ਇੰਨਾ ਵੱਡਾ ਇਤਿਹਾਸ ਸਾਂਭੀ ਬੈਠਾ ਸ਼ਹਿਰ ਰੋਪੜ ਰਾਜਾ ਰੋਕੇਸਹਰ ਤੋਂ ਬਾਅਦ ਸਿੱਖ ਮਿਸਲਾਂ ਦੇ ਸਮੇਂ ਪਹਿਲੀ ਵਾਰ ਸਿਆਲਵਾ ਰਿਆਸਤ ਦੀ ਰਾਜਧਾਨੀ ਬਣਿਆ ਸੀ। ਰਾਜਾ ਭੂਪ ਸਿੰਘ ਇਸ ਰਿਆਸਤ ਦਾ ਮਸ਼ਹੂਰ ਤੇ ਆਖ਼ਰੀ ਰਾਜਾ ਸੀ, ਜਿਹੜਾ 1845 ਵਿਚ ਐਂਗਲੋ-ਸਿੱਖ ਯੁੱਧ ਸਮੇਂ ਮਹਾਰਾਜਾ ਦਲੀਪ ਸਿੰਘ ਵੱਲੋਂ ਲੜਿਆ।
ਪੇਂਟਿੰਗ ’ਚ ਸਾਹਮਣੇ ਪਹਾੜੀ ’ਤੇ ਦਿਖਾਈ ਦਿੰਦਾ ‘ਨਿਸ਼ਾਨ-ਏ-ਖ਼ਾਲਸਾ’ ਦੋ ਸਦੀਆਂ ਤੋਂ ਉਸ ਇਤਿਹਾਸ ਦਾ ਗਵਾਹ ਹੈ, ਜਿਸ ਦੀ ਸਰਪ੍ਰਸਤੀ ਥੱਲੇ ਉੱਤਰ ਭਾਰਤ ਵਿਚ ਕੁਝ ਕੁ ਦਹਾਕੇ ਪਹਿਲਾਂ ਪੈਦਾ ਹੋਈ ਖ਼ਾਲਸਾ ਕੌਮ ਨੇ ਅੰਗਰੇਜ਼ ਸਾਮਰਾਜੀਆਂ ਨੂੰ ਮੇਜ਼ ’ਤੇ ਬਹਿ ਕੇ ਗੱਲ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਪਰੋਕਤ ਤੇਲ ਚਿੱਤਰ ਦੇ ਸੰਦਰਭ ’ਚ ਜੇ ਗੱਲ ਕਰੀਏ ਤਾਂ ਕਿਸੇ ਵੀ ਕੌਮ ਦੀ ਪਛਾਣ ਉਸ ਦੇ ਉਸ ਕੌਮੀ ਨਿਸ਼ਾਨ ਨਾਲ ਹੁੰਦੀ ਹੈ, ਜਿਸ ਹੇਠਾਂ ਉਹ ਇਕਮੁੱਠ ਹੋ ਕੇ ਜਬਰ-ਜ਼ੁਲਮ ਖ਼ਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਘੋੜਿਆਂ ਦੀਆਂ ਕਾਠੀਆਂ ’ਤੇ ਸੌਣ ਤੇ ਜੰਗਲ ’ਚ ਵੀ ਰਾਤੀਂ ਜਾਗਦੇ ਰਹਿ ਕੇ ਗੁਰੀਲਾ ਯੁੱਧਨੀਤੀ ਆਪਣਾ ਕੇ ਮੁਗਲ ਸਲਤਨਤ ਤੋਂ ਰਾਜਸੀ ਸੱਤਾ ਹਥਿਆਉਣ ਵਾਲੀ ਕੌਮ ਅੱਗੇ ਅੰਗਰੇਜ਼ੀ ਸਲਤਨਤ ਵੀ ਸੰਧੀ ਲਈ ਮਜਬੂਰ ਹੋਈ ਬੈਠੀ ਸੀ। ਜੰਗਲ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਉੱਥੇ ਗੂੜ੍ਹੀ ਨੀਂਦ ਸੌਣ ਵਾਲਾ ਅਗਲੀ ਸਵੇਰ ਨਹੀਂ ਦੇਖਦਾ, ਸ਼ਿਕਾਰ ਹੋ ਜਾਂਦਾ ਹੈ। ਔਖੇ ਹਾਲਾਤ ਝੱਲ ਕੇ ਸੱਤਾ ਹਥਿਆਉਣ ਵਾਲੀ ਕੌਮ ਨੇ ਰੋਪੜ ਦੇ ਪੱਛਮੀ ਪਾਸੇ ਅੰਗਰੇਜ਼ੀ ਹਕੂਮਤ ਲਈ ਵੰਗਾਰ ਦਾ ਰੂਪ ਧਾਰਨ ਕਰ ਸਭ ਤੋਂ ਉੱਚੀ ਚੋਟੀ ’ਤੇ ਆਪਣਾ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ।
ਸੰਧੀ ਦਾ ਦਿਨ ਅਕਤੂਬਰ ਮਹੀਨਾ ਕਿਉਂ?
