ਨਾਨਕਸਰ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦਾ ਜਨਮ 1870 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ, ਜਗਰਾਓਂ ਵਿਖੇ ਮਾਤਾ ਸਦਾ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਜੈ ਸਿੰਘ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਰੱਬ ਦੀ ਭਗਤੀ ਦੀ ਇੱਛਾ ਸੀ। ਉਨ੍ਹਾਂ ਦਾ ਸੁਭਾਅ ਸੰਨਿਆਸੀ ਵਰਗਾ ਸੀ ਪਰ ਉਨ੍ਹਾਂ ਦੇ ਚਿਹਰੇ ’ਤੇ ਰੂਹਾਨੀ ਚਮਕ ਸੀ।

ਨਾਨਕਸਰ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦਾ ਜਨਮ 1870 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ, ਜਗਰਾਓਂ ਵਿਖੇ ਮਾਤਾ ਸਦਾ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਜੈ ਸਿੰਘ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਰੱਬ ਦੀ ਭਗਤੀ ਦੀ ਇੱਛਾ ਸੀ। ਉਨ੍ਹਾਂ ਦਾ ਸੁਭਾਅ ਸੰਨਿਆਸੀ ਵਰਗਾ ਸੀ ਪਰ ਉਨ੍ਹਾਂ ਦੇ ਚਿਹਰੇ ’ਤੇ ਰੂਹਾਨੀ ਚਮਕ ਸੀ। ਪੰਜ ਸਾਲ ਦੀ ਉਮਰ ’ਚ ਉਹ ਅਕਸਰ ਅੱਧੀ ਰਾਤ ਨੂੰ ਜਾਗ ਕੇ ਨਾਮ -ਸਿਮਰਨ ਜਪਣ ਲਈ ਬਾਹਰ ਚਲੇ ਜਾਂਦੇ। ਇਕ ਵਾਰ ਜਦੋਂ ਮਾਤਾ-ਪਿਤਾ ਉਨ੍ਹਾਂ ਨੂੰ ਆਪਣੇ ਬਿਸਤਰੇ ’ਤੇ ਨਾ ਦੇਖ ਕੇ ਚਿੰਤਤ ਹੋ ਗਏ ਤੇ ਉਨ੍ਹਾਂ ਨੂੰ ਲੱਭਣ ਲੱਗੇ। ਉਹ ਉਨ੍ਹਾਂ ਨੂੰ ਖੂਹ ਦੇ ਕਿਨਾਰੇ ਅੱਖਾਂ ਬੰਦ ਕਰ ਕੇ ਤੇ ਡੂੰਘੇ ਧਿਆਨ ’ਚ ਬੈਠੇ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਬਚਪਨ ’ਚ ਆਪਣੇ ਪਿਓ-ਦਾਦਿਆਂ ਦਾ ਕਿੱਤਾ ਅਪਣਾਇਆ ਪਰ ਅਸਲ ’ਚ ਉਹ ਪਰਮਾਤਮਾ ਨੂੰ ਬਹੁਤ ਸਮਰਪਿਤ ਸਨ।
