦਰ ਢਾਲਣਾ ਹੋਵੇਗਾ। ਹੁਣ ਅਸੀਂ ਦੇਖਣਾ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਤੋਹਫ਼ੇ ਵਿਚ ਕੀ ਦੇਣਾ ਚਾਹੁੰਦੇ ਹਾਂ?
ਜਾਂ ਅਸੀਂ ਉਨ੍ਹਾਂ ਲਈ ਸ਼ਾਂਤੀ, ਪ੍ਰੇਮ ਤੇ ਏਕਤਾ ਦੀ ਦੁਨੀਆ ਦੀ ਕਾਮਨਾ ਕਰਦੇ ਹਾਂ? ਚੋਣ ਸਾਨੂੰ ਕਰਨੀ ਪੈਣੀ ਹੈ। ਅੱਜ ਦੁਨੀਆ ਵਿਚ ਬੱਚੇ ਕਾਫ਼ੀ ਹਿੰਸਾ ਭਰਪੂਰ ਮਾਹੌਲ ਦੇਖ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਅਨੇਕ ਜੀਆਂ ਨੂੰ ਖੋ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖ਼ੁਦ ’ਤੇ ਇਕ ਸਖ਼ਤ ਨਜ਼ਰ ਮਾਰੀਏ। ਸਮਾਂ ਆ ਗਿਆ ਹੈ ਕਿ ‘ਹਿੰਸਾ’ ਨੂੰ ਨਾਂਹ ਕਹਿਣ ਲਈ ਅਸੀਂ ਆਪਣੇ ਅੰਦਰ ਪਰਪੱਕਤਾ ਅਤੇ ਬੁੱਧੀ ਦਾ ਵਿਕਾਸ ਕਰੀਏ। ਆਓ! ਅਸੀਂ ਆਪਣੀ ਊਰਜਾ ਦਾ ਇਸਤੇਮਾਲ ਇਕ ਸ਼ਾਂਤੀਪੂਰਨ ਸੰਸਾਰ ਦੇ ਨਿਰਮਾਣ ਵਿਚ ਕਰੀਏ। ਹਰ ਕੋਈ ਸੰਸਾਰ ਵਿਚ ਅਮਨ ਚਾਹੁੰਦਾ ਹੈ।
ਅਸੀਂ ਸਾਰੇ ਆਪਣੇ ਮਹਾਦੀਪਾਂ, ਦੇਸ਼ਾਂ, ਸ਼ਹਿਰਾਂ ਅਤੇ ਆਪਣੇ ਘਰ-ਪਰਿਵਾਰਾਂ ਵਿਚ ਸ਼ਾਂਤੀ ਚਾਹੁੰਦੇ ਹਾਂ। ਇਨ੍ਹਾਂ ਸਭ ਤੋਂ ਵਧ ਕੇ ਅਸੀਂ ਆਪਣੇ ਅੰਦਰ ਸ਼ਾਂਤੀ ਚਾਹੁੰਦੇ ਹਾਂ। ਫਿਰ ਵੀ ਅੱਜ ਅਸੀਂ ਦੁਨੀਆ ਭਰ ਵਿਚ ਹੋ ਰਹੇ ਅੱਤਿਆਚਾਰਾਂ, ਹਿੰਸਾ ਅਤੇ ਅਪਰਾਧਾਂ ਨੂੰ ਦੇਖਦੇ ਹਾਂ। ਅਸੀਂ ਦੇਖਣਾ ਇਹ ਹੈ ਕਿ ਵਿਸ਼ਵ ਵਿਚ ਸ਼ਾਂਤੀ ਦੀ ਸਥਾਪਨਾ ਲਈ ਅਸੀਂ ਕੀ ਕਰ ਸਕਦੇ ਹਾਂ? ਇਸ ਸਮੱਸਿਆ ਦਾ ਅਸੀਂ ਇਕ ਹੱਲ ਕੱਢ ਸਕਦੇ ਹਾਂ ਜਿਸ ਨੂੰ ਜਾਣ ਕੇ ਸਾਨੂੰ ਹੈਰਾਨੀ ਹੋਵੇਗੀ ਕਿ ਅਸੀਂ ਇਸ ਦੀ ਅਣਦੇਖੀ ਕਿਉਂ ਕਰ ਦਿੱਤੀ? ਇਕ ਸ਼ਾਂਤੀਪੂਰਨ ਸੰਸਾਰ ਦੇ ਨਿਰਮਾਣ ਦਾ ਨੀਂਹ ਪੱਥਰ ‘ਖ਼ੁਦ’ ਤੋਂ ਹੁੰਦਾ ਹੈ। ਵਿਸ਼ਵ ਸ਼ਾਂਤੀ ਦੀ ਸਥਾਪਨਾ ਵਿਚ ਯੋਗਦਾਨ ਦੇਣ ਲਈ ਸਾਨੂੰ ਪਹਿਲਾਂ ਖ਼ੁਦ ਸ਼ਾਂਤੀ ਪ੍ਰਾਪਤ ਕਰਨੀ ਚਾਹੀਦੀ ਹੈ।
-ਸੰਤ ਰਾਜਿੰਦਰ ਸਿੰਘ