26 ਅਕਤੂਬਰ 1831 ਦਾ ਦਿਨ ਚਾਰ ਮਹੀਨੇ ਪਹਿਲਾਂ ਹੀ ਸੰਧੀ ਲਈ ਨਿਸ਼ਚਿਤ ਕਰ ਦਿੱਤਾ ਗਿਆ ਸੀ। ਅੰਗਰੇਜ਼ ਮਿਲਟਰੀ ਅਫ਼ਸਰ ਜੇਮਜ਼ ਸਕਿਨਰ ਦੀ ਮਿਸਟਰ ਵੂਡ ਨੂੰ ਲਿਖੀ ਚਿੱਠੀ ਜੋ ਅੱਜ ਵੂਡ ਪਰਿਵਾਰ ਦਾ ਘਰੇਲੂ ਦਸਤਾਵੇਜ਼ ਹੈ, ਅਨੁਸਾਰ ਜੇਮਜ਼ ਸਕਿਨਰ ਅਨੁਸਾਰ ਰੋਪੜ ਵਿਖੇ ਹੋਣ ਵਾਲੀ ਸੰਧੀ ਦੀ ਤਿਆਰੀ ਤਹਿਤ ਲਾਰਡ ਵਿਲੀਅਮ ਬੈਂਟਿੰਗ ਚਾਰ ਮਹੀਨੇ ਪਹਿਲਾਂ ਸ਼ਿਮਲੇ ਆ ਗਿਆ ਸੀ। ਰੋਪੜ ਰਿਆਸਤ ਉਦੋਂ ਸਿਆਲਬੇ ਰਾਜ ਦੇ ਵੰਸ਼ਿਜ਼ਾਂ ਅਧੀਨ ਸੀ। ਰੋਪੜ ’ਚ ਵੱਡੇ ਪੱਧਰ ’ਤੇ ਸਜਾਵਟਾਂ ਤੇ ਖ਼ਾਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਮਹਾਰਾਜੇ ਨੂੰ ਖ਼ੁਸ਼ ਕੀਤਾ ਜਾ ਸਕੇ। ਅਕਤੂਬਰ ਦੇ ਮਹੀਨੇ ਦੀ ਚੋਣ ਭੂਗੋਲਿਕ ਪ੍ਰਸਥਿਤੀਆਂ ਨੂੰ ਜਾਣ ਕੇ ਕੀਤੀ ਗਈ ਸੀ। ਉਦੋਂ ਸਤਲੁਜ ’ਤੇ ਕਿਸੇ ਤਰ੍ਹਾਂ ਦਾ ਕੋਈ ਬੰਨ੍ਹ ਨਾ ਹੋਣ ਕਾਰਨ ਇਹ ਬਹੁਤ ਵੱਡੀ ਮਾਤਰਾ ਵਿਚ ਪਾਣੀ ਲੈ ਕੇ ਵਹਿੰਦਾ ਸੀ। ਬਰਸਾਤ ’ਚ ਇਸ ਦਾ ਵਿਕਰਾਲ ਰੂਪ ਕਈ-ਕਈ ਮੀਲਾਂ ਤਕ ਮੈਦਾਨਾਂ ’ਚ ਆਪਣੀ ਤਬਾਹੀ ਕਰਦਾ ਰਹਿੰਦਾ ਸੀ। ਬਸ ਰੋਪੜ ਹੀ ਅਜਿਹਾ ਸਥਾਨ ਸੀ, ਜਿੱਥੇ ਇਹ ਬਹੁਤ ਥੋੜ੍ਹੇ ਥਾਂ ਵਿੱਚੋਂ ਹੋ ਕੇ ਗੁਜ਼ਰਦਾ ਸੀ। ਅਕਤੂਬਰ ਦੇ ਮਹੀਨੇ ਇਸ ਦੇ ਵਹਾਅ ’ਚ ਕਾਫ਼ੀ ਸੰਜਮ ਆ ਜਾਂਦਾ ਸੀ। ਅਕਤੂਬਰ ਤੋਂ ਬਾਅਦ ਚੱਕਰਵਾਤੀ ਬਾਰਿਸ਼ਾਂ ਕਾਰਨ ਇਸ ਦਾ ਵਹਾਅ ਫਿਰ ਤੋਂ ਤੇਜ਼ ਤੇ ਖ਼ਤਰਨਾਕ ਹੋ ਜਾਂਦਾ ਸੀ। ਉਂਝ ਵੀ ਅਕਤੂਬਰ ਮਹੀਨੇ ਮੌਸਮ ਸਾਲ ਦੇ ਹੋਰ ਮਹੀਨਿਆਂ ਨਾਲੋਂ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ।
ਸੰਧੀ ਦੇ ਦਿਨਾਂ ਦੀ ਵਿਸਥਾਰ
ਅਜੋਕੇ ਮਾਹੌਲ ਅਨੁਸਾਰ ਜੇ ਦੇਖਿਆ ਜਾਵੇ ਤਾਂ ਇੰਝ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਬਿਲੀਅਮ ਬੈਂਟਿੰਗ ਸੰਧੀ ਦੇ ਦਿਨ ਹੀ ਰੋਪੜ ਵਿਖੇ ਆਏ ਹੋਣਗੇ। ਅੱਜ ਦੇ ਦੇਸ਼ਾਂ ਦੇ ਮੁਖੀਆਂ ਦੀ ਤਰ੍ਹਾਂ ਬਸ ਦੂਜੇ ਦਿਨ ਜਹਾਜ਼ ਚੜ੍ਹ ਵਤਨ ਪਰਤ ਗਏ ਹੋਣਗੇ ਪ੍ਰੰਤੂ ਉਦੋਂ ਅਜਿਹਾ ਨਹੀਂ ਸੀ। ਜਿੱਥੇ ਇਸ ਸੰਧੀ ਦੀ ਤਿਆਰੀ ਮਹੀਨਿਆਂ ਪਹਿਲਾਂ ਸ਼ੁਰੂ ਹੋ ਗਈ ਸੀ, ਉੱਥੇ ਹੀ ਲਾਰਡ ਤੇ ਮਹਾਰਾਜਾ ਇਕ ਹਫ਼ਤੇ ਤੋਂ ਵੱਧ ਸਮਾਂ ਇਸ ਸ਼ਹਿਰ ਵਿਚ ਰਹੇ ਸਨ। ਹਿੰਦੁਸਤਾਨ ਦੀਆਂ ਉਸ ਸਮੇਂ ਦੀਆਂ ਦੋ ਸਰਕਾਰਾਂ ਦੇ ਮੁਖੀ ਜਿਸ ਸ਼ਹਿਰ ਵਿਚ ਹਫ਼ਤਾ ਭਰ ਰਹੇ ਹੋਣ ਤਾਂ ਉਸ ਸਮੇਂ ਉਸ ਸ਼ਹਿਰ ਦੀ ਸਜਾਵਟ ਤੇ ਉੱਥੋਂ ਦੇ ਸਕਿਓਰਿਟੀ ਪ੍ਰਬੰਧ ਕਿੰਨੇ ਵੱਡੀ ਪੱਧਰ ’ਤੇ ਕੀਤੇ ਗਏ ਹੋਣਗੇ। ਉਦੋਂ ਦਰਿਆ ਦੇ ਪੂਰਬੀ ਕਿਨਾਰੇ ਸ਼ਹਿਰ ਵੱਲ ਜਿੱਥੇ ਅੱਜ-ਕੱਲ੍ਹ ਸੰਧੀ ਸਥਾਨ ਬਣਿਆ ਹੋਇਆ ਹੈ, ਅੰਗਰੇਜ਼ ਫੌਜਾਂ ਨੇ ਆਪਣੇ ਟੈਂਟ ਲਗਾ ਰੱਖੇ ਸਨ। ਮਹਾਰਾਜੇ ਦੀ ਆਓ ਭਗਤ ਲਈ ਵੱਡੀ ਪੱਧਰ ’ਤੇ ਖਾਣੇ ਦੇ ਪ੍ਰਬੰਧਾਂ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਸਨ। ਦੂਜੇ ਕਿਨਾਰੇ ਮਹਾਰਾਜ ਨੇ ਆਪਣੀਆਂ ਫ਼ੌਜਾਂ ਤੈਨਾਤ ਕੀਤੀਆਂ ਸਨ। ਹਜ਼ਾਰਾਂ ਘੋੜ ਸਵਾਰ ਤੇ ਪੈਦਲ ਸੈਨਾ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਡੇਰੇ ਲਾ ਲਏ ਸਨ। ਲਾਰਡ ਦੇ ਸਵਾਗਤ ਲਈ ਲਾਲ ਵੈਲਵਟ ਤੇ ਪੀਲੀ ਸਲੀਨ ਦੇ ਕੱਪੜੇ ਦੀ ਵਰਤੋਂ ਕਰ ਕੇ ਟੈਂਟ ਸਜਾਏ ਗਏ ਸਨ। ਮਹਾਰਾਜੇ ਤੇ ਲਾਰਡ ਦੇ ਬੈਠਣ ਲਈ ਚਾਂਦੀ ਦਾ ਛੋਟਾ ਕਮਰਾ ਵੀ ਤਿਆਰ ਕੀਤਾ ਗਿਆ ਸੀ।
ਵੱਡੇ ਬੇੜੇ ਜੋੜ ਕੇ ਬਣਾਏ ਗਏ ਵਿਸ਼ੇਸ਼ ਪੁਲ
ਮਹਾਰਾਜਾ ਰਣਜੀਤ ਸਿੰਘ 25 ਅਕਤੂਬਰ ਨੂੰ ਸਵੇਰੇ 8 ਵਜੇ ਆਪਣੇ ਟੈਂਟ ’ਤੇ ਆ ਗਿਆ ਸੀ। ਉਨ੍ਹਾਂ ਦੀ ਫ਼ੌਜ ਵਿਚ 15 ਹਜ਼ਾਰ ਘੋੜੇ, 7000 ਪੈਦਲ ਫ਼ੌਜੀ ਅਤੇ 25 ਗੰਨਾਂ ਸਨ। 26 ਤਰੀਕ ਸੰਧੀ ਦੇ ਦਿਨ ਮਹਾਰਾਜਾ 9 ਵਜੇ 100 ਦੇ ਕਰੀਬ ਘੋੜ ਸਵਾਰਾਂ ਨਾਲ ਗਵਰਨਰ ਜਰਨਲ ਦੇ ਕੈਂਪ ’ਤੇ ਆਇਆ ਸੀ। ਸਾਰੇ ਘੋੜ ਸਵਾਰ ਨੀਲੇ ਵੈਲਵਟ ਦੀ ਵਰਦੀ ’ਚ ਸਜੇ ਸਨ। ਸਤਲੁਜ ਨੂੰ ਪਾਰ ਕਰਨ ਲਈ ਵੱਡੇ ਬੇੜੇ ਜੋੜ ਕੇ ਵਿਸ਼ੇਸ਼ ਪੁਲ ਬਣਾਏ ਗਏ ਸਨ। ਇਨ੍ਹਾਂ ਪੁਲਾਂ ਤੋਂ ਹਾਥੀ ਵੀ ਇਧਰ-ਉਧਰ ਆਸਾਨੀ ਨਾਲ ਗੁਜ਼ਰਦੇ ਰਹਿੰਦੇ ਸਨ। ਸਕਿਨਰ ਅਨੁਸਾਰ ਇਕ ਵਿਸ਼ੇਸ਼ ਗੱਲ ਜੋ ਦੇਖੀ ਗਈ, ਉਹ ਇਹ ਸੀ ਕਿ 25 ਅਕਤੂਬਰ ਤੋਂ ਦੋ ਨਵੰਬਰ ਤਕ ਹੋਣ ਵਾਲੇ ਇਸ ਸੰਧੀ ਸਮਾਗਮ ਦੇ ਦੌਰਾਨ ਇਕ ਵੀ ਅਜਿਹੀ ਘਟਨਾ ਨਹੀਂ ਹੋਈ, ਜਿਸ ਨੂੰ ਹਾਦਸੇ ਦੇ ਤੌਰ ’ਤੇ ਦੇਖਿਆ ਜਾਂਦਾ। ਹਰ ਰੋਜ਼ ਦਰਿਆ ਤੋਂ ਆਰ-ਪਾਰ ਜਾਣਾ ਸੁਖਾਵੇਂ ਮਾਹੌਲ ’ਚ ਹੀ ਹੁੰਦਾ ਰਿਹਾ।