ਬਾਬਾ ਜੀ ਆਪਣਾ ਘਰ ਛੱਡ ਕੇ ਫ਼ਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲੱਗ ਪਏ। ਉੱਥੇ ਉਨ੍ਹਾਂ ਦੀ ਮੁਲਾਕਾਤ ਸੰਤ ਬਾਬਾ ਹਰਨਾਮ ਸਿੰਘ ਜੀ ਭੁੱਚੋ ਵਾਲਿਆਂ ਨਾਲ ਹੋਈ। ਬਾਬਾ ਜੀ ਨੇ ਦੇਖਿਆ ਕਿ ਨੌਜਵਾਨ ਬਾਬਾ ਨੰਦ ਸਿੰਘ ’ਚ ਉਹ ਗੁਣ ਸਨ, ਜੋ ਇਕ ਪੂਰਨ ਸੰਤ ਤੇ ਉਸ ਅਕਾਲ ਪੁਰਖ ਦੇ ਰਾਹ ਦੇ ਨਾਲ-ਨਾਲ ਦੁਨੀਆ ਨੂੰ ਇਕ ਉੱਚ ਦਰਜੇ ਦੀ ਸਮਝ ਸੋਝੀ ਦਾ ਗਿਆਨ ਦੇ ਸਕਦੇ ਹਨ ਤੇ ਉਸ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੋੜ ਸਕਦੇ ਹਨ। ਉਹ ਕੁਰਬਾਨੀ ਦਾ ਜਜ਼ਬਾ ਵੀ ਰੱਖਦੇ ਸਨ ਤੇ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਬਾਬਾ ਹਰਨਾਮ ਸਿੰਘ ਦੇ ਉਪਦੇਸ਼ਾਂ ਨੇ ਬਾਬਾ ਨੰਦ ਸਿੰਘ ਜੀ ਦਾ ਜੀਵਨ ਬਦਲ ਦਿੱਤਾ ਅਤੇ ਉਨ੍ਹਾਂ ਨੂੰ ਅੱਗੇ ਧਿਆਨ ਲਈ ਜੰਗਲਾਂ ’ਚ ਜਾਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਸਥਾਨਕ ਮੌਸਮ ਦੀਆਂ ਸਥਿਤੀਆਂ ਨੂੰ ਧਿਆਨ ’ਚ ਰੱਖੇ ਬਿਨਾਂ ਆਪਣਾ ਧਿਆਨ ਸ਼ੁਰੂ ਕੀਤਾ। ਉਹ ਆਪਣੇ ਭੋਜਨ ਲਈ ਕਿਤੇ ਨਹੀਂ ਗਏ। ਉਹ ਡੂੰਘੀ ਸਮਾਧੀ ’ਚ ਬੈਠ ਗਏ।
ਧਿਆਨ ਦੀ ਇਕ ਮਿਆਦ ਤੋਂ ਬਾਅਦ ਉਹ ਜੰਗਲ ਤੋਂ ਵਾਪਸ ਆ ਗਏ ਤੇ ਪਿੰਡ ਦੇ ਬਿਲਕੁਲ ਬਾਹਰ ਡੇਰਾ ਲਾਇਆ। ਕੁਝ ਸਮੇਂ ਬਾਅਦ ਪਿੰਡ ਕਲੇਰਾਂ ਦੇ ਲੋਕ ਆਏ ਅਤੇ ਉਨ੍ਹਾਂ ਨੂੰ ਪਿੰਡ ਆਉਣ ਦੀ ਬੇਨਤੀ ਕੀਤੀ। ਉਨ੍ਹਾਂ ਦੀ ਬੇਨਤੀ ਸਵੀਕਾਰ ਕਰਦਿਆਂ ਕਲੇਰਾਂ ਆ ਗਏ। ਰਸਤੇ ’ਚ ਉਹ ਕਾਉਕੇ ਪਿੰਡ ਤੇ ਕਲੇਰਾਂ ਦੇ ਵਿਚਕਾਰ ਇਕ ਖੂਹ ਉੱਤੇ ਰੁਕੇ ਅਤੇ ਉੱਥੇ ਡੇਰਾ ਲਾਉਣ ਦਾ ਫ਼ੈਸਲਾ ਕੀਤਾ।
ਬਾਬਾ ਨੰਦ ਸਿੰਘ ਜੀ ਨੇ ਬਾਅਦ ’ਚ ਕਲੇਰਾਂ ਦੇ ਨੇੜੇ ਆਪਣਾ ਠਾਠ ਸਥਾਪਿਤ ਕੀਤਾ। ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ’ਚ ਆਪਣਾ ਸਾਰਾ ਜੀਵਨ ਬੜੀ ਸਾਦਗੀ ਨਾਲ ਬਤੀਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਪ੍ਰੇਮ ਨਾਲ ਸੇਵਾ ’ਚ ਪੂਰੀ ਤਰ੍ਹਾਂ ਲੀਨ ਉਨ੍ਹਾਂ ਦੀ ਸਾਰੀ ਉਮਰ ਸਾਰੇ ਸੰਸਾਰ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੱਲ ਮੋੜਨ ਤੇ ਜੋੜਨ ਵੱਲ ਲੱਗ ਗਈ ਪਰ ਆਪਣੇ ਵੱਲ ਨਹੀਂ। ਸਾਰੇ ਸੰਸਾਰ ਦਾ ਨਿਸ਼ਾਨਾ ‘ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ’ ਨੂੰ ਬਣਾ ਦਿੱਤਾ ਪਰ ਆਪਣੇ ਆਪ ਨੂੰ ਉਸ ਨਿਸ਼ਾਨੇ ’ਚ ਆਉਣ ਹੀ ਨਹੀਂ ਦਿੱਤਾ। ਸਾਰੀ ਦੁਨੀਆ ਤੋਂ ਉਸਤਤ ਕੇਵਲ ਗੁਰੂ ਨਾਨਕ ਦੀ ਕਰਵਾਈ, ਆਪਣੀ ਉਸਤਤ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ। (ਨਾ ਕੋਈ ਆਪਣਾ ਅਸਥਾਨ ਬਣਾਇਆ, ਨਾ ਕੋਈ ਆਪਣਾ ਨਿਸ਼ਾਨ ਬਣਾਇਆ, ਆਪਣੇ ਆਪ ਨੂੰ ਜਲ ਪ੍ਰਵਾਹ ਕਰਵਾ ਕੇ ਆਪਣਾ ਕੋਈ ਨਿਸ਼ਾਨ ਵੀ ਨਹੀਂ ਰਹਿਣ ਦਿੱਤਾ) ਇਸ ਲਈ ਉਨ੍ਹਾਂ ਦੀ ਬੇਜੋੜ (ਆਪਣੇ ਨਾਲ ਨਾ ਜੋੜਨ ਵਾਲੀ) ਭਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਸ੍ਰੇਸ਼ਟ ਅਮਰ ਸ਼ਾਨ ਅਤੇ ਬੇਮਿਸਾਲ ਪਵਿੱਤਰਤਾ ਦਾ ਸਾਰੇ ਬ੍ਰਹਿਮੰਡ ’ਚ ਪ੍ਰਸਾਰ ਸੀ ਤੇ ਹੈ।
ਉਨ੍ਹਾਂ ਨੇ ਆਪਣੇ ਉੱਤੇ ਕੋਈ ਪੈਸਾ ਨਹੀਂ ਵਰਤਿਆ। ਉਨ੍ਹਾਂ ਨੇ ਹਮੇਸ਼ਾ ਸੱਚੇ ਪਿਆਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਮਾਜ ਨੂੰ ਜੋੜਨ ਦੀ ਸੇਵਾ ਕੀਤੀ। ਉਨ੍ਹਾਂ ਦੀਆਂ ਪ੍ਰਮੁੱਖ ਸਿੱਖਿਆਵਾਂ ’ਚ ਸੱਚੇ ਸਿੱਖ ਬਣਨ ਦੀ ਪ੍ਰੇਰਨਾ, ਦਾਨ ਕਰਨ, ਸੱਚ ਬੋਲਣ, ਨਿਮਰਤਾ ਅਪਣਾਉਣ, ਨਾਮ ਸਿਮਰਨ (ਧਿਆਨ) ’ਤੇ ਜ਼ੋਰ, ਇਕੱਲੇ
ਅਕਾਲਪੁਰਖ ਉੱਤੇ ਭਰੋਸਾ ਰੱਖਣ, ਸਾਰਿਆਂ ਲਈ ਪਿਆਰ ਰੱਖਣ, ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਗੁਰੂ ਵਜੋਂ ਵਿਸ਼ਵਾਸ ਅਤੇ ਸਤਿਕਾਰ ਰੱਖਣ, ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਉਸਤਤ ਕਰਨ ਤੇ ਕਿਸੇ ਦੀ ਕਦੇ ਵੀ ਨਿੰਦਾ ਨਾ ਕਰਨ ਦਾ ਉਪਦੇਸ਼ ਸ਼ਾਮਲ ਹਨ।
- ਸੁਰਜੀਤ ਸਿੰਘ ਫਲੋਰਾ