ਮਹਾਰਾਜਾ ਤੇ ਉਸ ਦੀ ਲੈਲੀ
ਇਹ ਸੰਧੀ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ। ਸਕਿਨਰ ਉਸ ਸਮੇਂ ਦਾ ਚਸ਼ਮਦੀਦ ਗਵਾਹ ਹੈ, ਜਿਸ ਨੇ ਜੋ ਦੇਖਿਆ, ਉਹੀ ਲਿਖਿਆ ਹੈ ਪ੍ਰੰਤੂ ਅੰਗਰੇਜ਼ ਅਫ਼ਸਰ ਹੋਣ ਕਰਕੇ ਕੁਝ ਗੱਲਾਂ ਉਹ ਆਪਣੇ ਪੱਖੀ ਲਿਖ ਗਿਆ ਹੋਵੇਗਾ। ਮਹਾਰਾਜੇ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਸੀ, ਖ਼ਾਸ ਕਰਕੇ ਆਖ਼ਰੀ ਦਿਨ ਜਦੋਂ 50 ਸਾਲ ਦੀ ਉਮਰ ਨੂੰ ਢੁਕੇ ਮਹਾਰਾਜੇ ਨੇ ਆਪਣੀ ਘੋੜੀ ’ਤੇ ਅਜਿਹੇ ਕਰਤੱਬ ਦਿਖਾਏ, ਜਿਸ ਨੂੰ ਦੇਖ ਕੇ ਲਾਰਡ ਵੀ ਅਸ਼-ਅਸ਼ ਕਰ ਉੱਠਿਆ ਸੀ। ਮਹਾਰਾਜੇ ਨੂੰ ਉਨ੍ਹਾਂ ਨੇ ਉਸ ਸਮੇਂ ਦਾ ਸੰਸਾਰ ਦਾ ਸਭ ਤੋਂ ਵਧੀਆ ਸਵਾਰ ਮੰਨਿਆ ਸੀ, ਜਦੋਂ ਮਹਿਰਾਜੇ ਨੇ ਆਪਣੀ ਲੈਲੀ ’ਤੇ ਸਵਾਰ ਹੋ ਕੇ ਪੰਜ ਵਾਰ ਪਿੱਤਲ ਦਾ ਬਰਤਨ ਨੇਜ਼ੇ ਨਾਲ ਚੁੱਕਿਆ ਸੀ। ਸਭ ਤੋਂ ਵੱਧ ਜੇ ਕਿਸੇ ਦਾ ਜ਼ਿਕਰ ਹੋਇਆ ਹੈ ਤਾਂ ਉਹ ਮਹਾਰਾਜੇ ਦਾ ਆਪਣੀ ਘੋੜੀ ਪ੍ਰਤੀ ਪਿਆਰ। ਮਹਾਰਾਜੇ ਬਾਰੇ ਲਿਖਦਾ ਹੋਇਆ ਸਕਿਨਰ ਉਸ ਨੂੰ ਦਰਿਆ ਦਿਲ ਇਨਸਾਨ ਮੰਨਦਾ ਸੀ, ਜਿਸ ਨੇ ਲਾਰਡ ਦੀ ਆਓ ਭਗਤ ਤੋਂ ਖ਼ੁਸ਼ ਹੋ ਕੇ ਉਸ ਨੂੰ ਆਪਣੀ ਲੈਲੀ ਤਕ ਭੇਟ ਕਰ ਦਿੱਤੀ ਸੀ ਪ੍ਰੰਤੂ ਲਾਰਡ ਨੂੰ ਪਤਾ ਸੀ ਕਿ ਮਹਾਰਾਜਾ ਆਪਣੀ ਲੈਲੀ ਨੂੰ ਬਹੁਤ ਪਿਆਰ ਕਰਦਾ ਹੈ, ਉਸ ਨੇ ਉਸ ਨੂੰ ਨਾਰਾਜ਼ ਨਾ ਕਰਦਿਆਂ ਘੋੜੀ ਸਵੀਕਾਰ ਕਰ ਲਈ, ਪ੍ਰੰਤੂ ਉਸ ਦੀਆਂ ਲਗਾਮਾਂ ਬਦਲ ਕੇ ਉਸ ਨੂੰ ਇਹ ਕਹਿੰਦਿਆਂ ਵਾਪਸ ਕਰ ਦਿੱਤੀ ਕਿ ਦੋਸਤੀ ਦੇ ਨਾਤੇ ਇਸ ਨੂੰ ਮੁੜ ਸਵਿਕਾਰ ਕਰ ਲੈਣ। ਸੰਧੀ ਦੇ ਆਖ਼ਰੀ ਦਿਨ ਦੋ ਨਵੰਬਰ ਨੂੰ ਮਹਾਰਾਜਾ ਲਾਹੌਰ ਨੂੰ ਅਤੇ ਲਾਰਡ ਪਟਿਆਲੇ ਲਈ ਰਵਾਨਾ ਹੋ ਗਏ ਸਨ।
ਸਿਆਲਵਾ ਰਿਆਸਤ ਦੀ ਰਾਜਧਾਨੀ
ਇੰਨਾ ਵੱਡਾ ਇਤਿਹਾਸ ਸਾਂਭੀ ਬੈਠਾ ਸ਼ਹਿਰ ਰੋਪੜ ਰਾਜਾ ਰੋਕੇਸਹਰ ਤੋਂ ਬਾਅਦ ਸਿੱਖ ਮਿਸਲਾਂ ਦੇ ਸਮੇਂ ਪਹਿਲੀ ਵਾਰ ਸਿਆਲਵਾ ਰਿਆਸਤ ਦੀ ਰਾਜਧਾਨੀ ਬਣਿਆ ਸੀ। ਰਾਜਾ ਭੂਪ ਸਿੰਘ ਇਸ ਰਿਆਸਤ ਦਾ ਮਸ਼ਹੂਰ ਤੇ ਆਖ਼ਰੀ ਰਾਜਾ ਸੀ, ਜਿਹੜਾ 1845 ਵਿਚ ਐਂਗਲੋ-ਸਿੱਖ ਯੁੱਧ ਸਮੇਂ ਮਹਾਰਾਜਾ ਦਲੀਪ ਸਿੰਘ ਵੱਲੋਂ ਲੜਿਆ। ਅੰਗਰੇਜ਼ੀ ਜਿੱਤ ਤੋਂ ਬਾਅਦ ਜਿੱਥੇ ਉਨ੍ਹਾਂ ਲਾਹੌਰ ਆਪਣੇ ਅਧੀਨ ਕੀਤਾ, ਉੱਥੇ ਰੋਪੜ ਰਿਆਸਤ ਨੂੰ ਵੀ ਆਪਣੇ ਰਾਜ ’ਚ ਸ਼ਾਮਿਲ ਕਰ ਲਿਆ। ਰੋਪੜ ਦੀ ਸੰਧੀ ਸਮੇਂ ਸਰਹੱਦ ਰੂਪੀ ਖਿੱਚੀ ਲਕੀਰ ਸਦਾ ਲਈ ਖ਼ਤਮ ਹੋ ਗਈ ਪ੍ਰੰਤੂ ਮਹਾਰਾਜਾ ਰਣਜੀਤ ਸਿੰਘ ਦੀ ਰਾਜਸੀ ਤਾਕਤ ਦਾ ਪ੍ਰਤੀਕ ਜੋ ਕਦੇ ਅੰਗਰੇਜ਼ ਸਰਕਾਰ ਲਈ ਲਲਕਾਰ ਬਣਿਆ ‘ਨਿਸ਼ਾਨ-ਏ-ਖ਼ਾਲਸਾ’ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਅੱਜ ਵੀ ਮੌਜੂਦ ਹੈ।
- ਇੰਦਰਜੀਤ ਸਿੰਘ ਬਾਲਾ